Canada ‘ਚ ਕਾਰੋਬਾਰੀ ਦੀ ਦੁਕਾਨ ‘ਤੇ ਬਿਸ਼ਨੋਈ ਗੈਂਗ ਵੱਲੋਂ ਫਾਇਰਿੰਗ
ਫੋਨ ਨਾ ਚੁੱਕਣ ਦਾ ਸਬਕ ਸਿਖਾਇਆ; Canada ‘ਚ ਕਾਰੋਬਾਰੀ ਦੀ ਦੁਕਾਨ ‘ਤੇ ਬਿਸ਼ਨੋਈ ਗੈਂਗ ਵੱਲੋਂ ਫਾਇਰਿੰਗ
ਬਰੈਂਪਟਨ ਵਿੱਚ ਇੱਕ ਮਿਠਾਈ ਦੀ ਦੁਕਾਨ ‘ਤੇ ਕਾਰ ਸਵਾਰਾਂ ਵੱਲੋਂ ਗੋਲੀਬਾਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।
ਬਰੈਂਪਟਨ ਵਿੱਚ ਇੱਕ ਮਿਠਾਈ ਦੀ ਦੁਕਾਨ ‘ਤੇ ਕਾਰ ਸਵਾਰਾਂ ਵੱਲੋਂ ਗੋਲੀਬਾਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਇਸ ਘਟਨਾ ਦੀ ਜ਼ਿੰਮੇਵਾਰੀ ‘ਆਰਜੂ ਬਿਸ਼ਨੋਈ’ ਨਾਂ ਦੇ ਸੋਸ਼ਲ ਮੀਡੀਆ ਅਕਾਊਂਟ ਤੋਂ ਇੱਕ ਪੋਸਟ ਪਾ ਕੇ ਲਈ ਗਈ ਹੈ। ਪੋਸਟ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਇਹ ਗੋਲੀਬਾਰੀ ਆਰਜੂ ਬਿਸ਼ਨੋਈ, ਉਸ ਦੇ ਛੋਟੇ ਭਰਾ ਟਾਈਸਨ ਬਿਸ਼ਨੋਈ ਅਤੇ ਸ਼ੂਭਮ ਲੋਕਾਰ ਵੱਲੋਂ ਕੀਤੀ ਗਈ ਹੈ। ਹਮਲਾਵਰਾਂ ਨੇ ਲਿਖਿਆ ਹੈ ਕਿ ਉਹ ਕਈ ਦਿਨਾਂ ਤੋਂ ਦੁਕਾਨ ਦੇ ਮਾਲਕ ਨੂੰ ਫੋਨ ਕਰ ਰਹੇ ਸਨ, ਪਰ ਉਹ ਫੋਨ ਨਹੀਂ ਚੁੱਕ ਰਿਹਾ ਸੀ। ਇਸੇ ਕਰਕੇ ਉਸ ਨੂੰ ਸਬਕ ਸਿਖਾਉਣ ਅਤੇ ਆਪਣੀ ਪਛਾਣ ਦੱਸਣ ਲਈ ਇਹ ਫਾਇਰਿੰਗ ਕੀਤੀ ਗਈ ਹੈ। ਪੋਸਟ ਵਿੱਚ ਬਿਸ਼ਨੋਈ ਭਰਾਵਾਂ ਦੇ ਵੱਖ ਹੋਣ ਦੀਆਂ ਅਫ਼ਵਾਹਾਂ ਨੂੰ ਵੀ ਗ਼ਲਤ ਦੱਸਦਿਆਂ ਕਿਹਾ ਗਿਆ ਹੈ ਕਿ ਉਹ ਸਾਰੇ ਇੱਕਜੁੱਟ ਹਨ।
ਵਾਇਰਲ ਹੋਈ ਇਸ ਲਾਈਵ ਵੀਡੀਓ ਵਿੱਚ ਸਾਫ਼ ਦੇਖਿਆ ਗਿਆ ਹੈ ਕਿ ਕਾਰ ਵਿੱਚ ਬੈਠਾ ਇੱਕ ਵਿਅਕਤੀ ਪਹਿਲਾਂ ਪਿਸਤੌਲ ਵਿੱਚ ਗੋਲੀਆਂ ਵਾਲਾ ਮੈਗਜ਼ੀਨ ਲੋਡ ਕਰਦਾ ਹੈ ਅਤੇ ਫਿਰ ਗੱਡੀ ਨੂੰ ਥੋੜ੍ਹਾ ਅੱਗੇ ਲਿਜਾ ਕੇ ਦੁਕਾਨ ਵੱਲ ਸਿੱਧੀਆਂ 6-7 ਗੋਲੀਆਂ ਚਲਾ ਦਿੰਦਾ ਹੈ।
ਦੂਜੇ ਪਾਸੇ, ਸਥਾਨਕ ਪੁਲੀਸ ਵੱਲੋਂ ਅਜੇ ਤੱਕ ਇਸ ਮਾਮਲੇ ਬਾਰੇ ਜਨਤਕ ਤੌਰ ‘ਤੇ ਕੋਈ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ, ਜਿਸ ਤੋਂ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਸ਼ਾਇਦ ਦੁਕਾਨ ਦੇ ਮਾਲਕ ਨੇ ਖ਼ੁਦ ਹੀ ਪੁਲੀਸ ਨੂੰ ਇਸ ਦੀ ਸ਼ਿਕਾਇਤ ਨਾ ਕੀਤੀ ਹੋਵੇ। ਜਦੋਂ ਇਸ ਘਟਨਾ ਬਾਰੇ ਸੱਚਾਈ ਜਾਣਨ ਲਈ ਦੁਕਾਨ ਦੇ ਮਾਲਕ ਨਾਲ ਫੋਨ ‘ਤੇ ਸੰਪਰਕ ਕੀਤਾ ਗਿਆ, ਤਾਂ ਉਸ ਨੇ ਗੋਲੀਬਾਰੀ ਦੀ ਕਿਸੇ ਵੀ ਘਟਨਾ ਤੋਂ ਸਾਫ਼ ਇਨਕਾਰ ਕਰ ਦਿੱਤਾ। ਇਸ ਤੋਂ ਬਾਅਦ ਉਸ ਨੇ ਆਪਣੇ ਦੋਸਤਾਂ ਰਾਹੀਂ ਮੀਡੀਆ ਨੂੰ ਇਸ ਸਬੰਧੀ ਖ਼ਬਰ ਨਾ ਛਾਪਣ ਲਈ ਫੋਨ ਵੀ ਕਰਵਾਏ। ਫਿਲਹਾਲ, ਸਥਾਨਕ ਮੀਡੀਆ ਨੇ ਕਿਸੇ ਦਾ ਨਾਂ ਲਏ ਬਿਨਾਂ ਇਸ ਗੋਲੀਬਾਰੀ ਦੀ ਖ਼ਬਰ ਨੂੰ ਨਸ਼ਰ ਕੀਤਾ ਹੈ।
Punjab Spectrum