Breaking News

Damdami Taksal Smagam – ਪਹਿਲੀ ਵਾਰ ਜੂਨ ਚਰਾਸੀ ਦੇ ਬਰਸੀ ਸਮਾਗਮਾਂ ‘ਤੇ ਪਹੁੰਚੇ ਮਹਾਰਾਸ਼ਟਰ ਦੇ ਮੰਤਰੀ

Damdami Taksal Smagam –

 

ਪਹਿਲੀ ਵਾਰ ਜੂਨ ਚਰਾਸੀ ਦੇ ਬਰਸੀ ਸਮਾਗਮਾਂ ‘ਤੇ ਪਹੁੰਚੇ ਮਹਾਰਾਸ਼ਟਰ ਦੇ ਮੰਤਰੀ ਗਿਰੀਸ਼ ਮਹਾਜਨ
ਮਹਾਜਨ ਨੇ ਆਪਣੇ ਭਾਸ਼ਣ ਦਾ ਅੰਤ ਜੈ ਹਿੰਦ ਤੇ ਗੁਰੂ ਫ਼ਤਿਹ ਨਾਲ ਕੀਤਾ

ਇੱਕ ਅਹਿਮ ਸਿਆਸੀ ਘਟਨਾਕ੍ਰਮ ਵਿੱਚ, ਭਾਜਪਾ ਦੀ ਮਹਾਰਾਸ਼ਟਰ ‘ਚ ਜਲ ਸਰੋਤ ਮੰਤਰੀ ਗਿਰੀਸ਼ ਮਹਾਜਨ ਨੇ ਚੌਂਕ ਮਹਿਤਾ ਸਥਿਤ ਦਮਦਮੀ ਟਕਸਾਲ ਦੇ ਹੈਡਕੁਆਟਰ ਪਹੁੰਚ ਕੇ ਜੂਨ 1984 ਸਬੰਧੀ ਬਰਸੀ ਸਮਾਗਮਾਂ ਵਿੱਚ ਸ਼ਿਰਕਤ ਕੀਤੀ ਹੈ ।

 

 

 

ਮਹਾਜਨ ਦੀ ਬਰਸੀ ਸਮਾਗਮਾਂ ‘ਚ ਹਾਜ਼ਰੀ ਇਸ ਲਈ ਵੀ ਮਹੱਤਵਪੂਰਨ ਹੈ ਕਿਉਂ ਕਿ ਸਿੱਖ ਭਾਵਨਾਵਾਂ ਦੀ ਰਵਾਇਤੀ ਤੌਰ ‘ਤੇ ਸਿਆਸੀ ਨੁਮਾਇੰਦਗੀ ਕਰਨ ਦਾ ਦਾਅਵਾ ਕਰਨ ਵਾਲਾ ਸ਼ਿਰੋਮਣੀ ਅਕਾਲੀ ਦਲ (ਬਾਦਲ), ਆਮ ਤੌਰ ‘ਤੇ ਬਰਸੀ ਦੇ ਸਮਾਗਮਾਂ ਵਿੱਚ ਅਜਿਹੀ ਸਰਗਰਮ ਭਾਗੀਦਾਰੀ ਤੋਂ ਦੂਰ ਹੀ ਰਹਿੰਦਾ ਆਇਆ ਹੈ। ਭਾਵੇਂ ਕਿ ਉਹ ਲੰਮੇ ਸਮੇਂ ਤੋਂ ਕਾਂਗਰਸ ਵਿਰੁੱਧ 1984 ਦੀ ਯਾਦ ਨੂੰ ਸਿਆਸੀ ਲਾਹੇ ਵਜੋਂ ਵਰਤਦਾ ਰਿਹਾ ਹੈ।

 

ਮਹਾਜਨ ਇਸ ਮਸਲੇ ‘ਚ ਸ਼੍ਰੋਮਣੀ ਅਕਾਲੀ ਦਲ ਨੂੰ ਭੁਚੱਕਾ ਦੇ ਗਏ। ਉਹ ਕਿਸੇ ਵੀ ਰਾਜ ਸਰਕਾਰ ਦੇ ਪਹਿਲੇ ਅਜਿਹੇ ਮੰਤਰੀ ਬਣ ਗਏ ਹਨ, ਜਿਨ੍ਹਾਂ ਨੇ ਚੌਂਕ ਮਹਿਤਾ ਪਹੁੰਚ ਕੇ ਬਰਸੀ ਸਮਾਗਮਾਂ ‘ਚ ਹਾਜ਼ਰੀ ਲਵਾਈ।

 

ਮੁੱਖ ਸਟੇਜ ‘ਤੇ ਲੱਗੇ ਇੱਕ ਵੱਡੇ ਬੈਨਰ ‘ਤੇ ਟਕਸਾਲ ਦੇ ਚੌਦਵੇਂ ਮੁਖੀ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ, ਜਨਰਲ ਸੁਬੇਗ ਸਿੰਘ, ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਪ੍ਰਧਾਨ ਅਮਰੀਕ ਸਿੰਘ ਅਤੇ ਹੋਰਨਾਂ ਦੀਆਂ ਤਸਵੀਰਾਂ ਦੇ ਨਾਲ-ਨਾਲ ਫੌਜੀ ਕਾਰਵਾਈ ਤੋਂ ਬਾਅਦ ਢਾਹੇ ਗਏ ਅਕਾਲ ਤਖ਼ਤ ਸਾਹਿਬ — ਦੀ ਤਸਵੀਰ ਵੀ ਪ੍ਰਦਰਸ਼ਿਤ ਕੀਤੀ ਗਈ ਸੀ। ਮੰਤਰੀ ਗਰੀਸ਼ ਮਹਾਜਨ ਇਸ ਬੈਨਰ ਸਾਹਮਣੇ ਬਹੁਤ ਸਹਿਜ ਨਾਲ ਬੈਠੇ ਰਹੇ।

 

ਮਹਾਰਾਸ਼ਟਰ ਦੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਵੱਲੋਂ ‘ਮੁੱਖ ਮੰਤਰੀ ਮੈਡੀਕਲ ਸਹਾਇਤਾ ਸੈੱਲ’ (ਜਿਸ ਨੂੰ ਮੁੱਖ ਮੰਤਰੀ ਰਾਹਤ ਫੰਡ ਸੈੱਲ ਵਜੋਂ ਵੀ ਜਾਣਿਆ ਜਾਂਦਾ ਹੈ) ਦੇ ਇੰਚਾਰਜ ਵਜੋਂ ਨਿਯੁਕਤ ਕੀਤੇ ਗਏ ਡਾਕਟਰ ਰਾਮੇਸ਼ਵਰ ਨਾਇਕ ਨੇ ਵੀ ਇਸ ਸਮਾਗਮ ਵਿੱਚ ਸ਼ਿਰਕਤ ਕੀਤੀ। ਨਾਇਕ ਲੁਬਾਣਾ ਅਤੇ ਵਣਜਾਰਾ ਭਾਈਚਾਰੇ ਨਾਲ ਸਬੰਧਤ ਹਨ। ਜਿਸ ਕਾਰਨ ਉਨਾਂ ਗੁਰੂ ਤੇਗ਼ ਬਹਾਦਰ ਸਾਹਿਬ ਦੇ ਸ਼ਤਾਬਦੀ ਸਮਾਗਮਾਂ ‘ਚ ਮੁੱਖ ਭੂਮਿਕਾ ਨਿਭਾਈ।

 

ਸਟੇਜ ਤੋਂ ਬੋਲਦਿਆਂ ਮਹਾਜਨ ਨੇ 6 ਜੂਨ ਨੂੰ “ਕਾਲਾ ਦਿਨ” ਦੱਸਦਿਆਂ ਉਨ੍ਹਾਂ ਕਿਹਾ: “ਅਸੀਂ ਇਸ ਦਿਨ ਨੂੰ ਕਦੇ ਨਹੀਂ ਭੁੱਲ ਸਕਦੇ — ਜਿਸ ਤਰ੍ਹਾਂ ਸਾਡੇ ਹਜ਼ਾਰਾਂ ਭੈਣ-ਭਰਾਵਾਂ ਨੂੰ ਸ਼ਹੀਦ ਕੀਤਾ ਗਿਆ, ਜਿਸ ਤਰ੍ਹਾਂ ਫੌਜ ਵੱਲੋਂ ਸਾਡੇ ਪਵਿੱਤਰ ਅਸਥਾਨ ‘ਤੇ ਹਮਲਾ ਕੀਤਾ ਗਿਆ। ਇੰਦਰਾ ਜੀ ਨੇ ਜ਼ਬਰਦਸਤੀ ਫੌਜ ਨੂੰ ਪੰਜਾਬ ਵਿੱਚ, ਸਾਡੇ ਪਵਿੱਤਰ ਅਸਥਾਨ ਵਿੱਚ ਭੇਜਿਆ, ਅਤੇ ਸਾਡੇ ਲੋਕਾਂ ਨੂੰ ਬੇਹੱਦ ਬੇਰਹਿਮੀ ਨਾਲ ਮਾਰਿਆ ਗਿਆ।”

 

ਉਨ੍ਹਾਂ ਨੇ ਇਸ ਦੀ ਤੁਲਨਾ ਅਹਿਮਦ ਸ਼ਾਹ ਅਬਦਾਲੀ ਦੇ ਇਤਿਹਾਸਕ ਹਮਲੇ ਨਾਲ ਕੀਤੀ। ਉਨ੍ਹਾਂ ਕਿਹਾ ਕਿ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਦਿੱਲੀ ਵਿੱਚ ਸਿੱਖਾਂ ‘ਤੇ ਢਾਹਿਆ ਗਿਆ ਕਹਿਰ ਉਸ ਦੌਰ ਦੇ ਜ਼ੁਲਮਾਂ ​​ਵਰਗਾ ਹੀ ਸੀ — ਅਤੇ ਉਨ੍ਹਾਂ ਨੇ ਇਸ ਗੱਲ ‘ਤੇ ਦੁੱਖ ਪ੍ਰਗਟ ਕੀਤਾ ਕਿ “ਇੰਨੇ ਹਜ਼ਾਰਾਂ ਲੋਕਾਂ ਦੇ ਮਾਰੇ ਜਾਣ ਤੋਂ ਬਾਅਦ ਵੀ ਕਿਸੇ ਨੂੰ ਸਜ਼ਾ ਨਹੀਂ ਮਿਲੀ, ਕਿਸੇ ਨੂੰ ਫਾਂਸੀ ਨਹੀਂ ਦਿੱਤੀ ਗਈ।”

 

 

ਮਹਾਜਨ ਨੇ ਆਪਣੇ ਭਾਸ਼ਣ ਦਾ ਅੰਤ ਜੈ ਹਿੰਦ ਤੇ ਗੁਰੂ ਫ਼ਤਿਹ ਨਾਲ ਕੀਤਾ।

 

 

ਇਸ ਸ਼ਿਰਕਿਤ ਨਾਲ ਮਹਾਜਨ ਨੇ ਬਰਸੀ ਸਮਾਗਮਾਂ ਬਾਰੇ ਬਣੇ Taboo ਨੂੰ ਤੋੜਿਆ ਹੈ । ਇਸ ਨੂੰ ਭਾਜਪਾ ਦੇ ਮਿਸ਼ਨ 2027 ਨਾਲ ਵੀ ਜੋੜ ਕੇ ਦੇਖਿਆ ਜਾਵੇਗਾ। ਹਾਲਾਂਕਿ ਜੂਨ 1984 ਬਾਰੇ ਪੰਜਾਬ ਭਾਜਪਾ ਦੀ ਲੀਡਰਸ਼ਿਪ ਦਾ ਰਵੱਈਆ ਬਹੁਤਾ ਉਹੀ ਰਿਹਾ ਹੈ ਜੋ ਕਾਂਗਰਸ ਦਾ ਰਿਹਾ ਹੈ।
Kamaldeep Singh Brar

Kamaldeep Singh Brar