Breaking News

ED ਨੇ GMADA ਕੋਲੋਂ ‘Chandigarh Royale City’ ਪ੍ਰੋਜੈਕਟ ਦਾ ਰਿਕਾਰਡ ਮੰਗਿਆ

ED ਨੇ GMADA ਕੋਲੋਂ ‘Chandigarh Royale City’ ਪ੍ਰੋਜੈਕਟ ਦਾ ਰਿਕਾਰਡ ਮੰਗਿਆ

ਬਿਲਡਰਾਂ ਵੱਲੋਂ ਮਨੀ ਲਾਂਡਰਿੰਗ (ਪੈਸੇ ਦੀ ਹੇਰਾਫੇਰੀ) ਦੇ ਕਥਿਤ ਮਾਮਲਿਆਂ ਵਿੱਚ ਆਪਣੀ ਜਾਂਚ ਨੂੰ ਹੋਰ ਤੇਜ਼ ਕਰਦਿਆਂ, ਐਨਫੋਰਸਮੈਂਟ ਡਾਇਰੈਕਟੋਰੇਟ (ਈ ਡੀ) ਨੇ ਗਮਾਡਾ (GMADA) ਕੋਲੋਂ ‘ਚੰਡੀਗੜ੍ਹ ਰੌਇਲ ਸਿਟੀ’ ਪ੍ਰੋਜੈਕਟ ਦਾ ਪੂਰਾ ਰਿਕਾਰਡ ਮੰਗਿਆ ਹੈ।

ਸੂਤਰਾਂ ਨੇ ਦੱਸਿਆ ਕਿ ਗਮਾਡਾ ਨੂੰ ਮੁਹਾਲੀ ਦੀ ਡੇਰਾਬੱਸੀ ਤਹਿਸੀਲ ਦੇ ਪਿੰਡ ਕਰਾਲਾ ਵਿੱਚ ਇੱਕ ਰਿਹਾਇਸ਼ੀ ਪ੍ਰੋਜੈਕਟ ਲਈ ਮੈਸਰਜ਼ ਚੰਡੀਗੜ੍ਹ ਰੌਇਲ ਸਿਟੀ ਪ੍ਰਾਈਵੇਟ ਲਿਮਟਿਡ ਨੂੰ ਦਿੱਤੇ ਗਏ ਚੇਂਜ ਆਫ ਲੈਂਡ ਯੂਜ਼ (CLU) ਲਾਇਸੰਸ ਤੇ ਕਲੋਨੀ ਡਿਵੈਲਪਮੈਂਟ ਲਾਇਸੰਸ ਬਾਰੇ ਦਸਤਾਵੇਜ਼ ਅਤੇ ਸਪਸ਼ਟੀਕਰਨ ਦੇਣ ਲਈ ਕਿਹਾ ਗਿਆ ਹੈ।

ਇਹ ਜਾਂਚ ਪ੍ਰੋਮੋਟਰ (ਬਿਲਡਰ) ਅਤੇ ਗਮਾਡਾ ਵਿਚਕਾਰ ਬਾਹਰੀ ਵਿਕਾਸ ਖਰਚਿਆਂ (External Development Charges) ਤੇ ਭੁਗਤਾਨਾਂ ਨੂੰ ਲੈ ਕੇ ਲੰਮੇ ਸਮੇਂ ਤੋਂ ਚੱਲ ਰਹੇ ਵਿਵਾਦਾਂ ਦੇ ਵਿਚਕਾਰ ਹੋ ਰਹੀ ਹੈ। ਜਾਂਚ ਅਧਿਕਾਰੀ ਗਮਾਡਾ ਦੇ ਬਕਾਏ ਦੇ ਨਾਲ-ਨਾਲ ਪ੍ਰੋਜੈਕਟ ਦੇ ਫੰਡਾਂ ਨੂੰ ਦੂਜੀ ਥਾਂ ਤਬਦੀਲ (ਡਾਇਵਰਟ) ਕਰਨ ਦੇ ਕਥਿਤ ਦੋਸ਼ਾਂ ਦੀ ਜਾਂਚ ਕਰ ਰਹੇ ਹਨ।

ਜੁਲਾਈ 2025 ਵਿੱਚ, ਪੰਜਾਬ ਪੁਲੀਸ ਨੇ ਇਸ ਪ੍ਰੋਜੈਕਟ ਨਾਲ ਜੁੜੀ ਕਾਨੂੰਨੀ ਦੇਣਦਾਰੀਆਂ ਨਾਲ ਸਬੰਧਤ ਲਗਪਗ 32.67 ਕਰੋੜ ਰੁਪਏ ਦੇ ਦਿੱਤੇ ਚੈੱਕ ਬਾਊਂਸ ਹੋਣ, ਧੋਖਾਧੜੀ ਅਤੇ ਅਪਰਾਧਿਕ ਸਾਜ਼ਿਸ਼ ਦੇ ਦੋਸ਼ਾਂ ਤਹਿਤ ਇੱਕ ਮਾਮਲਾ ਦਰਜ ਕੀਤਾ ਸੀ।

ਉੱਥੇ ਹੀ ਈ ਡੀ ਨੇ ਮਨੀ ਲਾਂਡਰਿੰਗ ਰੋਕੂ ਕਾਨੂੰਨ (PMLA) ਤਹਿਤ ਚੰਡੀਗੜ੍ਹ, ਮੁਹਾਲੀ ਅਤੇ ਹੋਰ ਖੇਤਰਾਂ ਵਿੱਚ ਰੌਇਲ ਐਸਟੇਟ ਗਰੁੱਪ ਅਤੇ ਪ੍ਰੋਮੋਟਰਾਂ ਨਾਲ ਜੁੜੇ ਟਿਕਾਣਿਆਂ ‘ਤੇ ਮਈ 2026 ਵਿੱਚ ਛਾਪੇਮਾਰੀ ਸ਼ੁਰੂ ਕੀਤੀ ਸੀ। ਕੰਪਨੀਆਂ ਦੇ ਪ੍ਰੋਮੋਟਰਾਂ ਪਰਵੀਨ ਕਾਂਸਲ ਅਤੇ ਨੀਰਜ ਕਾਂਸਲ, ਜਿਨ੍ਹਾਂ ਨੂੰ 30 ਮਈ ਨੂੰ ਦਿੱਲੀ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ, ਨੂੰ ਨਿਆਂਇਕ ਹਿਰਾਸਤ (ਜੇਲ੍ਹ) ਵਿੱਚ ਭੇਜ ਦਿੱਤਾ ਗਿਆ ਹੈ।

ਸੂਤਰਾਂ ਨੇ ਦੱਸਿਆ ਕਿ ਗਮਾਡਾ ਦੀ ਅਕਾਊਂਟਸ ਬਰਾਂਚ ਅਤੇ ਟਾਊਨ ਐਂਡ ਕੰਟਰੀ ਪਲੈਨਿੰਗ ਵਿਭਾਗ ਦੇ ਅਧਿਕਾਰੀਆਂ ਨੂੰ ਲਗਾਤਾਰ ਈ ਡੀ ਦੇ ਦਫ਼ਤਰ ਬੁਲਾਇਆ ਜਾ ਰਿਹਾ ਹੈ।