ਕੋਈ ਪੰਜਾਬ ਜਾਂ ਸਿੱਖਾਂ ਲਈ ਬੋਲਣ ਵਾਲਾ ਰਹਿ ਨਾ ਜਾਏ।
ਪਰਵਿੰਦਰ ਸਿੰਘ ਝੋਟੇ ਦੀ ਗਿਆਨੀ ਹਰਪ੍ਰੀਤ ਸਿੰਘ ਨਾਲ ਬਦਤਮੀਜ਼ੀ ਇਸੇ ਪ੍ਰਵ੍ਰਿਤੀ ਨੂੰ ਉਜਾਗਰ ਕਰਦੀ ਹੈ।
ਨਾ ਇਹ ਪਹਿਲੀ ਵਾਰੀ ਹੋਇਆ ਹੈ ਤੇ ਨਾ ਇਹ ਆਖਰੀ ਵਾਰੀ ਹੈ। ਜਦੋਂ ਬੋਲਣ ਵਾਲਿਆਂ ਨੂੰ ਵੀ ਜ਼ਲੀਲ ਹੀ ਕਰਨਾ ਹੈ ਤਾਂ ਫਿਰ ਅਗਲਾ ਬੋਲੇ ਹੀ ਕਿਉਂ ? ਬਥੇਰੇ ਸਿਆਣੇ ਤੇ ਸੁਹਿਰਦ ਸੱਜਣ ਇਸੇ ਕਰਕੇ ਚੁੱਪ ਕਰਕੇ ਬੈਠ ਚੁੱਕੇ ਨੇ, ਰਹਿੰਦੇ ਵੀ ਬੈਠ ਜਾਣਗੇ।
ਕਈ ਵਾਰ ਇਸ ਗੱਲ ਵੱਲ ਧਿਆਨ ਦੁਆਉਣ ਦਾ ਯਤਨ ਕੀਤਾ ਹੈ ਕਿ ਜੇ ਕੋਈ ਅਸਲ ‘ਚ ਪੰਜਾਬ ਜਾਂ ਸਿੱਖਾਂ ਦੇ ਹੱਕ ਵਿਚ ਜ਼ੁਅਰਤ ਨਾਲ ਬੋਲਣ ਵਾਲੇ ਜਾਂ ਗੰਭੀਰ ਤਰੀਕੇ ਨਾਲ ਕੰਮ ਕਰਨ ਵਾਲੇ ਜਿਹੜੇ ਵੀ ਥੋੜੇ-ਬਹੁਤੇ ਸੱਜਣ ਰਾਜਨੀਤੀ ਜਾਂ ਜਨਤਕ ਜੀਵਨ ਵਿਚ ਹਨ, ਉਨ੍ਹਾਂ ਨੂੰ ਚੁੱਪ ਕਰਾਉਣ ਤੇ ਜ਼ਲੀਲ ਕਰਨ ਦਾ ਮੋਰਚਾ ਵੀ ਸਿੱਖ ਆਪ ਹੀ ਖੋਲਦੇ ਹਨ।
ਪਰਵਿੰਦਰ ਸਿੰਘ ਝੋਟੇ ਦੀ ਗਿਆਨੀ ਹਰਪ੍ਰੀਤ ਸਿੰਘ ਨਾਲ ਬਦਤਮੀਜ਼ ਤਰੀਕੇ ਨਾਲ ਸੁਆਲ ਕਰਨ ਵਾਲੀ ਕਾਰਵਾਈ ਇਸ ਦੀ ਤਾਜ਼ਾ ਉਦਾਹਰਣ ਹੈ। ਗਿਆਨੀ ਹਰਪ੍ਰੀਤ ਸਿੰਘ ਦੀ ਕਾਰੁਜ਼ਗਾਰੀ ਬਾਕੀਆਂ ਨਾਲੋਂ ਬਿਹਤਰ ਰਹੀ ਹੈ। ਕਈ ਕਮੀਆਂ ਵੀ ਰਹੀਆਂ, ਕਿਤੇ ਕਮਜ਼ੋਰੀ ਵੀ ਰਹੀ ਪਰ ਉਨ੍ਹਾਂ ਦੀ ਕੁੱਲ ਕਾਰਗੁਜ਼ਾਰੀ ਦੀ ਤੱਕੜੀ ਦਾ ਪੱਲਾ ਚੰਗੇ ਪਾਸੇ ਹੀ ਝੁਕਦਾ ਹੈ। ਅਮ੍ਰਿਤਪਾਲ ਸਿੰਘ ਅਤੇ ਸਾਥੀਆਂ ਦੇ ਕਰੈਕ ਡਾਊਨ ਤੋਂ ਬਾਅਦ ਉਨ੍ਹਾਂ ਵੱਲੋ ਕੀਤੀਆਂ ਮੀਟੀਗਾਂ, ਦਿੱਤੇ ਸੁਨੇਹਿਆਂ ਨੇ ਦਹਿਸ਼ਤ ਦੇ ਮਾਹੌਲ ਨੂੰ ਖਤਮ ਕਰਨ ‘ਚ ਵੱਡਾ ਹਿੱਸਾ ਪਾਇਆ। ਹੋਰ ਬਥੇਰੇ ਮੌਕਿਆਂ ‘ਤੇ ਵੀ ਉਹ ਬੋਲਦੇ ਰਹੇ ਨੇ।
ਪਰ ਜਦੋਂ ਪੋਪੂਲੈਰਿਟੀ ਦਾ ਗ੍ਰਾਫ ਤਿੱਖੀ ਗੱਲ ਕਰਕੇ ਜਾਂ ਤਿੱਖੇ ਸੁਆਲ ਕਰਕੇ ਹੀ ਵਧਦਾ ਹੋਵੇ ਤਾਂ ਫਿਰ ਹਮਦਰਦ ਅਵਾਜ਼ਾਂ ਚੁੱਪ ਕਰਾਉਣ ਦਾ ਕੰਮ ਵੀ ਸ਼ੁਰੂ ਹੁੰਦਾ ਹੈ ਤੇ ਓਹੀ ਕੁਝ ਕਰਨ ਦੀ ਤਮੰਨਾ ਪੈਦਾ ਹੁੰਦੀ ਹੈ, ਜੋ ਝੋਟੇ ਨੇ ਉਨ੍ਹਾਂ ਨਾਲ ਕੀਤਾ। ਪਹਿਲਾਂ ਵੀ ਬਥੇਰੇ ਸੁਹਿਰਦ ਸੱਜਣਾਂ ਨਾਲ ਲੋਕਾਂ ਨੇ ਇਹੀ ਕੁਝ ਕੀਤਾ ਹੈ ਤੇ ਇਸਦਾ ਫਾਇਦਾ ਹਮੇਸ਼ਾਂ ਸਿਰੇ ਦੇ ਸਿਆਸੀ ਠੱਗਾਂ ਅਤੇ ਕਮੀਨੇ ਲੋਕਾਂ ਨੇ ਲਿਆ ਹੈ।
ਪਹਿਲਾਂ ਕਾਂਗਰਸ, ਫਿਰ ਬਾਦਲ ਅਤੇ ਹੁਣ “ਆਪ” ਤੇ ਭਗਵੰਤ ਮਾਨ ਨੇ ਇਹੀ ਪ੍ਰਵਿਰਤੀ ਦਾ ਫਾਇਦਾ ਲਿਆ ਤੇ ਚੰਗੇ ਲੋਕਾਂ ਨੂੰ ਖਤਮ ਕਰਨ ਲਈ ਵਰਤੀ।
2020 ‘ਚ ਸੁਖਪਾਲ ਸਿੰਘ ਖਹਿਰਾ ਨੇ ਡਾ ਗਾਂਧੀ ਨਾਲ ਰਲ ਕੇ UAPA ਵਾਲੀ ਚੱਕੀ ਰੋਕੀ ਪਰ ਜਦੋਂ ਸਾਲ ਕੁ ਬਾਅਦ ਉਹ ਕਾਂਗਰਸ ‘ਚ ਗਿਆ ਤਾਂ ਬਥੇਰੇ ਫੇਸਬੁਕੀਆਂ ਨੇ ਉਸਨੂੰ ਜ਼ਲੀਲ ਕਰਨ ‘ਚ ਕੋਈ ਕਸਰ ਨਹੀਂ ਛੱਡੀ ਤੇ ਜੇ ਇਨ੍ਹਾਂ ਦੇ ਵੱਸ ਰਹਿੰਦਾ ਤਾਂ ਉਸਦੇ ਸਿਆਸੀ ਜੀਵਨ ਦਾ ਭੋਗ ਪਾ ਦੇਣਾ ਸੀ।
ਕਈ ਫੇਸਬੁੱਕੀ ਵਿਦਵਾਨ ਇੰਨੇ ਸ਼ੁੱਧ ਜੀਵਨ ਤੇ ਸੋਚ ਵਾਲੇ ਹਨ ਕਿ ਇਹੋ ਜਿਹੇ ਸੱਜਣਾਂ ਦੀ ਇੱਕ ਵੀ ਗੱਲ (ਜਾਂ ਗਲਤੀ) ਜਿਸ ਨਾਲ ਉਹ ਸਹਿਮਤ ਨਹੀਂ ਹੁੰਦੇ, ਉਸ ਖਿਲਾਫ ‘ਆਖਰੀ ਗਲਤੀ” ਨੂੰ ਮਹਾਂ-ਪਾਪ ਵਾਂਗ ਪੇਸ਼ ਕਰਕੇ ਉਸ ਖਿਲਾਫ ਤੂਫਾਨ ਖੜਾ ਕਰ ਦਿੰਦੇ ਨੇ ਤੇ ਆਖਰੀ ਫਤਵਾ ਦਿੰਦਿਆਂ ਸਦਾ ਲਈ ਉਸਨੂੰ ਜਨਤਕ ਜੀਵਨ ਵਿਚੋਂ ਖਤਮ ਕਰਨ ਲਈ ਕਾਹਲੇ ਪੈ ਜਾਂਦੇ ਨੇ।
ਮਤਲਬ ਕੋਈ ਪੰਜਾਬ ਜਾਂ ਸਿੱਖਾਂ ਲਈ ਦਲੇਰੀ ਨਾਲ ਗੱਲ ਕਰਨ ਵਾਲਾ ਕੋਈ ਰਾਜਨੀਤੀ ਜਾਂ ਜਨਤਕ ਜੀਵਨ ‘ਚ ਬਚਿਆ ਨਾ ਰਹਿ ਜਾਵੇ। ਕਿਤੇ ਕੋਈ ਹਮਦਰਦ ਆਵਾਜ਼ ਰਹਿ ਨਾ ਜਾਏ।
ਇਸ ਵਾਰ ਇੰਨੀ ਕੁ ਚੰਗੀ ਗੱਲ ਹੈ ਕਿ ਗਿਆਨੀ ਹਰਪ੍ਰੀਤ ਸਿੰਘ ਨਾਲ ਇਸ ਤਰ੍ਹਾਂ ਤੇ ਵਤੀਰੇ ਤੋਂ ਬਾਅਦ ਕੁਝ ਸੱਜਣਾਂ ਨੇ ਆਵਾਜ਼ ਚੁੱਕੀ ਹੈ।
ਹੁਣ ਜਦੋਂ ਝੋਟੇ ਨੇ ਇਹ ਗਲਤੀ ਕੀਤੀ ਹੈ ਤਾਂ ਉਸਨੂੰ ਵੀ ਖਤਮ ਕਰਨ ਨਾ ਤੁਰੋ। ਉਸਨੂੰ ਗਲਤੀ ਮੰਨਣੀ ਚਾਹੀਦੀ ਹੈ।
ਹਰੇਕ ਤਰੀਕਾ ਹਰ ਬੰਦੇ ਜਾਂ ਸ਼ਖਸੀਅਤ ਜਾਂ ਹਰ ਮੌਕੇ ਲਈ ਵਾਜਬ ਨਹੀਂ ਹੁੰਦਾ। ਜਦੋਂ ਉਸ ਨੂੰ ਫੜਿਆ ਗਿਆ ਸੀ, ਜ਼ਲੀਲ ਕੀਤਾ ਸੀ ਤੇ ਪੱਗ ਤੋਂ ਬਗੈਰ ਅਦਾਲਤ ਵਿਚ ਪੇਸ਼ ਕੀਤਾ ਸੀ ਤਾਂ ਅਸੀਂ ਲਗਾਤਾਰ ਇਸ ਦਾ ਵਿਰੋਧ ਕੀਤਾ ਸੀ। ਅਗਾਂਹ ਵੀ ਉਸਦੇ ਚੰਗੇ ਕੰਮ ਦੀ ਤਰੀਫ ਕਰਾਂਗੇ ਪਰ ਅੱਜ ਵਰਗੀ ਘਟਨਾ ਦੀ ਤਿੱਖੀ ਆਲੋਚਨਾ। ਉਮੀਦ ਹੈ ਅੱਜ ਵਾਲੀ ਘਟਨਾ ਉਸਦੀ ਪੱਕੀ ਪ੍ਰਵ੍ਰਿਤੀ ਨਹੀਂ ਬਣੇਗੀ।
#Unpopular_Opinions