Gurdaspur :- ਗੁਰਦਾਸਪੁਰ ‘ਚ ਨਿਹੰਗ ਸਿੰਘ ਦਾ ਗੋਲੀਆਂ ਮਾਰ ਕੇ ਕਤਲ, 3 ਨੌਜਵਾਨ ਜ਼ਖਮੀ , ਦੋਵਾਂ ਪਾਸਿਉਂ 15 ਰਾਉਂਡ ਗੋਲੀਆਂ ਚੱਲੀਆਂ
Nihang Singh shot dead : ਗੁਰਦਾਸਪੁਰ ਦੇ ਬਟਾਲਾ ‘ਚ ਸ਼ੁੱਕਰਵਾਰ ਦੁਪਹਿਰ 2:20 ਵਜੇ ਦੇ ਕਰੀਬ ਵਾਹਨ ਲੰਘਾਉਣ ਨੂੰ ਲੈ ਕੇ ਇੱਕ ਮਾਮੂਲੀ ਝਗੜਾ ਖੂਨੀ ਝੜਪ ਵਿੱਚ ਬਦਲ ਗਿਆ। ਬਟਾਲਾ-ਗੁਰਦਾਸਪੁਰ ਸੜਕ ‘ਤੇ ਸਿੰਬਲ ਚੌਕ ‘ਤੇ ਦੋ ਗੁੱਟਾਂ ਵਿਚਕਾਰ ਝਗੜਾ ਹੋਇਆ, ਜਿਸ ਤੋਂ ਬਾਅਦ ਦੋਵਾਂ ਪਾਸਿਆਂ ਤੋਂ ਲਾਇਸੈਂਸੀ ਪਿਸਤੌਲਾਂ ਨਾਲ ਤਾਬੜਤੋੜ ਗੋਲੀਆਂ ਚਲਾਈਆਂ ਗਈਆਂ।
ਇਸ ਗੋਲੀਬਾਰੀ ਵਿੱਚ ਇੱਕ ਨਿਹੰਗ ਸਿੰਘ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ ਦੂਜੀ ਧਿਰ ਦੇ ਤਿੰਨ ਨੌਜਵਾਨ ਗੋਲੀਆਂ ਲੱਗਣ ਕਾਰਨ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਵਿੱਚੋਂ ਇੱਕ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਦਿਨ-ਦਿਹਾੜੇ ਹੋਈ ਇਸ ਫਾਇਰਿੰਗ ਕਾਰਨ ਇਲਾਕੇ ਵਿੱਚ ਦਹਿਸ਼ਤ ਫੈਲ ਗਈ ਅਤੇ ਮੌਕੇ ‘ਤੇ ਭਗਦੜ ਮੱਚ ਗਈ।

ਗੱਡੀ ਲੰਘਾਉਣ ਨੂੰ ਲੈ ਕੇ ਹੋਈ ਸੀ ਬਹਿਸ
ਚਸ਼ਮਦੀਦ ਜਸਪਾਲ ਸਿੰਘ ਨੇ ਦੱਸਿਆ ਕਿ ਦੋਵਾਂ ਧਿਰਾਂ ਵਿਚਾਲੇ ਗੱਡੀ ਕੱਢਣ ਦੀ ਗੱਲ ਨੂੰ ਲੈ ਕੇ ਬਹਿਸਬਾਜ਼ੀ ਹੋ ਰਹੀ ਸੀ। ਨੇੜੇ ਖੜ੍ਹੇ ਲੋਕਾਂ ਨੇ ਸੋਚਿਆ ਕਿ ਉਨ੍ਹਾਂ ਦਾ ਝਗੜਾ ਖਤਮ ਕਰਵਾ ਦਿੱਤਾ ਜਾਵੇ ਤਾਂ ਜੋ ਮਾਮਲਾ ਅੱਗੇ ਨਾ ਵਧੇ ਪਰ ਇਸੇ ਦੌਰਾਨ ਫਾਰਚੂਨਰ ਗੱਡੀ ਵਿੱਚ ਬੈਠੇ ਇੱਕ ਨੌਜਵਾਨ ਨੇ ਅਚਾਨਕ ਆਪਣੀ ਪਿਸਤੌਲ ਕੱਢ ਲਈ। ਜਦੋਂ ਲੋਕ ਵਿਚਕਾਰ ਪੈਣ ਲਈ ਅੱਗੇ ਵਧੇ ਤਾਂ ਉਸ ਨੇ ਸੜਕ ਵੱਲ 2 ਤੋਂ 3 ਫਾਇਰ ਕਰ ਦਿੱਤੇ, ਜਿਸ ਨਾਲ ਲੋਕ ਡਰ ਕੇ ਪਿੱਛੇ ਹਟ ਗਏ।

ਨਿਹੰਗ ਨੇ ਵੀ ਕੱਢੀ ਪਿਸਤੌਲ, ਫਿਰ ਹੋਈ ਤਾਬੜਤੋੜ ਫਾਇਰਿੰਗ
ਜਸਪਾਲ ਸਿੰਘ ਅਨੁਸਾਰ ਹਵਾਈ ਫਾਇਰ ਹੁੰਦੇ ਦੇਖ ਦੂਜੇ ਪਾਸੇ ਮੌਜੂਦ ਨਿਹੰਗ ਦੀਪਇੰਦਰ ਸਿੰਘ ਨੇ ਵੀ ਆਪਣੀ ਪਿਸਤੌਲ ਕੱਢ ਲਈ ਅਤੇ ਸਿੱਧੀਆਂ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਇੱਕ ਗੋਲੀ ਫਾਰਚੂਨਰ ਸਵਾਰ ਨੌਜਵਾਨ ਦੀ ਲੱਤ ਵਿੱਚ ਲੱਗੀ ਅਤੇ ਦੂਜੀ ਸਰੀਰ ਦੇ ਹੋਰ ਹਿੱਸੇ ਵਿੱਚ। ਇਸ ਤੋਂ ਬਾਅਦ ਗੁੱਸੇ ਵਿੱਚ ਆਏ ਦੂਜੇ ਫਾਰਚੂਨਰ ਸਵਾਰ ਨੇ ਨਿਹੰਗ ਸਿੰਘ ‘ਤੇ ਤਾਬੜਤੋੜ ਗੋਲੀਆਂ ਚਲਾ ਦਿੱਤੀਆਂ, ਜਿਸ ਕਾਰਨ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ ਅਤੇ ਉਹ ਜ਼ਮੀਨ ‘ਤੇ ਡਿੱਗ ਪਿਆ।
ਹਮਲਾਵਰ ਨੇ ਖੁਦ ਨੂੰ ਵੀ ਮਾਰੀ ਗੋਲੀ
ਚਸ਼ਮਦੀਦ ਨੇ ਦੱਸਿਆ ਕਿ ਨਿਹੰਗ ਸਿੰਘ ਨੂੰ ਗੋਲੀ ਮਾਰਨ ਤੋਂ ਤੁਰੰਤ ਬਾਅਦ ਉਸ ਨੌਜਵਾਨ ਨੇ ਆਪਣੀ ਹੀ ਪਿਸਤੌਲ ਨਾਲ ਆਪਣੇ ਸਿਰ ਵਿੱਚ ਵੀ ਗੋਲੀ ਮਾਰ ਲਈ। ਇਸ ਦੌਰਾਨ ਫਾਰਚੂਨਰ ਸਵਾਰਾਂ ਦੇ ਨਾਲ ਮੌਜੂਦ ਇੱਕ ਹੋਰ ਨੌਜਵਾਨ ਨੇ ਜਦੋਂ ਦੇਖਿਆ ਕਿ ਉਸ ਦਾ ਸਾਥੀ ਜ਼ਖ਼ਮੀ ਹੋ ਗਿਆ ਹੈ ਤਾਂ ਉਸ ਨੇ ਗੁੱਸੇ ਵਿੱਚ ਆ ਕੇ ਜ਼ਮੀਨ ‘ਤੇ ਡਿੱਗੇ ਨਿਹੰਗ ਸਿੰਘ ਉੱਪਰ ਚੜ੍ਹ ਕੇ 2 ਤੋਂ 3 ਹੋਰ ਫਾਇਰ ਕਰ ਦਿੱਤੇ।

ਮੌਕੇ ਤੋਂ ਮਿਲੇ 9 ਤੋਂ 10 ਖੋਲ
ਜਸਪਾਲ ਸਿੰਘ ਮੁਤਾਬਕ ਮੌਕੇ ‘ਤੇ ਕਰੀਬ 15 ਰਾਊਂਡ ਫਾਇਰਿੰਗ ਹੋਈ। ਪੁਲਿਸ ਨੂੰ ਹੁਣ ਤੱਕ 9 ਤੋਂ 10 ਖੋਲ ਮਿਲ ਚੁੱਕੇ ਹਨ। ਫਾਰਚੂਨਰ ਸਵਾਰ ਨੌਜਵਾਨਾਂ ਕੋਲ ਦੋ ਪਿਸਤੌਲਾਂ ਸਨ, ਜਦਕਿ ਨਿਹੰਗ ਸਿੰਘ ਕੋਲ ਇੱਕ ਪਿਸਤੌਲ ਸੀ।
ਨਸ਼ਾ ਮੁਕਤੀ ਕੇਂਦਰ ਚਲਾਉਂਦਾ ਸੀ ਨਿਹੰਗ
ਮ੍ਰਿਤਕ ਨਿਹੰਗ ਦੀ ਪਛਾਣ ਦੀਪਇੰਦਰ ਸਿੰਘ ਉਰਫ਼ ਦੀਪ ਸ਼ੁੱਕਰਪੁਰਾ ਵਜੋਂ ਹੋਈ ਹੈ, ਜੋ ਬਟਾਲਾ ਦਾ ਰਹਿਣ ਵਾਲਾ ਸੀ। ਉਹ ਇੱਕ ਨਸ਼ਾ ਮੁਕਤੀ ਕੇਂਦਰ (ਡੀ-ਐਡੀਕਸ਼ਨ ਸੈਂਟਰ) ਚਲਾਉਂਦਾ ਸੀ। ਦੂਜੇ ਪਾਸੇ ਫਾਰਚੂਨਰ ਸਵਾਰ ਦੋਵੇਂ ਨੌਜਵਾਨ ਇੱਕ ਗਨ ਹਾਊਸ ਚਲਾਉਣ ਵਾਲੇ ਪਰਿਵਾਰ ਨਾਲ ਸੰਬੰਧਿਤ ਦੱਸੇ ਜਾ ਰਹੇ ਹਨ।
ਐਸਐਸਪੀ ਨੇ ਕਿਹਾ- ਮਾਮਲੇ ਦੀ ਜਾਂਚ ਜਾਰੀ
ਬਟਾਲਾ ਦੇ ਐਸਐਸਪੀ ਡਾ. ਮਹਿਤਾਬ ਸਿੰਘ ਨੇ ਦੱਸਿਆ ਕਿ ਮੁੱਢਲੀ ਜਾਂਚ ‘ਚ ਸਾਹਮਣੇ ਆਇਆ ਹੈ ਕਿ ਦੋਵਾਂ ਧਿਰਾਂ ਵਿਚਾਲੇ ਗੱਡੀ ਕ੍ਰਾਸ ਕਰਨ ਨੂੰ ਲੈ ਕੇ ਝਗੜਾ ਹੋਇਆ ਸੀ, ਜਿਸ ਤੋਂ ਬਾਅਦ ਦੋਵਾਂ ਨੇ ਆਪਣੀਆਂ ਲਾਇਸੈਂਸੀ ਰਿਵਾਲਵਰਾਂ ਨਾਲ ਇੱਕ-ਦੂਜੇ ‘ਤੇ ਹਮਲਾ ਕਰ ਦਿੱਤਾ। ਇਸ ਘਟਨਾ ਵਿੱਚ ਦੀਪਇੰਦਰ ਸਿੰਘ ਦੀ ਮੌਤ ਹੋ ਗਈ, ਜਦਕਿ ਦੂਜੀ ਧਿਰ ਦੇ ਨੌਜਵਾਨ ਗੋਲੀ ਲੱਗਣ ਕਾਰਨ ਜ਼ਖ਼ਮੀ ਹਨ।
ਪੁਲਿਸ ਨੇ ਮਾਮਲਾ ਦਰਜ ਕਰਕੇ ਮੌਕੇ ਤੋਂ ਸਬੂਤ ਇਕੱਠੇ ਕਰਨ ਸ਼ੁਰੂ ਕਰ ਦਿੱਤੇ ਹਨ ਅਤੇ ਅਗਲੀ ਕਾਨੂੰਨੀ ਕਾਰਵਾਈ ਜਾਰੀ ਹੈ। ਦਿਨ-ਦਿਹਾੜੇ ਭੀੜਭਾੜ ਵਾਲੇ ਸਿੰਬਲ ਚੌਂਕ ਵਿੱਚ ਹੋਈ ਇਸ ਫਾਇਰਿੰਗ ਤੋਂ ਬਾਅਦ ਇਲਾਕੇ ਦੇ ਵਪਾਰੀਆਂ ਅਤੇ ਸਥਾਨਕ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ।
Punjab Spectrum
You must be logged in to post a comment.