Breaking News

Punjab News: ਨੌਜਵਾਨਾਂ ਵੱਲੋਂ ਬੱਸ ’ਚ ਨਸ਼ਾ ਕਰਨ ਦੀ ਵਾਇਰਲ ਵੀਡੀਓ ਕਾਰਨ ਪੁਲੀਸ ਕਾਰਗੁਜ਼ਾਰੀ ਸਵਾਲਾਂ ਦੇ ਘੇਰੇ ’ਚ

Punjab News: ਨੌਜਵਾਨਾਂ ਵੱਲੋਂ ਬੱਸ ’ਚ ਨਸ਼ਾ ਕਰਨ ਦੀ ਵਾਇਰਲ ਵੀਡੀਓ ਕਾਰਨ ਪੁਲੀਸ ਕਾਰਗੁਜ਼ਾਰੀ ਸਵਾਲਾਂ ਦੇ ਘੇਰੇ ’ਚ

ਸੁਲਤਾਨਪੁਰ ਲੋਧੀ ’ਚ ਇੱਕ ਯਾਤਰੀ ਬੱਸ ਅੰਦਰ ਇੱਕ ਔਰਤ ਤੇ ਦੋ ਨੌਜਵਾਨਾਂ ਵੱਲੋਂ ਕਥਿਤ ਤੌਰ ‘ਤੇ ਨਸ਼ਾ ਕਰਨ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।

ਸੁਲਤਾਨਪੁਰ ਲੋਧੀ ’ਚ ਇੱਕ ਯਾਤਰੀ ਬੱਸ ਅੰਦਰ ਇੱਕ ਔਰਤ ਤੇ ਦੋ ਨੌਜਵਾਨਾਂ ਵੱਲੋਂ ਕਥਿਤ ਤੌਰ ‘ਤੇ ਨਸ਼ਾ ਕਰਨ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਇਸ ਵੀਡੀਓ ਨੇ ਸਰਕਾਰ ਦੀ “ਯੁੱਧ ਨਸ਼ਿਆਂ ਵਿਰੁੱਧ” ਮੁਹਿੰਮ ਤੇ ਪੁਲੀਸ ਦੀ ਕਾਰਗੁਜ਼ਾਰੀ ‘ਤੇ ਗੰਭੀਰ ਸਵਾਲ ਖੜ੍ਹੇ ਕਰ ਦਿੱਤੇ ਹਨ।

ਵਾਇਰਲ ਵੀਡੀਓ ‘ਚ ਬੱਸ ਦੇ ਅੰਦਰ ਖੁੱਲ੍ਹੇਆਮ ਨਸ਼ਾ ਕਰਦੇ ਨਜ਼ਰ ਆ ਰਹੇ ਲੋਕਾਂ ਨੇ ਜ਼ਮੀਨੀ ਹਕੀਕਤ ਦੀ ਪੋਲ ਖੋਲ੍ਹ ਦਿੱਤੀ ਹੈ। ਹਾਲਾਂਕਿ ਵੀਡੀਓ ਦੀ ਅਧਿਕਾਰਿਕ ਪੁਸ਼ਟੀ ਹੋਣੀ ਅਜੇ ਬਾਕੀ ਹੈ, ਪਰ ਇਲਾਕੇ ‘ਚ ਚਰਚਾ ਦਾ ਮਾਹੌਲ ਗਰਮ ਹੈ।

ਲੋਕਾਂ ਦਾ ਕਹਿਣਾ ਹੈ ਕਿ ਜਦੋਂ ਜਨਤਕ ਆਵਾਜਾਈ ’ਚ ਵੀ ਨਸ਼ਾ ਹੋ ਰਿਹਾ ਹੈ ਤਾਂ ਨਸ਼ਾ-ਮੁਕਤ ਪੰਜਾਬ ਦੇ ਦਾਅਵਿਆਂ ਦੀ ਅਸਲੀਅਤ ਕੀ ਹੈ? ਇੱਕ ਪਾਸੇ ਸਰਕਾਰ ਨਸ਼ਿਆਂ ਨੂੰ ਜੜ੍ਹੋਂ ਖਤਮ ਕਰਨ ਦੇ ਵਾਅਦੇ ਕਰ ਰਹੀ ਹੈ, ਦੂਜੇ ਪਾਸੇ ਅਜਿਹੀਆਂ ਤਸਵੀਰਾਂ ਸਾਰੇ ਯਤਨਾਂ ‘ਤੇ ਸਵਾਲੀਆ ਨਿਸ਼ਾਨ ਲਾ ਰਹੀਆਂ ਹਨ।

ਸਥਾਨਕ ਲੋਕਾਂ ਨੇ ਪੁਲੀਸ ਦੀ ਨਿਗਰਾਨੀ ਪ੍ਰਣਾਲੀ ‘ਤੇ ਵੀ ਸਵਾਲ ਚੁੱਕੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਸਿਰਫ਼ ਛਾਪੇਮਾਰੀਆਂ ਤੇ ਅੰਕੜਿਆਂ ਨਾਲ ਨਸ਼ਿਆਂ ਦਾ ਹੱਲ ਨਹੀਂ ਹੋ ਸਕਦਾ।

ਫਿਲਹਾਲ ਵੀਡੀਓ ਦੀ ਸੱਚਾਈ ਦੀ ਜਾਂਚ ਬਾਕੀ ਹੈ, ਪਰ ਇਸ ਨੇ ਨਸ਼ਿਆਂ ਦੇ ਮੁੱਦੇ ਨੂੰ ਫਿਰ ਤੋਂ ਚਰਚਾ ‘ਚ ਲਿਆ ਦਿੱਤਾ ਹੈ। ਲੋਕਾਂ ਦੀਆਂ ਨਜ਼ਰਾਂ ਪ੍ਰਸ਼ਾਸਨ ਦੀ ਕਾਰਵਾਈ ‘ਤੇ ਟਿਕੀਆਂ ਹਨ।

ਉਹ ਮੰਗ ਕਰ ਰਹੇ ਹਨ ਕਿ ਨਿਰਪੱਖ ਜਾਂਚ ਕਰਕੇ ਸੱਚਾਈ ਸਾਹਮਣੇ ਲਿਆਂਦੀ ਜਾਵੇ ਤੇ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਹੋਵੇ। ਇਸ ਸਬੰਧੀ ਜਦੋਂ ਏਐੱਸਪੀ ਸੁਲਤਾਨਪੁਰ ਲੋਧੀ ਧੀਰੇਂਦਰ ਵਰਮਾ (ਆਈਪੀਐਸ) ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਨ੍ਹਾਂ ਵੱਲੋਂ ਫੋਨ ਨਹੀਂ ਚੁੱਕਿਆ ਗਿਆ।