Canada ਕੈਨੇਡਾ: ਟੋਰਾਂਟੋ ਦੇ ਨੌਰਥ ਯੌਰਕ ਦੇ ਸ਼ਾਪਿੰਗ ਕੰਪਲੈਕਸ ’ਚ ਵੱਡੀ ਘਟਨਾ, ਐਸਕੇਲੇਟਰ ਤੋਂ ਡਿੱਗਣ ਕਾਰਨ ਵਿਅਕਤੀ ਦੀ ਮੌਤ
ਹਾਦਸੇ ਦੇ ਕਾਰਨਾਂ ਦਾ ਪਤਾ ਲਾਉਣ ਲਈ ਜਾਂਚ ਜਾਰੀ
ਟੋਰਾਂਟੋ: ਟੋਰਾਂਟੋ ਦੇ ਨੌਰਥ ਯੌਰਕ ਇਲਾਕੇ ਵਿਚ ਸਥਿਤ ਇਕ ਸ਼ਾਪਿੰਗ ਕੰਪਲੈਕਸ ਦੇ ਐਸਕੇਲੇਟਰ ਭਾਵ ਚਲਦੀ ਪੌੜੀ ਤੋਂ ਡਿੱਗਣ ਕਾਰਨ ਇਕ ਵਿਅਕਤੀ ਦੀ ਮੌਤ ਹੋ ਗਈ ਹੈ। ਇਹ ਹਾਦਸਾ ਬੀਤੇ ਦਿਨੀਂ ਸ਼ਾਮ ਦੇ ਸਮੇਂ ਵਾਪਰਿਆ। ਘਟਨਾ ਨੌਰਥ ਯੌਰਕ ਵਿਚ ਯੰਗ ਸਟ੍ਰੀਟ ਅਤੇ ਐਂਪਰੈਸ ਐਵੇਨਿਊ ਨੇੜੇ ਸਥਿਤ ਰੀਓਕੈਨ ਐਂਪਰੈਸ ਵਾਕ ਪਲਾਜ਼ਾ ਵਿਚ ਵਾਪਰੀ। ਟੋਰਾਂਟੋ ਪੁਲਿਸ ਨੂੰ ਸ਼ਾਮ 5:00 ਵਜੇ ਤੋਂ ਬਾਅਦ ਐਸਕੇਲੇਟਰ ਨਾਲ ਸਬੰਧਤ ਹਾਦਸੇ ਦੀ ਇਤਲਾਹ ਮਿਲੀ ਸੀ। ਐਮਰਜੈਂਸੀ ਸੇਵਾਵਾਂ ਦੇ ਮੌਕੇ ‘ਤੇ ਪਹੁੰਚਣ ਤੋਂ ਬਾਅਦ, ਉਸ ਵਿਅਕਤੀ ਨੂੰ ਘਟਨਾ ਸਥਾਨ ‘ਤੇ ਹੀ ਮ੍ਰਿਤਕ ਐਲਾਨ ਦਿੱਤਾ ਗਿਆ।
ਹਾਦਸੇ ਤੋਂ ਤੁਰੰਤ ਬਾਅਦ ਸੁਰੱਖਿਆ ਦੇ ਮੱਦੇਨਜ਼ਰ ਪੂਰੇ ਸ਼ਾਪਿੰਗ ਪਲਾਜ਼ਾ ਨੂੰ ਖਾਲੀ ਕਰਵਾ ਲਿਆ ਗਿਆ ਤੇ ਅਗਲੇ ਆਦੇਸ਼ਾਂ ਤੱਕ ਬੰਦ ਕਰ ਦਿਤਾ ਗਿਆ। ਪੁਲਿਸ ਮੁਤਾਬਕ ਇਸ ਹਾਦਸੇ ਵਿਚ ਹੋਰ ਕੋਈ ਜ਼ਖਮੀ ਨਹੀਂ ਹੋਇਆ। ਟੋਰਾਂਟੋ ਪੁਲਿਸ ਦੇ ਬੁਲਾਰੇ ਮੁਤਾਬਕ, ਸ਼ੁਰੂਆਤੀ ਜਾਂਚ ਵਿਚ ਇਸ ਘਟਨਾ ਨੂੰ ਕਿਸੇ ਅਪਰਾਧਿਕ ਐਕਟ ਵਜੋਂ ਨਹੀਂ ਦੇਖਿਆ ਜਾ ਰਿਹਾ। ਓਂਟਾਰੀਓ ਦੇ ਲੈਬਰ ਮਿਨੀਸਟਰੀ ਨੂੰ ਇਸ ਬਾਰੇ ਸੂਚਿਤ ਕਰ ਦਿੱਤਾ ਗਿਆ ਹੈ ਅਤੇ ਉਹ ਮਾਮਲੇ ਦੀ ਜਾਂਚ ਕਰ ਰਹੇ ਹਨ।
ਪੁਲਿਸ ਨੇ ਸਪੱਸ਼ਟ ਕੀਤਾ ਹੈ ਕਿ ਮ੍ਰਿਤਕ ਵਿਅਕਤੀ ਐਸਕੇਲੇਟਰ ‘ਤੇ ਕੋਈ ਕੰਮ ਨਹੀਂ ਕਰ ਰਿਹਾ ਸੀ ਯਾਨੀ ਉਹ ਉੱਥੇ ਮੁਰੰਮਤ ਦਾ ਕੰਮ ਕਰਨ ਵਾਲਾ ਮਜ਼ਦੂਰ ਨਹੀਂ ਸੀ, ਪਰ ਇਹ ਮਾਮਲਾ ਉਨ੍ਹਾਂ ਦੇ ਅਧਿਕਾਰ ਖੇਤਰ ਵਿਚ ਆਉਣ ਕਰਕੇ ਲੇਬਰ ਮਿਨੀਸਟਰੀ ਹੀ ਇਸ ਦੀ ਜਾਂਚ ਕਰੇਗੀ। ਮਾਲ ਦਾ ਪ੍ਰਬੰਧਨ ਦੇਖਣ ਵਾਲੀ ਕੰਪਨੀ, ਰੀਓਕੈਨ ਨੇ ਇੱਕ ਬਿਆਨ ਜਾਰੀ ਕਰਕੇ ਕਿਹਾ ਹੈ ਕਿ ਉਹ ਹਾਦਸੇ ਦੇ ਅਸਲ ਕਾਰਨਾਂ ਦਾ ਪਤਾ ਲਗਾਉਣ ਲਈ ਪੁਲਿਸ ਅਤੇ ਜਾਂਚ ਟੀਮਾਂ ਨੂੰ ਪੂਰਾ ਸਹਿਯੋਗ ਦੇ ਰਹੇ ਹਨ। ਮ੍ਰਿਤਕ ਦੀ ਪਛਾਣ ਅਤੇ ਉਮਰ ਬਾਰੇ ਅਜੇ ਪੁਲਿਸ ਵਲੋਂ ਕੋਈ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ ਹੈ।
Punjab Spectrum