Chamoli Tunnel Deaths: ਉਤਰਾਖੰਡ ਦੇ ਚਮੋਲੀ ਦੀ ਨਿਰਮਾਣ ਅਧੀਨ ਸੁਰੰਗ ਵਿਚ ਪਾਣੀ ਭਰਿਆ; 7 ਹਲਾਕ
Uttarakhand Tunnel: ਢਿੱਗਾਂ ਡਿੱਗਣ ਤੋਂ ਬਾਅਦ ਸੁਰੰਗ ਵਿਚ ਫਸੇ ਸਨ ਦੋ ਦਰਜਨ ਦੇ ਕਰੀਬ ਮਜ਼ਦੂਰ
Chamoli Tunnel Deaths: ਉਤਰਾਖੰਡ ਵਿੱਚ ਚਮੋਲੀ ਜ਼ਿਲ੍ਹੇ ਵਿੱਚ ਨਿਰਮਾਣ ਅਧੀਨ ਸੁਰੰਗ ਅੰਦਰ ਪਾਣੀ ਭਰਨ ਅਤੇ ਮਲਬਾ ਡਿੱਗਣ ਕਾਰਨ ਦੋ ਦਰਜਨ ਮਜ਼ਦੂਰ ਅੰਦਰ ਫਸ ਗਏ ਸਨ ਜਿਨ੍ਹਾਂ ਵਿਚੋਂ ਸੱਤ ਦੀ ਮੌਤ ਹੋ ਗਈ ਹੈ। ਇਹ ਜਾਣਕਾਰੀ ਸੂਬੇ ਦੇ ਅਧਿਕਾਰੀਆਂ ਨੇ ਸਾਂਝੀ ਕੀਤੀ ਹੈ। ਇਹ ਪਤਾ ਲੱਗਿਆ ਹੈ ਕਿ ਲੈਂਡਸਲਾਈਡ ਤੋਂ ਬਾਅਦ ਸੁਰੰਗ ਅੰਦਰ ਪਾਣੀ ਰਿਸਣ ਲੱਗ ਪਿਆ ਸੀ। ਬਾਹਰ ਕੱਂਢੇ ਗਏ ਦੋ ਮਜ਼ਦੂਰਾਂ ਦੀ ਹਾਲਤ ਗੰਭੀਰ ਹੈ। ਇਹ ਸੁਰੰਗ ਤਿੰਨ ਕਿਲੋਮੀਟਰ ਲੰਬੀ ਬਣਾਈ ਜਾ ਰਹੀ ਹੈ।
ਜਾਣਕਾਰੀ ਅਨੁਸਾਰ ਇਸ ਤੋਂ ਪਹਿਲਾਂ ਕਈ ਮਜ਼ਦੂਰਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਜਦੋਂ ਕਿ ਬਾਕੀ ਫ਼ਸੇ ਹੋਏ ਮਜ਼ਦੂਰਾਂ ਦੀ ਭਾਲ ਅਤੇ ਬਚਾਅ ਲਈ ਐੱਸ.ਡੀ.ਆਰ.ਐੱਫ. (SDRF), ਐੱਨ.ਡੀ.ਆਰ.ਐੱਫ. (NDRF) ਅਤੇ ਸਥਾਨਕ ਪ੍ਰਸ਼ਾਸਨ ਦੀਆਂ ਟੀਮਾਂ ਨੇ ਰੈਸਕਿਊ ਅਪਰੇਸ਼ਨ ਚਲਾਇਆ। ਖ਼ਰਾਬ ਮੌਸਮ ਦੇ ਬਾਵਜੂਦ ਸੁਰੱਖਿਆ ਬਲਾਂ ਨੇ ਸੁਰੰਗ ਦੇ ਅੰਦਰ ਫਸੇ ਹੋਏ ਬਾਕੀ ਵਿਅਕਤੀਆਂ ਤੱਕ ਪਹੁੰਚਣ ਦੀ ਪੂਰੀ ਕੋਸ਼ਿਸ਼ ਕੀਤੀ।
ਇਸ ਤੋਂ ਪਹਿਲਾਂ ਉਤਰਾਖੰਡ ਵਿੱਚ ਲਗਾਤਾਰ ਮੀਂਹ ਪੈਣ ਕਾਰਨ ਚਮੋਲੀ ਜ਼ਿਲ੍ਹੇ ਵਿੱਚ ਇੱਕ ਸੁਰੰਗ ਵਿੱਚ ਪਾਣੀ ਭਰ ਗਿਆ ਤੇ ਉੱਥੇ ਕੰਮ ਕਰ ਰਹੇ ਦੋ ਦਰਜਨ ਤੋਂ ਵਧ ਮਜ਼ਦੂਰ ਅੰਦਰ ਫਸ ਗਏ ਸਨ। ਪ੍ਰਸ਼ਾਸਨ ਨੇ ਤੁਰੰਤ ਕਾਰਵਾਈ ਕਰਦਿਆਂ 16 ਮਜ਼ਦੂਰਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਅਤੇ ਬਾਕੀਆਂ ਨੂੰ ਬਚਾਉਣ ਲਈ ਅਪਰੇਸ਼ਨ ਚਲਾਇਆ ।
ਦੂਜੇ ਪਾਸੇ, ਉੱਤਰ ਪ੍ਰਦੇਸ਼ ਦੇ ਵਾਰਾਣਸੀ ਵਿੱਚ ਗੰਗਾ ਨਦੀ ਦਾ ਪਾਣੀ ਵਧਣ ਕਾਰਨ ਘਾਟਾਂ ਦੀਆਂ ਪੌੜੀਆਂ ਪਾਣੀ ਵਿੱਚ ਡੁੱਬ ਗਈਆਂ ਹਨ। ਹਰੀਸ਼ਚੰਦਰ ਘਾਟ ’ਤੇ ਸਵਿਧਾ ਸਥਾਨ ਵੀ ਪਾਣੀ ਹੇਠ ਆ ਗਿਆ ਹੈ, ਜਿਸ ਕਾਰਨ ਮਜਬੂਰੀਵੱਸ ਘਾਟ ਦੀਆਂ ਉੱਪਰਲੀਆਂ ਪੌੜੀਆਂ ‘ਤੇ ਚਿਤਾਵਾਂ ਜਲਾਉਣੀਆਂ ਪੈ ਰਹੀਆਂ ਹਨ। ਇਸ ਕਾਰਨ ਲੋਕਾਂ ਨੂੰ ਆਪਣੇ ਪਿਆਰਿਆਂ ਦਾ ਸਸਕਾਰ ਕਰਨ ਲਈ 2 ਤੋਂ 3 ਘੰਟੇ ਤੱਕ ਦਾ ਇੰਤਜ਼ਾਰ ਕਰਨਾ ਪੈ ਰਿਹਾ ਹੈ। ਇਸ ਤੋਂ ਇਲਾਵਾ ਉਨਾਓ ਵਿੱਚ ਹੜ੍ਹ ਵਰਗੇ ਹਾਲਾਤ ਕਾਰਨ ਸੜਕਾਂ ‘ਤੇ ਕਿਸ਼ਤੀਆਂ ਚਲਾਉਣੀਆਂ ਪਈਆਂ ਹਨ ਅਤੇ ਦੇਹਰਾਦੂਨ-ਮਸੂਰੀ ਮਾਰਗ ’ਤੇ ਲੈਂਡਸਲਾਈਡ ਕਾਰਨ ਆਵਾਜਾਈ ਪ੍ਰਭਾਵਿਤ ਹੋਈ ਹੈ।
15 ਰਾਜਾਂ ਵਿੱਚ ਮੀਂਹ ਦਾ ਅਲਰਟ ਅਤੇ ਕਈ ਸੜਕਾਂ ਬੰਦ
ਬੰਗਾਲ ਦੀ ਖਾੜੀ ਵਿੱਚ ਦਬਾਅ ਬਣਨ ਕਾਰਨ 20 ਸੂਬਿਆਂ ਵਿੱਚ ਭਾਰੀ ਮੀਂਹ ਪਿਆ। ਮੌਸਮ ਵਿਭਾਗ ਮੁਤਾਬਕ ਅਗਲੇ 4 ਦਿਨਾਂ ਤੱਕ ਮੱਧ ਪ੍ਰਦੇਸ਼, ਉੱਤਰ ਪ੍ਰਦੇਸ਼ ਅਤੇ ਰਾਜਸਥਾਨ ਸਮੇਤ ਦੇਸ਼ ਦੇ 15 ਰਾਜਾਂ ਵਿੱਚ ਭਾਰੀ ਤੋਂ ਬਹੁਤ ਭਾਰੀ ਮੀਂਹ ਪੈਣ ਦਾ ਅਲਰਟ ਜਾਰੀ ਕੀਤਾ ਗਿਆ ਹੈ। ਖ਼ਰਾਬ ਮੌਸਮ ਅਤੇ ਲੈਂਡਸਲਾਈਡ ਕਾਰਨ ਉਤਰਾਖੰਡ ਦੇ 9 ਜ਼ਿਲ੍ਹਿਆਂ ਵਿੱਚ ਕੁੱਲ 67 ਸੜਕਾਂ ਬੰਦ ਪਈਆਂ ਹਨ ਜਦਕਿ ਗੁਆਂਢੀ ਰਾਜ ਹਿਮਾਚਲ ਪ੍ਰਦੇਸ਼ ਵਿੱਚ ਵੀ ਬਾਰਿਸ਼ ਕਾਰਨ 204 ਸੜਕਾਂ ਆਵਾਜਾਈ ਲਈ ਪੂਰੀ ਤਰ੍ਹਾਂ ਬੰਦ ਹੋ ਚੁੱਕੀਆਂ ਹਨ। ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਬੇਲੋੜੀ ਯਾਤਰਾ ਨਾ ਕਰਨ ਅਤੇ ਸੁਰੱਖਿਅਤ ਥਾਵਾਂ ‘ਤੇ ਰਹਿਣ ਦੀ ਅਪੀਲ ਕੀਤੀ ਜਾ ਰਹੀ ਹੈ।
Punjab Spectrum