‘Operation Hard Ball’ ਕਾਰਨ ਲੋਕਾਂ ਨੂੰ ਰਾਹਤ
ਸਾਂਝੇ ‘Operation Hard Ball’ ਕਾਰਨ ਲੋਕਾਂ ਨੂੰ ਰਾਹਤ
ਫਿਰੌਤੀਆਂ ਮੰਗੇ ਜਾਣ ਤੋਂ ਦੁਖੀ ਲੋਕਾਂ ਨੇ ਸੁੱਖ ਦਾ ਸਾਹ ਲਿਆ; ਅਮਰੀਕਾ, ਕੈਨੇਡਾ ਅਤੇ ਹੋਰ ਮੁਲਕਾਂ ਦੀਆਂ ਏਜੰਸੀਆਂ ਨੇ ਚਲਾੲੀ ਮੁਹਿੰਮ
ਅਮਰੀਕਾ, ਕੈਨੇਡਾ ਅਤੇ ਹੋਰ ਕਈ ਦੇਸ਼ਾਂ ਦੀਆਂ ਜਾਂਚ ਟੀਮਾਂ ਵੱਲੋਂ ਚਲਾਏ ਸਾਂਝੇ ਅਪਰੇਸ਼ਨ ‘ਹਾਰਡ ਬਾਲ’ ਦੇ ਨਤੀਜਿਆਂ ਨੇ ਜਿੱਥੇ ਆਲਮੀ ਪੱਧਰ ’ਤੇ ਵਾਹ ਵਾਹ ਖੱਟੀ ਹੈ, ਉੱਥੇ ਕੈਨੇਡਾ-ਅਮਰੀਕਾ ਦੇ ਲੋਕਾਂ, ਖਾਸ ਕਰਕੇ ਇਨ੍ਹਾਂ ਦੇ ਪੀੜਤਾਂ ਨੇ ਸੁੱਖ ਦਾ ਸਾਹ ਲਿਆ ਹੈ। ਫਿਰੌਤੀਆਂ ਅਤੇ ਗੋਲੀਬਾਰੀ ਦਾ ਦਰਦ ਹੰਢਾਉਣ ਵਾਲੇ ਕੁਝ ਲੋਕਾਂ ਨਾਲ ਕੀਤੀ ਗੱਲ ਤੋਂ ਪਤਾ ਲੱਗਾ ਕਿ ਉਨ੍ਹਾਂ ਨੂੰ ਭਰੋਸਾ ਸੀ ਕਿ ਕਦੇ ਨਾ ਕਦੇ ਕਾਨੂੰਨ ਦੇ ਹੱਥ ਇਨ੍ਹਾਂ ਬਦਮਾਸ਼ਾਂ ਤੱਕ ਜ਼ਰੂਰ ਪਹੁੰਚ ਜਾਣਗੇ।
ਇੱਕ ਪੀੜਤ ਨੇ ਕਿਹਾ ਕਿ ਤੀਹ ਸਾਲ ਪਹਿਲਾਂ ਕੈਨੇਡਾ ਆ ਕੇ ਉਸ ਦੇ ਪਰਿਵਾਰ ਨੇ ਆਪਣੇ ਪੈਰ ਜਮਾਏ ਸਨ, ਪਰ ਇਨ੍ਹਾਂ ਬਦਮਾਸ਼ਾਂ ਤੋਂ ਡਰਦਿਆਂ ਉਨ੍ਹਾਂ ਵਾਪਸ ਪੰਜਾਬ ਜਾਣ ਦਾ ਮਨ ਬਣਾ ਕੇ ਜਾਇਦਾਦ ਵੇਚਣ ਲਾ ਦਿੱਤੀ ਸੀ, ਪਰ ਕੱਲ੍ਹ ਉਦੋਂ ਸੁੱਖ ਦਾ ਸਾਹ ਆਇਆ ਜਦੋਂ ਕੁਝ ਪ੍ਰਮੁੱਖ ਗੈਂਗਸਟਰਾਂ ਖਿਲਾਫ਼ ਕਾਰਵਾਈ ਦੀ ਰਿਪੋਰਟ ਆਈ।
ਬਠਿੰਡਾ ਤੋਂ ਆਏ ਕਾਰੋਬਾਰੀ ਨੇ ਆਖਿਆ ਕਿ ਆਪਣੀ ਤੇ ਪਰਿਵਾਰ ਦੀ ਜਾਨ ਬਚਾਉਣ ਲਈ ਉਸ ਨੇ ਉਹ ਪੈਸੇ ਦੇਣ ’ਚ ਭਲਾਈ ਸਮਝੀ ਜੋ ਕਾਰੋਬਾਰ ਦੇ ਵਾਧੇ ਲਈ ਜੋੜੇ ਸਨ। ਬਰੈਂਪਟਨ ਰਹਿੰਦੇ ਗੋਗੀ ਉਪ ਨਾਮ ਵਾਲੇ ਵਿਅਕਤੀ ਨੇ ਦੱਸਿਆ ਕਿ ਉਸ ਨੇ ਪੁਲੀਸ ਨੂੰ ਦੱਸ ਕੇ ਮੌਤ ਦੇ ਪਰਛਾਵੇਂ ਹੇਠ ਦਿਨ ਕੱਟਣ ਤੋਂ ਪੈਸੇ ਦੇਣੇ ਠੀਕ ਸਮਝੇ।
ਕੁਝ ਪੁਲੀਸ ਵਾਲਿਆਂ ਨਾਲ ਹੋਈ ਗੱਲ ਤੋਂ ਇਹ ਸਪੱਸ਼ਟ ਹੋਇਆ ਕਿ ਉਨ੍ਹਾਂ ਦੇ ਹੱਥ ਕੈਨੇਡਾ ਦੇ ਕਾਨੂੰਨ ਅਤੇ ਪ੍ਰਕਿਰਿਆ ਕਾਰਨ ਬੱਝੇ ਹੋਏ ਹਨ। ਉਨ੍ਹਾਂ ਕਿਹਾ ਕਿ ਕਈ ਵਾਰ ਇਨ੍ਹਾਂ ਬਦਮਾਸ਼ਾਂ ਨਾਲ ਟਾਕਰਾ ਹੋਣ ’ਤੇ ਅਣਗੌਲਿਆਂ ਕਰਨਾ ਪਿਆ ਕਿਉਂਕਿ ਉਹ ਆਪਣੀ ਸੌਂਪੀ ਹੋਈ ਡਿਊਟੀ ਵਿੱਚ ਕੋਤਾਹੀ ਕਰ ਕੇ ਬਦਮਾਸ਼ਾਂ ਦਾ ਪਿੱਛਾ ਨਹੀਂ ਕਰ ਸਕਦੇ ਸਨ।
Punjab Spectrum