Shocking News – – ਅਮੀਰਜ਼ਾਦੀ ਨੇ ਗਰੀਬ ਪ੍ਰੇਮੀ ਦੀ ਮਦਦ ਨਾਲ ਕੀਤਾ ਅਮੀਰ ਮੰਗੇਤਰ ਦਾ ਕਤਲ
ਸਿਯਾ ਗੋਇਲ ਤੇ ਕੇਤਨ ਅਗਰਵਾਲ ਦੇ ਵਿਆਹ ਲਈ 17 ਕਰੋੜ ‘ਚ ਤਾਂ ਪੈਲੇਸ ਬੁੱਕ ਕੀਤਾ ਗਿਆ ਸੀ
ਪੁਣੇ ਦਾ 26 ਸਾਲਾ ਕੇਤਨ ਅਗਰਵਾਲ, ਸਰਦੇ ਬਿਜਨੈਸਮੈਨ ਪਰਿਵਾਰ ਦਾ ਸਫਲ ਤੇ ਸਰਦਾ ਇਕਲੌਤਾ ਕਾਰੋਬਾਰੀ ਪੁੱਤਰ। ਪੁਣੇ ਦੇ ਹੀ ਬਰਾਬਰ ਦੇ ਪਰਵਾਰ ਦੀ 21 ਸਾਲਾ ਧੀ ਸਿਯਾ ਗੋਇਲ ਨਾਲ ਮੰਗਣੀ ਹੋ ਗਈ। ਵਿਆਹ ਦੀਆਂ ਤਿਆਰੀਆਂ ਇੰਨੀਆਂ ਕੁ ਜ਼ਬਰਦਸਤ ਚੱਲ ਰਹੀਆਂ ਸਨ ਕਿ 17 ਕਰੋੜ ‘ਚ ਤਾਂ ਪੈਲੇਸ ਬੁੱਕ ਕੀਤਾ ਗਿਆ ਸੀ। ਇਸ ਕਹਾਣੀ ਵਿੱਚ ਇੱਕ ਹੋਰ ਕਿਰਦਾਰ, 22 ਸਾਲਾ ਚੇਤਨ ਚੌਧਰੀ ਘਰੋਂ ਠੀਕ-ਠਾਕ ਤੇ ਸਿਯਾ ਦਾ ਪੁਰਾਣਾ ਪ੍ਰੇਮੀ ਸੀ। ਇਹਦੇ ਬਾਰੇ ਕੇਤਨ ਨੂੰ ਪਤਾ ਸੀ ਪਰ ਭੋਲੇ ਮਨ ਦਾ ਕੇਤਨ ਸਿਯਾ ਦੇ ਕਹਿਣ ‘ਤੇ ਮੰਨੀ ਬੈਠਾ ਸੀ ਕਿ ਹੁਣ ਬਰੇਕ-ਅਪ ਹੋ ਚੁੱਕਾ ਹੈ ਜਦਕਿ ਇਹ ਝੂਠ ਸੀ।
ਬਾਅਦ ਵਿੱਚ ਆਈ ਕਾਲ ਰਿਕਾਰਡ ਅਨੁਸਾਰ ਸਿਯਾ ਤੇ ਚੇਤਨ ਵਿਚਕਾਰ 1 ਜਨਵਰੀ ਤੋਂ 14 ਜੂਨ ਦੇ ਵਿਚਕਾਰ 2004 ਵਾਰੀਂ 238 ਘੰਟਿਆਂ ਦ ਗੱਲਬਾਤ ਹੋਈ ਸੀ। ਹੁਣ ਏਧਰ ਕੇਤਨ ਤਾਂ ਵਿਆਹ ਦੇ ਚਾਅ ‘ਚ ਸੀ ਤੇ ਉੱਧਰ ਸਿਯਾ ਚੇਤਨ ਨਾਲ ਰਹਿਣਾ ਚਾਹੁੰਦੀ ਸੀ। ਫਿਰ ਉਹੀ ਹੋਇਆ ਜੋ ਨ੍ਹੀਂ ਹੋਣਾ ਚਾਹੀਦਾ ਸੀ।
ਸਿਯਾ ਤੇ ਚੇਤਨ ਦੀ ਸਕੀਮ ਤਹਿਤ ਸਿਯਾ ਕੇਤਨ ਨੂੰ ਭਚਲਾਅ ਕੇ ਲੋਹਾਗੜ੍ਹ ਦੇ ਕਿਲ੍ਹੇ ‘ਤੇ ਲੈ ਗਈ। ਜਿੱਥੇ ਇਕ ਵਾਰੀ ਨਾਕਾਮ ਰਹਿਣ ਤੋਂ ਬਾਅਦ ਆਖਰਕਾਰ ਦੂਜੀ ਕੋਸ਼ਿਸ਼ ‘ਚ 19 ਜੂਨ ਨੂੰ ਇਹਨਾਂ ਦੋਵਾਂ ਨੇ ਮਾਸੂਮ ਕੇਤਨ ਨੂੰ 400 ਫੁੱਟ ਡੂੰਘੀ ਖਾਈ ‘ਚ ਧੱਕਾ ਦੇ ਕੇ ਖਤਮ ਕਰ ਦਿੱਤਾ।
ਫੋਟੋ ਖਿੱਚਦਾ ਡਿੱਗ ਗਿਆ ਆਖ ਸਿਯਾ ਨੇ ਚਾਰ ਕੁ ਦਿਨ ਡਰਾਮਾ ਕੀਤਾ। ਪਰ ਕੇਤਨ ਦੀ ਭੈਣ ਨੂੰ ਸ਼ੱਕ ਪੈ ਗਿਆ ਤੇ ਆਖ਼ਰ ਭੇਦ ਖੁੱਲ੍ਹ ਗਿਆ। ਸਭ ਕੁਝ ਬਰਬਾਦ ਹੋ ਗਿਆ।
ਪਸੰਦ ਨਹੀਂ ਸੀ ਤਾਂ ਨਾਂਹ ਕਰ ਦਿੰਦੀ ਭਾਈ ! ਬੇਕਸੂਰ ਬੰਦੇ ਨੂੰ ਮੁਕਾ ਕੇ ਪਰਵਾਰ ਉਜਾੜ’ਤਾ। ਓਧਰ ਬਰਾਬਰ ਦਾ ਦੋਸ਼ੀ ਚੇਤਨ, ਬਿਲਕੁਲ ਅਚੇਤਨ ਹੋ ਕੇ ਮਗਰ ਲੱਗ ਬਰਬਾਦ ਹੋ ਗਿਆ।
ਪੁਣੇ ਪੁਲਿਸ ਨੇ ਜਾਣਕਾਰੀ ਦਿੱਤੀ ਹੈ ਕਿ ਇੱਕ ਕੁੜੀ ਨੂੰ ਆਪਣੇ ਮੰਗੇਤਰ ਨੂੰ ਲੋਹਾਗੜ੍ਹ ਕਿਲ੍ਹੇ ਤੋਂ ਧੱਕਾ ਦੇ ਕੇ ਮਾਰਨ ਦੇ ਇਲਜ਼ਾਮ ਹੇਠ ਹਿਰਾਸਤ ‘ਚ ਲਿਆ ਗਿਆ ਹੈ। ਕਤਲ ਦੀ ਇਸ ਸਾਜਿਸ਼ ‘ਚ ਪ੍ਰੇਮੀ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
ਪੁਲਿਸ ਨੇ ਇੱਕ ਪ੍ਰੈਸ ਕਾਨਫਰੰਸ ‘ਚ ਦੱਸਿਆ ਕਿ ਇੱਕ ਪ੍ਰੇਮੀ ਜੋੜੇ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਦਰਅਸਲ ਇਲਜ਼ਾਮ ਹਨ ਕਿ ਕੁੜੀ ਨੇ ਆਪਣੇ ਪ੍ਰੇਮੀ ਨਾਲ ਮਿਲ ਕੇ ਆਪਣੇ ਹੋਣ ਵਾਲੇ ਪਤੀ ਨੂੰ ਉੱਚੀ ਚੱਟਾਨ ਤੋਂ ਧੱਕਾ ਦੇ ਕੇ ਉਸ ਦਾ ਕਤਲ ਕਰ ਦਿੱਤਾ ਪਰ ਬਾਅਦ ‘ਚ ਇਸ ਪੂਰੀ ਘਟਨਾ ਨੂੰ ਹਾਦਸੇ ਦਾ ਨਾਮ ਦੇ ਦਿੱਤਾ।
ਲੋਹਾਗੜ੍ਹ ‘ਚ ਇਸ ਘਟਨਾ ਦਾ ਸ਼ਿਕਾਰ ਹੋਏ ਨੌਜਵਾਨ ਦਾ ਨਾਮ ਕੇਤਨ ਅਗਰਵਾਲ ਹੈ। ਪੁਲਿਸ ਨੇ ਉਸ ਦੀ ਮੰਗੇਤਰ ਸਿਆ ਗੋਇਲ ਅਤੇ ਉਸ ਦੇ ਪ੍ਰੇਮੀ ਚੇਤਨ ਚੌਧਰੀ ਨੂੰ ਪੁੱਛ-ਗਿੱਛ ਲਈ ਅਦਾਲਤ ਤੋਂ ਦੋਵਾਂ ਦੀ 7 ਦਿਨ ਦੀ ਰਿਮਾਂਡ ਹਾਸਿਲ ਕੀਤੀ ਹੈ।
ਪੁਲਿਸ ਮੁਤਾਬਕ ਸਿਆ ਗੋਇਲ ਨੇ ਪੁਲਿਸ ਨੂੰ ਦੱਸਿਆ,”ਮੈਂ ਅਤੇ ਮੇਰੇ ਹੋਣ ਵਾਲੇ ਪਤੀ ਮਹਾਰਸ਼ਟਰ ਦੇ ਪੁਣੇ ਸਥਿਤ ਲੋਹਾਗੜ੍ਹ ਘੁੰਮਣ ਲਈ ਗਏ ਸੀ। ਉੱਥੇ ਹੀ ਉਨ੍ਹਾਂ ਦਾ ਪੈਰ ਤਿਲਕ ਗਿਆ ਅਤੇ ਉਹ ਚੱਟਾਨ ਤੋਂ ਹੇਠਾਂ ਡਿੱਗ ਗਏ। ਇੰਨੀ ਉੱਚਾਈ ਤੋਂ ਡਿੱਗਣ ਕਰਕੇ ਉਨ੍ਹਾਂ ਦੀ ਮੌਤ ਹੋ ਗਈ।”
ਪੁਣੇ ਦੇ ਮਾਵਲ ਤਾਲੁਕਾ ਦੇ ਗਹੁੰਜੇ ਦੇ ਰਹਿਣ ਵਾਲੇ ਕੇਤਨ ਅਗਰਵਾਲ ਦੀ ਮੰਗਣੀ ਕੁਝ ਹੀ ਮਹੀਨੇ ਪਹਿਲਾਂ ਪੁਣੇ ਦੇ ਮਾਰਕਿਟ ਯਾਰਡ ਦੀ ਵਸਨੀਕ ਸਿਆ ਗੋਇਲ ਨਾਮਕ ਕੁੜੀ ਨਾਲ ਤੈਅ ਹੋਈ ਸੀ।
ਪੁਲਿਸ ਨੇ ਦੱਸਿਆ ਕਿ ਤਿੰਨਾਂ ਪਰਿਵਾਰਾਂ ਦੇ ਮਾਰਕਿਟ ਯਾਰਡ ਖੇਤਰ ‘ਚ ਵੱਖ-ਵੱਖ ਕਾਰੋਬਾਰ ਹਨ।
ਕੇਤਨ ਅਤੇ ਸਿਆ ਦੀ ਮੰਗਣੀ ਫਰਵਰੀ ਮਹੀਨੇ ਹੋ ਗਈ ਸੀ ਅਤੇ ਹੁਣ ਇੱਕ-ਦੋ ਮਹੀਨਿਆਂ ਬਾਅਦ ਉਨ੍ਹਾਂ ਦਾ ਵਿਆਹ ਵੀ ਹੋਣ ਵਾਲਾ ਸੀ।
ਪਰ ਪੁਲਿਸ ਦਾ ਕਹਿਣਾ ਹੈ ਕਿ ਜਾਂਚ ਦੌਰਾਨ ਪੁਲਿਸ ਨੂੰ ਜਾਣਕਾਰੀ ਮਿਲੀ ਕਿ ਕੇਤਨ ਨਾਲ ਮੰਗਣੀ ਹੋਣ ਤੋਂ ਪਹਿਲਾਂ ਹੀ ਸਿਆ ਦੇ ਕੋਂਢਵਾ ਵਸਨੀਕ ਚੇਤਨ ਚੌਧਰੀ ਨਾਲ ਪ੍ਰੇਮ ਸੰਬੰਧ ਸਨ।
“ਸਿਆ ਅਤੇ ਚੇਤਨ ਕੇਤਨ ਨੂੰ ਆਪਣੇ ਰਿਸ਼ਤੇ ਵਿੱਚ ਰੌੜਾ ਸਮਝਦੇ ਸਨ , ਇਸ ਲਈ ਹੀ ਉਨ੍ਹਾਂ ਨੇ ਕੇਤਨ ਨੂੰ ਮਾਰਨ ਦੀ ਕਥਿਤ ਸਾਜਿਸ਼ ਇਸ ਢੰਗ ਨਾਲ ਰਚੀ ਕੇ ਉਹ ਇੱਕ ਹਾਦਸਾ ਲੱਗੇ।”
ਪੁਲਿਸ ਮੁਤਾਬਕ ਉਨ੍ਹਾਂ ਦੀ ਇਸ ਯੋਜਨਾ ਬਾਰੇ ਪੁਲਿਸ ਨੂੰ ਆਪਣੀ ਜਾਂਚ ਦੌਰਾਨ ਪਤਾ ਲੱਗਿਆ। ਪੁਲਿਸ ਨੂੰ ਕੁਝ ਗੱਲਾਂ ‘ਤੇ ਸ਼ੱਕ ਹੋਇਆ ਅਤੇ ਪੁਲਿਸ ਨੇ ਤਕਨੀਕੀ ਜਾਂਚ ਸ਼ੁਰੂ ਕੀਤੀ।ਮੋਬਾਈਲ ਫੋਨ ਰਿਕਾਰਡ, ਕਾਲ ਡਿਟੇਲ, ਸੋਸ਼ਲ ਮੀਡੀਆ ਗਤੀਵਿਧੀਆਂ ਅਤੇ ਹੋਰ ਡਿਜੀਟਲ ਸਬੂਤਾਂ ਦੀ ਜਾਂਚ ਕੀਤੀ ਗਈ। ਇਨ੍ਹਾਂ ਜਾਂਚਾਂ ਦੌਰਾਨ ਕੁਝ ਅਜਿਹੇ ਤੱਥ ਸਾਹਮਣੇ ਆਏ, ਜਿਨ੍ਹਾਂ ਨੇ ਪੁਲਿਸ ਦੇ ਸ਼ੱਕ ਨੂੰ ਪੱਕਾ ਕੀਤਾ ਅਤੇ ਇਹ ਮਾਮਲਾ ਹਾਦਸੇ ਕਾਰਨ ਹੋਈ ਮੌਤ ਦਾ ਨਹੀਂ ਸਗੋਂ ਇੱਕ ਸੋਚੀ ਸਮਝੀ ਕਤਲ ਦੀ ਸਾਜਿਸ਼ ਦਾ ਬਣ ਗਿਆ।
ਪੁਲਿਸ ਨੇ ਪੁਸ਼ਟੀ ਕੀਤੀ ਹੈ ਕਿ ਦੋਵਾਂ ਅਪਰਾਧੀਆਂ ਨੇ ਆਪਣਾ ਜ਼ੁਰਮ ਕਬੂਲ ਕਰ ਲਿਆ ਹੈ।
ਪੁਲਿਸ ਨੇ ਪ੍ਰੈਸ ਕਾਨਫਰੰਸ ‘ਚ ਦੱਸਿਆ ਕਿ ਸਿਆ ਨੇ ਆਪਣੇ ਪ੍ਰੇਮੀ ਚੇਤਨ ਨਾਲ ਮਿਲ ਕੇ ਕੇਤਨ ਨੂੰ ਮਾਰਨ ਦੀ ਸਾਜਿਸ਼ ਰਚੀ। ਸਿਆ ਚੇਤਨ ਨੂੰ ਪਿਆਰ ਕਰਦੀ ਸੀ ਪਰ ਪਰਿਵਾਰ ਦੇ ਕਹਿਣ ‘ਤੇ ਉਸ ਦੀ ਮੰਗਣੀ ਕੇਤਨ ਨਾਲ ਹੋਈ ਸੀ। ਉਹ ਦੋਵੇਂ ਕੇਤਨ ਨੂੰ ਆਪਣੇ ਰਿਸ਼ਤੇ ‘ਚੋਂ ਬਾਹਰ ਕਰਨਾ ਚਾਹੁੰਦੇ ਸਨ। ਇਸ ਲਈ ਸਿਆ ਨੇ ਆਪਣੇ ਜਨਮਦਿਨ ਜੋ ਕਿ 19 ਜੂਨ ਨੂੰ ਸੀ, ਤੋਂ ਇੱਕ ਦਿਨ ਪਹਿਲਾਂ 18 ਜੂਨ ਨੂੰ ਲੋਹਗੜ੍ਹ ਕਿਲ੍ਹੇ ‘ਚ ਘੁੰਮਣ ਲਈ ਕੇਤਨ ਨੂੰ ਮਨਾਇਆ।
ਪੁਲਿਸ ਸੁਪਰਡੈਂਟ ਸੰਦੀਪ ਗਿੱਲ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਸਿਆ ਅਤੇ ਕੇਤਨ ਪਹਿਲਾਂ ਲੋਹਗੜ੍ਹ ਕਿਲ੍ਹੇ ‘ਚ ਗਏ। ਫਿਰ ਕੁਝ ਸਮੇਂ ਬਾਅਦ ਸਿਆ ਦਾ ਪ੍ਰੇਮੀ ਚੇਤਨ ਵੀ ਉੱਥੇ ਪਹੁੰਚ ਗਿਆ। ਪੁਲਿਸ ਦੀ ਤਫਤੀਸ਼ ਅਨੁਸਾਰ ਸਿਆ ਅਤੇ ਚੇਤਨ ਦੋਵਾਂ ਨੇ ਮਿਲ ਕੇ ਕੇਤਨ ਨੂੰ ਚੱਟਾਨ ਤੋਂ ਧੱਕਾ ਦੇ ਦਿੱਤਾ। ਪਹਿਲਾਂ ਤਾਂ ਸਿਆ ਨੇ ਚੀਖ ਚਿਹਾੜਾ ਪਾਕੇ ਇਸ ਘਟਨਾ ਨੂੰ ਇੱਕ ਹਾਦਸੇ ਵਜੋਂ ਦਰਸਾਉਣ ਦੀ ਕੋਸ਼ਿਸ਼ ਕੀਤੀ। ਉਸ ਦੀ ਆਵਾਜ਼ ਸੁਣ ਕੇ ਕਿਲ੍ਹੇ ‘ਚ ਮੌਜੂਦ ਸੁਰੱਖਿਆ ਗਾਰਡ ਉਸ ਦੀ ਮਦਦ ਲਈ ਤੁਰੰਤ ਪਹੁੰਚੇ, ਪਰ ਉੱਚਾਈ ਤੋਂ ਡਿੱਗਣ ਕਰਕੇ ਕੇਤਨ ਦੇ ਗੰਭੀਰ ਸੱਟਾਂ ਲੱਗੀਆਂ ਅਤੇ ਉਸ ਦੀ ਮੌਤ ਹੋ ਗਈ। ਬਾਅਦ ‘ਚ ਕਿਲ੍ਹੇ ਦੇ ਪੱਛਮੀ ਹਿੱਸੇ ਤੋਂ ਝਾੜੀਆਂ ‘ਚੋਂ ਕੇਤਨ ਦੀ ਮ੍ਰਿਤਕ ਦੇਹ ਬਚਾਅ ਟੀਮ ਨੂੰ ਮਿਲੀ।
ਘਟਨਾ ਤੋਂ ਬਾਅਦ ਸਿਆ ਗੋਇਲ ਨੇ ਪੁਲਿਸ ਨੂੰ ਘਟਨਾ ਦੀ ਜਾਣਕਾਰੀ ਦਿੰਦਿਆਂ ਦੱਸਿਆ , ” ਕਿਲ੍ਹੇ ‘ਚ ਘੁੰਮਦੇ ਸਮੇਂ ਕੇਤਨ ਦਾ ਅਚਾਨਕ ਪੈਰ ਤਿਲਕ ਗਿਆ ਅਤੇ ਉਹ ਡੂੰਘੀ ਖੱਡ ‘ਚ ਡਿੱਗ ਗਿਆ।”
ਇਸ ਬਿਆਨ ਦੇ ਆਧਾਰ ‘ਤੇ ਹੀ ਪੁਲਿਸ ਨੇ ਆਪਣੀ ਸ਼ੁਰੂਆਤੀ ਜਾਂਚ ‘ਚ ਇਸ ਘਟਨਾ ਨੂੰ ਦੁਰਘਟਨਾ ਤਹਿਤ ਹੋਈ ਮੌਤ ਵਜੋਂ ਦਰਜ ਕੀਤਾ।
ਪੁਲਿਸ ਨੂੰ ਸ਼ੱਕ ਕਿਵੇਂ ਹੋਇਆ
ਜਦੋਂ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਸੀ ਤਾਂ ਕੁਝ ਪਹਿਲੂ ਆਪਸ ‘ਚ ਨਹੀਂ ਮਿਲ ਰਹੇ ਸਨ।ਪੁਲਿਸ ਨੇ ਇਸ ਮਾਮਲੇ ਨੂੰ ਇੱਕ ਹਾਦਸੇ ਦਾ ਨਾਮ ਦਿੱਤਾ ਅਤੇ ਜਾਂਚ ਦੇ ਤਹਿਤ ਹੋਰਨਾਂ ਦੇ ਬਿਆਨ ਲੈਣੇ ਸ਼ੁਰੂ ਕੀਤੇ ਤਾਂ ਉਨ੍ਹਾਂ ਨੂੰ ਕੁਝ ਗੱਲਾਂ ‘ਤੇ ਸ਼ੱਕੀ ਸੁਰਾਗ ਮਿਲੇ।
ਜਾਂਚ ਕੇ ਦੌਰਾਨ ਕੁਝ ਰਿਸ਼ਤੇਦਾਰਾਂ ਨੇ ਪੁਲਿਸ ਨੂੰ ਦੱਸਿਆ ਕਿ ਪਿਛਲੇ ਕੁਝ ਦਿਨਾਂ ‘ਚ ਕੇਤਨ ਅਤੇ ਸਿਆ ਵਿਚਾਲੇ ਕਿਸੇ ਗੱਲ ਨੂੰ ਲੈ ਕੇ 2-3 ਵਾਰ ਬਹਿਸ ਹੋਈ ਸੀ। ਜਿਸ ‘ਤੇ ਪੁਲਿਸ ਨੂੰ ਸ਼ੱਕ ਹੋਇਆ ਅਤੇ ਉਨ੍ਹਾਂ ਨੇ ਗੁਪਤ ਜਾਂਚ ਸ਼ੁਰੂ ਕਰ ਦਿੱਤੀ।
ਜਾਂਚ ਤੋਂ ਬਾਅਦ ਕਿਹੜੇ ਤੱਥ ਸਹਮਣੇ ਆਏ ?
ਪੁਲਿਸ ਨੇ ਦਾਅਵਾ ਕੀਤਾ ਹੈ ਕਿ ਜਾਂਚ ਦੌਰਾਨ ਪਤਾ ਲੱਗਿਆ ਕਿ ਕੁਝ ਸਮੇਂ ਤੋਂ ਸਿਆ ਦਾ ਚੇਤਨ ਚੌਧਰੀ ਨਾਲ ਪ੍ਰੇਮ ਸੰਬੰਧ ਸੀ। ਇਸ ਤੋਂ ਬਾਅਦ ਮਾਮਲੇ ਦੀ ਸਹੀ ਅਤੇ ਸਮੇਂ ਸਿਰ ਜਾਂਚ ਮੁਕੰਮਲ ਕਰਨ ਲਈ ਦੋ ਵਿਸ਼ੇਸ਼ ਜਾਂਚ ਟੀਮਾਂ ਨਿਯੁਕਤ ਕੀਤੀਆਂ ਗਈਆਂ।
ਇਸੇ ਦੌਰਾਨ ਮ੍ਰਿਤਕ ਕੇਤਨ ਦੇ ਪਿਤਾ ਵਿਸ਼ਾਲ ਅਗਰਵਾਲ ਨੇ ਸ਼ਿਕਾਇਤ ਦਰਜ ਕਰਵਾਈ ਕਿ ਸਿਆ ਅਤੇ ਉਸ ਦੇ ਪ੍ਰੇਮੀ ਚੇਤਨ ਨੇ ਮਿਲ ਕੇ ਉਨ੍ਹਾਂ ਦੇ ਇਕਲੌਤੇ ਪੁੱਤਰ ਕੇਤਨ ਨੂੰ ਮਾਰਨ ਦੀ ਸਾਜਿਸ਼ ਰਚੀ ਸੀ।
ਇਸ ਤੋਂ ਬਾਅਦ ਪੁਲਿਸ ਨੇ ਮਾਮਲੇ ਦੀ ਤਕਨੀਕੀ ਜਾਂਚ ਕੀਤੀ ਅਤੇ ਪਾਇਆ ਕਿ ਉਸ ਦਿਨ ਚੇਤਨ ਚੌਧਰੀ ਵੀ ਲੋਹਗੜ੍ਹ ਕਿਲ੍ਹੇ ਦੇ ਖੇਤਰ ‘ਚ ਮੌਜੂਦ ਸੀ।
ਮਾਮਲਾ ਦਰਜ ਹੋਣ ਤੋਂ ਬਾਅਦ ਸਥਾਨਕ ਅਪਰਾਧ ਸ਼ਾਖਾ ਦੀ ਟੀਮ ਨੇ ਚੇਤਨ ਚੌਧਰੀ ਦੀ ਤਲਾਸ਼ ਆਰੰਭ ਕੀਤੀ ਅਤੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ। ਪੁਲਿਸ ਮੁਤਾਬਕ ਸਿਆ ਅਤੇ ਚੇਤਨ ਤੋਂ ਕੀਤੀ ਗਈ ਪੁੱਛ-ਗਿੱਛ ਦੌਰਾਨ ਕਤਲ ਦੇ ਹੈਰਾਨ ਕਰਨ ਵਾਲੇ ਵੇਰਵੇ ਸਾਹਮਣੇ ਆਏ। ਜੋ ਕਿ ਇਸ ਤਰ੍ਹਾਂ ਹਨ:-
• ਸਿਆ ਅਤੇ ਚੇਤਨ ਨੇ ਸੋਚ ਸਮਝ ਕੇ ਇਸ ਸਾਜਿਸ਼ ਨੂੰ ਅੰਜਾਮ ਦਿੱਤਾ।
• ਘੁੰਮਣ ਦੇ ਨਾਂ ‘ਤੇ ਸਿਆ ਕੇਤਨ ਨੂੰ ਲੋਹਗੜ੍ਹ ਕਿਲ੍ਹੇ ‘ਚ ਲੈ ਕੇ ਗਈ।
• ਕਤਲ ਤੋਂ ਬਾਅਦ ਸਿਆ ਨੇ ਇਸ ਨੂੰ ਇੱਕ ਹਾਦਸਾ ਸਾਬਿਤ ਕਰਨ ਦੀ ਕੋਸ਼ਿਸ਼।
• ਸਿਆ ਨੇ ਪੁਲਿਸ ਨੂੰ ਦੱਸਿਆ ਕਿ ਕੇਤਨ ਦਾ ਪੈਰ ਤਿਲਕ ਗਿਆ ਸੀ।
ਹਾਲਾਂਕਿ, ਜਾਂਚ ਤੋਂ ਹਾਸਲ ਹੋਏ ਤਕਨੀਕੀ ਸਬੂਤਾਂ, ਘਟਨਾ ਵਾਲੀ ਥਾਂ ਦੇ ਹਾਲਾਤਾਂ ਅਤੇ ਮੁਲਜ਼ਮਾਂ ਦੀਆਂ ਗਤੀਵਿਧੀਆਂ ਦੀ ਪੁਸ਼ਟੀ ਕਰਨ ਤੋਂ ਬਾਅਦ, ਪੁਲਿਸ ਨੇ ਇਸ ਪੂਰੀ ਸਾਜਿਸ਼ ਦਾ ਪਰਦਾਫਾਸ਼ ਕਰ ਦਿੱਤਾ ਹੈ।
ਪੁਲਿਸ ਮੁਤਾਬਕ ਸਿਆ ਕੇਤਨ ਨਾਲ ਵਿਆਹ ਨਹੀਂ ਕਰਵਾਉਣਾ ਚਾਹੁੰਦੀ ਸੀ । ਚੇਤਨ ਅਤੇ ਸਿਆ ਨੂੰ ਲੱਗ ਰਿਹਾ ਸੀ ਕਿ ਕੇਤਨ ਉਨ੍ਹਾਂ ਦੇ ਰਿਸ਼ਤੇ ‘ਚ ਰੁਕਾਵਟ ਹੈ, ਇਸ ਲਈ ਕੇਤਨ ਨੂੰ ਆਪਣੇ ਰਸਤੇ ‘ਚੋਂ ਹਟਾਉਣ ਲਈ ਉਨ੍ਹਾਂ ਦੋਵਾਂ ਨੇ ਕੇਤਨ ਨੂੰ ਮਾਰਨਾ ਹੀ ਸਹੀ ਸਮਝਿਆ। ਪੁਲਿਸ ਸੁਪਰਡੈਂਟ ਸੰਦੀਪ ਗਿੱਲ ਨੇ ਇਹ ਵੀ ਦੱਸਿਆ ਕਿ ਇਸ ਕਤਲ ਮਾਮਲੇ ਦੇ ਦੋਵੇਂ ਮੁਲਜ਼ਮਾਂ ਨੇ ਆਪਣਾ ਜੁਰਮ ਕਬੂਲ ਕਰ ਲਿਆ ਹੈ।
ਮ੍ਰਿਤਕ ਕੇਤਨ ਅਗਰਵਾਲ ਦੇ ਪਿਤਾ ਵਿਸ਼ਾਲ ਅਗਰਵਾਲ ਨੇ ਕਿਹਾ ਕਿ ਜੇਕਰ ਉਹ ਵਿਆਹ ਨਹੀਂ ਕਰਨਾ ਚਾਹੁੰਦੀ ਸੀ ਤਾਂ ਉਹ ਸਾਫ਼ ਇਨਕਾਰ ਕਰ ਦਿੰਦੀ। ਅਸੀਂ ਤੁਰੰਤ ਵਿਆਹ ਰੱਦ ਕਰ ਦਿੰਦੇ। ਉਨ੍ਹਾਂ ਨੇ ਇੰਨ੍ਹਾਂ ਵੱਡਾ ਕਦਮ ਚੁੱਕਣ ਬਾਰੇ ਕਿਉਂ ਸੋਚਿਆ? ਉਨ੍ਹਾਂ ਦੇ ਇਸ ਕਦਮ ਨੇ ਮੇਰੇ 26 ਸਾਲਾ ਪੁੱਤਰ ਦਾ ਕਤਲ ਕਰ ਦਿੱਤਾ ਹੈ… ਅਜਿਹੀ ਸੋਚ ਕਿੱਥੋਂ ਆਉਂਦੀ ਹੈ?
ਉਨ੍ਹਾਂ ਨੇ ਨਿਊਜ਼ ਏਜੰਸੀ ਏਐਨਆਈ ਨੂੰ ਦੱਸਿਆ, “ਉਨ੍ਹਾਂ ਦੀ ਫਰਵਰੀ ‘ਚ ਮੰਗਣੀ ਹੋਈ ਸੀ। ਹੁਣ 6 ਤਾਰੀਖ ਨੂੰ ਬਾਲੀ ਜਾਣ ਵਾਲੇ ਸਨ। ਚਾਰ ਲੋਕ ਇੱਕਠੇ ਬਾਲੀ ਜਾ ਰਹੇ ਸਨ, ਪਰ ਕੇਤਨ ਦਾ ਪਾਸਪੋਰਟ ਚੋਰੀ ਹੋ ਗਿਆ, ਜਿਸ ਕਰਕੇ ਉਸ ਨੂੰ ਹਵਾਈ ਅੱਡੇ ਤੋਂ ਵਾਪਸ ਆਉਣਾ ਪਿਆ।”
ਵਿਸ਼ਾਲ ਅਗਰਵਾਲ ਨੇ ਇਲਜ਼ਾਮ ਲਗਾਇਆ ਹੈ, ” ਚੇਤਨ ਦੋਪਹਿਆ ਵਾਹਨ ‘ਤੇ ਲੋਹਗੜ੍ਹ ਕਿਲ੍ਹੇ ‘ਚ ਪਹੁੰਚਿਆ। ਫਿਰ ਉਹ ਦੋਵੇਂ (ਸਿਆ ਅਤੇ ਚੇਤਨ) ਇੱਕਠੇ ਉੱਪਰ ਗਏ। ਉਨ੍ਹਾਂ ਨੇ ਪਹਿਲਾਂ ਕੇਤਨ ‘ਤੇ ਕਿਸੇ ਚੀਜ਼ ਨਾਲ ਵਾਰ ਕੀਤਾ ਅਤੇ ਫਿਰ ਉਸ ਨੂੰ ਖੱਡ ‘ਚ ਸੁੱਟ ਦਿੱਤਾ।”
ਉਨ੍ਹਾਂ ਅੱਗੇ ਦੱਸਿਆ ਕਿ ਇਸ ਮਾਮਲੇ ‘ਚ ਪੁਲਿਸ ਨੇ ਬਹੁਤ ਹੀ ਮੁਸਤੈਦੀ ਨਾਲ ਕਾਰਵਾਈ ਨੂੰ ਅੰਜਾਮ ਦਿੱਤਾ ਹੈ। ਸਥਾਨਕ ਦਿਹਾਤੀ ਐਸਪੀ ਸੰਦੀਪ ਗਿੱਲ ਨੇ ਬਹੁਤ ਹੀ ਸਮਝਦਾਰੀ ਨਾਲ ਇਸ ਪੂਰੇ ਮਾਮਲੇ ਨੂੰ ਸੁਲਝਾਇਆ ਹੈ। ਪੁਲਿਸ ਨੇ ਚੇਤਨ ਚੌਧਰੀ ਨੂੰ 22 ਜੂਨ ਅਤੇ ਸਿਆ ਗੋਇਲ ਨੂੰ 23 ਜੂਨ ਨੂੰ ਹਿਰਾਸਤ ‘ਚ ਲੈ ਲਿਆ ਸੀ। ਜਿਸ ਤੋਂ ਬਾਅਦ ਅਦਾਲਤ ਵਿੱਚ ਪੇਸ਼ ਕੀਤਾ ਗਿਆ
ਮ੍ਰਿਤਕ ਕੇਤਨ ਦੀ ਮਾਂ ਦੇ ਡੁੱਲੇ ਹੰਝੂ
ਮ੍ਰਿਤਕ ਕੇਤਨ ਅਗਰਵਾਲ ਦੀ ਮਾਂ ਪਾਖੀ ਅਗਰਵਾਲ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਆਪਣੇ ਦੁੱਖ ਦਾ ਪ੍ਰਗਟਾਵਾ ਕੀਤਾ ਅਤੇ ਕਿਹਾ, “ਅੱਜ ਮੇਰਾ ਪੁੱਤ ਸਾਡੇ ਤੋਂ ਦੂਰ ਹੋ ਗਿਆ ਹੈ। ਸਿਆ ਅਤੇ ਉਸ ਦਾ ਪ੍ਰੇਮੀ ਚੇਤਨ ਮੇਰੇ ਪੁੱਤਰ ਦੇ ਕਤਲ ਲਈ ਪੂਰੀ ਤਰ੍ਹਾਂ ਨਾਲ ਜ਼ਿੰਮੇਵਾਰ ਹਨ।ਮੈਂ ਸਿਆ ਨੂੰ ਦਿਲੋਂ ਆਪਣੀ ਨੂੰਹ ਮੰਨਿਆ ਸੀ। ਉਹ 2-3 ਵਾਰ ਸਾਡੇ ਘਰ ਵੀ ਆਈ ਹੈ। ਹੁਣ ਕਈ ਗੱਲਾਂ ਸਾਹਮਣੇ ਆ ਰਹੀਆਂ ਹਨ।”
“ਉਹ ਸਾਡੇ ਘਰ ਪੂਜਾ ਲਈ ਆਈ ਸੀ। ਉਹ ਸਾਡੇ ਘਰ ਜਨਮ ਦਿਨ ਦੀਆਂ ਪਾਰਟੀਆਂ ‘ਚ ਵੀ ਸ਼ਮੂਲੀਅਤ ਕਰਦੀ ਰਹੀ ਹੈ ਅਤੇ ਰਾਤ ਦੇ ਖਾਣੇ ‘ਤੇ ਵੀ ਉਹ ਸਾਡੇ ਘਰ ਆਈ ਹੋਈ ਹੈ।”
ਪਾਖੀ ਅਗਰਵਾਲ ਨੇ ਅੱਗੇ ਕਿਹਾ ” ਮੈਂ ਉਸ ਨੂੰ ਕਈ ਵਾਰ ਮਿਲੀ ਹਾਂ, ਕਈ ਵਾਰ ਅਸੀਂ ਇੱਕਠੇ ਸ਼ੌਪਿੰਗ ਲਈ ਵੀ ਗਏ ਹਾਂ, ਪਰ ਮੈਂ ਉਸ ਦੀ ਅਸਲੀਅਤ ਨੂੰ ਭਾਂਪ ਨਹੀਂ ਸਕੀ। ਮੈਨੂੰ ਨਹੀਂ ਪਤਾ ਸੀ ਕਿ ਉਸ ਦੇ ਦਿਲ ‘ਚ ਕੀ ਚੱਲ ਰਿਹਾ ਹੈ। ਉਸ ਨੂੰ ਮੇਰੇ ਪੁੱਤਰ ਨੂੰ ਮਾਰਨ ਕਰਕੇ ਮੌਤ ਦੀ ਸਜ਼ਾ ਮਿਲਣੀ ਚਾਹੀਦੀ ਹੈ”
ਮੁਲਜ਼ਮ ਦੇ ਵਕੀਲ ਦਾ ਬਿਆਨ
ਦੂਜੇ ਪਾਸੇ ਚੇਤਨ ਚੌਧਰੀ ਦੇ ਦੇ ਵਕੀਲ ਰਾਮ ਸ਼ਹਾਨੇ ਨੇ ਕਿਹਾ, ” ਪੁਲਿਸ ਨੇ ਜਾਂਚ ਦੇ ਮੱਦੇਨਜ਼ਰ ਦੋਵਾਂ ਮੁਲਜ਼ਮਾਂ ਲਈ 7 ਦਿਨਾਂ ਦੀ ਪੁਲਿਸ ਰਿਮਾਂਡ ਦੀ ਮੰਗ ਕੀਤੀ ਸੀ , ਜਿਸ ‘ਤੇ ਮਾਣਯੋਗ ਅਦਾਲਤ ਨੇ ਰਿਮਾਂਡ ਦੇ ਕਾਰਨਾਂ ਨੂੰ ਧਿਆਨ ‘ਚ ਰੱਖਦਿਆਂ 7 ਦਿਨਾਂ ਦੀ ਪੁਲਿਸ ਰਿਮਾਂਡ ਨੂੰ ਮਨਜ਼ੂਰੀ ਦਿੱਤੀ ਹੈ।”
ਉਨ੍ਹਾਂ ਅੱਗੇ ਕਿਹਾ, ” ਮੁਲਜ਼ਮ ਨੰਬਰ 2 ਚੇਤਨ ਚੌਧਰੀ ਦੇ ਖਿਲਾਫ ਇਸ ਐਫਆਈਆਰ ‘ਚ ਕੋਈ ਸਿੱਧਾ ਇਲਜ਼ਾਮ ਨਹੀਂ ਲਗਾਇਆ ਗਿਆ ਹੈ। ਉਸ ਨੂੰ ਸਿਰਫ ਕੁੜੀ ਦਾ ਦੋਸਤ ਹੋਣ ਕਰਕੇ ਇਸ ਮਾਮਲੇ ‘ਚ ਸ਼ਾਮਲ ਕੀਤਾ ਗਿਆ ਹੈ। ਇਸ ਦੇ ਨਾਲ ਹੀ ਵਾਰਦਾਤ ਵਾਲੇ ਸਮੇਂ ਚੇਤਨ ਚੌਧਰੀ ਲੋਹਗੜ੍ਹ ਕਿਲ੍ਹੇ ਦੇ ਖੇਤਰ ‘ਚ ਮੌਜੂਦ ਸੀ, ਇਸ ਸਬੰਧ ‘ਚ ਪੁਲਿਸ ਕੋਲ ਕੋਈ ਠੋਸ ਸਬੂਤ ਨਹੀਂ ਹੈ ਅਤੇ ਇਸ ਸਬੰਧ ‘ਚ ਅਦਾਲਤ ‘ਚ ਵੀ ਕੋਈ ਦਸਤਾਵੇਜ ਪੇਸ਼ ਨਹੀ ਕੀਤੇ ਗਏ ਹਨ।
ਪਰ ਪੁਲਿਸ ਤਫਤੀਸ਼ ਦੌਰਾਨ ਇਸ ਘਟਨਾ ਦਾ ਇੱਕ ਹੋਰ ਪੱਖ ਸਾਹਮਣੇ ਆਇਆ। ਸਿਆ ਗੋਇਲ ਦੇ ਪ੍ਰੇਮੀ ਚੇਤਨ ਚੌਧਰੀ ਬਾਰੇ ਪੁਲਿਸ ਨੂੰ ਜਾਣਕਾਰੀ ਮਿਲੀ।
ਪੁਲਿਸ ਮੁਤਾਬਕ ਜਾਂਚ ਦੌਰਾਨ ਪੁਲਿਸ ਨੂੰ ਪਤਾ ਲੱਗਿਆ ਕਿ ਦੋਵਾਂ ਵਿਚਾਲੇ ਅਜੇ ਵੀ ਪ੍ਰੇਮ ਸੰਬੰਧ ਕਾਇਮ ਸਨ, ਇਸ ਲਈ ਪੁਲਿਸ ਨੇ ਕੇਤਨ ਦੀ ਮੌਤ ਦੇ ਮਾਮਲੇ ਨੂੰ ਇੱਕ ਸਾਜਿਸ਼ ਤਹਿਤ ਕਤਲ ਮਾਮਲੇ ਵਜੋਂ ਦਰਜ ਕੀਤਾ ਹੈ।
ਪੁਣੇ ਦਿਹਾਤੀ ਦੇ ਪੁਲਿਸ ਸੁਪਰਡੈਂਟ ਸੰਦੀਪ ਗਿੱਲ ਨੇ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਸ਼ੱਕ ਪੈਦਾ ਹੋਣ ‘ਤੇ ਪੁਲਿਸ ਨੇ ਹੋਰ ਪਹਿਲੂਆਂ ‘ਤੇ ਵੀ ਜਾਂਚ ਕੀਤੀ, ਜਿਸ ਦੇ ਦੌਰਾਨ ਸਿਆ ਅਤੇ ਚੇਤਨ ਨੇ ਆਪਣਾ ਜ਼ੁਰਮ ਕਬੂਲ ਕਰ ਲਿਆ ਹੈ।
ਬੀਬੀਸੀ ਮਰਾਠੀ ਨੇ ਦੋਵਾਂ ਮੁਲਜ਼ਮਾਂ, ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨਾਲ ਸੰਪਰਕ ਕਾਇਮ ਕਰਨ ਦੀ ਕੋਸ਼ਿਸ਼ ਕੀਤੀ, ਪਰ ਅਜੇ ਤੱਕ ਉਨ੍ਹਾਂ ਵੱਲੋਂ ਕੋਈ ਵੀ ਜਵਾਬ ਹਾਸਲ ਨਹੀਂ ਹੋਇਆ ਹੈ। ਜਿਵੇਂ ਹੀ ਸਾਨੂੰ ਕੋਈ ਜਵਾਬ ਮਿਲਦਾ ਹੈ ਤਾਂ ਅਸੀਂ ਜਾਣਕਾਰੀ ਨੂੰ ਤੁਰੰਤ ਅਪਡੇਟ ਕਰਾਂਗੇ।
“ਪੁਲਿਸ ਨੇ ਸਿਆ ਗੋਇਲ ਦੀ ਪੁਲਿਸ ਹਿਰਾਸਤ (ਰਿਮਾਂਡ) ਦੀ ਮੰਗ ਕੀਤੀ ਸੀ। ਹਾਲਾਂਕਿ, ਐਫਆਈਆਰ (FIR) ਦੀ ਪੜਤਾਲ ਕਰਨ ਤੋਂ ਬਾਅਦ, ਅਸੀਂ ਆਪਣੇ ਮੁਵੱਕਿਲ ਦੀ ਪੁਲਿਸ ਹਿਰਾਸਤ ਦਾ ਵਿਰੋਧ ਕੀਤਾ ਅਤੇ ਇਸ ਦੀ ਬਜਾਏ ਨਿਆਂਇਕ ਹਿਰਾਸਤ (ਜੁਡੀਸ਼ੀਅਲ ਰਿਮਾਂਡ) ਦੀ ਬੇਨਤੀ ਕੀਤੀ। ਪਰ ਅਦਾਲਤ ਨੇ ਸਾਡੀ ਉਹ ਬੇਨਤੀ ਸਵੀਕਾਰ ਨਹੀਂ ਕੀਤੀ। ਇਸ ਲਈ, ਸੱਤ ਦਿਨਾਂ ਬਾਅਦ, 29 ਜੂਨ 2026 ਨੂੰ ਸਾਡੇ ਮੁਵੱਕਿਲ ਨੂੰ ਦੁਬਾਰਾ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਉਸ ਸਮੇਂ, ਅਸੀਂ ਆਪਣੇ ਮੁਵੱਕਿਲ ਦਾ ਪੱਖ ਵਿਸਥਾਰ ਵਿੱਚ ਪੇਸ਼ ਕਰਾਂਗੇ।

Punjab Spectrum