Raja Warring -‘ਨਾ-ਮੁਆਫ਼ੀਯੋਗ ਗਲਤੀ ਨੂੰ ਬਚਾਉਣ ਦੀ ਕੋਸ਼ਿਸ਼’: ਵੜਿੰਗ ਵੱਲੋਂ ਮੁੱਖ ਮੰਤਰੀ ਦੇ ਹੱਕ ’ਚ ‘ਆਪ’ ਦੀ ਦਲੀਲਬਾਜ਼ੀ ’ਤੇ ਤਨਜ਼
ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਅੱਜ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ‘ਗੁਰੂ ਦੋਖੀ’ ਅਤੇ ‘ਪੰਥ ਵਿਰੋਧੀ’ ਕਰਾਰ ਦਿੱਤੇ ਜਾਣ ਤੋਂ ਬਾਅਦ, ਆਮ ਆਦਮੀ ਪਾਰਟੀ (ਆਪ) ਵੱਲੋਂ ਕੀਤੇ ਜਾ ਰਹੇ ਬਚਾਅ ਨੂੰ ‘ਲੰਗੜੀ ਦਲੀਲਬਾਜ਼ੀ’ ਦੱਸਦਿਆਂ ਤਿੱਖਾ ਨਿਸ਼ਾਨਾ ਸਾਧਿਆ ਹੈ। ਮੁੱਖ ਮੰਤਰੀ ਭਗਵੰਤ ਮਾਨ ਅਤੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਅਗਿਆਤ ਲੈਬਾਰਟਰੀਆਂ ਦੀਆਂ ਕਥਿਤ ਰਿਪੋਰਟਾਂ ਦਾ ਹਵਾਲਾ ਦੇ ਕੇ ਵੀਡੀਓ ਨੂੰ ਫ਼ਰਜ਼ੀ ਦੱਸਣ ਦੇ ਦਾਅਵਿਆਂ ’ਤੇ ਪ੍ਰਤੀਕਿਰਿਆ ਦਿੰਦਿਆਂ ਵੜਿੰਗ ਨੇ ਕਿਹਾ, ‘‘ਆਮ ਆਦਮੀ ਪਾਰਟੀ ਇੱਕ ਅਜਿਹੀ ਗਲਤੀ ਦਾ ਬਚਾਅ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਜੋ ਮਾਫ਼ੀ ਦੇ ਯੋਗ ਨਹੀਂ ਹੈ (defending the indefensible) ਅਤੇ ਇਸ ਚੱਕਰ ਵਿੱਚ ਉਹ ਇੱਕ ਤੋਂ ਬਾਅਦ ਇੱਕ ਝੂਠ ਬੋਲ ਰਹੀ ਹੈ।’’

‘ਝੂਠ ਬੋਲਣ ਲੱਗਿਆਂ ਵੀ ਥੋੜ੍ਹਾ ਸਬਰ ਰੱਖਦੇ’
ਪੰਜਾਬ ਕਾਂਗਰਸ ਦੇ ਪ੍ਰਧਾਨ ਨੇ ਹੈਰਾਨੀ ਪ੍ਰਗਟ ਕਰਦਿਆਂ ਸਵਾਲ ਕੀਤਾ ਕਿ ‘ਆਪ’ ਸਰਕਾਰ ਨੇ ਮਹਿਜ਼ 24 ਘੰਟਿਆਂ ਦੇ ਅੰਦਰ-ਅੰਦਰ ਦੋ ਵੱਖ-ਵੱਖ ਲੈਬਾਰਟਰੀਆਂ ਤੋਂ ਰਿਪੋਰਟਾਂ ਮੰਗਵਾ ਕੇ ਮੁੱਖ ਮੰਤਰੀ ਨੂੰ ‘ਕਲੀਨ ਚਿੱਟ’ ਕਿਵੇਂ ਦੇ ਦਿੱਤੀ? ‘ਆਪ’ ਆਗੂਆਂ ’ਤੇ ਤਨਜ਼ ਕਸਦਿਆਂ ਵੜਿੰਗ ਨੇ ਆਖਿਆ, ‘‘ਜੇਕਰ ਤੁਸੀਂ ਝੂਠ ਬੋਲਣਾ ਹੀ ਸੀ, ਤਾਂ ਘੱਟੋ-ਘੱਟ ਸਹੀ ਤਰੀਕੇ ਨਾਲ ਬੋਲਦੇ ਅਤੇ ਕੁਝ ਸਮਾਂ ਉਡੀਕ ਕਰ ਲੈਂਦੇ। ਮੈਨੂੰ ਇਹ ਦੱਸੋ ਕਿ 24 ਘੰਟਿਆਂ ਦੇ ਅੰਦਰ ਤਿਆਰ ਕੀਤੀ ਗਈ ਇਸ ‘ਕਲੀਨ ਚਿੱਟ’ ਰਿਪੋਰਟ ਉੱਤੇ ਕੌਣ ਵਿਸ਼ਵਾਸ ਕਰੇਗਾ?’’
ਆਪਣੇ ਹੀ ਪੁਰਾਣੇ ਬਿਆਨਾਂ ਦੇ ਉਲਟ ਚੱਲ ਰਹੀ ਹੈ ‘ਆਪ’
ਰਾਜਾ ਵੜਿੰਗ ਨੇ ਕਿਹਾ ਕਿ ‘ਆਪ’ ਦਾ ਬਚਾਅ ਪੱਖ ਬਹੁਤ ਕਮਜ਼ੋਰ ਹੈ ਅਤੇ ਪਾਰਟੀ ਆਪਣੇ ਹੀ ਪੁਰਾਣੇ ਸਟੈਂਡ ਦਾ ਵਿਰੋਧ ਕਰ ਰਹੀ ਹੈ। ਉਨ੍ਹਾਂ ਯਾਦ ਕਰਵਾਇਆ ਕਿ ਜਦੋਂ ਕੁਝ ਮਹੀਨੇ ਪਹਿਲਾਂ ਮੁੱਖ ਮੰਤਰੀ ਮਾਨ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਨਮੁਖ ਪੇਸ਼ ਹੋਏ ਸਨ, ਤਾਂ ਉਨ੍ਹਾਂ ਨੇ ਵੀਡੀਓਜ਼ ਨੂੰ ਸਿੱਧੇ ਤੌਰ ’ਤੇ ਨਕਾਰਦਿਆਂ ਕਿਹਾ ਸੀ ਕਿ ਇਹ ਆਰਟੀਫੀਸ਼ੀਅਲ ਇੰਟੈਲੀਜੈਂਸ (AI) ਰਾਹੀਂ ਤਿਆਰ ਕੀਤੀਆਂ ਗਈਆਂ ਹਨ।

ਮਹੀਨਿਆਂ ਤੱਕ ਕਾਰਵਾਈ ਕਿਉਂ ਨਹੀਂ ਕੀਤੀ?
ਵੜਿੰਗ ਨੇ ‘ਆਪ’ ਨੂੰ ਘੇਰਦਿਆਂ ਸਵਾਲ ਕੀਤਾ ਕਿ ਜਦੋਂ ਇਹ ਵੀਡੀਓਜ਼ ਪਿਛਲੇ ਕਈ ਮਹੀਨਿਆਂ ਤੋਂ ਪਬਲਿਕ ਡੋਮੇਨ (ਸੋਸ਼ਲ ਮੀਡੀਆ) ਵਿੱਚ ਘੁੰਮ ਰਹੀਆਂ ਸਨ, ਤਾਂ ਸਰਕਾਰ ਨੇ ਇੰਨੇ ਮਹੀਨੇ ਕੋਈ ਕਾਰਵਾਈ ਕਿਉਂ ਨਹੀਂ ਕੀਤੀ? ਉਨ੍ਹਾਂ ਪੁੱਛਿਆ, ‘‘ਹੁਣੇ ਹੀ, ਇੰਨੀ ਜਲਦੀ ਅਤੇ ਇੰਨੀ ਤੇਜ਼ੀ ਨਾਲ ਇਹ ਕਦਮ ਕਿਉਂ ਚੁੱਕਿਆ ਗਿਆ?’’ ਉਨ੍ਹਾਂ ਮੁਤਾਬਕ ‘ਆਪ’ ਦੇ ਅੱਜ ਦੇ ਸਪੱਸ਼ਟੀਕਰਨ ਨੇ ਜਵਾਬ ਦੇਣ ਦੀ ਬਜਾਏ ਹੋਰ ਸਵਾਲ ਖੜ੍ਹੇ ਕਰ ਦਿੱਤੇ ਹਨ ਅਤੇ ਜਨਤਾ ਵਿੱਚ ਇਹ ਪ੍ਰਭਾਵ ਪੱਕਾ ਕਰ ਦਿੱਤਾ ਹੈ ਕਿ ਇਹ ਪਾਰਟੀ ਲਗਾਤਾਰ ਝੂਠ ਬੋਲਣ ਵਾਲਿਆਂ ਦੀ ਜਮਾਤ ਹੈ।
ਉਨ੍ਹਾਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਸਲਾਹ ਦਿੱਤੀ ਕਿ ਉਹ ਸਿੱਖਾਂ ਦੀ ਸਰਵਉੱਚ ਧਾਰਮਿਕ ਸੰਸਥਾ ਸ੍ਰੀ ਅਕਾਲ ਤਖ਼ਤ ਸਾਹਿਬ ਨਾਲ ਅਜਿਹੇ ਸਿੱਧੇ ਟਕਰਾਅ ਤੋਂ ਬਚਣ। ਵੜਿੰਗ ਨੇ ਚਿਤਾਵਨੀ ਭਰੇ ਲਹਿਜੇ ਵਿੱਚ ਕਿਹਾ, ‘‘ਜਿਸ ਤਰੀਕੇ ਨਾਲ ਤੁਸੀਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਹਮਣੇ ਅੜੀਅਲ ਰੁਖ਼ ਅਖਤਿਆਰ ਕਰ ਰਹੇ ਹੋ, ਇਤਿਹਾਸ ਤੁਹਾਨੂੰ ਕਦੇ ਮੁਆਫ਼ ਨਹੀਂ ਕਰੇਗਾ।’’
Punjab Spectrum
You must be logged in to post a comment.