Pathankot Teen Dies in US: ਅਮਰੀਕਾ ਘੁੰਮਣ ਗਏ ਪਠਾਨਕੋਟ ਦੇ 18 ਸਾਲਾ Romanch Mahajan ਦੀ ਘੋੜਾ ਗੱਡੀ ਪਲਟਣ ਕਾਰਨ ਮੌਤ
ਪਰਿਵਾਰ ਨਾਲ ਘੁੰਮਣ ਗਿਆ ਸੀ ਰੋਮਾਂਚ; ਮੋਬਾਈਲ ਫੋਟੋ ਕਰਵਾਉਂਦਿਆਂ ਫਲੈਸ਼ ਵੱਜਣ ਕਾਰਨ ਘੋੜਾ ਤ੍ਰਬਕਿਆ; ਹੋਰ ਵਾਹਨ ਨਾਲ ਟਕਰਾਉਣ ਤੋਂ ਬਾਅਦ ਪਲਟੀ ਬੱਗੀ
ਅਮਰੀਕਾ ਵਿੱਚ ਪਠਾਨਕੋਟ ਦੇ ਘੁੰਮਣ ਗਏ ਇੱਕ ਪਰਿਵਾਰ ਦਾ 18 ਸਾਲ ਦਾ ਨੌਜਵਾਨ ਘੋੜਾ ਗੱਡੀ ਬੱਗੀ ਵਿਚੋਂ ਡਿੱਗ ਗਿਆ ਜਿਸ ਕਾਰਨ ਉਸ ਦੀ ਮੌਤ ਹੋ ਗਈ। ਮ੍ਰਿਤਕ ਦਾ ਨਾਂ ਰੋਮਾਂਚ ਮਹਾਜਨ ਉਰਫ ਰਕਿਤ ਵਾਸੀ ਇੰਦਰਾ ਕਲੋਨੀ, ਪਠਾਨਕੋਟ ਦੱਸਿਆ ਜਾ ਰਿਹਾ ਹੈ।
ਇਹ ਘਟਨਾ ਨਿਊਯਾਰਕ ਸ਼ਹਿਰ ਦੇ ਸੈਂਟਰਲ ਪਾਰਕ ਵਿੱਚ ਵਾਪਰੀ। ਉਕਤ ਨੌਜਵਾਨ ਆਪਣੇ ਪਰਿਵਾਰ ਨਾਲ ਪਹਿਲੀ ਵਾਰ ਚਾਰ ਦਿਨ ਪਹਿਲਾਂ ਹੀ ਨਿਊਯਾਰਕ ਘੁੰਮਣ ਗਿਆ ਸੀ ਅਤੇ ਉੱਥੇ ਇੱਕ ਘੋੜਾ ਗੱਡੀ ਦੀ ਸਵਾਰੀ ਕਰਨ ਲੱਗੇ ਤਾਂ ਅਚਾਨਕ ਘੋੜਾ ਗੱਡੀ ਬੇਕਾਬੂ ਹੋ ਕੇ ਦੌੜ ਪਈ ਜਿਸ ਨਾਲ ਬੱਗੀ ਪਲਟ ਗਈ ਅਤੇ ਉਕਤ ਨੌਜਵਾਨ ਘੋੜਾ ਗੱਡੀ ਦੇ ਹੇਠਾਂ ਆ ਗਿਆ ਤੇ ਉਸ ਦੇ ਸਿਰ ਵਿੱਚ ਗੰਭੀਰ ਸੱਟਾਂ ਵੱਜੀਆਂ ਤੇ ਉਸ ਦੀ ਮੌਕੇ ’ਤੇ ਮੌਤ ਹੋ ਗਈ। ਹਾਦਸਾ ਵਾਪਰਦੇ ਸਾਰ ਹੀ ਮਾਪਿਆਂ ਦੀ ਖੁਸ਼ੀ ਗਮ ਵਿੱਚ ਬਦਲ ਗਈ ਅਤੇ ਉਹ ਉਸ ਨੂੰ ਤੁਰੰਤ ਹਸਪਤਾਲ ਵਿੱਚ ਲੈ ਕੇ ਗਏ ਪਰ ਉਸ ਦੀ ਮੌਤ ਪਹਿਲਾਂ ਹੀ ਹੋ ਚੁੱਕੀ ਸੀ।
ਜਾਣਕਾਰੀ ਅਨੁਸਾਰ ਨੌਜਵਾਨ ਰੋਮਾਂਚ ਮਹਾਜਨ ਆਪਣੇ ਪਿਤਾ ਦੀਪਕ ਮਹਾਜਨ ਮਹਾਪਰੀਆ ਮਹਾਜਨ ਤੇ ਛੋਟੇ ਭਰਾ ਮਾਣਕ ਨਾਲ ਘੋੜਾ ਗੱਡੀ ਵਿੱਚ ਬੈਠ ਕੇ ਸੈਂਟਰਲ ਪਾਰਕ ਦੀ ਸੈਰ ਕਰਨ ਲੱਗੇ ਤਾਂ ਉਨ੍ਹਾਂ ਨੇ ਘੋੜਾ ਗੱਡੀ ਦੇ ਚਾਲਕ ਨੂੰ ਮੋਬਾਈਲ ਫੜਾ ਕੇ ਫੋਟੋ ਖਿੱਚਣ ਲਈ ਕਿਹਾ। ਫੋਟੋ ਖਿੱਚਦੇ ਸਮੇਂ ਕਿਧਰੇ ਕੈਮਰੇ ਦੀ ਫਲੈਸ਼ ਘੋੜੇ ਦੀਆਂ ਅੱਖਾਂ ਵਿੱਚ ਵੱਜੀ ਤਾਂ ਘੋੜਾ ਤ੍ਰਬਕ ਗਿਆ ਅਤੇ ਉਹ ਅੱਗੇ ਨੂੰ ਦੌੜ ਪਿਆ ਜਿਸ ’ਤੇ ਬੱਗੀ ਵਿੱਚ ਸਵਾਰ ਉਸ ਦੀ ਮਾਂ ਡਿੱਗ ਪਈ।
ਆਪਣੀ ਮਾਂ ਨੂੰ ਬਚਾਉਣ ਦੇ ਚੱਕਰ ਵਿੱਚ ਰੋਮਾਂਚ ਮਹਾਜਨ ਵੀ ਉਤਰ ਕੇ ਘੋੜਾ ਗੱਡੀ ਦੇ ਪਿੱਛੇ ਦੌੜਿਆ। ਇੰਨੇ ਨੂੰ ਘੋੜਾ ਗੱਡੀ ਅੱਗੇ ਹੋਰ ਖੜ੍ਹੀ ਗੱਡੀ ਵਿੱਚ ਜਾ ਕੇ ਟਕਰਾ ਗਈ ਤੇ ਤੇ ਪਲਟ ਗਈ। ਇਸ ਬੱਗੀ ਦੇ ਹੇਠਾਂ ਰੋਮਾਂਚ ਮਹਾਜਨ ਆ ਗਿਆ ਤੇ ਮਾਰਿਆ ਗਿਆ। ਰੋਮਾਂਚ ਮਹਾਜਨ ਪਲੱਸ ਟੂ ਪਾਸ ਸੀ ਅਤੇ ਉਸ ਦਾ ਜੈਪੁਰ ਵਿੱਚ ਦਾਖਲਾ ਹੋਇਆ ਸੀ ਉੱਥੇ ਜਾਣ ਤੋਂ ਪਹਿਲਾਂ ਉਹ ਆਪਣੇ ਪਰਿਵਾਰ ਨਾਲ ਨਿਊਯਾਰਕ ਵਿੱਚ ਆਪਣੀ ਭੂਆ ਨੂੰ ਮਿਲਣ ਗਿਆ ਹੋਇਆ ਸੀ।
ਰੋਮਾਂਚ ਦਾ ਪਿਤਾ ਦੀਪਕ ਮਹਾਜਨ ਪਠਾਨਕੋਟ ਵਿੱਚ ਇੱਕ ਟਰੈਵਲ ਏਜੰਸੀ ਚਲਾਉਂਦਾ ਹੈ ਅਤੇ ਉਹ ਸ਼ਹਿਰ ਵਿੱਚ ਹੋਟਲ, ਜਿਊਲਰ ਦੇ ਕਾਰੋਬਾਰ ਨਾਲ ਵੀ ਜੁੜੇ ਹੋਏ ਹਨ। ਰੋਮਾਂਚ ਦੀ ਮੌਤ ਦੀ ਘਟਨਾ ਵਾਪਰਨ ਨਾਲ ਪਠਾਨਕੋਟ ਵਿੱਚ ਸੋਗ ਦੀ ਲਹਿਰ ਛਾ ਗਈ ਹੈ। ਮ੍ਰਿਤਕ ਦੇ ਦਾਦਾ ਰਮੇਸ਼ ਅਨੁਸਾਰ ਰੋਮਾਂਚ ਦੀ ਮ੍ਰਿਤਕ ਦੇਹ ਲੈ ਕੇ ਪਰਿਵਾਰ ਐਤਵਾਰ ਸ਼ਾਮ ਤੱਕ ਪੁੱਜ ਜਾਵੇਗਾ ਜਿਸ ਦਾ ਸੋਮਵਾਰ ਨੂੰ ਅੰਤਿਮ ਸੰਸਕਾਰ ਕੀਤਾ ਜਾਵੇਗਾ।
Punjab Spectrum