Breaking News

London ਵਿੱਚ ਭਾਰਤ ਦੇ ਮੁੱਖ ਜੱਜ Surya Kant ਦੇ ਪ੍ਰੋਗਰਾਮ ‘ਚ ਵਿਘਨ ਪਾਉਣ ਦੀ ਕੋਸ਼ਿਸ਼

London ਵਿੱਚ ਭਾਰਤ ਦੇ ਮੁੱਖ ਜੱਜ Surya Kant ਦੇ ਪ੍ਰੋਗਰਾਮ ‘ਚ ਵਿਘਨ ਪਾਉਣ ਦੀ ਕੋਸ਼ਿਸ਼

ਭਾਰਤ ਦੇ ਹਾਈ ਕਮਿਸ਼ਨ ਨੇ ਪ੍ਰੋਗਰਾਮ ਵਿੱਚ ਪਾਏ ਗਏ ਵਿਘਨ ਦੀ ਕੀਤੀ ਨਿਖੇਧੀ

ਇੱਕ ਵਿਅਕਤੀ ਨੇ ਲੰਡਨ ਵਿੱਚ ਭਾਰਤ ਦੇ ਮੁੱਖ ਜੱਜ (CJI) ਸੂਰਿਆ ਕਾਂਤ ਦੇ ਸੰਬੋਧਨ ਵਾਲੇ ਪ੍ਰੋਗਰਾਮ ‘ਚ ਅਚਾਨਕ ਮਨਸੂਈ ਬੌਧਿਕਤਾ (AI) – ਜੋ ਕਿ ਚਰਚਾ ਦਾ ਮੁੱਖ ਵਿਸ਼ਾ ਸੀ – ਤੋਂ ਵੱਖਰਾ ਮੁੱਦਾ ਚੁੱਕ ਕੇ ਵਿਘਨ ਪਾਉਣ ਦੀ ਕੋਸ਼ਿਸ਼ ਕੀਤੀ।

ਸੋਸ਼ਲ ਮੀਡੀਆ ‘ਤੇ ਚੱਲ ਰਹੀਆਂ ਪ੍ਰੋਗਰਾਮ ਦੀਆਂ ਕੁਝ ਵੀਡੀਓਜ਼ ਵਿੱਚ ਦੇਖਿਆ ਗਿਆ ਕਿ ਇੱਕ ਹਾਜ਼ਰ ਮਹਿਲਾ ਨੇ ਭਾਰਤ ਵਿੱਚ “ਅਸਹਿਮਤੀ ਪ੍ਰਤੀ ਵਧ ਰਹੀ ਨਫ਼ਰਤ” ਵਜੋਂ ਵਰਣਨ ਕਰਦਿਆਂ ਚਿੰਤਾ ਪ੍ਰਗਟ ਕੀਤੀ ਅਤੇ ਮੁੱਖ ਜੱਜ (CJI) ਨੂੰ ਸਵਾਲ ਪੁੱਛਣ ਦੀ ਕੋਸ਼ਿਸ਼ ਕੀਤੀ।

ਹਾਲਾਂਕਿ, ਇੱਕ ਪ੍ਰਬੰਧਕ ਨੇ ਤੁਰੰਤ ਦਖਲ ਦਿੱਤਾ। ਵੀਡੀਓ ਵਿੱਚ ਪ੍ਰਬੰਧਕ ਨੂੰ ਇਹ ਕਹਿੰਦੇ ਸੁਣਿਆ ਗਿਆ, “ਪੂਰੇ ਸਤਿਕਾਰ ਨਾਲ, ਮੈਂ ਮਾਫ਼ੀ ਚਾਹੁੰਦਾ ਹਾਂ, ਮੈਂ ਇਹ ਸਵਾਲ ਨਹੀਂ ਲੈ ਸਕਾਂਗਾ ਕਿਉਂਕਿ ਵਿਸ਼ਾ ਮਨਸੂਈ ਬੌਧਿਕਤਾ ਅਤੇ ਕੌਮਾਂਤਰੀ ਕਾਨੂੰਨ ਨਾਲ ਸਬੰਧਤ ਹੈ। ਸਾਨੂੰ ਇਸ ਨੂੰ ਇੱਥੇ ਹੀ ਰੋਕਣਾ ਪਵੇਗਾ।”

ਮੁੱਖ ਜੱਜ (CJI) ਸੂਰਿਆ ਕਾਂਤ ਵੀਰਵਾਰ ਨੂੰ ਯੂਨੀਵਰਸਿਟੀ ਆਫ਼ ਲੰਡਨ ਦੇ ਬਿਰਕਬੈਕ (Birkbeck) ਵਿਖੇ ‘ਮਨਸੂਈ ਬੌਧਿਕਤਾ ਅਤੇ ਕੌਮਾਂਤਰੀ ਕਾਨੂੰਨ’ ‘ਤੇ ਭਾਸ਼ਣ ਦੇ ਰਹੇ ਸਨ, ਜਦੋਂ ਸਰੋਤਿਆਂ ਨਾਲ ਗੱਲਬਾਤ ਦੌਰਾਨ ਇਹ ਵਿਘਨ ਪਿਆ।

ਲੰਡਨ ਵਿੱਚ ਭਾਰਤ ਦੇ ਹਾਈ ਕਮਿਸ਼ਨ ਨੇ ਸ਼ੁੱਕਰਵਾਰ ਨੂੰ ਮੁੱਖ ਜੱਜ ਕਾਂਤ ਦੇ ਸੰਬੋਧਨ ਵਾਲੇ ਪ੍ਰੋਗਰਾਮ ਵਿੱਚ ਪਾਏ ਗਏ ਵਿਘਨ ਦੀ ਨਿਖੇਧੀ ਕੀਤੀ ਹੈ। ਉਹ ਯੂ ਕੇ (UK) ਦੇ ਛੇ ਦਿਨਾਂ ਦੌਰੇ ‘ਤੇ ਹਨ।

ਭਾਰਤੀ ਹਾਈ ਕਮਿਸ਼ਨ ਨੇ ਸੋਸ਼ਲ ਮੀਡੀਆ ‘ਤੇ ਜਾਰੀ ਇੱਕ ਬਿਆਨ ਵਿੱਚ ਕਿਹਾ, “ਉਨ੍ਹਾਂ ਦੇ ਸੰਬੋਧਨ ਤੋਂ ਬਾਅਦ ਇੱਕ ਬਹੁਤ ਵਧੀਆ ਚਰਚਾ ਹੋਈ। ਉਸ ਤੋਂ ਬਾਅਦ ਇੱਕ ਖਾਸ ਵਿਅਕਤੀ ਨੇ ਪ੍ਰੋਗਰਾਮ ਵਿੱਚ ਵਿਘਨ ਪਾਉਣ ਦੀ ਕੋਸ਼ਿਸ਼ ਕੀਤੀ।”

ਹਾਈ ਕਮਿਸ਼ਨ ਨੇ ਕਿਹਾ, “ਸਰੋਤਿਆਂ ਦਾ ਅਜਿਹਾ ਗੈਰ-ਜ਼ਿੰਮੇਵਾਰਾਨਾ ਵਿਵਹਾਰ ਅਸਵੀਕਾਰਨਯੋਗ ਹੈ ਅਤੇ ਉਸ ਸਤਿਕਾਰਪੂਰਨ ਤਰੀਕੇ ਦੇ ਉਲਟ ਹੈ ਜੋ ਜਨਤਕ ਗੱਲਬਾਤ ਵਿੱਚ ਹੋਣਾ ਚਾਹੀਦਾ ਹੈ। ਵਿਚਾਰਾਂ ਦੇ ਮੱਤਭੇਦ ਇੱਕ ਲੋਕਤੰਤਰੀ ਸਮਾਜ ਦਾ ਸੁਭਾਵਿਕ ਹਿੱਸਾ ਹਨ। ਹਾਲਾਂਕਿ, ਉਨ੍ਹਾਂ ਨੂੰ ਅਜਿਹੇ ਤਰੀਕੇ ਨਾਲ ਪ੍ਰਗਟ ਕੀਤਾ ਜਾਣਾ ਚਾਹੀਦਾ ਹੈ ਜੋ ਸਭਿਅਕ ਅਤੇ ਸਤਿਕਾਰਪੂਰਨ ਹੋਵੇ।”