Canada: ਬੰਦਰਗਾਹ ‘ਤੇ ਕਾਗਜ਼ ਦੇ ਰੋਲਾਂ ਵਿੱਚ ਲੁਕਾਈ 520 ਕਿਲੋ ਅਫ਼ੀਮ ਬਰਾਮਦ
ਕੈਨੇਡਾ ਸਰਹੱਦੀ ਸੁਰੱਖਿਆ ਏਜੰਸੀ (CBSA) ਦੇ ਮੁਲਾਜ਼ਮਾਂ ਨੇ ਟਵਾਸਨ ਬੰਦਰਗਾਹ (Tsawwassen port) ‘ਤੇ ਪਹੁੰਚੇ ਇੱਕ ਕੰਟੇਨਰ ਦੀ ਤਲਾਸ਼ੀ ਲੈ ਕੇ ਉਸ ਵਿੱਚੋਂ 520 ਕਿਲੋ ਸ਼ੁੱਧ ਅਫ਼ੀਮ ਬਰਾਮਦ ਕੀਤੀ ਹੈ
ਕੈਨੇਡਾ ਸਰਹੱਦੀ ਸੁਰੱਖਿਆ ਏਜੰਸੀ (CBSA) ਦੇ ਮੁਲਾਜ਼ਮਾਂ ਨੇ ਟਵਾਸਨ ਬੰਦਰਗਾਹ (Tsawwassen port) ‘ਤੇ ਪਹੁੰਚੇ ਇੱਕ ਕੰਟੇਨਰ ਦੀ ਤਲਾਸ਼ੀ ਲੈ ਕੇ ਉਸ ਵਿੱਚੋਂ 520 ਕਿਲੋ ਸ਼ੁੱਧ ਅਫ਼ੀਮ ਬਰਾਮਦ ਕੀਤੀ ਹੈ। ਉਦਯੋਗਿਕ (ਸਨਅਤੀ) ਕਾਗਜ਼ ਦੇ 20 ਰੋਲਾਂ ਨਾਲ ਲੱਦਿਆ ਇਹ ਕੰਟੇਨਰ ਚਾਰ ਮਹੀਨੇ ਪਹਿਲਾਂ ਬੰਦਰਗਾਹ ‘ਤੇ ਪਹੁੰਚਿਆ ਸੀ ਅਤੇ ਉਦੋਂ ਤੋਂ ਹੀ ਜਾਂਚ ਦੇ ਘੇਰੇ ਵਿੱਚ ਸੀ।
ਅਸਲ ਵਿੱਚ ਸੁਰੱਖਿਆ ਮੁਲਾਜ਼ਮ ਇਸ ਉਡੀਕ ਵਿੱਚ ਸਨ ਕਿ ਕੋਈ ਇਸ ਕੰਟੇਨਰ ਦੀ ਡਿਲੀਵਰੀ ਲੈਣ ਆਵੇ ਤਾਂ ਉਸ ਨੂੰ ਮੌਕੇ ‘ਤੇ ਹੀ ਰੰਗੇ ਹੱਥੀਂ ਗ੍ਰਿਫ਼ਤਾਰ ਕੀਤਾ ਜਾ ਸਕੇ, ਪਰ ਡਿਲੀਵਰੀ ਲੈਣ ਵਾਲੇ ਨੇ ਚਾਰ ਮਹੀਨੇ ਦੀ ਦੇਰੀ ਕਰ ਦਿੱਤੀ।
ਸਰਹੱਦੀ ਸੁਰੱਖਿਆ ਏਜੰਸੀ ਦੇ ਪੈਸੀਫਿਕ ਖੇਤਰ ਦੀ ਜਨਰਲ ਡਾਇਰੈਕਟਰ ਨੀਨਾ ਪਟੇਲ ਨੇ ਦੱਸਿਆ ਕਿ ਇਹ ਸ਼ੱਕੀ ਕੰਟੇਨਰ ਅਮਰੀਕਾ ਅਤੇ ਕੈਨੇਡਾ ਦੀ ਸਾਂਝੀ ਸੁਰੱਖਿਆ ਟੀਮ ਦੇ ਰਡਾਰ ਹੇਠ ਸੀ। ਪਿਛਲੇ ਦਿਨੀਂ ਜਦੋਂ ਇਸ ਨੂੰ ਖੋਲ੍ਹਿਆ ਗਿਆ ਤਾਂ ਉਸ ਵਿੱਚ ਸਨਅਤੀ ਕਾਗਜ਼ ਦੇ 20 ਵੱਡੇ ਰੋਲ ਮਿਲੇ। ਜਦੋਂ ਇਨ੍ਹਾਂ ਰੋਲਾਂ ਦਾ ਐਕਸ-ਰੇ (X-ray) ਕੀਤਾ ਗਿਆ, ਤਾਂ 20 ਵਿੱਚੋਂ 9 ਰੋਲਾਂ ਦੇ ਅੰਦਰ ਬੜੀ ਚਲਾਕੀ ਨਾਲ ਲੁਕਾ ਕੇ ਰੱਖੀ ਹੋਈ 520 ਕਿਲੋ ਸ਼ੁੱਧ ਅਫ਼ੀਮ ਨਿਕਲੀ। ਹਾਲਾਂਕਿ, ਇਸ ਮਾਮਲੇ ਵਿੱਚ ਹੁਣ ਤੱਕ ਕੀਤੀ ਗਈ ਕਿਸੇ ਗ੍ਰਿਫ਼ਤਾਰੀ ਬਾਰੇ ਏਜੰਸੀ ਨੇ ਅਜੇ ਚੁੱਪ ਵੱਟੀ ਹੋਈ ਹੈ।
ਏਜੰਸੀ ਦੀ ਕਾਰਵਾਈ ‘ਤੇ ਉੱਠੇ ਸਵਾਲ\Bਇਸੇ ਬੰਦਰਗਾਹ ‘ਤੇ ਦਸੰਬਰ 2022 ਵਿੱਚ ਵੀ ਇੱਕ ਕੰਟੇਨਰ ਵਿੱਚੋਂ 30 ਕੁਇੰਟਲ (3000 ਕਿਲੋ) ਸ਼ੁੱਧ ਅਫ਼ੀਮ ਫੜੀ ਗਈ ਸੀ। ਉਸ ਸਮੇਂ ਜਦੋਂ ਸ਼ੱਕੀ ਕੰਟੇਨਰ ਦਾ ਮਾਲਕ ਦੋ ਮਹੀਨਿਆਂ ਬਾਅਦ ਡਿਲੀਵਰੀ ਲੈ ਕੇ ਮਾਲ ਆਪਣੇ ਗੁਦਾਮ ਵੱਲ ਲੈ ਜਾ ਰਿਹਾ ਸੀ, ਤਾਂ ਏਜੰਸੀ ਦੇ ਮੁਲਾਜ਼ਮਾਂ ਨੇ ਗੁਪਤ ਤਰੀਕੇ ਨਾਲ ਉਸ ਦਾ ਪਿੱਛਾ ਕੀਤਾ ਸੀ।
ਜਦੋਂ ਟਰੱਕ ਰਾਹੀਂ ਉਹ ਕੰਟੇਨਰ ਡੈਲਟਾ ਸਥਿਤ ਇੱਕ ਗੁਦਾਮ ਵਿੱਚ ਉਤਾਰਿਆ ਜਾ ਰਿਹਾ ਸੀ, ਤਾਂ ਮੁਲਾਜ਼ਮਾਂ ਨੇ ਉਸ ਨੂੰ ਕਬਜ਼ੇ ਵਿੱਚ ਲੈ ਲਿਆ ਸੀ ਅਤੇ ਮਾਲ ਫੜੇ ਜਾਣ ਦੀ ਖ਼ਬਰ ਜਨਤਕ ਕੀਤੀ ਸੀ। ਪਰ ਅਫ਼ਸੋਸ ਦੀ ਗੱਲ ਹੈ ਕਿ ਸਾਢੇ ਤਿੰਨ ਸਾਲ ਬੀਤ ਜਾਣ ਦੇ ਬਾਵਜੂਦ ਵੀ ਉਸ ਮਾਮਲੇ ਦੇ ਮੁੱਖ ਦੋਸ਼ੀਆਂ ਦੀ ਪਛਾਣ ਜਨਤਕ ਨਹੀਂ ਕੀਤੀ ਗਈ, ਜਿਸ ਕਾਰਨ ਸੁਰੱਖਿਆ ਏਜੰਸੀ ਦੀ ਕਾਰਗੁਜ਼ਾਰੀ ‘ਤੇ ਸਵਾਲ ਉੱਠ ਰਹੇ ਹਨ।
ਇਸ ਤਾਜ਼ਾ ਮਾਮਲੇ ਵਿੱਚ ਵੀ ਦੋਸ਼ੀਆਂ ਬਾਰੇ ਕੋਈ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ ਕਿ ਉਨ੍ਹਾਂ ‘ਤੇ ਕੀ ਦੋਸ਼ ਲਗਾਏ ਗਏ ਹਨ। ਸਰਹੱਦੀ ਸੁਰੱਖਿਆ ਏਜੰਸੀ ਨੇ ਇਹ ਕਹਿ ਕੇ ਪੱਲਾ ਝਾੜ ਲਿਆ ਹੈ ਕਿ ਅਗਲੀ ਜਾਂਚ ਲਈ ਇਹ ਮਾਮਲਾ ਹੁਣ ਪੁਲੀਸ ਨੂੰ ਸੌਂਪ ਦਿੱਤਾ ਗਿਆ ਹੈ।
Punjab Spectrum