Ludhiana News : ਗੈਂਗਸਟਰ ਵਿੱਕੀ ਨਿਹੰਗ ਦਾ ਐਨਕਾਊਂਟਰ, ਸੋਸ਼ਲ ਮੀਡੀਆ ਇਨਫਲੂਐਂਸਰ ਕਤਲ ਮਾਮਲੇ ‘ਚ ਸੀ ਲੋੜੀਂਦਾ
Ludhiana News : AGTF (ਐਂਟੀ-ਗੈਂਗਸਟਰ ਟਾਸਕ ਫੋਰਸ) ਨੇ ਅੱਜ ਇੱਕ ਵੱਡੀ ਸਫਲਤਾ ਪ੍ਰਾਪਤ ਕਰਦੇ ਹੋਏ ਲੁਧਿਆਣਾ ਰੂਰਲ ਖੇਤਰ ਵਿੱਚ ਮੁਲਜ਼ਮ ਨੂੰ ਗ੍ਰਿਫ਼ਤਾਰ ਕਰਨ ਦੀ ਕੋਸ਼ਿਸ਼ ਦੌਰਾਨ ਹੋਏ ਸੰਖੇਪ ਮੁਕਾਬਲੇ ਤੋਂ ਬਾਅਦ ਗੁਰਪ੍ਰੀਤ ਸਿੰਘ ਉਰਫ ਵਿੱਕੀ ਨਿਹੰਗ ਨੂੰ ਕਾਬੂ ਕੀਤਾ ਹੈ, ਜੋ ਕਿ ਵਿਦੇਸ਼-ਅਧਾਰਿਤ ਭਗੌੜੇ ਗੈਂਗਸਟਰ ਡੋਨੀ ਬੱਲ ਅਤੇ ਮੁੰਨ ਘਣਸ਼ਾਮਮਪੁਰੀਆ ਦਾ ਕਰੀਬੀ ਸਾਥੀ ਹੈ।
ਗ੍ਰਿਫ਼ਤਾਰ ਮੁਲਜ਼ਮ ਸੋਸ਼ਲ ਮੀਡੀਆ ਇਨਫਲੂਐਂਸਰ ਕਾਰਤਿਕ ਬੱਗਨ ਦੇ ਲੁਧਿਆਣਾ ਵਿੱਚ ਹੋਏ ਕਤਲ ਮਾਮਲੇ ਵਿੱਚ ਲੋੜੀਂਦਾ ਸੀ। ਪੁਲਿਸ ਪਹਿਲਾਂ ਹੀ ਇਸ ਮਾਮਲੇ ਵਿੱਚ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਚੁੱਕੀ ਹੈ। ਇਨ੍ਹਾਂ ਵਿੱਚੋਂ ਇੱਕ ਨੂੰ ਲੁਧਿਆਣਾ ਅਤੇ ਦੋ ਹੋਰ ਨੂੰ ਮਹਾਰਾਸ਼ਟਰ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ।
ਪੁਲਿਸ ਦਾ ਕਹਿਣਾ ਹੈ ਕਿ ਜਦੋਂ ਪੁਲਿਸ ਟੀਮ ਨੇ ਮੁਲਜ਼ਮ ਨੂੰ ਫੜਨ ਦੀ ਕੋਸ਼ਿਸ਼ ਕੀਤੀ ਤਾਂ ਉਸਨੇ ਗੋਲੀਬਾਰੀ ਸ਼ੁਰੂ ਕਰ ਦਿੱਤੀ। ਜਵਾਬੀ ਗੋਲੀਬਾਰੀ ਵਿੱਚ ਉਸਦੀ ਲੱਤ ਵਿੱਚ ਦੋ ਵਾਰ ਗੋਲੀ ਲੱਗੀ। ਜਿਸ ਮਗਰੋਂ ਪੁਲਿਸ ਨੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ। ਮੁਲਜ਼ਮ ਕਤਲ ਦੇ ਦੋਸ਼ਾਂ ਵਿੱਚ ਲਗਭਗ ਡੇਢ ਮਹੀਨੇ ਤੋਂ ਫਰਾਰ ਸੀ।
ਮੁਢਲੀ ਜਾਂਚ ਵਿੱਚ ਖੁਲਾਸਾ ਹੋਇਆ ਹੈ ਕਿ ਗ੍ਰਿਫ਼ਤਾਰ ਮੁਲਜ਼ਮ ਦਾ ਪੁਰਾਣਾ ਅਪਰਾਧਿਕ ਇਤਿਹਾਸ ਹੈ ਅਤੇ ਇਸ ਨੂੰ ਜਨਵਰੀ 2025 ਵਿੱਚ ਐੱਸ. ਏ. ਐੱਸ ਨਗਰ ‘ਚ ਦੋ ਗੈਰਕਾਨੂੰਨੀ ਵਿਦੇਸ਼ੀ ਪਿਸਤੌਲਾਂ ਸਮੇਤ ਗ੍ਰਿਫ਼ਤਾਰ ਕੀਤਾ ਗਿਆ ਸੀ। ਗ੍ਰਿਫ਼ਤਾਰ ਵਿਅਕਤੀ ਅਤੇ ਇਸਦੇ ਸਾਥੀਆਂ ਨੂੰ ਉਨ੍ਹਾਂ ਦੇ ਵਿਦੇਸ਼-ਅਧਾਰਿਤ ਹੈਂਡਲਰਾਂ ਵੱਲੋਂ ਪੰਜਾਬ ਵਿੱਚ ਸਨਸਨੀਖੇਜ਼ ਕਤਲ ਕਰਨ ਦੇ ਨਿਰਦੇਸ਼ ਦਿੱਤੇ ਗਏ ਸਨ, ਜਿਨ੍ਹਾਂ ਨੂੰ ਇਸ ਗ੍ਰਿਫ਼ਤਾਰੀ ਨਾਲ ਨਾਕਾਮ ਕੀਤਾ ਗਿਆ ਹੈ।
ਇਨਫਲੂਐਂਸਰ ਕਾਰਤਿਕ ਬੱਗਨ ਦਾ 23 ਅਗਸਤ ਨੂੰ ਹੋਇਆ ਸੀ ਕਤਲ
ਪੁਲਿਸ ਨੇ ਗੁਰਪ੍ਰੀਤ ਨਿਹੰਗ ਦੇ ਦੋ ਸਾਥੀਆਂ ਨੂੰ 18 ਦਿਨ ਪਹਿਲਾਂ ਗ੍ਰਿਫ਼ਤਾਰ ਕੀਤਾ ਸੀ। ਇਨ੍ਹਾਂ ਕਾਤਲਾਂ ਨੇ 23 ਅਗਸਤ ਨੂੰ ਪ੍ਰਭਾਵਕ ਕਾਰਤਿਕ ਬੱਗਨ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ। ਇਨ੍ਹਾਂ ਦੋਵਾਂ ਕਾਤਲਾਂ ਨੂੰ ਪੁਲਿਸ ਨੇ ਮਹਾਰਾਸ਼ਟਰ ਦੇ ਹਜ਼ੂਰ ਸਾਹਿਬ ਨੰਦੇੜ ਤੋਂ ਗ੍ਰਿਫ਼ਤਾਰ ਕੀਤਾ ਸੀ। ਬਾਕੀ ਪੰਜ ਸਾਥੀ ਅਜੇ ਵੀ ਫਰਾਰ ਹਨ। ਕਾਰਤਿਕ ਆਪਣੇ ਪਰਿਵਾਰ ਦਾ ਇਕਲੌਤਾ ਪੁੱਤਰ ਸੀ।
ਪਹਿਲਾਂ ਵੀ ਹੋ ਚੁੱਕੀਆਂ ਤਿੰਨ ਗ੍ਰਿਫ਼ਤਾਰੀਆਂ
ਇਸ ਮਾਮਲੇ ਵਿੱਚ ਪੁਲਿਸ ਵੱਲੋਂ ਇਸ ਤੋਂ ਪਹਿਲਾਂ ਵੀ ਤਿੰਨ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਉਨ੍ਹਾਂ ਕੋਲੋਂ ਵਾਰਦਾਤ ਵਿੱਚ ਵਰਤੇ ਗਏ ਹਥਿਆਰ ਵੀ ਬਰਾਮਦ ਕੀਤੇ ਗਏ ਸਨ। ਪੁਲਿਸ ਵੱਲੋਂ ਕਾਬੂ ਕੀਤੇ ਮੁਲਜ਼ਮਾਂ ਵਿੱਚੋਂ ਇੱਕ ਨੂੰ ਲੁਧਿਆਣਾ ਅਤੇ ਦੋ ਨੂੰ ਨੰਦੇੜ ਸਾਹਿਬ ਤੋਂ ਕਾਬੂ ਕੀਤਾ ਗਿਆ ਸੀ। ਉਦੋਂ ਤੋਂ ਹੀ ਪੁਲਿਸ ਹੋਰ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕਰ ਰਹੀ ਸੀ। ਜਿਸ ਦੇ ਚੱਲਦੇ ਹੁਣ ਵਿੱਕੀ ਨਿਹੰਗ ਦੀ ਗ੍ਰਿਫ਼ਤਾਰੀ ਐਨਕਾਊਂਟਰ ਤੋਂ ਬਾਅਦ ਕੀਤੀ ਗਈ ਹੈ। ਪੁਲਿਸ ਨੇ ਦੱਸਿਆ ਸੀ ਕਿ ਇਹ ਕਤਲ ਪੁਰਾਣੀ ਰੰਜਿਸ਼ ਨੂੰ ਲੈਕੇ ਕੀਤਾ ਗਿਆ ਸੀ।
You must be logged in to post a comment.