Paper Leak Protest: ਧਰਮੇਂਦਰ ਪ੍ਰਧਾਨ ਲਾਂਭੇ ਹੋਣ; ਪ੍ਰਧਾਨ ਮੰਤਰੀ ਮੁਆਫ਼ੀ ਮੰਗਣ ਅਤੇ ਸਿੱਖਿਆ ਪ੍ਰਣਾਲੀ ਬਦਲੇ: Rahul Gandhi
Rahul Gandhi Education: ਕਾਂਗਰਸ ਆਗੂ ਰਾਹੁਲ ਗਾਂਧੀ ਨੇ ਦਿੱਲੀ ਵਿੱਚ ਸਿੱਖਿਆ ਨਾਲ ਸਬੰਧਤ ਸਮੱਸਿਆਵਾਂ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੇ ਵਿਦਿਆਰਥੀਆਂ ਉੱਤੇ ਪੁਲੀਸ ਵਲੋਂ ਕੀਤੇ ਗਏ ਲਾਠੀਚਾਰਜ ਦੀ ਨਿੰਦਾ ਕਰਦਿਆਂ ਕਿਹਾ ਕਿ ਪਿਛਲੇ ਇਕ ਦਹਾਕੇ ਵਿੱਚ 152 ਪੇਪਰ ਲੀਕ ਹੋਏ ਹਨ, ਜਿਸ ਨਾਲ 7.5 ਕਰੋੜ ਵਿਦਿਆਰਥੀ ਅਤੇ ਉਨ੍ਹਾਂ ਦੇ ਪਰਿਵਾਰ ਪ੍ਰਭਾਵਿਤ ਹੋਏ ਹਨ।
ਰਾਹੁਲ ਨੇ ਮੰਗ ਕੀਤੀ ਕਿ ਕੇਂਦਰੀ ਸਿੱਖਿਆ ਮੰਤਰੀ ਧਰਮੇਂਦਰ ਪ੍ਰਧਾਨ ਨੂੰ ਅਹੁਦੇ ਤੋਂ ਹਟਾਇਆ ਜਾਣਾ ਚਾਹੀਦਾ ਹੈ ਕਿਉਂਕਿ ਉਹ ਇਸ ਅਹੁਦੇ ਦੇ ਯੋਗ ਨਹੀਂ ਹਨ। ਇਸ ਵੇਲੇ ਨੌਜਵਾਨਾਂ ਦਾ ਭਵਿੱਖ ਖਤਰੇ ਵਿੱਚ ਹੈ, ਇਸ ਲਈ ਵਿਦਿਆਰਥੀ ਪ੍ਰਦਰਸ਼ਨ ਕਰ ਰਹੇ ਹਨ। ਵਿਦਿਆਰਥੀਆਂ ’ਤੇ ਹਮਲਾ ਕਰਨ ਵਾਲੇ ਹਰ ਵਿਅਕਤੀ ਦੀ ਜਵਾਬਦੇਹੀ ਤੈਅ ਹੋਣੀ ਚਾਹੀਦੀ ਹੈ। ਪ੍ਰਧਾਨ ਮੰਤਰੀ ਮੋਦੀ ਨੂੰ ਵਿਦਿਆਰਥੀਆਂ ਨਾਲ ਹੋਏ ਵਿਹਾਰ ਲਈ ਮੁਆਫ਼ੀ ਮੰਗਣੀ ਚਾਹੀਦੀ ਹੈ।
ਰਾਹੁਲ ਨੇ ਕਿਹਾ ਕਿ ਪ੍ਰਦਰਸ਼ਨ ਕਰ ਰਹੇ ਵਿਦਿਆਰਥੀ ਅਤਿਵਾਦੀ ਨਹੀਂ ਹਨ, ਉਹ ਸਾਡਾ ਭਵਿੱਖ ਹਨ ਤੇ ਜ਼ਿੰਮੇਵਾਰ ਲੋਕਾਂ ਵਿਰੁੱਧ ਕਾਰਵਾਈ ਹੋਣੀ ਚਾਹੀਦੀ ਹੈ ਪਰ ਸਰਕਾਰ ਧਿਆਨ ਭਟਕਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਜੇਕਰ ਭਾਰਤ ਦੇ ਵਿਦਿਆਰਥੀ ਸੜਕਾਂ ‘ਤੇ ਹਨ ਤਾਂ ਵਿਰੋਧੀ ਧਿਰ ਨੂੰ ਵੀ ਸੜਕਾਂ ‘ਤੇ ਹੋਣਾ ਚਾਹੀਦਾ ਹੈ। ਸਰਕਾਰ ਇਸ ਮੁੱਦੇ ਨੂੰ ਦਬਾਉਣਾ ਚਾਹੁੰਦੀ ਹੈ ਪਰ ਉਹ ਚਾਹੁੰਦੇ ਹਨ ਕਿ ਧਰਮੇਂਦਰ ਪ੍ਰਧਾਨ ਜਾਣ, ਪ੍ਰਧਾਨ ਮੰਤਰੀ ਮੁਆਫ਼ੀ ਮੰਗਣ ਅਤੇ ਸਿੱਖਿਆ ਪ੍ਰਣਾਲੀ ਬਦਲੇ।

ਸੰਸਦ ਮਾਰਚ ਦੌਰਾਨ ਪ੍ਰਦਰਸ਼ਨਕਾਰੀਆਂ ’ਤੇ ਪੁਲੀਸ ਕਾਰਵਾਈ ਤੋਂ ਅਗਲੇ ਦਿਨ ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕੀਤਾ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਵਿਦਿਆਰਥੀਆਂ ਦੀਆਂ ਮੰਗਾਂ ਦਾ ਪੂਰੀ ਤਰ੍ਹਾਂ ਸਮਰਥਨ ਕਰਦੀ ਹੈ।
ਕਾਂਗਰਸ ਆਗੂ ਨੇ ਕਿਹਾ, ‘ਸਭ ਦੇ ਸਾਹਮਣੇ ਇਹ ਗੱਲ ਬਿਲਕੁਲ ਸਾਫ਼ ਹੈ ਕਿ ਸਾਡੀ ਸਿੱਖਿਆ ਪ੍ਰਣਾਲੀ ਅੱਜ ਇੱਕ ਧੋਖਾਧੜੀ ਵਾਲਾ ਸਿਸਟਮ ਬਣ ਚੁੱਕੀ ਹੈ… ਅਸੀਂ ਜਾਣਦੇ ਹਾਂ ਕਿ ਪਿਛਲੇ 10 ਸਾਲਾਂ ਵਿੱਚ 152 ਪੇਪਰ ਲੀਕ ਹੋਏ ਹਨ। ਜੇਕਰ ਹਿਸਾਬ ਲਗਾਇਆ ਜਾਵੇ ਤਾਂ ਲਗਪਗ ਹਰ ਮਹੀਨੇ ਇੱਕ ਪੇਪਰ ਲੀਕ ਹੁੰਦਾ ਹੈ। ਹਰ ਮਹੀਨੇ ਲੱਖਾਂ ਵਿਦਿਆਰਥੀਆਂ ਨੂੰ ਕਿਹਾ ਜਾਂਦਾ ਹੈ ਕਿ ਜਿਸ ਮਾਨਸਿਕ ਤਣਾਅ ਵਿੱਚੋਂ ਤੁਸੀਂ ਲੰਘੇ ਹੋ, ਤੁਹਾਨੂੰ ਉਸ ਵਿੱਚੋਂ ਦੁਬਾਰਾ ਲੰਘਣਾ ਪਵੇਗਾ। ਇਸ ਤੋਂ ਬਾਅਦ ਉਹਨਾਂ ਨੂੰ ਦੱਸਿਆ ਜਾਂਦਾ ਹੈ ਕਿ ਸਰਕਾਰ ਨੂੰ ਇਸ ਦੀ ਕੋਈ ਪਰਵਾਹ ਨਹੀਂ ਹੈ।’
ਉਨ੍ਹਾਂ ਕਿਹਾ, ‘ਇਸ ਨਾਲ ਸਾਢੇ ਸੱਤ ਕਰੋੜ ਵਿਦਿਆਰਥੀ ਅਤੇ ਪਰਿਵਾਰ ਪ੍ਰਭਾਵਿਤ ਹੋਏ ਹਨ। ਇਹ ਮੱਧ ਵਰਗੀ ਅਤੇ ਗਰੀਬ ਪਰਿਵਾਰ ਹਨ। ਉਹ ਆਪਣੀ ਖੂਨ-ਪਸੀਨੇ ਦੀ ਕਮਾਈ ਇਸ ਵਿੱਚ ਲਗਾਉਂਦੇ ਹਨ ਅਤੇ ਫਿਰ ਉਨ੍ਹਾਂ ਨਾਲ ਮਾੜਾ ਵਿਹਾਰ ਕੀਤਾ ਜਾਂਦਾ ਹੈ। ਸਭ ਤੋਂ ਵੱਡੀ ਗੱਲ ਇਹ ਹੈ ਕਿ ਕਿਸੇ ਨੂੰ ਵੀ ਸਜ਼ਾ ਨਹੀਂ ਮਿਲੀ। ਪਿਛਲੇ 10 ਸਾਲਾਂ ਵਿੱਚ 152 ਪੇਪਰ ਲੀਕ ਹੋਏ, ਪਰ ਸਜ਼ਾ ਜ਼ੀਰੋ। ਇਸ ਦਾ ਮਤਲਬ ਹੈ ਕਿ ਕੁਝ ਲੋਕ ਜਾਂ ਕੋਈ ਗਰੁੱਪ ਸਾਡੀ ਸਿੱਖਿਆ ਪ੍ਰਣਾਲੀ, ਜੋ ਭਾਰਤ ਦੀ ਸਭ ਤੋਂ ਕੀਮਤੀ ਜਾਇਦਾਦ ਹੈ, ਨੂੰ ਤਬਾਹ ਕਰ ਰਿਹਾ ਹੈ ਅਤੇ ਸਾਡੇ ਵਿਦਿਆਰਥੀਆਂ ਦੇ ਭਵਿੱਖ ਨਾਲ ਖਿਲਵਾੜ ਕਰ ਰਿਹਾ ਹੈ ਪਰ ਸਰਕਾਰ ਕੀ ਕਰ ਰਹੀ ਹੈ? ਸਰਕਾਰ ਨੇ ਕਿਸੇ ਨੂੰ ਸਜ਼ਾ ਨਹੀਂ ਦਿੱਤੀ।’
ਰਾਹੁਲ ਗਾਂਧੀ ਨੇ ਕਿਹਾ ਕਿ ਪ੍ਰਦਰਸ਼ਨਕਾਰੀ ਵਿਦਿਆਰਥੀ ਇੱਕ ਨਿਰਪੱਖ ਸਿੱਖਿਆ ਪ੍ਰਣਾਲੀ ਦੀ ਮੰਗ ਕਰ ਰਹੇ ਸਨ ਪਰ ਉਨ੍ਹਾਂ ’ਤੇ ਤਸ਼ੱਦਦ ਢਾਹਿਆ ਗਿਆ। ਉਨ੍ਹਾਂ ਸਵਾਲ ਕੀਤਾ, ‘ਸਾਡੇ ਵਿਦਿਆਰਥੀਆਂ ਨਾਲ ਅਜਿਹਾ ਕਿਉਂ ਹੋ ਰਿਹਾ ਹੈ? ਸਾਡੇ ਵਿਦਿਆਰਥੀਆਂ ਨੇ ਕੀ ਗਲਤੀ ਕੀਤੀ ਹੈ? ਸੁਰੱਖਿਆ ਬਲ ਉਨ੍ਹਾਂ ‘ਤੇ ਹਥਿਆਰ ਕਿਉਂ ਤਾਣ ਰਹੇ ਹਨ। ਉਨ੍ਹਾਂ ਦਾ ਕੀ ਕਸੂਰ ਹੈ? ਉਹ ਸ਼ਾਂਤੀਪੂਰਵਕ ਪ੍ਰਦਰਸ਼ਨ ਕਰ ਰਹੇ ਹਨ, ਆਪਣੀਆਂ ਮੰਗਾਂ ਮੰਗ ਰਹੇ ਹਨ, ਅਤੇ ਉਹ ਹੱਕ ਮੰਗ ਰਹੇ ਹਨ ਜੋ ਇਹ ਦੇਸ਼ ਉਨ੍ਹਾਂ ਦਾ ਦੇਣਦਾਰ ਹੈ।’
ਰਾਹੁਲ ਗਾਂਧੀ ਨੇ ਦੋਸ਼ ਲਾਇਆ ਕਿ ਭਾਰਤ ਦੀ ਸਿੱਖਿਆ ਪ੍ਰਣਾਲੀ ਨਾ ਸਿਰਫ਼ ਖਰਾਬ ਹੈ, ਸਗੋਂ ਬਹੁਤ ਮਹਿੰਗੀ ਵੀ ਹੈ। ਉਹਨਾਂ ਦਾਅਵਾ ਕੀਤਾ ਕਿ NEET ਦੀ ਪ੍ਰੀਖਿਆ ਦੇਣ ਵਾਲੇ ਪਰਿਵਾਰਾਂ ਦਾ ਖਰਚਾ ਸਰਕਾਰ ਦੇ ਸਾਲਾਨਾ ਸਿੱਖਿਆ ਬਜਟ ਦੇ ਲਗਭਗ ਬਰਾਬਰ ਹੈ।
ਉਨ੍ਹਾਂ ਕਿਹਾ ਕਿ ਸਾਰੇ ਟੈਕਸ ਇਕੱਠੇ ਕਰਨ ਤੋਂ ਬਾਅਦ ਭਾਰਤ ਸਰਕਾਰ ਸਾਡੇ ਬੱਚਿਆਂ ਦੇ ਭਵਿੱਖ ‘ਤੇ ਪੈਸਾ ਖਰਚ ਕਰਦੀ ਹੈ, ਜਿਸ ਨੂੰ ਸਿੱਖਿਆ ਬਜਟ ਕਿਹਾ ਜਾਂਦਾ ਹੈ। ਇਹ 1.4 ਲੱਖ ਕਰੋੜ ਰੁਪਏ ਹੈ। ਦੂਜੇ ਪਾਸੇ, ਹਰ ਸਾਲ NEET ਦੀ ਪ੍ਰੀਖਿਆ ਦੇਣ ਵਾਲੇ ਪਰਿਵਾਰਾਂ ਦੁਆਰਾ ਲਗਭਗ 1.32 ਲੱਖ ਕਰੋੜ ਰੁਪਏ ਖਰਚ ਕੀਤੇ ਜਾਂਦੇ ਹਨ। ਇਹ ਇਹਨਾਂ ਪਰਿਵਾਰਾਂ ਤੋਂ ਸਿੱਧੀ ਲੁੱਟ ਹੈ, ਹੋਰ ਕੁਝ ਨਹੀਂ ਅਤੇ ਉਹਨਾਂ ਤੋਂ ਲੁੱਟਣ ਤੋਂ ਬਾਅਦ, ਤੁਸੀਂ ਉਹਨਾਂ ਨੂੰ ਕਹਿੰਦੇ ਹੋ ਕਿ ਪੇਪਰ ਲੀਕ ਹੋ ਗਿਆ ਹੈ। ਸਭ ਕੁਝ ਪਹਿਲਾਂ ਤੋਂ ਤੈਅ ਹੁੰਦਾ ਹੈ।
ਪ੍ਰਦਰਸ਼ਨ ਦੌਰਾਨ ਸੱਟ ਲੱਗਣ ‘ਤੇ ਰਾਹੁਲ ਗਾਂਧੀ ਨੇ ਕਿਹਾ, ‘ਮੈਨੂੰ ਧੱਕੇ-ਮੁੱਕੇ ਸਹਿਣ ਦੀ ਆਦਤ ਹੈ, ਮੇਰਾ ਕੰਮ ਲੋਕਾਂ ਦੀ ਆਵਾਜ਼ ਚੁੱਕਣਾ ਹੈ, ਇਹ ਬਹੁਤ ਛੋਟੀ ਕੀਮਤ ਹੈ। ਲੋਕਾਂ ਦੀ ਭਾਵਨਾ ਨੂੰ ਪ੍ਰਗਟ ਕਰਨਾ ਮੇਰੇ ਲਈ ਬਹੁਤ ਵੱਡੇ ਸਨਮਾਨ ਦੀ ਗੱਲ ਹੈ ਅਤੇ ਮੈਂ ਅਜਿਹੇ ਹੋਰ ਦੁੱਖ ਸਹਿਣ ਲਈ ਵੀ ਤਿਆਰ ਹਾਂ।’
Punjab Spectrum
You must be logged in to post a comment.