Amritsar – ਅੰਮ੍ਰਿਤਸਰ ਦੇ ਨੌਜੁਆਨ ਨੂੰ ਟਰੈਵਲ ਏਜੰਟ ਨੇ ਧੋਖੇ ਨਾਲ ਰੂਸੀ ਫ਼ੌਜ ’ਚ ਭੇਜਿਆ
ਵਿਧਵਾ ਮਾਂ ਦੀ ਸਤੰਬਰ ਤੋਂ ਬਾਅਦ ਪੁੱਤਰ ਨਾਲ ਨਹੀਂ ਹੋਈ ਗੱਲਬਾਤ
Amritsar chef Sahil was fraudulently sent to the Russian army by a travel agent
ਵਿਧਵਾ ਮਾਂ ਦੀ ਸਤੰਬਰ ਤੋਂ ਬਾਅਦ ਪੁੱਤਰ ਨਾਲ ਨਹੀਂ ਹੋਈ ਗੱਲਬਾਤ
ਅੰਮ੍ਰਿਤਸਰ : ਅੰਮ੍ਰਿਤਸਰ ਦੇ ਸ਼ੈੱਫ ਸਾਹਿਲ ਨੂੰ ਟਰੈਵਲ ਏਜੰਟ ਨੇ ਧੋਖੇ ਨਾਲ ਰੂਸੀ ਫ਼ੌਜ ’ਚ ਭੇਜ ਦਿੱਤਾ। ਜਿਸ ਤੋਂ ਬਾਅਦ ਅੰਮ੍ਰਿਤਸਰ ਦਾ ਸੇਖੜੀ ਪਰਿਵਾਰ ਡੂੰਘੇ ਸਦਮੇ ਵਿੱਚ ਹੈ ਕਿਉਂਕਿ ਉਹ ਸਤੰਬਰ ਤੋਂ ਬਾਅਦ 35 ਸਾਲਾ ਯੋਗ ਸ਼ੈੱਫ ਸਾਹਿਲ ਨਾਲ ਕੋਈ ਸੰਪਰਕ ਨਹੀਂ ਹੋ ਸਕਿਆ। 60 ਸਾਲਾ ਵਿਧਵਾ ਅਨੀਤਾ ਸੇਖੜੀ ਨੇ ਕਿਹਾ ਕਿ ਉਸ ਦੇ ਪੁੱਤਰ ਸਾਹਿਲ ਨੇ ਆਖਰੀ ਵਾਰ 20 ਸਤੰਬਰ ਨੂੰ ਉਸ ਨਾਲ ਗੱਲ ਕੀਤੀ ਸੀ ਅਤੇ ਉਸਨੂੰ ਦੱਸਿਆ ਸੀ ਕਿ ਉਸਦੀ ਤਿੰਨ ਮਹੀਨਿਆਂ ਦੀ ਸਿਖਲਾਈ ਘਟਾ ਕੇ 15 ਦਿਨ ਕਰ ਦਿੱਤੀ ਗਈ ਹੈ। ਸਾਹਿਲ ਨੂੰ ਡਰ ਸੀ ਕਿ ਉਸ ਨੂੰ ਜੰਗ ਦੇ ਮੋਰਚੇ ‘ਤੇ ਤਾਇਨਾਤ ਕੀਤਾ ਜਾਵੇਗਾ, ਹਾਲਾਂਕਿ ਉਸ ਨੂੰ ਸਹਾਇਕ ਵਜੋਂ ਨੌਕਰੀ ਦੇਣ ਦਾ ਵਾਅਦਾ ਕੀਤਾ ਗਿਆ ਸੀ।
ਉਸ ਨੇ ਕਿਹਾ ਕਿ ਸਾਹਿਲ ਨੇ ਪੁਸ਼ਟੀ ਕੀਤੀ ਕਿ ਉਸ ਨੂੰ ਫੌਜ ਵਿੱਚ ਭਰਤੀ ਹੋਣ ‘ਤੇ 15 ਲੱਖ ਰੁਪਏ ਦੀ ਬਜਾਏ 10 ਲੱਖ ਰੁਪਏ ਮਿਲੇ ਸਨ । ਸਾਹਿਲ ਨੇ ਇਹ ਵੀ ਖੁਲਾਸਾ ਕੀਤਾ ਕਿ ਸਿਖਲਾਈ ਦੌਰਾਨ ਉਸ ਦਾ ਫ਼ੋਨ ਖੋਹ ਲਿਆ ਗਿਆ ਸੀ ਅਤੇ ਉਸ ਨੇ ਗੁਪਤ ਰੂਪ ਵਿੱਚ ਚਾਰ ਗੁਣਾ ਕੀਮਤ ‘ਤੇ ਦੂਜਾ ਮੋਬਾਈਲ ਫ਼ੋਨ ਅਤੇ ਸਿਮ ਕਾਰਡ ਖਰੀਦਿਆ ਸੀ। ਅਨੀਤਾ ਨੇ ਇਲਜ਼ਾਮ ਲਗਾਇਆ ਕਿ ਉਸ ਦਾ ਪੁੱਤਰ ਮਨੁੱਖੀ ਤਸਕਰੀ ਦਾ ਸ਼ਿਕਾਰ ਹੋਇਆ ਹੈ, ਉਨ੍ਹਾਂ ਕਿਹਾ ਕਿ ਟ੍ਰੈਵਲ ਏਜੰਟ ਨੇ 5 ਲੱਖ ਰੁਪਏ ਦੀ ਹੇਰਾਫੇਰੀ ਕੀਤੀ ਅਤੇ ਉਸ ਨੂੰ 2 ਲੱਖ ਰੁਪਏ ਦੀ ਮਹੀਨਾ ਤਨਖਾਹ ਦੇ ਨਾਲ ਪੁਲਿਸ ਫੋਰਸ ਵਿੱਚ ਸ਼ਾਮਲ ਹੋਣ ਦਾ ਲਾਲਚ ਦਿੱਤਾ ਸੀ।

ਉਨ੍ਹਾਂ ਅੱਗੇ ਦੱਸਿਆ ਕਿ ਵਰਕ ਵੀਜ਼ਾ ਦੇਣ ਦਾ ਵਾਅਦਾ ਕਰਨ ਦੇ ਬਾਵਜੂਦ ਟ੍ਰੈਵਲ ਏਜੰਟ ਦੇ ਪ੍ਰਤੀਨਿਧੀਆਂ ਨੇ ਉਸ ਨੂੰ ਮਾਸਕੋ ਹਵਾਈ ਅੱਡੇ ‘ਤੇ ਮਿਲਣ ਤੋਂ ਬਾਅਦ ਕੋਈ ਸਹਾਇਤਾ ਨਹੀਂ ਦਿੱਤੀ । ਸਾਹਿਲ 25 ਜੁਲਾਈ ਨੂੰ ਰੂਸ ਗਿਆ ਸੀ। 2016 ਵਿੱਚ ਸਾਹਿਲ ਰਸੋਈ ਕਲਾ ਦੀ ਪੜ੍ਹਾਈ ਕਰਨ ਲਈ ਸਾਈਪ੍ਰਸ ਗਿਆ ਅਤੇ ਪੰਜ ਸਾਲ ਉੱਥੇ ਇੱਕ ਸ਼ੈੱਫ ਵਜੋਂ ਕੰਮ ਕੀਤਾ। ਉਹ ਲਗਭਗ 25,000 ਰੁਪਏ ਪ੍ਰਤੀ ਮਹੀਨਾ ਭੇਜ ਰਿਹਾ ਸੀ, ਪਰ ਫਿਰ ਕਰੋਨਾ ਮਹਾਮਾਰੀ ਦੇ ਚਲਦਿਆਂ ਉਹ 2021 ਵਿੱਚ ਘਰ ਵਾਪਸ ਆ ਗਿਆ, ਜਿਸ ਨਾਲ ਉਸ ਦੇ ਪਰਿਵਾਰ ਦੀ ਆਮਦਨ ਦਾ ਮੁੱਖ ਸਰੋਤ ਬੰਦ ਹੋ ਗਿਆ। ਸਾਹਿਲ ਦੇ ਮਾਂ ਨੇ ਧੋਖੇਬਾਜ਼ ਟ੍ਰੈਵਲ ਏੰਜਟ ਦੇ ਖ਼ਿਲਾਫ਼ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ।
Punjab Spectrum