Breaking News

Goldy Brar ਨੂੰ ਗ੍ਰਿਫ਼ਤਾਰ ਕਰਕੇ ਅਮਰੀਕੀ ਅਦਾਲਤ ’ਚ ਮੁਕੱਦਮਾ ਚਲਾਉਣ ਤੱਕ ਚੈਨ ਨਾਲ ਨਹੀਂ ਬੈਠਾਂਗੇ: ਐੱਫ ਬੀ ਆਈ

Goldy Brar ਨੂੰ ਗ੍ਰਿਫ਼ਤਾਰ ਕਰਕੇ ਅਮਰੀਕੀ ਅਦਾਲਤ ’ਚ ਮੁਕੱਦਮਾ ਚਲਾਉਣ ਤੱਕ ਚੈਨ ਨਾਲ ਨਹੀਂ ਬੈਠਾਂਗੇ: ਐੱਫ ਬੀ ਆਈ
ਬਰਾੜ ਦੀ ਗ੍ਰਿਫ਼ਤਾਰੀ ਲਈ 10 ਲੱਖ ਡਾਲਰ ਦਾ ਇਨਾਮ; ਚਾਰ ਹੋਰ ਸਹਿਯੋਗੀਆਂ ਦੀ ਵੀ ਭਾਲ ਤੇਜ਼

 

 

 

 

 

 

 

 

 

 

 

 

 

 

 

 

 

 

 

 

 

ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਕੇਸ ਦੇ ਮੁੱਖ ਸਾਜ਼ਿਸ਼ਘਾੜੇ ਸਤਿੰਦਰਜੀਤ ਸਿੰਘ ਉਰਫ਼ ਗੋਲਡੀ ਬਰਾੜ ਦਾ ਨਾਮ ਕੈਨੇਡਾ ਦੇ ਨਵੇਂ ਜਾਰੀ ਕੀਤੇ ਗਏ ‘ਬੀ ਔਨ ਦਿ ਲੁੱਕਆਊਟ’ (ਬੋਲੋ) ਪ੍ਰੋਗਰਾਮ ਦੇ 25 ਸਭ ਤੋਂ ਵੱਧ ਲੋੜੀਂਦੇ (ਮੋਸਟ-ਵਾਂਟਿਡ) ਭਗੌੜਿਆਂ ਦੀ ਸੂਚੀ ਵਿੱਚ ਸਿਖਰ ‘ਤੇ ਆਉਣ ਤੋਂ ਇੱਕ ਦਿਨ ਬਾਅਦ, ਅਮਰੀਕਾ ਦੀ ਫੈਡਰਲ ਬਿਊਰੋ ਆਫ਼ ਇਨਵੈਸਟੀਗੇਸ਼ਨ (ਐੱਫ ਬੀ ਆਈ) ਨੇ ਉਸ ਨੂੰ ਨਿਆਂ ਦੇ ਕਟਹਿਰੇ ਵਿੱਚ ਲਿਆਉਣ ਦਾ ਆਪਣਾ ਸੰਕਲਪ ਦੁਹਰਾਇਆ ਹੈ। ਐੱਫ ਬੀ ਆਈ ਨੇ ਕਿਹਾ ਕਿ ਉਹ ਉਦੋਂ ਤੱਕ ਚੈਨ ਨਾਲ ਨਹੀਂ ਬੈਠੇਗੀ ਜਦੋਂ ਤੱਕ ਉਸ ਨੂੰ ਗ੍ਰਿਫ਼ਤਾਰ ਕਰਕੇ ਅਮਰੀਕੀ ਅਦਾਲਤ ਵਿੱਚ ਮੁਕੱਦਮਾ ਨਹੀਂ ਚਲਾਇਆ ਜਾਂਦਾ।

 

 

 

 

 

 

 

 

 

 

 

 

 

 

 

 

 

 

ਮੀਡੀਆ ਨੂੰ ਜਾਰੀ ਕੀਤੇ ਇੱਕ ਤਾਜ਼ਾ ਬਿਆਨ ਵਿੱਚ, ਐੱਫ ਬੀ ਆਈ ਲਾਸ ਏਂਜਲਸ ਦੇ ਇੰਚਾਰਜ ਸਹਾਇਕ ਡਾਇਰੈਕਟਰ ਪੈਟ੍ਰਿਕ ਗ੍ਰੈਂਡੀ ਨੇ ਕਿਹਾ ਕਿ ਬਰਾੜ ਨੂੰ ਕਈ ਅਪਰਾਧਾਂ ਦੇ ਦੋਸ਼ਾਂ ਕਾਰਨ ਏਜੰਸੀ ਦੀ ‘ਦਸ ਸਭ ਤੋਂ ਵੱਧ ਲੋੜੀਂਦੇ ਭਗੌੜਿਆਂ’ (ਟੈੱਨ ਮੋਸਟ ਵਾਂਟਿਡ ਫਿਊਜੀਟਿਵਜ਼) ਦੀ ਸੂਚੀ ਵਿੱਚ ਸ਼ਾਮਲ ਕੀਤਾ ਗਿਆ ਹੈ।

ਗ੍ਰੈਂਡੀ ਨੇ ਕਿਹਾ, “ਅਸੀਂ ਉਦੋਂ ਤੱਕ ਸੰਤੁਸ਼ਟ ਨਹੀਂ ਹੋਵਾਂਗੇ ਜਦੋਂ ਤੱਕ ਸਤਿੰਦਰਜੀਤ ਸਿੰਘ (ਗੋਲਡੀ ਬਰਾੜ) ਨੂੰ ਫੜ ਕੇ ਉਸ ਦੇ ਕਥਿਤ ਅਪਰਾਧਾਂ ਲਈ ਅਮਰੀਕੀ ਅਦਾਲਤ ਵਿੱਚ ਮੁਕੱਦਮਾ ਨਹੀਂ ਚਲਾਇਆ ਜਾਂਦਾ, ਜਿਨ੍ਹਾਂ ਨੇ ਇੱਥੇ ਅਮਰੀਕਾ ਦੇ ਨਾਲ-ਨਾਲ ਦੁਨੀਆ ਭਰ ਦੇ ਨਾਗਰਿਕਾਂ ਨੂੰ ਪ੍ਰਭਾਵਿਤ ਕੀਤਾ ਹੈ।”

 

 

 

 

 

 

 

 

 

 

 

 

 

 

 

 

 

 

ਐੱਫ ਬੀ ਆਈ ਬਰਾੜ ਦੀ ਗ੍ਰਿਫ਼ਤਾਰੀ ਵੱਲ ਲਿਜਾਣ ਵਾਲੀ ਸੂਚਨਾ ਦੇਣ ਵਾਲੇ ਨੂੰ 10 ਲੱਖ ਡਾਲਰ (1 ਮਿਲੀਅਨ ਡਾਲਰ) ਤੱਕ ਦੇ ਇਨਾਮ ਦੀ ਪੇਸ਼ਕਸ਼ ਕਰ ਰਹੀ ਹੈ। ਏਜੰਸੀ ਨੇ ਅਪੀਲ ਕੀਤੀ ਹੈ ਕਿ ਜਿਸ ਕਿਸੇ ਕੋਲ ਵੀ ਉਸ ਬਾਰੇ ਕੋਈ ਜਾਣਕਾਰੀ ਹੈ, ਉਹ ਆਪਣੇ ਸਥਾਨਕ ਐੱਫ ਬੀ ਆਈ ਦਫ਼ਤਰ, ਨਜ਼ਦੀਕੀ ਅਮਰੀਕੀ ਦੂਤਾਵਾਸ ਜਾਂ ਕੌਂਸਲੇਟ ਨਾਲ ਸੰਪਰਕ ਕਰੇ, ਜਾਂ ਇਸ ਦੀ ਹੈਲਪਲਾਈਨ ‘ਤੇ ਕਾਲ ਕਰੇ।

 

 

 

 

 

 

 

 

 

 

 

 

 

 

 

 

 

 

 

 

 

 

ਬਰਾੜ ‘ਤੇ ਲਾਰੈਂਸ ਬਿਸ਼ਨੋਈ ਆਰਗੇਨਾਈਜ਼ਡ ਕ੍ਰਾਈਮ ਗਰੁੱਪ (ਓ ਸੀ ਜੀ) ਦੇ ਉੱਤਰੀ ਅਮਰੀਕਾ ਦੇ ਕੰਮਕਾਜ ਦੀ ਅਗਵਾਈ ਕਰਨ ਦਾ ਦੋਸ਼ ਹੈ। ਅਮਰੀਕੀ ਦੋਸ਼ ਪੱਤਰ (ਇੰਡਾਈਟਮੈਂਟ) ਅਨੁਸਾਰ, ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਬਚਪਨ ਦੇ ਦੋਸਤ ਗੋਲਡੀ ਬਰਾੜ ਨੂੰ ਉੱਤਰੀ ਅਮਰੀਕਾ ਵਿੱਚ ਗੈਂਗ ਦੀਆਂ ਗਤੀਵਿਧੀਆਂ ਦੀ ਨਿਗਰਾਨੀ ਸੌਂਪੀ ਗਈ ਸੀ, ਜਿੱਥੇ ਇਸ ਦੇ ਸੈਂਕੜੇ ਮੈਂਬਰ ਅਤੇ ਸਹਿਯੋਗੀ ਮੌਜੂਦ ਹਨ। ਉਸ ਦੀਆਂ ਕਥਿਤ ਗਤੀਵਿਧੀਆਂ ਵਿੱਚ ਮਿੱਥ ਕੇ ਕਤਲ ਕਰਨਾ (ਟਾਰਗੇਟ ਕਿਲਿੰਗ), ਗੋਲੀਬਾਰੀ, ਅਗਵਾ, ਫਿਰੌਤੀ, ਹਮਲੇ, ਮਨੁੱਖੀ ਤਸਕਰੀ ਅਤੇ ਨਸ਼ੀਲੇ ਪਦਾਰਥਾਂ ਤੇ ਹਥਿਆਰਾਂ ਦੀ ਤਸਕਰੀ ਸ਼ਾਮਲ ਹੈ।

 

 

 

 

 

 

 

 

 

 

 

 

 

 

 

 

ਇਸ ਸਿੰਡੀਕੇਟ ਨਾਲ ਜੁੜੇ ਹਾਈ-ਪ੍ਰੋਫਾਈਲ ਅਪਰਾਧਾਂ ਵਿੱਚ 18 ਜੂਨ, 2023 ਨੂੰ ਬ੍ਰਿਟਿਸ਼ ਕੋਲੰਬੀਆ ਦੇ ਸਰੀ ਸਥਿਤ ਇੱਕ ਗੁਰਦੁਆਰੇ ਦੇ ਬਾਹਰ ਸਿੱਖ ਵੱਖਵਾਦੀ ਆਗੂ ਹਰਦੀਪ ਸਿੰਘ ਨਿੱਝਰ ਦੀ ਹੱਤਿਆ ਸ਼ਾਮਲ ਹੈ। ਦੋਸ਼ ਪੱਤਰ ਵਿੱਚ ਦੋਸ਼ ਲਾਇਆ ਗਿਆ ਹੈ ਕਿ ਬਿਸ਼ਨੋਈ ਅਤੇ ਬਰਾੜ ਨੇ ਇਸ ਕਤਲ ਦਾ ਹੁਕਮ ਦਿੱਤਾ ਸੀ।

ਗੈਂਗ ‘ਤੇ ਮਾਰਚ 2024 ਅਤੇ ਜੁਲਾਈ 2025 ਦੇ ਵਿਚਕਾਰ ਗ੍ਰੇਟਰ ਲਾਸ ਏਂਜਲਸ ਖੇਤਰ ਵਿੱਚ ਵਿਰੋਧੀ ਨਸ਼ਾ ਤਸਕਰ ਗਰੋਹਾਂ ਤੋਂ ਲਗਪਗ 520 ਕਿਲੋਗ੍ਰਾਮ ਕੋਕੀਨ ਲੁੱਟਣ ਦਾ ਵੀ ਦੋਸ਼ ਹੈ।

 

 

 

 

 

 

 

 

 

 

 

 

 

 

 

 

 

 

1 ਜੁਲਾਈ ਨੂੰ ਲਾਸ ਏਂਜਲਸ ਦੀ ਜ਼ਿਲ੍ਹਾ ਅਦਾਲਤ ਵਿੱਚ ਬਰਾੜ ਖ਼ਿਲਾਫ਼ ਅਮਰੀਕੀ ਫੈਡਰਲ ਗ੍ਰਿਫ਼ਤਾਰੀ ਵਾਰੰਟ ਜਾਰੀ ਕੀਤਾ ਗਿਆ ਸੀ। ਉਸ ‘ਤੇ ਜਬਰੀ ਵਸੂਲੀ ਦੀ ਸਾਜ਼ਿਸ਼ (ਰੈਕੇਟੀਅਰਿੰਗ), ਫਿਰੌਤੀ ਰਾਹੀਂ ਵਪਾਰ ਵਿੱਚ ਦਖ਼ਲਅੰਦਾਜ਼ੀ ਕਰਨ ਦੀ ਸਾਜ਼ਿਸ਼ ਅਤੇ ਕੋਸ਼ਿਸ਼ ਕਰਨ ਅਤੇ ਪਾਬੰਦੀਸ਼ੁਦਾ ਨਸ਼ੀਲੇ ਪਦਾਰਥਾਂ ਦੀ ਵੰਡ ਕਰਨ ਦੀ ਸਾਜ਼ਿਸ਼ ਰਚਣ ਸਮੇਤ ਕਈ ਦੋਸ਼ ਆਇਦ ਹਨ।

ਐੱਫ ਬੀ ਆਈ ਨੇ ਦੱਸਿਆ ਕਿ ਮਿੱਥ ਕੇ ਕੀਤੇ ਕਤਲਾਂ, ਫਿਰੌਤੀ, ਨਸ਼ਾ ਤਸਕਰੀ ਅਤੇ ਹੋਰ ਹਿੰਸਕ ਗਤੀਵਿਧੀਆਂ ਵਿੱਚ ਸ਼ਾਮਲ ਭਾਰਤੀ ਸੰਗਠਿਤ ਅਪਰਾਧ ਨੈੱਟਵਰਕਾਂ ਵਿਰੁੱਧ ਕਈ ਸਾਲਾਂ ਤੋਂ ਚੱਲ ਰਹੀ ਜਾਂਚ ‘ਅਪਰੇਸ਼ਨ ਹਾਰਡ ਬਾਲ’ ਦੌਰਾਨ ਬਰਾੜ ਦੇ ਕਈ ਕਥਿਤ ਸਹਿਯੋਗੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।

 

 

 

 

 

 

 

 

 

 

 

 

 

 

 

 

 

 

 

 

 

 

 

ਏਜੰਸੀ ਨੇ ਬਰਾੜ ਤੋਂ ਇਲਾਵਾ ਬਾਕੀ ਭਗੌੜਿਆਂ ਵਿੱਚ ਮੇਜਰ ਸਿੰਘ, ਸੁਖਰਾਜ ਸਿੰਘ ਕੰਗ, ਕਮਲ ਅਤੇ ਗੁਰਪ੍ਰੀਤ ਸਿੰਘ ਦੀ ਪਛਾਣ ਕੀਤੀ ਹੈ। ਇਹ ਜਾਂਚ ਐੱਫ ਬੀ ਆਈ ਦੇ ਲਾਸ ਏਂਜਲਸ ਫੀਲਡ ਆਫਿਸ, ਲਾਸ ਏਂਜਲਸ ਪੁਲੀਸ ਵਿਭਾਗ ਅਤੇ ਰਾਇਲ ਕੈਨੇਡੀਅਨ ਮਾਊਂਟਿਡ ਪੁਲੀਸ ਵੱਲੋਂ ਘਰੇਲੂ ਅਤੇ ਕੌਮਾਂਤਰੀ ਏਜੰਸੀਆਂ ਦੀ ਸਹਾਇਤਾ ਨਾਲ ਕੀਤੀ ਜਾ ਰਹੀ ਹੈ।