Punjab – ਰਿਟਾਇਰਡ ਪੁਲਸ ਇੰਸਪੈਕਟਰ ਨੇ ਨੂੰਹ ਤੋਂ ਤੰਗ ਆ ਚੁਕਿਆ ਖੌਫਨਾਕ ਕਦਮ, 4 ਸਫਿਆਂ ਦਾ ਲਿਖਿਆ ਸੁਸਾਈਡ ਨੋਟ
ਸੇਵਾ ਮੁਕਤ ਇੰਸਪੈਕਟਰ ਹਰਭਜਨ ਸਿੰਘ ਨੇ ਜ਼ਹਿਰੀਲੀ ਚੀਜ਼ ਖਾ ਕੇ ਜੀਵਨ ਲੀਲਾ ਕੀਤੀ ਖ਼ਤਮ
NRI ਨੂੰਹ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਤੋਂ ਪ੍ਰੇਸ਼ਾਨ ਹੋ ਕੇ ਕੀਤੀ ਖੁਦਕੁਸ਼ੀ : ਮ੍ਰਿਤਕ ਦੀ ਪਤਨੀ
ਜਲੰਧਰ : ਜਲੰਧਰ ਦੇ ਸ਼ਾਹਕੋਟ ਨੇੜਲੇ ਪਿੰਡ ਕਨੀਆਂ ਕਲਾਂ ਵਿੱਚ ਪੰਜਾਬ ਪੁਲਿਸ ਦੇ ਇੱਕ ਸੇਵਾਮੁਕਤ ਇੰਸਪੈਕਟਰ ਵੱਲੋਂ ਕਥਿਤ ਤੌਰ ‘ਤੇ ਮਾਨਸਿਕ ਤਣਾਅ ਕਾਰਨ ਜ਼ਹਿਰੀਲੀ ਚੀਜ਼ ਨਿਗਲ ਕੇ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਘਟਨਾ ਦੇ ਸਬੰਧ ਵਿੱਚ ਮਾਡਲ ਥਾਣਾ ਸ਼ਾਹਕੋਟ ਦੀ ਪੁਲਿਸ ਨੂੰ ਦਿੱਤੇ ਬਿਆਨਾਂ ਵਿੱਚ ਮ੍ਰਿਤਕ ਦੀ ਪਤਨੀ ਕੁਲਵੰਤ ਕੌਰ ਨੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਕੁਲਵੰਤ ਕੌਰ ਅਨੁਸਾਰ ਉਨ੍ਹਾਂ ਦੇ ਪਤੀ ਹਰਭਜਨ ਸਿੰਘ ਪੰਜਾਬ ਪੁਲਿਸ ਤੋਂ ਸੇਵਾਮੁਕਤ ਹੋਣ ਤੋਂ ਬਾਅਦ ਖੇਤੀਬਾੜੀ ਕਰ ਰਹੇ ਸਨ । ਮ੍ਰਿਤਕ ਦੇ 3 ਬੱਚੇ ਹਨ, ਜਿਨ੍ਹਾਂ ਵਿੱਚ 2 ਧੀਆਂ ਅਤੇ 1 ਪੁੱਤਰ ਸ਼ਾਮਲ ਹੈ ਅਤੇ ਤਿੰਨੋਂ ਬੱਚੇ ਵਿਆਹੇ ਹੋਏ ਹਨ ਅਤੇ ਨਿਊਜ਼ੀਲੈਂਡ ਵਿੱਚ ਰਹਿੰਦੇ ਹਨ।
ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਪੁੱਤਰ ਅਮਰਪ੍ਰੀਤ ਸਿੰਘ ਦਾ ਵਿਆਹ 5 ਮਈ 2025 ਨੂੰ ਨਵਦੀਪ ਕੌਰ (ਨਿਵਾਸੀ ਪਿੰਡ ਪਨਿਆਰ, ਗੁਰਦਾਸਪੁਰ) ਨਾਲ ਹੋਇਆ ਸੀ। ਵਿਆਹ ਦੇ ਕਰੀਬ 18 ਦਿਨਾਂ ਬਾਅਦ ਹੀ ਅਮਰਪ੍ਰੀਤ ਸਿੰਘ ਅਤੇ ਨਵਦੀਪ ਕੌਰ ਨਿਊਜ਼ੀਲੈਂਡ ਚਲੇ ਗਏ। ਉੱਥੇ ਪਹੁੰਚਣ ਤੋਂ ਬਾਅਦ ਪਤੀ-ਪਤਨੀ ਵਿਚਾਲੇ ਅਣਬਣ ਸ਼ੁਰੂ ਹੋ ਗਈ। ਵਿਵਾਦ ਵਧਣ ‘ਤੇ ਅਮਰਪ੍ਰੀਤ ਸਿੰਘ ਨੇ ਨਿਊਜ਼ੀਲੈਂਡ ਦੀ ਅਦਾਲਤ ਵਿੱਚ ਤਲਾਕ ਦਾ ਕੇਸ ਦਾਇਰ ਕਰ ਦਿੱਤਾ, ਜੋ ਫਿਲਹਾਲ ਵਿਚਾਰ ਅਧੀਨ ਹੈ।
ਕੁਲਵੰਤ ਕੌਰ ਨੇ ਦੋਸ਼ ਲਗਾਇਆ ਕਿ ਉਨ੍ਹਾਂ ਦੀ ਨੂੰਹ ਨਵਦੀਪ ਕੌਰ ਨੇ ਆਪਣੇ ਪਿਤਾ ਰਛਪਾਲ ਸਿੰਘ ਰਾਹੀਂ ਉਨ੍ਹਾਂ ਦੇ ਪਰਿਵਾਰ ਨੂੰ ਤੰਗ-ਪਰੇਸ਼ਾਨ ਕਰਨ ਦੀ ਨੀਅਤ ਨਾਲ, ਉਨ੍ਹਾਂ ਦੇ ਪਤੀ ਹਰਭਜਨ ਸਿੰਘ, ਪੁੱਤਰ ਅਮਰਪ੍ਰੀਤ ਸਿੰਘ, ਧੀਆਂ ਸਿਮਰਨਪ੍ਰੀਤ ਕੌਰ ਤੇ ਅਰਵਿੰਦਰ ਕੌਰ, ਅਤੇ ਜਵਾਈ ਗੁਰਵੰਤ ਸਿੰਘ ਖ਼ਿਲਾਫ਼ ਥਾਣਾ ਸਿਟੀ ਬਟਾਲਾ (ਜ਼ਿਲ੍ਹਾ ਗੁਰਦਾਸਪੁਰ) ਵਿੱਚ ਮੁਕੱਦਮਾ ਦਰਜ ਕਰਵਾ ਦਿੱਤਾ। ਉਨ੍ਹਾਂ ਕਿਹਾ ਕਿ ਇਸ ਮਾਮਲੇ ਦੇ ਦਰਜ ਹੋਣ ਤੋਂ ਬਾਅਦ ਹੀ ਹਰਭਜਨ ਸਿੰਘ ਗੰਭੀਰ ਮਾਨਸਿਕ ਤਣਾਅ ਵਿੱਚ ਰਹਿਣ ਲੱਗੇ ਸਨ।
ਕੁਲਵੰਤ ਕੌਰ ਅਨੁਸਾਰ ਲੜਕੀ ਦੇ ਪਰਿਵਾਰ ਵਾਲੇ ਲਗਾਤਾਰ ਉਨ੍ਹਾਂ ਦੇ ਪਰਿਵਾਰ ‘ਤੇ ਦਬਾਅ ਪਾਉਂਦੇ ਰਹੇ ਅਤੇ ਧਮਕੀਆਂ ਦਿੰਦੇ ਰਹੇ। ਉਨ੍ਹਾਂ ਦੱਸਿਆ ਕਿ ਉਹ ਅਤੇ ਉਨ੍ਹਾਂ ਦੇ ਪਤੀ 10 ਜੂਨ 2026 ਨੂੰ ਨਿਊਜ਼ੀਲੈਂਡ ਤੋਂ ਭਾਰਤ ਪਰਤੇ ਸਨ, ਪਰ ਵਾਪਸੀ ਤੋਂ ਬਾਅਦ ਵੀ ਹਰਭਜਨ ਸਿੰਘ ਦੀ ਮਾਨਸਿਕ ਸਥਿਤੀ ਤਣਾਅਪੂਰਨ ਬਣੀ ਰਹੀ। ਉਨ੍ਹਾਂ ਦੋਸ਼ ਲਾਇਆ ਕਿ ਨੂੰਹ ਦੇ ਪਰਿਵਾਰ ਵਾਲੇ ਲਗਾਤਾਰ ਉਨ੍ਹਾਂ ਨੂੰ ਧਮਕਾ ਰਹੇ ਸਨ। ਇਨ੍ਹਾਂ ਹੀ ਹਾਲਾਤਾਂ ਤੋਂ ਪ੍ਰੇਸ਼ਾਨ ਹੋ ਕੇ ਹਰਭਜਨ ਸਿੰਘ ਨੇ ਕੋਈ ਜ਼ਹਿਰੀਲੀ ਚੀਜ਼ ਨਿਗਲ ਲਈ। ਪਰਿਵਾਰਕ ਮੈਂਬਰਾਂ ਨੇ ਉਨ੍ਹਾਂ ਨੂੰ ਤੁਰੰਤ ਫੋਰਟਿਸ ਹਸਪਤਾਲ ਜਲੰਧਰ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ। ਕੁਲਵੰਤ ਕੌਰ ਨੇ ਦੱਸਿਆ ਕਿ ਜੀਵਨ ਲੀਲਾ ਸਮਾਪਤ ਕਰਨ ਤੋਂ ਪਹਿਲਾਂ ਹਰਭਜਨ ਸਿੰਘ ਨੇ ਇੱਕ ਸੁਸਾਈਡ ਨੋਟ ਵੀ ਲਿਖਿਆ, ਜਿਸ ਵਿੱਚ ਉਨ੍ਹਾਂ ਨੇ ਉਪਰੋਕਤ ਵਿਅਕਤੀਆਂ ਦੇ ਨਾਮ ਲਿਖੇ ਹਨ।
ਮਾਡਲ ਥਾਣਾ ਸ਼ਾਹਕੋਟ ਦੀ ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਨਕੋਦਰ ਵਿਖੇ ਰਖਵਾਇਆ ਹੈ। ਸ਼ਾਹਕੋਟ ਦੇ ਐਸ.ਐਚ.ਓ. ਦਿਲਬਾਗ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੀ ਪਤਨੀ ਦੇ ਬਿਆਨਾਂ ਅਤੇ ਸੁਸਾਈਡ ਨੋਟ ਦੇ ਆਧਾਰ ‘ਤੇ ਨਾਮਜ਼ਦ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ, ਹਾਲਾਂਕਿ ਅਜੇ ਤੱਕ ਕਿਸੇ ਦੀ ਗ੍ਰਿਫ਼ਤਾਰੀ ਨਹੀਂ ਹੋ ਸਕੀ ਹੈ। ਉਨ੍ਹਾਂ ਕਿਹਾ ਕਿ ਪੋਸਟਮਾਰਟਮ ਤੋਂ ਬਾਅਦ ਲਾਸ਼ ਵਾਰਸਾਂ ਦੇ ਹਵਾਲੇ ਕਰ ਦਿੱਤੀ ਜਾਵੇਗੀ। ਪੁਲਿਸ ਮੁਲਜ਼ਮਾਂ ਦੀ ਭਾਲ ਵਿੱਚ ਛਾਪੇਮਾਰੀ ਕਰ ਰਹੀ ਹੈ ਅਤੇ ਜਲਦੀ ਹੀ ਅਗਲੇਰੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।

ਸ਼ਾਹਕੋਟ – ਮਾਡਲ ਥਾਣਾ ਸ਼ਾਹਕੋਟ ਅਧੀਨ ਪੈਂਦੇ ਪਿੰਡ ਕੰਨੀਆਂ ਕਲਾਂ ਦੇ ਪੰਜਾਬ ਪੁਲਸ ’ਚੋਂ ਰਿਟਾਇਰਡ ਹਰਭਜਨ ਸਿੰਘ ਵੱਲੋਂ ਨੂੰਹ ਤੇ ਉਸ ਦੇ ਪੇਕੇ ਪਰਿਵਾਰ ਤੋਂ ਤੰਗ ਆ ਕੇ ਸਲਫਾਸ ਖਾ ਕੇ ਖੁਦਕੁਸ਼ੀ ਕਰਨ ਦਾ ਸਮਾਚਾਰ ਹੈ। ਮ੍ਰਿਤਕ ਦੀ ਪਤਨੀ ਕੁਲਵੰਤ ਕੌਰ ਵਾਸੀ ਪਿੰਡ ਕੰਨੀਆਂ ਕਲਾਂ (ਸ਼ਾਹਕੋਟ) ਨੇ ਦੱਸਿਆ ਕਿ ਕੱਲ ਸ਼ਾਮ ਮੇਰੇ ਪਤੀ ਹਰਭਜਨ ਸਿੰਘ ਘਰ ਵਿਚ ਇਕੱਲੇ ਹੀ ਮੌਜੂਦ ਸਨ। ਮੇਰੇ ਪਤੀ ਨੇ ਪ੍ਰੇਸ਼ਾਨੀ ਵਿਚ ਆ ਕੇ ਸਲਫਾਸ ਨਿਗਲ ਲਈ, ਜਿਸ ਤੋਂ ਬਾਅਦ ਮੈਂ ਆਪਣੇ ਰਿਸ਼ਤੇਦਾਰਾਂ ਤੇ ਪਿੰਡ ਦੇ ਲੋਕਾਂ ਦੀ ਮਦਦ ਨਾਲ ਆਪਣੇ ਪਤੀ ਨੂੰ ਸ਼ਾਹਕੋਟ ਦੇ ਇਕ ਨਿੱਜੀ ਹਸਪਤਾਲ ਵਿਖੇ ਪਹੁੰਚਾਇਆ, ਜਿਥੇ ਮੁੱਢਲੀ ਸਹਾਇਤਾ ਦੇਣ ਉਪਰੰਤ ਉਨ੍ਹਾਂ ਨੂੰ ਜਲੰਧਰ ਵਿਖੇ ਲਿਜਾਇਆ ਗਿਆ ਤੇ ਰਸਤੇ ਵਿਚ ਹੀ ਲਾਂਬੜੇ ਦੇ ਨਜ਼ਦੀਕ ਉਨ੍ਹਾਂ ਦੀ ਮੌਤ ਹੋ ਗਈ।
ਕੁਲਵੰਤ ਕੌਰ ਨੇ ਦੱਸਿਆ ਕਿ ਮੇਰਾ ਲੜਕਾ ਅਮਰਪ੍ਰੀਤ ਸਿੰਘ, ਜੋ ਆਕਲੈਂਡ (ਨਿਊਜ਼ੀਲੈਂਡ) ਵਿਖੇ ਰਹਿੰਦਾ ਹੈ। ਉਸ ਦਾ ਵਿਆਹ 2025 ਵਿਚ ਨਵਦੀਪ ਕੌਰ ਪੁੱਤਰੀ ਰਛਪਾਲ ਸਿੰਘ ਵਾਸੀ ਪਿੰਡ ਪਨਿਆਰ ਤਹਿਸੀਲ ਕਲਾਨੌਰ ਜ਼ਿਲਾ ਗੁਰਦਾਸਪੁਰ ਨਾਲ ਹੋਇਆ ਸੀ। ਇਹ ਕੁੜੀ ਵੀ ਨਿਊਜ਼ੀਲੈਂਡ ਵਿਖੇ ਹੀ ਰਹਿੰਦੀ ਸੀ। ਵਿਆਹ ਤੋਂ ਬਾਅਦ ਮੇਰਾ ਮੁੰਡਾ ਤੇ ਨੂੰਹ ਸਿਰਫ਼ 18 ਦਿਨ ਹੀ ਇੰਡੀਆ ਰਹੇ ਤੇ ਬਾਅਦ ਵਿਚ ਮੁੜ ਨਿਊਜ਼ੀਲੈਂਡ ਚਲੇ ਗਏ। ਉਨ੍ਹਾਂ ਦੱਸਿਆ ਕਿ ਨੂੰਹ ਨਵਦੀਪ ਕੌਰ ਮੇਰੇ ਮੁੰਡੇ ’ਤੇ ਆਪਣੀ ਆਕਲੈਂਡ ’ਚ ਨੌਕਰੀ ਛੱਡ ਕੇ ਗਿਸਬੋਰਨ ਵਿਚ ਜਾਣ ਲਈ ਦਬਾਅ ਪਾ ਰਹੀ ਸੀ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਨੂੰਹ ਦੇ ਪਰਿਵਾਰਕ ਮੈਂਬਰਾਂ ਤੇ ਰਿਸ਼ਤੇਦਾਰਾਂ ਨੇ ਮੇਰੇ ਮੁੰਡੇ ਦੇ ਘਰ ਆ ਕੇ ਉਸ ਨਾਲ ਬਦਸਲੂਕੀ ਕੀਤੀ, ਜਿਸ ਬਾਰੇ ਉਸ ਨੇ ਨਿਊਜ਼ੀਲੈਂਡ ਪੁਲਸ ਨੂੰ ਸੂਚਿਤ ਕੀਤਾ ਤੇ ਨਿਊਜ਼ੀਲੈਂਡ ਦੇ ਮੈਨੂਕਾਊ ਵਿਖੇ ਫੈਮਿਲੀ ਕੋਰਟ ਵਿਚ ਤਲਾਕ ਲੈਣ ਲਈ ਇਕ ਅਰਜ਼ੀ ਵੀ ਦਾਇਰ ਕੀਤੀ।
ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਨੂੰਹ ਆਪਣੇ ਰਿਸ਼ਤੇਦਾਰਾਂ ਨਾਲ ਆਕਲੈਂਡ ਸਥਿਤ ਘਰ ਵਿਖੇ ਆ ਕੇ ਆਪਣਾ ਸਾਰਾ ਸਾਮਾਨ ਗਿਸਬੋਰਨ ਵਿਖੇ ਲੈ ਗਈ ਸੀ। ਉਨ੍ਹਾਂ ਦੱਸਿਆ ਕਿ ਮੇਰੇ ਮੁੰਡੇ ਤੇ ਨੂੰਹ ਦਾ ਕੇਸ ਨਿਊਜ਼ੀਲੈਂਡ ਵਿਖੇ ਚੱਲ ਰਿਹਾ ਸੀ, ਇਸ ਦੇ ਬਾਵਜੂਦ ਮੇਰੀ ਨੂੰਹ ਦੇ ਪੇਕੇ ਪਰਿਵਾਰ ਨੇ ਮੇਰੇ ਤੇ ਮੇਰੇ ਪਤੀ ਖਿਲਾਫ ਬਟਾਲਾ ਪੁਲਸ ਥਾਣੇ ਵਿਖੇ ਸਿਆਸੀ ਦਬਾਅ ਹੇਠ ਝੂਠਾ ਮੁਕੱਦਮਾ ਦਰਜ ਕਰਵਾ ਦਿੱਤਾ। ਸਾਨੂੰ ਇਸ ਕੇਸ ’ਚੋਂ ਮਾਣਯੋਗ ਗੁਰਦਾਸਪੁਰ ਕੋਰਟ ਤੋਂ ਜ਼ਮਾਨਤ ਮਿਲ ਗਈ। ਉਨ੍ਹਾਂ ਦੱਸਿਆ ਕਿ ਮੈਂ ਤੇ ਮੇਰਾ ਪਤੀ 10 ਜੂਨ 2026 ਨੂੰ ਹੀ ਆਪਣੇ ਕੇਸ ਦੀ ਜਾਂਚ ਵਿਚ ਸ਼ਾਮਲ ਹੋਣ ਲਈ ਨਿਊਜ਼ੀਲੈਂਡ ਤੋਂ ਇੰਡੀਆ ਆਏ ਸਨ। ਕੁਲਵੰਤ ਕੌਰ ਨੇ ਦੱਸਿਆ ਕਿ ਮੇਰੇ ਪਤੀ ਹਰਭਜਨ ਸਿੰਘ ਨੂੰ ਨੂੰਹ, ਉਸ ਦੇ ਪੇਕੇ ਪਰਿਵਾਰ ਤੇ ਰਿਸ਼ਤੇਦਾਰਾਂ ਨੇ ਪਿਛਲੇ ਕਰੀਬ ਇਕ ਸਾਲ ਤੋਂ ਮਾਨਸਿਕ ਤੌਰ ’ਤੇ ਤੰਗ-ਪ੍ਰੇਸ਼ਾਨ ਕੀਤਾ ਹੋਇਆ ਸੀ, ਜਿਸ ਕਾਰਨ ਉਨ੍ਹਾਂ ਵੱਲੋਂ ਇਹ ਕਦਮ ਚੁੱਕਿਆ ਗਿਆ।
ਉਨ੍ਹਾਂ ਦੱਸਿਆ ਕਿ ਉਹ ਇਨਸਾਫ਼ ਲੈਣ ਲਈ ਡੀ. ਐੱਸ. ਪੀ. ਸ਼ਾਹਕੋਟ ਸਰਵਣ ਸਿੰਘ ਬੱਲ ਨੂੰ ਮਿਲ ਕੇ ਹਰਭਜਨ ਸਿੰਘ ਵੱਲੋਂ ਮਰਨ ਤੋਂ ਪਹਿਲਾਂ ਲਿਖਿਆ ਚਾਰ ਸਫ਼ਿਆਂ ਵਾਲਾ ਇਕ ਸੁਸਾਈਡ ਨੋਟ ਵੀ ਸੌਂਪਿਆ ਹੈ, ਜਿਸ ਵਿਚ ਉਨ੍ਹਾਂ ਨੇ ਆਪਣੀ ਨੂੰਹ, ਉਸ ਦੇ ਪੇਕੇ ਪਰਿਵਾਰ ਤੇ ਰਿਸ਼ਤੇਦਾਰਾਂ ਵੱਲੋਂ ਤੰਗ-ਪ੍ਰੇਸ਼ਾਨ ਕਰਨ ਦੇ ਦੋਸ਼ ਲਾਏ ਹਨ। ਡੀ. ਐੱਸ. ਪੀ. ਸ਼ਾਹਕੋਟ ਸਰਵਣ ਸਿੰਘ ਬੱਲ ਨੇ ਦੱਸਿਆ ਕਿ ਸ਼ਾਹਕੋਟ ਪੁਲਸ ਵੱਲੋਂ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਸਰਕਾਰੀ ਹਸਪਤਾਲ ਨਕੋਦਰ ਵਿਖੇ ਰਖਵਾ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਮ੍ਰਿਤਕ ਦੀ ਪਤਨੀ ਕੁਲਵੰਤ ਕੌਰ ਦੇ ਬਿਆਨਾਂ ਦੇ ਆਧਾਰ ’ਤੇ ਨਵਦੀਪ ਕੌਰ ਪੁੱਤਰੀ ਰਛਪਾਲ ਸਿੰਘ ਵਾਸੀ ਪਿੰਡ ਪਨਿਆਰ ਤਹਿਸੀਲ ਕਲਾਨੌਰ ਜ਼ਿਲਾ ਗੁਰਦਾਸਪੁਰ ਹਾਲ ਵਾਸੀ ਨਿਊਜ਼ੀਲੈਂਡ, ਰਛਪਾਲ ਸਿੰਘ ਪੁੱਤਰ ਅਮਰਜੀਤ ਸਿੰਘ ਵਾਸੀ ਪਿੰਡ ਪਨਿਆਰ, ਜਗਪਾਲ ਸਿੰਘ ਪੁੱਤਰ ਅਮਰਜੀਤ ਸਿੰਘ ਵਾਸੀ ਪਿੰਡ ਪਨਿਆਰ, ਜਗਜੀਤ ਸਿੰਘ ਪੁੱਤਰ ਪੰਜਾਬ ਸਿੰਘ ਵਾਸੀ ਪਿੰਡ ਅੱਠਵਾਲ (ਜ਼ਿਲਾ ਗੁਰਦਾਸਪੁਰ), ਬਲਜਿੰਦਰ ਸਿੰਘ ਕੰਗ ਸਾਬਕਾ ਸਰਪੰਚ ਵਾਸੀ ਪਿੰਡ ਬਿੱਲੇ ਥਾਣਾ ਮਹਿਤਪੁਰ, ਰਿਟਾ. ਪੁਲਸ ਇੰਸਪੈਕਟਰ ਸੁਬੇਗ ਸਿੰਘ ਵਾਸੀ ਪਿੰਡ ਧਰਮੀਵਾਲ ਥਾਣਾ ਸ਼ਾਹਕੋਟ, ਭੁਪਿੰਦਰ ਸਿੰਘ ਕੰਗ ਵਾਸੀ ਨਿਊਜ਼ੀਲੈਂਡ, ਗੋਪੀ ਵਾਸੀ ਨਿਊਜ਼ੀਲੈਂਡ, ਸਰਬਜੀਤ ਸਿੰਘ ਪੁੱਤਰ ਅਮਰਜੀਤ ਸਿੰਘ ਵਾਸੀ ਪਿੰਡ ਪਨਿਆਰ ਹਾਲ ਵਾਸੀ ਨਿਊਜ਼ੀਲੈਂਡ ਤੇ ਬਰਿੰਦਰਜੀਤ ਕੌਰ ਪਤਨੀ ਸਰਬਜੀਤ ਸਿੰਘ ਵਾਸੀ ਪਿੰਡ ਪਨਿਆਰ ਹਾਲ ਵਾਸੀ ਨਿਊਜ਼ੀਲੈਂਡ ਖਿਲਾਫ਼ ਮੁਕੱਦਮਾ ਦਰਜ ਕੀਤਾ ਗਿਆ ਹੈ।
Punjab Spectrum