Punjab ਅਦਾਕਾਰ ਰੱਬੀ ਕੰਧੋਲਾ ‘ਅਕਾਲੀ ਦਲ ਵਾਰਿਸ ਪੰਜਾਬ ਦੇ’ ਵਿਚ ਸ਼ਾਮਿਲ
MP ਸਰਬਜੀਤ ਸਿੰਘ ਖ਼ਾਲਸਾ, ਤਰਸੇਮ ਸਿੰਘ ਤੇ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਨੇ ਪਾਰਟੀ ਵਿੱਚ ਕੀਤਾ ਸਵਾਗਤ
ਚੰਡੀਗੜ੍ਹ: ਅਦਾਕਾਰ ਰੱਬੀ ਕੰਧੋਲਾ ਆਪਣੇ ਸਮਰਥਕਾਂ ਸਮੇਤ ਪਾਰਟੀ ਵਿਚ ਸ਼ਾਮਿਲ ਹੋ ਗਏ। ਚੰਡੀਗੜ੍ਹ ਪ੍ਰੈੱਸ ਕਲੱਬ, ਸੈਕਟਰ-27 ਵਿਖੇ ਹੋਏ ਸਮਾਗਮ ਦੌਰਾਨ ਪਾਰਟੀ ਦੇ ਸੀਨੀਅਰ ਆਗੂਆਂ ਨੇ ਉਨ੍ਹਾਂ ਦਾ ਸਵਾਗਤ ਕਰਦਿਆਂ ਪਾਰਟੀ ਦੀ ਮੈਂਬਰਸ਼ਿਪ ਦਿਵਾਈ।

ਇਸ ਮੌਕੇ ਰੱਬੀ ਕੰਧੋਲਾ ਨੇ ਕਿਹਾ ਕਿ ਉਹ ਪਾਰਟੀ ਦੀ ਉਸ ਸੋਚ ਤੋਂ ਪ੍ਰਭਾਵਿਤ ਹੋ ਕੇ ਇਸ ਨਾਲ ਜੁੜੇ ਹਨ, ਜੋ ਪੰਜਾਬੀ ਮਾਂ-ਬੋਲੀ ਦੀ ਸੰਭਾਲ, ਪੰਜਾਬੀਆਂ ਦੇ ਹੱਕਾਂ ਦੀ ਰੱਖਿਆ, ਨੌਜਵਾਨਾਂ ਦੀ ਸਿੱਖਿਆ, ਪੇਪਰ ਲੀਕ ਵਰਗੇ ਮਾਮਲਿਆਂ ’ਤੇ ਸਖ਼ਤ ਕਾਰਵਾਈ ਅਤੇ ਰੁਜ਼ਗਾਰ ਲਈ ਸਖ਼ਤ ਤੇ ਪਾਰਦਰਸ਼ੀ ਕਾਨੂੰਨ ਬਣਾਉਣ ਦੀ ਵਕਾਲਤ ਕਰਦੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਅਤੇ ਨੌਜਵਾਨਾਂ ਦੇ ਭਵਿੱਖ ਨਾਲ ਜੁੜੇ ਮੁੱਦਿਆਂ ’ਤੇ ਮਜ਼ਬੂਤੀ ਨਾਲ ਆਵਾਜ਼ ਉਠਾਉਣਾ ਸਮੇਂ ਦੀ ਲੋੜ ਹੈ।

ਸਮਾਗਮ ਵਿਚ ਸੰਸਦ ਮੈਂਬਰ ਸਰਬਜੀਤ ਸਿੰਘ ਖ਼ਾਲਸਾ, ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ, ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਸਮੇਤ ਪਾਰਟੀ ਦੇ ਕਈ ਸੀਨੀਅਰ ਆਗੂ ਹਾਜ਼ਰ ਸਨ। ਆਗੂਆਂ ਨੇ ਰੱਬੀ ਕੰਧੋਲਾ ਅਤੇ ਉਨ੍ਹਾਂ ਦੇ ਸਮਰਥਕਾਂ ਨੂੰ ਸਿਰੋਪਾ ਭੇਟ ਕਰਕੇ ਪਾਰਟੀ ਵਿਚ ਸ਼ਾਮਿਲ ਹੋਣ ’ਤੇ ਵਧਾਈ ਦਿੱਤੀ।
ਪਾਰਟੀ ਆਗੂਆਂ ਨੇ ਕਿਹਾ ਕਿ ਰੱਬੀ ਕੰਧੋਲਾ ਦੇ ਪਾਰਟੀ ਨਾਲ ਜੁੜਨ ਨਾਲ ਸੰਗਠਨ ਨੂੰ ਸਮਾਜਿਕ ਅਤੇ ਜਨ-ਆਧਾਰ ਦੇ ਪੱਧਰ ’ਤੇ ਹੋਰ ਮਜ਼ਬੂਤੀ ਮਿਲੇਗੀ। ਉਨ੍ਹਾਂ ਵਿਸ਼ਵਾਸ ਜਤਾਇਆ ਕਿ ਉਨ੍ਹਾਂ ਦੀ ਸ਼ਮੂਲੀਅਤ ਨਾਲ ਪੰਜਾਬ ਅਤੇ ਨੌਜਵਾਨਾਂ ਨਾਲ ਸੰਬੰਧਿਤ ਮੁੱਦਿਆਂ ਨੂੰ ਹੋਰ ਪ੍ਰਭਾਵਸ਼ਾਲੀ ਢੰਗ ਨਾਲ ਉਠਾਇਆ ਜਾਵੇਗਾ।
ਰੱਬੀ ਕੰਧੋਲਾ ਨੇ ਕਿਹਾ ਕਿ ਉਨ੍ਹਾਂ ਨੇ ਪੰਜਾਬ, ਪੰਜਾਬੀ ਅਤੇ ਪੰਥਕ ਵਿਚਾਰਧਾਰਾ ਦੀ ਸੇਵਾ ਦੇ ਮਕਸਦ ਨਾਲ ਅਕਾਲੀ ਦਲ ਵਾਰਿਸ ਪੰਜਾਬ ਦੇ ਦਾ ਦਾਮਨ ਫੜਿਆ ਹੈ। ਉਨ੍ਹਾਂ ਭਰੋਸਾ ਦਿੱਤਾ ਕਿ ਉਹ ਪਾਰਟੀ ਦੀਆਂ ਨੀਤੀਆਂ ਅਤੇ ਵਿਚਾਰਧਾਰਾ ਨੂੰ ਘਰ-ਘਰ ਤੱਕ ਪਹੁੰਚਾਉਣ ਅਤੇ ਸੰਗਠਨ ਨੂੰ ਮਜ਼ਬੂਤ ਕਰਨ ਲਈ ਪੂਰੀ ਨਿਸ਼ਠਾ ਨਾਲ ਕੰਮ ਕਰਨਗੇ।
Punjab Spectrum