Breaking News

Malout: ਦਲਿਤ ਨੌਜਵਾਨਾਂ ਨਾਲ ਤਸ਼ੱਦਦ ਮਾਮਲੇ ਵਿੱਚ 7 ਪਰਵਾਸੀ ਮਜ਼ਦੂਰ ਗ੍ਰਿਫ਼ਤਾਰ

Malout: ਦਲਿਤ ਨੌਜਵਾਨਾਂ ਨਾਲ ਤਸ਼ੱਦਦ ਮਾਮਲੇ ਵਿੱਚ 7 ਪਰਵਾਸੀ ਮਜ਼ਦੂਰ ਗ੍ਰਿਫ਼ਤਾਰ

ਸਬ-ਡਵੀਜ਼ਨ ਮਲੋਟ ਦੇ ਪਿੰਡ ਝੋਰੜ ਵਿਖੇ ਦੋ ਦਲਿਤ ਨੌਜਵਾਨਾਂ ਗੁਰਿੰਦਰ ਸਿੰਘ ਅਤੇ ਸੰਦੀਪ ਸਿੰਘ ਨਾਲ ਕਥਿਤ ਤੌਰ ‘ਤੇ ਬੇਰਹਿਮੀ ਨਾਲ ਕੁੱਟਮਾਰ ਕਰਨ, ਉਨ੍ਹਾਂ ਨੂੰ ਅੱਧ-ਨੰਗਾ ਕਰਕੇ ਰੱਸੀਆਂ ਨਾਲ ਬੰਨ੍ਹਣ ਅਤੇ ਤਪਦੀ ਧੁੱਪ ਵਿੱਚ ਖੇਤਾਂ ਵਿੱਚ ਘੜੀਸਣ ਦੇ ਮਾਮਲੇ ਵਿੱਚ ਥਾਣਾ ਸਦਰ ਮਲੋਟ ਦੀ ਪੁਲੀਸ ਨੇ ਕਾਰਵਾਈ ਕਰਦਿਆਂ 7 ਪਰਵਾਸੀ ਮਜ਼ਦੂਰਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕਰਨ ਉਪਰੰਤ ਪੁਲੀਸ ਨੇ ਇੱਕ ਦਿਨ ਦਾ ਰਿਮਾਂਡ ਹਾਸਲ ਕੀਤਾ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਪਹਿਲਾਂ ਵਰਿੰਦਰ ਸਾਹਨੀ ਨਾਮਕ ਪਰਵਾਸੀ ਮਜ਼ਦੂਰ ਵੱਲੋਂ ਥਾਣਾ ਸਦਰ ਮਲੋਟ ਵਿਖੇ ਸ਼ਿਕਾਇਤ ਦਰਜ ਕਰਵਾਈ ਗਈ ਸੀ ਕਿ ਪਿੰਡ ਝੋਰੜ ਦੇ ਵਸਨੀਕ ਗੁਰਿੰਦਰ ਸਿੰਘ ਉਰਫ਼ ਬੱਗਾ ਪੁੱਤਰ ਗੁਰਜੰਟ ਸਿੰਘ ਅਤੇ ਸੰਦੀਪ ਸਿੰਘ ਵੱਲੋਂ ਉਸ ਦਾ ਮੋਬਾਈਲ ਫ਼ੋਨ ਖੋਹ ਲਿਆ ਗਿਆ ਹੈ।

ਹਾਲਾਂਕਿ ਇਸੇ ਦੌਰਾਨ ਸੋਸ਼ਲ ਮੀਡੀਆ ‘ਤੇ ਕੁਝ ਵੀਡੀਓਜ਼ ਵਾਇਰਲ ਹੋਈਆਂ, ਜਿਨ੍ਹਾਂ ਵਿੱਚ ਕੁਝ ਵਿਅਕਤੀ ਉਕਤ ਦਲਿਤ ਨੌਜਵਾਨਾਂ ਨੂੰ ਰੱਸੀਆਂ ਨਾਲ ਬੰਨ੍ਹ ਕੇ ਖੇਤਾਂ ਵਿੱਚ ਘੜੀਸਦੇ, ਉਨ੍ਹਾਂ ਦੇ ਕੱਪੜੇ ਉਤਾਰ ਕੇ ਕੁੱਟਮਾਰ ਕਰਦੇ ਅਤੇ ਅਣਮਨੁੱਖੀ ਵਰਤਾਰਾ ਕਰਦੇ ਹੋਏ ਨਜ਼ਰ ਆ ਰਹੇ ਸਨ। ਇਹ ਵੀਡੀਓਜ਼ ਸਾਹਮਣੇ ਆਉਣ ਮਗਰੋਂ ਮਾਮਲਾ ਚਰਚਾ ਦਾ ਵਿਸ਼ਾ ਬਣ ਗਿਆ ਅਤੇ ਐੱਸ ਸੀ ਕਮਿਸ਼ਨ ਨੇ ਵੀ ਇਸ ਦਾ ਗੰਭੀਰ ਨੋਟਿਸ ਲੈਂਦਿਆਂ ਤੁਰੰਤ ਸਖ਼ਤ ਕਾਰਵਾਈ ਕਰਨ ਦੇ ਨਿਰਦੇਸ਼ ਜਾਰੀ ਕੀਤੇ।

ਜਾਂਚ ਉਪਰੰਤ ਥਾਣਾ ਸਦਰ ਮਲੋਟ ਦੀ ਪੁਲੀਸ ਨੇ ਪਿੰਡ ਝੋਰੜ ਦੇ ਹਰਦੀਪ ਸਿੰਘ, ਅਵਤਾਰ ਸਿੰਘ, ਰਿੰਪਾ ਸਿੰਘ ਅਤੇ ਮਨਪ੍ਰੀਤ ਸਿੰਘ ਉਰਫ਼ ਬਿੱਲਾ ਨੂੰ ਨਾਮਜ਼ਦ ਕਰਦੇ ਹੋਏ, 7 ਅਣਪਛਾਤੇ ਵਿਅਕਤੀਆਂ ਸਮੇਤ ਕੁੱਲ 11 ਵਿਅਕਤੀਆਂ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਅਤੇ ਐੱਸ ਸੀ/ਐੱਸ ਟੀ ਐਕਟ ਤਹਿਤ ਮਾਮਲਾ ਦਰਜ ਕੀਤਾ ਸੀ। ਜਾਂਚ ਦੌਰਾਨ ਪੁਲੀਸ ਨੇ ਅਣਪਛਾਤੇ ਵਿਅਕਤੀਆਂ ਦੀ ਪਛਾਣ ਕਰ ਲਈ ਅਤੇ ਸੱਤ ਪਰਵਾਸੀ ਮਜ਼ਦੂਰਾਂ ਨੂੰ ਗ੍ਰਿਫ਼ਤਾਰ ਕਰ ਲਿਆ।

ਥਾਣਾ ਸਦਰ ਮਲੋਟ ਦੇ ਮੁਖੀ ਇੰਸਪੈਕਟਰ ਦਵਿੰਦਰ ਕੁਮਾਰ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਰਾਮ ਚੰਦਰ ਸਾਹਨੀ, ਰਮੇਸ਼ ਕੁਮਾਰ ਸਾਹਨੀ, ਹੀਰ ਸਾਹਨੀ, ਬਸੰਤ ਸਾਹਨੀ, ਰਾਮ ਬਾਬੂ ਸਾਹਨੀ, ਰਾਮਬਲੀ ਸਾਹਨੀ ਅਤੇ ਵਰਿੰਦਰ ਸਾਹਨੀ ਵਜੋਂ ਹੋਈ ਹੈ। ਇਹ ਸਾਰੇ ਨੇਪਾਲ ਦੇ ਜ਼ਿਲ੍ਹਾ ਸਰਲਾਹੀ ਦੇ ਥਾਣਾ ਮਲਗਮਾ ਖੇਤਰ ਦੇ ਵਸਨੀਕ ਹਨ ਅਤੇ ਖੇਤੀਬਾੜੀ ਦੇ ਕੰਮ ਲਈ ਇਸ ਇਲਾਕੇ ਵਿੱਚ ਰਹਿ ਰਹੇ ਸਨ।

ਉਨ੍ਹਾਂ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਨੂੰ ਅੱਜ ਅਦਾਲਤ ਵਿੱਚ ਪੇਸ਼ ਕੀਤਾ ਗਿਆ, ਜਿੱਥੋਂ ਉਨ੍ਹਾਂ ਦਾ ਇੱਕ ਦਿਨ ਦਾ ਪੁਲੀਸ ਰਿਮਾਂਡ ਪ੍ਰਾਪਤ ਹੋਇਆ ਹੈ। ਰਿਮਾਂਡ ਦੌਰਾਨ ਦਲਿਤ ਨੌਜਵਾਨਾਂ ਨੂੰ ਬੰਨ੍ਹਣ ਅਤੇ ਕੁੱਟਮਾਰ ਕਰਨ ਲਈ ਵਰਤੇ ਗਏ ਰੱਸੇ ਅਤੇ ਹੋਰ ਸਾਮਾਨ ਦੀ ਬਰਾਮਦਗੀ ਕੀਤੀ ਜਾਵੇਗੀ।