Opinion –
ਇਹ ਕਿੰਨੀ ਮੱਕਾਰੀ ਵਾਲੀ ਗੱਲ ਹੈ ਕਿ ਭਾਜਪਾ ਦਾ ਆਗੂ ਉਸ ਫ਼ਿਲਮ ਦੀ ਤਾਰੀਫ਼ ਕਰ ਰਿਹਾ ਹੈ, ਜਿਸਨੂੰ ਉਸਦੀ ਆਪਣੀ “ਸਿੱਖਾਂ ਦੀ ਮਿੱਤਰ” ਕਹਿ ਕੇ ਪ੍ਰਚਾਰੀ ਜਾਂਦੀ ਸਰਕਾਰ ਨੇ ਸਿਨੇਮਾਘਰਾਂ ਵਿੱਚ ਰਿਲੀਜ਼ ਹੋਣ ਤੋਂ ਰੋਕ ਦਿੱਤਾ।
ਇਸ ਕਾਰਨ ਨਿਰਮਾਤਾਵਾਂ ਨੂੰ ਫ਼ਿਲਮ OTT ਪਲੇਟਫ਼ਾਰਮ ’ਤੇ ਜਾਰੀ ਕਰਨੀ ਪਈ, ਜਿੱਥੇ ਇਸਦੀ ਨਕਲ ਕਰਨਾ ਆਸਾਨ ਹੈ ਅਤੇ ਲਾਗਤ ਵਾਪਸ ਆਉਣ ਦੀ ਸੰਭਾਵਨਾ ਵੀ ਘੱਟ ਹੋ ਜਾਂਦੀ ਹੈ।

ਖਾਲੜਾ ਸਾਹਿਬ ਦੀ ਆਵਾਜ਼ ਨੂੰ 1995 ਵਿੱਚ ਕਾਂਗਰਸ ਸਰਕਾਰ ਦੌਰਾਨ ਚੁੱਪ ਕਰਾਇਆ ਗਿਆ ਸੀ, ਅਤੇ 2026 ਵਿੱਚ ਵੀ ਭਾਜਪਾ ਸਰਕਾਰ ਹੇਠ ਉਹੀ ਆਵਾਜ਼ ਅਜੇ ਤੱਕ ਪਰਦੇ ’ਤੇ ਆਉਣ ਦੀ ਇਜਾਜ਼ਤ ਨਹੀਂ ਮਿਲੀ।
ਕੀ ਬਦਲਿਆ? ਬੱਸ ਇਹੀ ਕਿ ਭਾਜਪਾ ‘ਚ ਵੀ ਹੁਣ ਪੱਗਾਂ ਬਹੁਤ ਹੋ ਗਈਆਂ ਤੇ ਕਾਂਗਰਸੀ ਪੱਗਾਂ ਵਾਂਗ ਇਹ ਸੰਘੀ ਪੱਗਾਂ ਵੀ ਪੱਗਾਂ ਵਾਲਿਆਂ ਨੂੰ ਪੱਕੇ ਘਸਿਆਰੇ ਬਣਾਉਣ ਲਈ ਯਤਨਸ਼ੀਲ ਹਨ।
ਇੱਕ ਸ਼ਾਂਤਮਈ ਮਨੁੱਖੀ ਅਧਿਕਾਰ ਕਾਰਕੁਨ ਤੇ ਰੌਸ਼ਨ ਦਿਮਾਗ ਸਿੱਖ ਦੀ ਜੀਵਨੀ ਨੂੰ ਅੱਜ ਵੀ ਭਾਰਤ ਵਿੱਚ ਦਿਖਾਉਣ ਦੀ ਇਜਾਜ਼ਤ ਨਹੀਂ। ਫਿਰ “ਆਜ਼ਾਦੀ” ਕਿਸਨੂੰ ਮਿਲੀ?
ਫਿਲਮ ਬਾਰੇ ਬਹੁਤ ਸਾਰੇ ਲੋਕ ਲਿਖ ਰਹੇ ਹਨ। ਤਾਰੀਫ ਕਰ ਰਹੇ ਹਨ। ਪਰ ਕੀ ਅਸੀਂ ਕਦੇ ਧੁਰ ਅੰਦਰੋਂ ਅਹਿਸਾਸ/ਮਹਿਸੂਸ ਕਰਾਂਗੇ ਕਿ ਖਾਲੜਾ ਸਾਹਿਬ ਤੇ ਉਨ੍ਹਾਂ ਵਲੋਂ ਲੱਭੇ 25,000 ਲਾਵਾਰਿਸਾਂ ਨੇ ਲਾਸ਼ ਬਣਨ ਤੋਂ ਪਹਿਲਾਂ ਕਿਹੋ ਜਿਹੇ ਸਰੀਰਕ ਤੇ ਮਾਨਸਿਕ ਤਸ਼ੱਦਦ ਝੱਲੇ ਹੋਣਗੇ? ਪਰਿਵਾਰਾਂ ਦੀਆਂ ਔਰਤਾਂ-ਬੱਚਿਆਂ ਨੇ ਕਿਹੋ ਜਿਹੇ ਜ਼ਲਾਲਤ ਭਰੇ ਦਿਨ ਹੰਢਾਏ ਹੋਣਗੇ? ਕਈ ਤਾਂ ਮੁੜਕੇ ਪੈਰਾਂ ਸਿਰ ਹੀ ਨਾ ਹੋ ਸਕੇ।
ਜੋ ਸਾਨੂੰ ਮਹਿਸੂਸ ਹੋਣਾ ਚਾਹੀਦਾ, ਉਹ ਹੋ ਕਿਓਂ ਨਹੀਂ ਰਿਹਾ?
ਅਜਿਹੇ ਵਿਸ਼ਿਆਂ ‘ਤੇ ਕਿਤਾਬਾਂ ਪੜ੍ਹਨੀਆਂ, ਫਿਲਮਾਂ ਦੇਖਣੀਆਂ ਬਹੁਤ ਚੰਗੀ ਗੱਲ ਹੈ ਪਰ ਅਹਿਸਾਸ ਕਿਓਂ ਗਾਇਬ ਹੈ? ਅਸੀਂ ਪੜ੍ਹ ਦੇਖ ਕੇ ਅੱਗੇ ਕਿਓਂ ਚਲੇ ਜਾਂਦੇ ਹਾਂ?
ਫਿਲਮ ਬਣਾਉਣ ਵਾਲਿਆਂ ਦਾ ਸ਼ੁਕਰਾਨਾ, ਹਲ਼ੂਣਾ ਦੇਣ ਵਾਸਤੇ, ਸ਼ਾਇਦ ਕੋਈ ਅਹਿਸਾਸ ਕਰ ਹੀ ਲਵੇ, ਜਾਗ ਹੀ ਪਵੇ।
ਵਰਨਾ ਬਹੁਤੇ ਤਾਂ ਸ਼ਿਕਾਰੀ ਦੇ ਜਾਲ ‘ਚ ਫਸੀਆਂ ਉਨ੍ਹਾਂ ਚਿੜੀਆਂ ਵਰਗੇ ਹਨ, ਜਿਨ੍ਹਾਂ ਨੂੰ ਉਨ੍ਹਾਂ ਦਾ ਬਜ਼ੁਰਗ ਮੁਹਾਰਨੀ ਰਟਾ ਗਿਆ ਸੀ ਕਿ ਆਪਣਾ ਬਚਾਅ ਕਰਨ, ਗੱਲ ਚੇਤੇ ਰੱਖਣ ਲਈ ਹਮੇਸ਼ਾ ਗਾਈ ਜਾਇਓ, “ਸ਼ਿਕਾਰੀ ਆਊਗਾ, ਜਾਲ ਵਿਛਾਊਗਾ, ਤੁਸੀਂ ਦਾਣੇ ਦੇਖ ਕੇ ਫਸਣਾ ਨਹੀਂ”। ਪਰ ਦਾਣੇ ਦੇਖ ਕੇ ਜਾਲ ਵਿੱਚ ਫਸੀਆਂ ਹੋਈਆਂ ਵੀ ਗਾਈ ਜਾਣ, “ਸ਼ਿਕਾਰੀ ਆਊਗਾ, ਜਾਲ ਵਿਛਾਊਗਾ, ਤੁਸੀਂ ਦਾਣੇ ਦੇਖ ਕੇ ਫਸਣਾ ਨਹੀਂ”।
ਮੋਦੀ ਤੇ ਅਮਿਤ ਸ਼ਾਹ ਨਾਲ ਬੈਠੇ ਫੂਲਕਾ ਸਾਹਿਬ ਵੀ ਤਾਂ ਇਹੀ ਗਾ ਰਹੇ ਹਨ, “ਸ਼ਿਕਾਰੀ ਆਊਗਾ, ਜਾਲ ਵਿਛਾਊਗਾ, ਤੁਸੀਂ ਦਾਣੇ ਦੇਖ ਕੇ ਫਸਣਾ ਨਹੀਂ”।
**ਜਾਂਦਿਆਂ-ਜਾਂਦਿਆਂ**
ਦਿਲਜੀਤ ਇੱਕ ਕਲਾਕਾਰ ਹੈ, ਉਸਨੇ ਨਾ ਖਾਲਿਸਤਾਨ ਲੈ ਕੇ ਦੇਣਾ ਤੇ ਨਾ ਸਿੱਖਾਂ ਨੇ ਉਸਤੋਂ ਲੈਣਾ। ਉਹਨੇ ਚਮਕੀਲਾ ਵੀ ਬਣਨਾ, ਖਾਲੜਾ ਸਾਹਿਬ ਵੀ ਤੇ ਕੱਲ੍ਹ ਨੂੰ ਹੋ ਸਕਦਾ ਕੇਪੀਐਸ ਗਿੱਲ ਵੀ ਬਣ ਜਾਵੇ ਜਾਂ ਬਾਬਾ ਮਾਨੋਚਾਹਲ ਵੀ। ਵਕਤ ਨਾਲ ਇਹੀ ਸਮਝ ਬਣੀ ਹੈ ਕਿ ਗਾਉਣ ਵਾਲਿਆਂ ਤੇ ਕਲਾਕਾਰਾਂ ਨੂੰ ਮਹਿਜ਼ ਮਨੋਰੰਜਨ ਕਰਨ ਵਾਲਿਆਂ ਵਜੋਂ ਦੇਖਿਆ ਸੁਣਿਆ ਕਰੀਏ। ਨਾ ਇਨ੍ਹਾਂ ਪਿੱਛੇ ਲੜਨ ਦੀ ਲੋੜ ਹੈ ਤੇ ਨਾ ਕਿਸੇ ਦੀ ਅੰਨ੍ਹੀ ਹਮਾਇਤ ਜਾਂ ਕਿਸੇ ਨੂੰ ਭੰਡਣ ਦੀ।
-ਗੁਰਪ੍ਰੀਤ ਸਿੰਘ ਸਹੋਤਾ | ਸਰੀ | ਚੜ੍ਹਦੀ ਕਲਾ
Punjab Spectrum
You must be logged in to post a comment.