Israel-Iran War: ਇਰਾਨ ਵੱਲੋਂ Israel ਦੇ ਬਿਜਲੀ ਗਰਿੱਡ ਅਤੇ ਤੇਲ ਰਿਫਾਇਨਰੀ ’ਤੇ ਹਮਲਾ
ਇਸਰਾਈਲ ਵਲੋਂ ਇਰਾਨ ਦੀ ਹਥਿਆਰ ਸਮਰੱਥਾ ਖਤਮ ਕਰਨ ਦਾ ਦਾਅਵਾ
Israel-Iran War: ਇਜ਼ਰਾਈਲ ਦੇ ਊਰਜਾ ਮੰਤਰੀ ਐਲੀ ਕੋਹੇਨ ਨੇ ਦੱਸਿਆ ਕਿ ਇਰਾਨ ਵੱਲੋਂ ਕੀਤੇ ਗਏ ਮਿਜ਼ਾਈਲ ਹਮਲੇ ਕਾਰਨ ਉੱਤਰੀ ਇਜ਼ਰਾਈਲ ਦੇ ਬਿਜਲੀ ਗਰਿੱਡ ਨੂੰ ਕਾਫੀ ਨੁਕਸਾਨ ਪਹੁੰਚਿਆ ਹੈ। ਇਸ ਹਮਲੇ ਤੋਂ ਬਾਅਦ ਕਈ ਇਲਾਕਿਆਂ ਦੀ ਬਿਜਲੀ ਗੁੱਲ ਹੋ ਗਈ ਹੈ। ਮੰਤਰੀ ਨੇ ਦੱਸਿਆ ਕਿ ਤਕਨੀਕੀ ਟੀਮਾਂ ਲਗਾਤਾਰ ਕੰਮ ਕਰ ਰਹੀਆਂ ਹਨ ਅਤੇ ਕੁਝ ਹਿੱਸਿਆਂ ਵਿੱਚ ਬਿਜਲੀ ਬਹਾਲ ਕਰ ਦਿੱਤੀ ਗਈ ਹੈ ਜਦੋਂ ਕਿ ਬਾਕੀ ਇਲਾਕਿਆਂ ਵਿੱਚ ਕੰਮ ਜਾਰੀ ਹੈ।
ਇਜ਼ਰਾਈਲ ਅਤੇ ਇਰਾਨ ਵਿਚਾਲੇ ਚੱਲ ਰਹੀ ਭਿਆਨਕ ਜੰਗ ਨੇ ਹੁਣ ਪੂਰੀ ਦੁਨੀਆ ਦੇ ਊਰਜਾ ਬਾਜ਼ਾਰ ਨੂੰ ਹਿਲਾ ਕੇ ਰੱਖ ਦਿੱਤਾ ਹੈ। ਇਜ਼ਰਾਈਲ ਵੱਲੋਂ ਇਰਾਨ ਦੇ ਖੁਫੀਆ ਮੰਤਰੀ ਦੀ ਹੱਤਿਆ ਅਤੇ ਦੁਨੀਆ ਦੇ ਸਭ ਤੋਂ ਵੱਡੇ ‘ਸਾਊਥ ਪਾਰਸ’ ਕੁਦਰਤੀ ਗੈਸ ਫੀਲਡ ’ਤੇ ਕੀਤੇ ਗਏ ਹਮਲੇ ਤੋਂ ਬਾਅਦ ਇਰਾਨ ਨੇ ਵੱਡੀ ਜਵਾਬੀ ਕਾਰਵਾਈ ਕੀਤੀ ਹੈ। ਇਰਾਨੀ ਮਿਜ਼ਾਈਲਾਂ ਨੇ ਕਤਰ ਦੇ ‘ਰਾਸ ਲਫਾਨ’ ਐਲ.ਐਨ.ਜੀ. ਪਲਾਂਟ ਅਤੇ ਸੰਯੁਕਤ ਅਰਬ ਅਮੀਰਾਤ (UAE) ਦੇ ‘ਹਬਸ਼ਾਨ’ ਗੈਸ ਕੇਂਦਰਾਂ ਨੂੰ ਨਿਸ਼ਾਨਾ ਬਣਾਇਆ, ਜਿਸ ਕਾਰਨ ਉੱਥੇ ਭਿਆਨਕ ਅੱਗ ਲੱਗ ਗਈ ਅਤੇ ਉਤਪਾਦਨ ਪੂਰੀ ਤਰ੍ਹਾਂ ਠੱਪ ਹੋ ਗਿਆ। ਇਸ ਤਣਾਅ ਕਾਰਨ ਕੌਮਾਂਤਰੀ ਬਾਜ਼ਾਰ ਵਿੱਚ ਕੱਚੇ ਤੇਲ ਦੀ ਕੀਮਤ 5 ਫੀਸਦ ਤੋਂ ਵਧ ਕੇ 108 ਡਾਲਰ ਪ੍ਰਤੀ ਬੈਰਲ ਤੱਕ ਪਹੁੰਚ ਗਈ ਹੈ। ਇਰਾਨ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਹਮਲੇ ਨਾ ਰੁਕੇ ਤਾਂ ਇਸ ਦੇ ਨਤੀਜੇ ਪੂਰੀ ਦੁਨੀਆ ਨੂੰ ਭੁਗਤਣੇ ਪੈਣਗੇ।
ਦੂਜੇ ਪਾਸੇ, ਜੰਗ ਦੇ ਮੈਦਾਨ ਵਿੱਚ ਇਜ਼ਰਾਈਲ ਨੇ ਇਰਾਨੀ ਲੀਡਰਸ਼ਿਪ ’ਤੇ ਹਮਲੇ ਤੇਜ਼ ਕਰ ਦਿੱਤੇ ਹਨ, ਜਿਸ ਵਿੱਚ ਕਈ ਚੋਟੀ ਦੇ ਇਰਾਨੀ ਅਧਿਕਾਰੀ ਮਾਰੇ ਗਏ ਹਨ। ਜਵਾਬ ਵਿੱਚ ਇਰਾਨ ਨੇ ਇਜ਼ਰਾਈਲ ’ਤੇ ਮਲਟੀਪਲ-ਵਾਰਹੈੱਡ ਮਿਜ਼ਾਈਲਾਂ ਦਾਗੇ ਹਨ, ਜਿਨ੍ਹਾਂ ਵਿੱਚੋਂ ਇੱਕ ਕਲਸਟਰ ਮਿਜ਼ਾਈਲ ਪਹਿਲੀ ਵਾਰ ਪੱਛਮੀ ਕੰਢੇ (West Bank) ਵਿੱਚ ਜਾ ਡਿੱਗੀ, ਜਿੱਥੇ ਤਿੰਨ ਲੋਕਾਂ ਦੀ ਮੌਤ ਹੋ ਗਈ।
ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਸਥਿਤੀ ’ਤੇ ਚਿੰਤਾ ਜ਼ਾਹਰ ਕੀਤੀ ਹੈ ਅਤੇ ਤੇਲ ਦੀ ਸਪਲਾਈ ਬਰਕਰਾਰ ਰੱਖਣ ਲਈ ਵੈਨੇਜ਼ੁਏਲਾ ’ਤੇ ਲੱਗੀਆਂ ਪਾਬੰਦੀਆਂ ਵਿੱਚ ਢਿੱਲ ਦਿੱਤੀ ਹੈ। ਇਸ ਦੌਰਾਨ, ਲਿਬਨਾਨ ਵਿੱਚ ਹਿਜ਼ਬੁੱਲ੍ਹਾ ਦੇ ਟਿਕਾਣਿਆਂ ’ਤੇ ਹੋਈ ਇਜ਼ਰਾਇਲੀ ਬੰਬਾਰੀ ਕਾਰਨ ਲੱਖਾਂ ਲੋਕ ਬੇਘਰ ਹੋ ਗਏ ਹਨ ਅਤੇ ਦੋਵਾਂ ਪਾਸਿਆਂ ਤੋਂ ਫੌਜੀ ਤੇ ਨਾਗਰਿਕ ਮੌਤਾਂ ਦਾ ਅੰਕੜਾ ਲਗਾਤਾਰ ਵਧਦਾ ਜਾ ਰਿਹਾ ਹੈ।
ਇਰਾਨ ਵੱਲੋਂ ਇਜ਼ਰਾਈਲ ਦੇ ਬਿਜਲੀ ਗਰਿੱਡ ਅਤੇ ਤੇਲ ਰਿਫਾਇਨਰੀ ’ਤੇ ਹਮਲਾ
¡
ਇਜ਼ਰਾਈਲ ਦੇ ਊਰਜਾ ਮੰਤਰੀ ਐਲੀ ਕੋਹੇਨ ਨੇ ਦੱਸਿਆ ਕਿ ਇਰਾਨ ਵੱਲੋਂ ਕੀਤੇ ਗਏ ਮਿਜ਼ਾਈਲ ਹਮਲੇ ਕਾਰਨ ਉੱਤਰੀ ਇਜ਼ਰਾਈਲ ਦੇ ਬਿਜਲੀ ਗਰਿੱਡ ਨੂੰ ਕਾਫੀ ਨੁਕਸਾਨ ਪਹੁੰਚਿਆ ਹੈ। ਇਸ ਹਮਲੇ ਤੋਂ ਬਾਅਦ ਕਈ ਇਲਾਕਿਆਂ ਦੀ ਬਿਜਲੀ ਗੁੱਲ ਹੋ ਗਈ ਹੈ। ਮੰਤਰੀ ਨੇ ਦੱਸਿਆ ਕਿ ਤਕਨੀਕੀ ਟੀਮਾਂ ਲਗਾਤਾਰ ਕੰਮ ਕਰ ਰਹੀਆਂ ਹਨ ਅਤੇ ਕੁਝ ਹਿੱਸਿਆਂ ਵਿੱਚ ਬਿਜਲੀ ਬਹਾਲ ਕਰ ਦਿੱਤੀ ਗਈ ਹੈ ਜਦੋਂ ਕਿ ਬਾਕੀ ਇਲਾਕਿਆਂ ਵਿੱਚ ਕੰਮ ਜਾਰੀ ਹੈ। ਇਜ਼ਰਾਈਲੀ ਮੀਡੀਆ ਨੇ ਉੱਤਰੀ ਸ਼ਹਿਰ ਹੈਫਾ (Haifa) ਵਿੱਚ ਸਥਿਤ ਤੇਲ ਰਿਫਾਇਨਰੀ ਤੋਂ ਕਾਲਾ ਧੂੰਆਂ ਉੱਠਦਾ ਦਿਖਾਇਆ ਹੈ। ਮੁੱਢਲੀ ਜਾਂਚ ਅਤੇ ਰਿਪੋਰਟਾਂ ਅਨੁਸਾਰ ਇਰਾਨੀ ਮਿਜ਼ਾਈਲ ਦਾ ਇੱਕ ਹਿੱਸਾ ਰਿਫਾਇਨਰੀ ਨਾਲ ਟਕਰਾਇਆ ਹੈ ਜਿਸ ਕਾਰਨ ਉੱਥੇ ਅੱਗ ਲੱਗ ਗਈ। ਇਹ ਰਿਫਾਇਨਰੀ ਇਜ਼ਰਾਈਲ ਲਈ ਤੇਲ ਦੀ ਸਪਲਾਈ ਦਾ ਇੱਕ ਬਹੁਤ ਹੀ ਮਹੱਤਵਪੂਰਨ ਕੇਂਦਰ ਹੈ। ਇਹ ਹਮਲੇ ਅਜਿਹੇ ਸਮੇਂ ਹੋਏ ਹਨ ਜਦੋਂ ਇਰਾਨ ਨੇ ਖਾੜੀ ਦੇ ਹੋਰ ਦੇਸ਼ਾਂ ਦੇ ਊਰਜਾ ਕੇਂਦਰਾਂ ਨੂੰ ਵੀ ਨਿਸ਼ਾਨਾ ਬਣਾਇਆ ਹੈ। ਇਜ਼ਰਾਈਲ ਵਿੱਚ ਹੋਏ ਇਸ ਨੁਕਸਾਨ ਕਾਰਨ ਦੁਨੀਆ ਭਰ ਦੇ ਬਾਜ਼ਾਰਾਂ ਵਿੱਚ ਤੇਲ ਦੀਆਂ ਕੀਮਤਾਂ ’ਤੇ ਹੋਰ ਵੀ ਦਬਾਅ ਵਧਣ ਦੀ ਸੰਭਾਵਨਾ ਹੈ। ਅੰਤਰਰਾਸ਼ਟਰੀ ਮੀਡੀਆ ਏਜੰਸੀਆਂ ਇਸ ਸਥਿਤੀ ‘ਤੇ ਲਗਾਤਾਰ ਨਜ਼ਰ ਰੱਖ ਰਹੀਆਂ ਹਨ ਕਿਉਂਕਿ ਤੇਲ ਰਿਫਾਇਨਰੀਆਂ ‘ਤੇ ਹਮਲੇ ਸਿੱਧੇ ਤੌਰ ‘ਤੇ ਵਿਸ਼ਵ ਦੀ ਅਰਥਵਿਵਸਥਾ ਨੂੰ ਪ੍ਰਭਾਵਿਤ ਕਰਦੇ ਹਨ।
ਜੰਗ ਦੇ ਤੀਜੇ ਹਫ਼ਤੇ ਵਿੱਚ ਮੌਤਾਂ ਦੀ ਗਿਣਤੀ ਵਧੀ
ਜੰਗ ਦੌਰਾਨ ਇਰਾਨ ਵਿੱਚ 1,300 ਤੋਂ ਵੱਧ ਲੋਕ ਮਾਰੇ ਜਾ ਚੁੱਕੇ ਹਨ। ਲਿਬਨਾਨ ਵਿੱਚ ਇਰਾਨ ਸਮਰਥਿਤ ਹਿਜ਼ਬੁੱਲਾ ਅਤਿਵਾਦੀ ਸਮੂਹ ਵਿਰੁੱਧ ਇਜ਼ਰਾਈਲੀ ਹਮਲਿਆਂ ਨੇ 10 ਲੱਖ ਤੋਂ ਵੱਧ ਲੋਕਾਂ ਨੂੰ ਬੇਘਰ ਕੀਤਾ ਹੈ। ਲਿਬਨਾਨ ਦੀ ਸਰਕਾਰ ਦੇ ਅਨੁਸਾਰ 900 ਤੋਂ ਵੱਧ ਲੋਕ ਮਾਰੇ ਗਏ ਹਨ। ਇਜ਼ਰਾਈਲ ਵਿੱਚ ਇਰਾਨੀ ਮਿਜ਼ਾਈਲ ਹਮਲੇ ਵਿੱਚ 15 ਲੋਕ ਮਾਰੇ ਗਏ ਹਨ। ਅਧਿਕਾਰੀਆਂ ਅਨੁਸਾਰ ਕਬਜ਼ੇ ਵਾਲੇ ਪੱਛਮੀ ਕੰਢੇ ਵਿੱਚ ਰਾਤੋ-ਰਾਤ ਹੋਏ ਇਰਾਨੀ ਮਿਜ਼ਾਈਲ ਹਮਲੇ ਵਿੱਚ ਚਾਰ ਲੋਕ ਵੀ ਮਾਰੇ ਗਏ ਸਨ।
Iran-Israel War Live: ਕੁਵੈਤ ’ਤੇ ਦੂਜਾ ਵੱਡਾ ਹਮਲਾ: ਇੱਕ ਹੋਰ ਤੇਲ ਰਿਫਾਇਨਰੀ ਡਰੋਨ ਹਮਲੇ ਕਾਰਨ ਅੱਗ ਦੀ ਲਪੇਟ ‘ਚ
Iran-Israel War Live: ਖਾੜੀ ਖੇਤਰ ਵਿੱਚ ਜੰਗ ਦਾ ਦਾਇਰਾ ਲਗਾਤਾਰ ਵਧਦਾ ਜਾ ਰਿਹਾ ਹੈ। ਵੀਰਵਾਰ ਨੂੰ ਕੁਵੈਤ ਵਿੱਚ ਇੱਕ ਤੋਂ ਬਾਅਦ ਇੱਕ ਦੋ ਵੱਡੇ ਡਰੋਨ ਹਮਲੇ ਹੋਏ ਹਨ। ਪਹਿਲੇ ਹਮਲੇ ਤੋਂ ਕੁਝ ਹੀ ਸਮੇਂ ਬਾਅਦ, ਹੁਣ ਖ਼ਬਰ ਆਈ ਹੈ ਕਿ ਕੁਵੈਤ ਦੀ ਇੱਕ ਹੋਰ ਪ੍ਰਮੁੱਖ ਤੇਲ ਰਿਫਾਇਨਰੀ ‘ਮੀਨਾ ਅਬਦੁੱਲਾ’ (Mina Abdullah) ਨੂੰ ਵੀ ਡਰੋਨ ਰਾਹੀਂ ਨਿਸ਼ਾਨਾ ਬਣਾਇਆ ਗਿਆ ਹੈ, ਜਿਸ ਕਾਰਨ ਉੱਥੇ ਭਿਆਨਕ ਅੱਗ ਲੱਗ ਗਈ ਹੈ। ਇਸ ਤੋਂ ਪਹਿਲਾਂ ਅੱਜ ਸਵੇਰੇ ਹੀ ‘ਮੀਨਾ ਅਲ-ਅਹਿਮਦੀ’ ਰਿਫਾਇਨਰੀ ’ਤੇ ਵੀ ਡਰੋਨ ਹਮਲਾ ਹੋਇਆ ਸੀ। ਇਹ ਦੋਵੇਂ ਰਿਫਾਇਨਰੀਆਂ ਕੁਵੈਤ ਦੀ ਆਰਥਿਕਤਾ ਦੀ ਰੀੜ੍ਹ ਦੀ ਹੱਡੀ ਹਨ ਅਤੇ ਇਨ੍ਹਾਂ ’ਤੇ ਹੋਏ ਹਮਲਿਆਂ ਨੇ ਪੂਰੀ ਦੁਨੀਆ ਦੇ ਤੇਲ ਬਾਜ਼ਾਰ ਵਿੱਚ ਦਹਿਸ਼ਤ ਪੈਦਾ ਕਰ ਦਿੱਤੀ ਹੈ। ਅਧਿਕਾਰੀਆਂ ਵੱਲੋਂ ਅੱਗ ’ਤੇ ਕਾਬੂ ਪਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ, ਪਰ ਲਗਾਤਾਰ ਹੋ ਰਹੇ ਇਨ੍ਹਾਂ ਹਮਲਿਆਂ ਨੇ ਸਾਫ਼ ਕਰ ਦਿੱਤਾ ਹੈ ਕਿ ਤੇਲ ਖੇਤਰ ਹੁਣ ਸਿੱਧੇ ਤੌਰ ’ਤੇ ਜੰਗ ਦੇ ਨਿਸ਼ਾਨੇ ’ਤੇ ਹੈ। ਇਨ੍ਹਾਂ ਹਮਲਿਆਂ ਕਾਰਨ ਖਾੜੀ ਦੇਸ਼ਾਂ ਵਿੱਚ ਸੁਰੱਖਿਆ ਨੂੰ ਲੈ ਕੇ ਹਾਈ ਅਲਰਟ ਜਾਰੀ ਕਰ ਦਿੱਤਾ ਗਿਆ ਹੈ।
Iran-Isarel War Live: ਕੁਵੈਤ ਦੀ ਤੇਲ ਰਿਫਾਇਨਰੀ ’ਤੇ ਡਰੋਨ ਹਮਲਾ
Iran-Isarel War Live: ਖਾੜੀ ਖੇਤਰ ਵਿੱਚ ਵਧਦੇ ਤਣਾਅ ਦੇ ਵਿਚਕਾਰ ਵੀਰਵਾਰ ਨੂੰ ਕੁਵੈਤ ਦੀ ਇੱਕ ਵੱਡੀ ਤੇਲ ਰਿਫਾਇਨਰੀ ’ਤੇ ਡਰੋਨ ਹਮਲਾ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਸਰਕਾਰੀ ਨਿਊਜ਼ ਏਜੰਸੀ ‘ਕੁਨਾ’ (KUNA) ਨੇ ਕੁਵੈਤ ਪੈਟਰੋਲੀਅਮ ਕਾਰਪੋਰੇਸ਼ਨ ਦੇ ਹਵਾਲੇ ਨਾਲ ਦੱਸਿਆ ਕਿ ਇਹ ਹਮਲਾ ਮੀਨਾ ਅਲ-ਅਹਿਮਦੀ (Mina Al-Ahmadi) ਰਿਫਾਇਨਰੀ ‘ਤੇ ਹੋਇਆ, ਜਿਸ ਕਾਰਨ ਉੱਥੇ ਭਿਆਨਕ ਅੱਗ ਲੱਗ ਗਈ। ਰਾਹਤ ਦੀ ਗੱਲ ਇਹ ਰਹੀ ਕਿ ਇਸ ਹਾਦਸੇ ਵਿੱਚ ਕਿਸੇ ਜਾਨੀ ਨੁਕਸਾਨ ਦੀ ਖ਼ਬਰ ਨਹੀਂ ਹੈ ਅਤੇ ਅੱਗ ’ਤੇ ਕਾਬੂ ਪਾਉਣ ਦੀਆਂ ਕੋਸ਼ਿਸ਼ਾਂ ਜਾਰੀ ਹਨ। ਜ਼ਿਕਰਯੋਗ ਹੈ ਕਿ ਮੀਨਾ ਅਲ-ਅਹਿਮਦੀ ਰਿਫਾਇਨਰੀ ਮੱਧ ਪੂਰਬ ਦੀਆਂ ਸਭ ਤੋਂ ਵੱਡੀਆਂ ਰਿਫਾਇਨਰੀਆਂ ਵਿੱਚੋਂ ਇੱਕ ਹੈ, ਜਿਸ ਦੀ ਉਤਪਾਦਨ ਸਮਰੱਥਾ ਲਗਭਗ 7,30,000 ਬੈਰਲ ਪ੍ਰਤੀ ਦਿਨ ਹੈ। ਖਾੜੀ ਦੇਸ਼ਾਂ ਵਿੱਚ ਤੇਲ ਅਤੇ ਗੈਸ ਟਿਕਾਣਿਆਂ ’ਤੇ ਲਗਾਤਾਰ ਹੋ ਰਹੇ ਇਹ ਹਮਲੇ ਵਿਸ਼ਵ ਪੱਧਰ ’ਤੇ ਊਰਜਾ ਸੰਕਟ ਨੂੰ ਹੋਰ ਗੰਭੀਰ ਬਣਾ ਰਹੇ ਹਨ। ਅਜੇ ਤੱਕ ਇਹ ਸਪੱਸ਼ਟ ਨਹੀਂ ਹੋਇਆ ਹੈ ਕਿ ਇਸ ਡਰੋਨ ਹਮਲੇ ਪਿੱਛੇ ਕਿਸ ਦਾ ਹੱਥ ਹੈ, ਪਰ ਇਸ ਨੇ ਪੂਰੇ ਖੇਤਰ ਦੀ ਸੁਰੱਖਿਆ ’ਤੇ ਵੱਡੇ ਸਵਾਲ ਖੜ੍ਹੇ ਕਰ ਦਿੱਤੇ ਹਨ।
Iran-Isarel War Live: ਸਾਊਦੀ ਅਰਬ ਦੀ ਮਹੱਤਵਪੂਰਨ ‘ਯਾਨਬੂ’ ਬੰਦਰਗਾਹ ’ਤੇ ਹਵਾਈ ਹਮਲਾ
Iran-Isarel War Live: ਸਾਊਦੀ ਅਰਬ ਦੇ ਲਾਲ ਸਾਗਰ (Red Sea) ਸਥਿਤ ਮਹੱਤਵਪੂਰਨ ‘ਯਾਨਬੂ’ ਬੰਦਰਗਾਹ ’ਤੇ ਵੀਰਵਾਰ ਨੂੰ ਇੱਕ ਹਵਾਈ ਹਮਲਾ ਹੋਣ ਦੀ ਖ਼ਬਰ ਹੈ। ਸੂਤਰਾਂ ਅਨੁਸਾਰ, ਇਹ ਬੰਦਰਗਾਹ ਮੌਜੂਦਾ ਸਮੇਂ ਵਿੱਚ ਸਾਊਦੀ ਅਰਬ ਦੇ ਕੱਚੇ ਤੇਲ ਦੇ ਨਿਰਯਾਤ ਲਈ ਇਕਲੌਤਾ ਰਸਤਾ ਬਚੀ ਹੈ, ਕਿਉਂਕਿ ਹੋਰ ਰਸਤੇ ਜੰਗ ਕਾਰਨ ਪਹਿਲਾਂ ਹੀ ਪ੍ਰਭਾਵਿਤ ਹਨ। ਹਾਲਾਂਕਿ, ਉਦਯੋਗਿਕ ਸੂਤਰਾਂ ਦਾ ਕਹਿਣਾ ਹੈ ਕਿ ਇਸ ਹਮਲੇ ਨਾਲ ਬਹੁਤ ਘੱਟ ਨੁਕਸਾਨ ਹੋਇਆ ਹੈ ਅਤੇ ਕੰਮਕਾਜ ’ਤੇ ਕੋਈ ਵੱਡਾ ਅਸਰ ਨਹੀਂ ਪਿਆ।-
Iran-Isarel War Live: ਕਤਰ ’ਤੇ ਹਮਲਾ ਹੋਇਆ ਤਾਂ ਇਰਾਨ ਨੂੰ ਮਿਟਾ ਦੇਵਾਂਗੇ: ਟਰੰਪ
Iran-Isarel War Live: ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਇਰਾਨ ਨੂੰ ਚਿਤਾਵਨੀ ਦਿੱਤੀ ਹੈ ਕਿ ਜੇਕਰ ਉਸ ਨੇ ਕਤਰ ਦੇ ਗੈਸ ਟਿਕਾਣਿਆਂ ’ਤੇ ਦੁਬਾਰਾ ਹਮਲਾ ਕੀਤਾ, ਤਾਂ ਅਮਰੀਕਾ ਜਵਾਬੀ ਕਾਰਵਾਈ ਕਰਦਿਆਂ ਇਰਾਨ ਦੇ ਊਰਜਾ ਖੇਤਰ ਨੂੰ ‘ਪੂਰੀ ਤਰ੍ਹਾਂ ਉਡਾ ਦੇਵੇਗਾ।’ ਇਹ ਧਮਕੀ ਉਦੋਂ ਆਈ ਹੈ ਜਦੋਂ ਇਰਾਨੀ ਮਿਜ਼ਾਈਲਾਂ ਨੇ ਕਤਰ ਦੇ ‘ਰਾਸ ਲਫਾਨ’ LNG ਪਲਾਂਟ ਅਤੇ ਸੰਯੁਕਤ ਅਰਬ ਅਮੀਰਾਤ (UAE) ਦੇ ਗੈਸ ਖੇਤਰਾਂ ਨੂੰ ਨਿਸ਼ਾਨਾ ਬਣਾਇਆ। ਇਜ਼ਰਾਈਲ ਵੱਲੋਂ ਇਰਾਨ ਦੇ ਖੁਫੀਆ ਮੰਤਰੀ ਸਮੇਤ ਕਈ ਚੋਟੀ ਦੇ ਆਗੂਆਂ ਨੂੰ ਮਾਰਨ ਤੋਂ ਬਾਅਦ ਜੰਗ ਹੋਰ ਭਿਆਨਕ ਹੋ ਗਈ ਹੈ। ਇਸ ਖੂਨੀ ਟਕਰਾਅ ਕਾਰਨ ਕਤਰ ਨੇ ਇਰਾਨੀ ਡਿਪਲੋਮੈਟਾਂ ਨੂੰ 24 ਘੰਟਿਆਂ ਦੇ ਅੰਦਰ ਦੇਸ਼ ਛੱਡਣ ਦਾ ਹੁਕਮ ਦੇ ਦਿੱਤਾ ਹੈ, ਜਿਸ ਨਾਲ ਖੇਤਰ ਵਿੱਚ ਕੂਟਨੀਤਕ ਸਬੰਧ ਪੂਰੀ ਤਰ੍ਹਾਂ ਟੁੱਟ ਗਏ ਹਨ।
ਸਾਊਦੀ ਅਰਬ ਵੱਲੋਂ ਇਰਾਨ ਖ਼ਿਲਾਫ਼ ਸਖ਼ਤ ਫ਼ੌਜੀ ਕਾਰਵਾਈ ਦੀ ਚਿਤਾਵਨੀ !
Iran-Israel War Live: ਸਾਊਦੀ ਅਰਬ ਦੇ ਵਿਦੇਸ਼ ਮੰਤਰੀ ਪ੍ਰਿੰਸ ਫੈਸਲ ਬਿਨ ਫਰਹਾਨ ਨੇ ਇਰਾਨ ਨੂੰ ਸਖ਼ਤ ਚਿਤਾਵਨੀ ਦਿੰਦੇ ਹੋਏ ਕਿਹਾ ਹੈ ਕਿ ਉਨ੍ਹਾਂ ਦਾ ਦੇਸ਼ ਇਰਾਨੀ ਹਮਲਿਆਂ ਦੇ ਜਵਾਬ ਵਿੱਚ ਫ਼ੌਜੀ ਕਾਰਵਾਈ ਕਰਨ ਦਾ ਪੂਰਾ ਅਧਿਕਾਰ ਰੱਖਦਾ ਹੈ। ਵੀਰਵਾਰ ਨੂੰ ਰਿਆਧ ਵਿੱਚ ਹੋਈ ਇੱਕ ਪ੍ਰੈੱਸ ਕਾਨਫਰੰਸ ਦੌਰਾਨ ਉਨ੍ਹਾਂ ਕਿਹਾ ਕਿ ਇਰਾਨ ਵੱਲੋਂ ਕੀਤੇ ਗਏ ਸਿੱਧੇ ਬੈਲਿਸਟਿਕ ਮਿਜ਼ਾਈਲ ਹਮਲਿਆਂ ਨੇ ਦੋਵਾਂ ਦੇਸ਼ਾਂ ਵਿਚਾਲੇ ਬਣੇ ਭਰੋਸੇ ਨੂੰ ਪੂਰੀ ਤਰ੍ਹਾਂ ਖ਼ਤਮ ਕਰ ਦਿੱਤਾ ਹੈ। ਇਹ ਤਣਾਅ ਉਦੋਂ ਵਧਿਆ ਜਦੋਂ ਇਰਾਨ ਨੇ ਇਜ਼ਰਾਈਲ ਵੱਲੋਂ ਆਪਣੇ ਗੈਸ ਫੀਲਡਾਂ ’ਤੇ ਕੀਤੇ ਹਮਲਿਆਂ ਦਾ ਬਦਲਾ ਲੈਣ ਲਈ ਸਾਊਦੀ ਅਰਬ ਅਤੇ ਕਤਰ ਦੇ ਤੇਲ ਤੇ ਗੈਸ ਟਿਕਾਣਿਆਂ ਨੂੰ ਨਿਸ਼ਾਨਾ ਬਣਾਉਣ ਦੀ ਸਹੁੰ ਖਾਧੀ। ਪਿਛਲੇ ਤਿੰਨ ਹਫ਼ਤਿਆਂ ਤੋਂ ਜਾਰੀ ਇਸ ਜੰਗ ਨੇ ਪੂਰੇ ਖੇਤਰ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਕਰ ਦਿੱਤਾ ਹੈ। ਬੁੱਧਵਾਰ ਨੂੰ ਸਾਊਦੀ ਰੱਖਿਆ ਮੰਤਰਾਲੇ ਨੇ ਰਿਆਦ ਵੱਲ ਆ ਰਹੀਆਂ ਚਾਰ ਬੈਲਿਸਟਿਕ ਮਿਜ਼ਾਈਲਾਂ ਨੂੰ ਹਵਾ ਵਿੱਚ ਹੀ ਤਬਾਹ ਕਰ ਦਿੱਤਾ, ਜਿਨ੍ਹਾਂ ਦਾ ਮਲਬਾ ਸ਼ਹਿਰ ਦੇ ਦੱਖਣ ਵਿੱਚ ਸਥਿਤ ਇੱਕ ਰਿਫਾਇਨਰੀ ਕੋਲ ਡਿੱਗਿਆ। ਵਿਦੇਸ਼ ਮੰਤਰੀ ਨੇ ਸਪੱਸ਼ਟ ਕੀਤਾ ਕਿ ਭਾਵੇਂ ਸਾਊਦੀ ਅਰਬ ਅਜੇ ਵੀ ਕੂਟਨੀਤੀ ਨੂੰ ਪਹਿਲ ਦਿੰਦਾ ਹੈ, ਪਰ ਜੇਕਰ ਇਰਾਨ ਨੇ ਆਪਣੀਆਂ ਹਮਲਾਵਰ ਕਾਰਵਾਈਆਂ ਤੁਰੰਤ ਨਾ ਰੋਕੀਆਂ, ਤਾਂ ਸਥਿਤੀ ਬੇਕਾਬੂ ਹੋ ਸਕਦੀ ਹੈ। –
ਜੰਗ ਦੇ ਸਾਏ ਹੇਠ ਖਾੜੀ ਦੇਸ਼ਾਂ ਵਿੱਚ ਈਦ (EID) ਦੀਆਂ ਤਿਆਰੀਆਂ
Israel-Iran War Live: ਖਾੜੀ ਦੇਸ਼ਾਂ ਵਿੱਚ ਇਸ ਵਾਰ ਈਦ-ਉਲ-ਫਿਤਰ ਦਾ ਤਿਉਹਾਰ ਬੇਹੱਦ ਚੁਣੌਤੀਪੂਰਨ ਹਾਲਾਤਾਂ ਵਿੱਚ ਮਨਾਇਆ ਜਾ ਰਿਹਾ ਹੈ। ਇਜ਼ਰਾਈਲ, ਅਮਰੀਕਾ ਅਤੇ ਇਰਾਨ ਵਿਚਾਲੇ ਵਧਦੇ ਫੌਜੀ ਟਕਰਾਅ ਕਾਰਨ ਪੂਰੇ ਖੇਤਰ ਵਿੱਚ ਮਿਜ਼ਾਈਲਾਂ ਅਤੇ ਡਰੋਨ ਹਮਲਿਆਂ ਦਾ ਖਤਰਾ ਬਣਿਆ ਹੋਇਆ ਹੈ। ਸੁਰੱਖਿਆ ਨੂੰ ਮੁੱਖ ਰੱਖਦਿਆਂ ਸੰਯੁਕਤ ਅਰਬ ਅਮੀਰਾਤ (UAE) ਅਤੇ ਕਤਰ ਵਰਗੇ ਦੇਸ਼ਾਂ ਨੇ ਐਲਾਨ ਕੀਤਾ ਹੈ ਕਿ ਈਦ ਦੀ ਨਮਾਜ਼ ਰਵਾਇਤੀ ਖੁੱਲ੍ਹੇ ਮੈਦਾਨਾਂ ਦੀ ਬਜਾਏ ਸਿਰਫ਼ ਮਸਜਿਦਾਂ ਦੇ ਅੰਦਰ ਹੀ ਅਦਾ ਕੀਤੀ ਜਾਵੇਗੀ। ਜੰਗ ਦੇ ਪ੍ਰਭਾਵ ਕਾਰਨ ‘ਹੋਰਮੁਜ਼ ਜਲਮਾਰਗ (Strait of Hormuz) ਵਿੱਚ ਵਪਾਰ ਰੁਕਣ ਕਾਰਨ ਗਲੋਬਲ ਊਰਜਾ ਸਪਲਾਈ ਪ੍ਰਭਾਵਿਤ ਹੋਈ ਹੈ, ਜਿਸ ਦਾ ਸਿੱਧਾ ਅਸਰ ਭਾਰਤ ਵਿੱਚ ਰਸੋਈ ਗੈਸ ਦੀਆਂ ਕੀਮਤਾਂ ਅਤੇ ਸਪਲਾਈ ’ਤੇ ਵੀ ਪੈ ਰਿਹਾ ਹੈ।-ਪੀਟੀਆਈ
Punjab Spectrum