Amritsar : Varinder Ghuman ਦੀ ਮੌਤ ਦੇ ਮਾਮਲੇ ’ਚ ਪੁਲੀਸ ਵੱਲੋਂ ਚਾਰ ਡਾਕਟਰਾਂ ਖ਼ਿਲਾਫ਼ ਕੇਸ
ਬਾਡੀ ਬਿਲਡਰ ਵਰਿੰਦਰ ਘੁੰਮਣ ਦੀ ਮੌਤ ਦੇ ਮਾਮਲੇ ‘ਚ ਵੱਡੀ ਕਾਰਵਾਈ, ਫੋਰਟਿਸ ਹਸਪਤਾਲ ਦੇ 4 ਡਾਕਟਰਾਂ ਖਿਲਾਫ FIR ਦਰਜ
ਅੰਮ੍ਰਿਤਸਰ ਪੁਲੀਸ ਨੇ 41 ਸਾਲਾ ਪੇਸ਼ੇਵਰ ਬਾਡੀਬਿਲਡਰ ਅਤੇ ਅਦਾਕਾਰ ਵਰਿੰਦਰ ਸਿੰਘ ਘੁੰਮਣ ਦੀ ਮੌਤ ਦੇ ਮਾਮਲੇ ਵਿੱਚ ਇੱਕ ਨਿੱਜੀ ਹਸਪਤਾਲ ਦੇ ਚਾਰ ਡਾਕਟਰਾਂ ਵਿਰੁੱਧ ਕੇਸ ਦਰਜ ਕੀਤਾ ਹੈ। ਘੁੰਮਣ ਦੀ ਮੌਤ ਪਿਛਲੇ ਸਾਲ ਅਕਤੂਬਰ ਵਿੱਚ ਇੱਕ ਸਰਜੀਕਲ ਪ੍ਰਕਿਰਿਆ ਦੌਰਾਨ ਹੋਈ ਸੀ।
ਇਸ ਮਾਮਲੇ ਵਿੱਚ ਨਾਮਜ਼ਦ ਕੀਤੇ ਗਏ ਡਾਕਟਰਾਂ ਦੀ ਪਛਾਣ ਡਾ. ਤਪਿਸ਼ ਸ਼ੁਕਲਾ, ਡਾ. ਅਲਕਾ ਤਿਵਾੜੀ, ਡਾ. ਰਾਜਿੰਦਰ ਕੌਰ ਅਤੇ ਡਾ. ਅਰੁਣ ਕੁਮਾਰ ਚੋਪੜਾ ਵਜੋਂ ਹੋਈ ਹੈ। ਸਿਵਲ ਸਰਜਨ ਦੀ ਪ੍ਰਧਾਨਗੀ ਹੇਠ ਗਠਿਤ ਸੱਤ ਮੈਂਬਰੀ ਮੈਡੀਕਲ ਬੋਰਡ ਦੀ ਰਿਪੋਰਟ ਦੇ ਆਧਾਰਿਤ ਇਹ ਕਾਰਵਾਈ ਕੀਤੀ ਗਈ ਹੈ।
ਜਾਂਚ ਦੌਰਾਨ ਬੋਰਡ ਨੇ ਰਿਪੋਰਟ ਦਿੱਤੀ ਕਿ ਹਸਪਤਾਲ ਵਿੱਚ ਇਲਾਜ ਦੌਰਾਨ ਪਾਰਦਰਸ਼ਤਾ ਦੀ ਕਮੀ ਸੀ, ਅਪਰੇਸ਼ਨ ਦੌਰਾਨ ਸਮੱਸਿਆ ਬਾਰੇ ਪਰਿਵਾਰ ਨੂੰ ਸਹੀ ਢੰਗ ਨਾਲ ਨਹੀਂ ਦੱਸਿਆ ਗਿਆ ਅਤੇ ਮੈਡੀਕਲ ਪ੍ਰੋਟੋਕੋਲ ਦੀ ਵੀ ਉਲੰਘਣਾ ਕੀਤੀ ਗਈ।
ਇਸ ਮੈਡੀਕਲ ਬੋਰਡ ਵਿੱਚ ਹੱਡੀਆਂ ਦੇ ਮਾਹਿਰ, ਦਿਲ ਦੇ ਰੋਗਾਂ ਦੇ ਮਾਹਿਰ, ਐਨੇਸਥੀਸੀਆ ਅਤੇ ਫੋਰੈਂਸਿਕ ਸਾਇੰਸ ਦੇ ਮਾਹਿਰ ਡਾਕਟਰ ਸ਼ਾਮਲ ਸਨ। ਇਸ ਪੈਨਲ ਨੇ ਮੌਤ ਦੇ ਹਾਲਾਤ ਦੀ ਬਾਰੀਕੀ ਨਾਲ ਜਾਂਚ ਕੀਤੀ ਅਤੇ 26 ਫਰਵਰੀ ਨੂੰ ਆਪਣੀ ਰਿਪੋਰਟ ਪੁਲੀਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੂੰ ਸੌਂਪੀ। ਬੋਰਡ ਦੀ ਰਿਪੋਰਟ ’ਤੇ ਕਾਰਵਾਈ ਕਰਦੇ ਹੋਏ ਅੰਮ੍ਰਿਤਸਰ ਪੁਲੀਸ ਨੇ ਹੁਣ ਭਾਰਤੀ ਨਿਆ ਸੰਹਿਤਾ (BNS) ਦੀ ਧਾਰਾ 106(1) ਦੇ ਤਹਿਤ ਮਾਮਲਾ ਦਰਜ ਕਰ ਲਿਆ ਹੈ।
ਪੁਲੀਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ ਅਤੇ ਮੁਲਜ਼ਮਾਂ ਵਿਰੁੱਧ ਕਾਨੂੰਨ ਅਨੁਸਾਰ ਸਖ਼ਤ ਕਾਰਵਾਈ ਕੀਤੀ ਜਾਵੇਗੀ। ਵਰਿੰਦਰ ਸਿੰਘ ਘੁੰਮਣ ਦੀ ਬੇਵਕਤੀ ਮੌਤ ਨਾਲ ਖੇਡ ਅਤੇ ਫਿਲਮ ਜਗਤ ਵਿੱਚ ਸੋਗ ਦੀ ਲਹਿਰ ਸੀ।

Punjab Spectrum