Canada accuses Indian businessman of foreign interference, disinformation
ਕੈਨੇਡੀਅਨ ਖੁਫੀਆ ਏਜੰਸੀਆਂ ਵਲੋਂ ਤਿਆਰ ਕੀਤੀਆਂ ਖੁਫੀਆ ਰਿਪੋਰਟਾਂ ਦੇ ਆਧਾਰ ‘ਤੇ ਇੱਕ ਖਬਰ ‘ਗਲੋਬਲ ਨਿਊਜ਼’ ਦੇ ਨਾਮਵਰ ਪੱਤਰਕਾਰ ਸਟੂਅਰਟ ਬੈੱਲ ਨੇ ਅੱਜ ਜਨਤਕ ਕੀਤੀ ਹੈ, ਜਿਸ ਵਿੱਚ ਭਾਰਤੀ ਏਜੰਸੀਆਂ ਵਲੋਂ ਐਡਮਿੰਟਨ ਤੋਂ ਚਲਾਏ ਜਾ ਰਹੇ ਇੱਕ ਨੈੱਟਵਰਕ ਦਾ ਪਰਦਾਫਾਸ਼ ਕੀਤਾ ਗਿਆ ਹੈ।
ਐਡਮਿੰਟਨ ਵਿੱਚ ‘ਸ਼੍ਰੀਵਾਸਤਵ ਗਰੁੱਪ’ ਦਾ ਕੈਨੇਡੀਅਨ ਮੁੱਖ ਦਫ਼ਤਰ ਹੈ। ਇਹ ਕੰਪਨੀ, ਜੋ ਨਵੀਂ ਦਿੱਲੀ ਦੇ ਇੱਕ ਪਰਿਵਾਰ ਦੁਆਰਾ ਚਲਾਈ ਜਾਂਦੀ ਹੈ, ਦਾ ਦਾਅਵਾ ਹੈ ਕਿ ਇਸਦੇ ਬੈਲਜੀਅਮ, ਸਵਿਟਜ਼ਰਲੈਂਡ ਅਤੇ ਕੈਨੇਡਾ ਵਿੱਚ ਦਫ਼ਤਰ ਹਨ, ਜਿੱਥੇ ਇਸਦੇ ਅਖਬਾਰਾਂ ਸਮੇਤ ਤੇਲ ਅਤੇ ਗੈਸ ਦੇ ਕਾਰੋਬਾਰ ਹਨ। ਪਰ ਕੈਨੇਡੀਅਨ ਕੌਮੀ ਸੁਰੱਖਿਆ ਏਜੰਸੀ ਸੀਸਸ ਦੇ ਅਧਿਕਾਰੀਆਂ ਨੇ ਦੋਸ਼ ਲਗਾਏ ਹਨ ਕਿ ਸ਼੍ਰੀਵਾਸਤਵ ਗਰੁੱਪ ਅਤੇ ਇਸਦੇ ਸਹਿਯੋਗੀ ਕੁਝ ਗੁਪਤ ਕਾਰਵਾਈਆਂ ਵਿੱਚ ਸ਼ਾਮਲ ਰਹੇ ਹਨ।
ਸੀਸਸ ਮੁਤਾਬਕ 2009 ਵਿੱਚ ਭਾਰਤ ਦੀ ਖੁਫੀਆ ਏਜੰਸੀ ਨੇ ਸ਼੍ਰੀਵਾਸਤਵ ਗਰੁੱਪ ਦੇ ਵਾਈਸ ਚੇਅਰਮੈਨ ਨੂੰ ਕੈਨੇਡੀਅਨ ਸਿਆਸਤਦਾਨਾਂ ’ਤੇ ਪ੍ਰਭਾਵ ਪਾਉਣ ਲਈ ਕੰਮ ਦਿੱਤਾ ਸੀ।
ਭਾਰਤੀ ਖੁਫੀਆ ਏਜੰਸੀ ਨੇ ਅੰਕਿਤ ਸ਼੍ਰੀਵਾਸਤਵ ਨੂੰ ਕਿਹਾ ਕਿ ਉਹ ਵੱਖ-ਵੱਖ ਕੈਨੇਡੀਅਨ ਰਾਜਸੀ ਆਗੂਆਂ ਦੀ ਪਛਾਣ ਕਰੇ ਅਤੇ ਉਨ੍ਹਾਂ ਨੂੰ ਭਾਰਤ ਨਾਲ ਸਬੰਧਤ ਮਾਮਲਿਆਂ ਵਿੱਚ ਸਮਰਥਨ ਕਰਨ ਲਈ ਦਿਸ਼ਾ ਦਿਖਾਵੇ। ਉਨ੍ਹਾਂ ਨੂੰ ਵਿੱਤੀ ਸਹਾਇਤਾ ਅਤੇ ਪ੍ਰਚਾਰ ਸਮੱਗਰੀ ਮੁਹੱਈਆ ਕਰੇ ਤਾਂ ਜੋ ਉਨ੍ਹਾਂ ’ਤੇ ਪ੍ਰਭਾਵ ਪਾਇਆ ਜਾ ਸਕੇ।
2021 ‘ਚ ਸੀਸਸ ਨੇ ਲਿਖਿਆ ਕਿ ਸ਼੍ਰੀਵਾਸਤਵ ਦੀ ਕੰਪਨੀ ਨੇ ਜਾਅਲਸਾਜ਼ੀ ਨਾਲ ਬਣਾਈਆਂ ਨਕਲੀ ਵੈਬਸਾਈਟਾਂ ਦੀ ਰਜਿਸਟ੍ਰੇਸ਼ਨ ਕਰਵਾਈ, ਜੋ ਪੂਰੀ ਦੁਨੀਆ ਵਿੱਚ ਭਾਰਤੀ ਪ੍ਰਾਪੇਗੰਡਾ ਚਲਾਉਂਦੀਆਂ ਸਨ, ਜਿਨ੍ਹਾਂ ਵਿੱਚੋਂ ਕਈ ਤਾਂ ਬਿਲਕੁਲ ਕੈਨੇਡੀਅਨ ਲੱਗਦੀਆਂ ਸਨ। ਉਹ ਹਰ ਦੋ ਮਹੀਨੇ ਬਾਅਦ ਕੈਨੇਡਾ ਤੋਂ ਬਾਹਰ ਜਾ ਕੇ ਆਈਬੀ ਅਤੇ ਰਾਅ ਨੂੰ ਮਿਲਦਾ ਰਿਹਾ।
ਇਸੇ ਕਰਕੇ ਇਮੀਗਰੇਸ਼ਨ ਅਧਿਕਾਰੀਆਂ ਨੇ ਸ਼੍ਰੀਵਾਸਤਵ ਦਾ ਕੈਨੇਡਾ ਦਾਖਲਾ ਬੰਦ ਕਰ ਦਿੱਤਾ, ਜੋ ਕੈਨੇਡੀਅਨ ਢਾਂਚੇ ਲਈ ਵੱਡਾ ਖ਼ਤਰਾ ਕਰਾਰ ਦਿੱਤਾ ਗਿਆ।
ਸ਼੍ਰੀਵਾਸਤਵ ਜਿਹੇ ਏਜੰਟਾਂ ਰਾਹੀਂ ਭਾਰਤੀ ਖੁਫੀਆ ਏਜੰਸੀਆਂ ਵੱਲੋਂ ਕੈਨੇਡਾ ਵਿੱਚ ਵੱਖ ਵੱਖ ਸਿਆਸਤਦਾਨਾਂ ਨੂੰ ਭਰਮਾਏ ਜਾਣ, ਪੈਸੇ ਤੇ ਵੋਟਾਂ ਪਵਾਉਣ ਦੀ ਗੱਲ ਵਿਦੇਸ਼ੀ ਦਖਲਅੰਦਾਜ਼ੀ ਦੀ ਰਿਪੋਰਟ ਵਿੱਚ ਜੱਗ ਜ਼ਾਹਰ ਹੈ।
ਇਹ ਤਾਂ ਇੱਕ ਹੈ, ਅਜਿਹੇ ਅਨੇਕਾਂ ਹੋਰ ਹਾਲੇ ਨੰਗੇ ਹੋਣੇ ਹਨ।
-ਗੁਰਪ੍ਰੀਤ ਸਿੰਘ ਸਹੋਤਾ | ਸਰੀ | ਚੜ੍ਹਦੀ ਕਲਾ
You must be logged in to post a comment.