Twisha Sharma death case:
ਤਵਿਸ਼ਾ ਸ਼ਰਮਾ ਦਹੇਜ ਮੌਤ ਮਾਮਲਾ
ਜਿਨ੍ਹਾਂ ਨੂੰ ਕਦੇ ਸਜ਼ਾ ਸੁਣਾਈ, ਹੁਣ ਉਨ੍ਹਾਂ ਨਾਲ ਹੀ ਜੇਲ੍ਹ ’ਚ ਰਹਿਣ ਲਈ ਮਜਬੂਰ; ਸਾਬਕਾ ਜੱਜ ਨੇ ਅਦਾਲਤ ਤੋਂ ਮੰਗੀ ਸੁਰੱਖਿਆ
Twisha Sharma death case: ਤਵਿਸ਼ਾ ਸ਼ਰਮਾ ਦਹੇਜ ਮੌਤ ਮਾਮਲੇ ਵਿੱਚ ਮੁਲਜ਼ਮ ਸਾਬਕਾ ਜ਼ਿਲ੍ਹਾ ਜੱਜ ਗਿਰੀਬਾਲਾ ਸਿੰਘ ਨੇ ਮੰਗਲਵਾਰ ਨੂੰ ਭੋਪਾਲ ਸੈਂਟਰਲ ਜੇਲ੍ਹ ਵਿੱਚ ਇੱਕ ਸੁਰੱਖਿਅਤ ਜਗ੍ਹਾ ਦੀ ਮੰਗ ਕੀਤੀ ਹੈ, ਜਿਸ ਦਾ ਕਾਰਨ ਉਨ੍ਹਾਂ ਨੇ ਉਨ੍ਹਾਂ ਕੈਦੀਆਂ ਤੋਂ ਖ਼ਤਰਾ ਦੱਸਿਆ ਹੈ ਜਿਨ੍ਹਾਂ ਨੂੰ ਉਨ੍ਹਾਂ ਨੇ ਪਿਛਲੇ ਸਮੇਂ ਵਿੱਚ ਸਜ਼ਾ ਸੁਣਾਈ ਸੀ ਅਤੇ ਉਹ ਵੀ ਉਸੇ ਜੇਲ੍ਹ ਵਿੱਚ ਬੰਦ ਹਨ।
ਇੱਕ ਵਕੀਲ ਨੇ ਦੱਸਿਆ ਕਿ ਕੇਸ ਦੀ ਸੁਣਵਾਈ ਕਰ ਰਹੀ ਅਦਾਲਤ ਨੇ ਉਨ੍ਹਾਂ ਦੀ ਅਰਜ਼ੀ ਸਵੀਕਾਰ ਕਰ ਲਈ ਹੈ। ਭੋਪਾਲ ਦੀ ਇੱਕ ਅਦਾਲਤ ਨੇ ਮਰਹੂਮ ਮਾਡਲ ਤਵਿਸ਼ਾ ਸ਼ਰਮਾ ਦੇ ਪਤੀ ਸਮਰਥ ਸਿੰਘ ਅਤੇ ਸੱਸ ਗਿਰੀਬਾਲਾ ਸਿੰਘ, ਜੋ ਦੋਵੇਂ ਦਹੇਜ ਉਤਪੀੜਨ ਦੇ ਮੁਲਜ਼ਮ ਹਨ, ਨੂੰ ਸੀਬੀਆਈ ਰਿਮਾਂਡ ਪੂਰਾ ਹੋਣ ‘ਤੇ 14 ਦਿਨਾਂ ਲਈ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਹੈ। ਉਹ ਹੁਣ ਭੋਪਾਲ ਸੈਂਟਰਲ ਜੇਲ੍ਹ ਵਿੱਚ ਬੰਦ ਹਨ।
ਸਾਬਕਾ ਜੱਜ ਨੇ ਅਦਾਲਤ ਨੂੰ ਦੱਸਿਆ ਕਿ ਤਵਿਸ਼ਾ ਸ਼ਰਮਾ ਦੇ ਪਰਿਵਾਰ ਦੀ ਨੁਮਾਇੰਦਗੀ ਕਰਨ ਵਾਲੇ ਇੱਕ ਵਕੀਲ ਵੱਲੋਂ ਉਨ੍ਹਾਂ ਦੇ ਬੇਟੇ ਨਾਲ ਬਦਸਲੂਕੀ ਕੀਤੀ ਗਈ ਅਤੇ ਦਾਅਵਾ ਕੀਤਾ ਕਿ ਕੇਸ ਦੀ ਸ਼ੁਰੂਆਤ ਤੋਂ ਹੀ ਉਨ੍ਹਾਂ ਅਤੇ ਉਨ੍ਹਾਂ ਦੇ ਬੇਟੇ ਨੂੰ ਲਗਾਤਾਰ ਮੀਡੀਆ ਟ੍ਰਾਇਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅਦਾਲਤ ਵਿੱਚ ਦਖਲ ਦਿੰਦਿਆਂ ਗਿਰੀਬਾਲਾ ਸਿੰਘ ਨੇ ਜੁਡੀਸ਼ੀਅਲ ਮੈਜਿਸਟਰੇਟ ਫਸਟ ਕਲਾਸ ਸ਼ੋਭਨਾ ਭਲਾਵੇ ਨੂੰ ਆਪਣੀ ਗੱਲ ਰੱਖਣ ਦੀ ਇਜਾਜ਼ਤ ਦੇਣ ਦੀ ਅਪੀਲ ਕੀਤੀ ਅਤੇ ਬਾਅਦ ਵਿੱਚ ਦੋਸ਼ ਲਾਇਆ ਕਿ ਜਬਲਪੁਰ ਜ਼ਿਲ੍ਹਾ ਅਦਾਲਤ ਵਿੱਚ ਇੱਕ ਵਕੀਲ (ਅਨੁਰਾਗ ਸ਼੍ਰੀਵਾਸਤਵ) ਨੇ ਉਨ੍ਹਾਂ ਦੇ ਬੇਟੇ ‘ਤੇ ਹਮਲਾ ਕੀਤਾ ਸੀ।
ਸ਼੍ਰੀਵਾਸਤਵ ਨੇ ਅਦਾਲਤੀ ਕਾਰਵਾਈ ਬਾਰੇ ਦੱਸਦੇ ਹੋਏ ਪੱਤਰਕਾਰਾਂ ਨੂੰ ਕਿਹਾ, “ਉਨ੍ਹਾਂ ਨੇ ਇਸ਼ਾਰਾ ਕੀਤਾ ਕਿ ਆਪਣੇ ਨਿਆਂਇਕ ਕਰੀਅਰ ਦੌਰਾਨ ਉਹ ਕਈ ਸਾਲਾਂ ਤੱਕ ਭੋਪਾਲ ਵਿੱਚ ਤਾਇਨਾਤ ਰਹੇ ਅਤੇ ਉਨ੍ਹਾਂ ਨੇ ਉਨ੍ਹਾਂ ਕੇਸਾਂ ਵਿੱਚ ਫੈਸਲੇ ਸੁਣਾਏ ਜਿਨ੍ਹਾਂ ਦੇ ਨਤੀਜੇ ਵਜੋਂ ਹੁਣ ਸੈਂਟਰਲ ਜੇਲ੍ਹ ਵਿੱਚ ਬੰਦ ਕੈਦੀਆਂ ਨੂੰ ਸਜ਼ਾ ਹੋਈ ਸੀ। ਗਿਰੀਬਾਲਾ ਸਿੰਘ ਨੇ ਆਪਣੀ ਜਾਨ ਨੂੰ ਖ਼ਤਰੇ ਬਾਰੇ ਆਸ਼ੰਕਾ ਪ੍ਰਗਟਾਈ ਅਤੇ ਜੇਲ੍ਹ ਵਿੱਚ ਲੋੜੀਂਦੀ ਸੁਰੱਖਿਆ ਦੀ ਮੰਗ ਕੀਤੀ।”
ਉਨ੍ਹਾਂ ਨੇ ਇਹ ਵੀ ਮੰਗ ਕੀਤੀ ਕਿ ਸੀਬੀਆਈ ਵੱਲੋਂ ਕੀਤੀ ਜਾ ਰਹੀ ਜਾਂਚ ਨੂੰ ਮੀਡੀਆ ਕਵਰੇਜ ਨਹੀਂ ਮਿਲਣੀ ਚਾਹੀਦੀ। ਸ਼੍ਰੀਵਾਸਤਵ ਨੇ ਕਿਹਾ, “ਅਦਾਲਤ ਨੇ ਇਸ ਸਬੰਧੀ ਸੀਬੀਆਈ ਨੂੰ ਕੁਝ ਨਿਰਦੇਸ਼ ਦਿੱਤੇ ਹਨ। ਜਦੋਂ ਉਨ੍ਹਾਂ (ਮਾਂ-ਬੇਟੇ ਦੀ ਜੋੜੀ) ਨੂੰ ਜੇਲ੍ਹ ਲਿਜਾਇਆ ਜਾਵੇ ਤਾਂ ਉਨ੍ਹਾਂ ਨੂੰ ਮੀਡੀਆ ਤੋਂ ਸੁਰੱਖਿਆ ਦਿੱਤੀ ਜਾਣੀ ਚਾਹੀਦੀ ਹੈ।”
ਉਨ੍ਹਾਂ ਦੱਸਿਆ ਕਿ ਮੀਡੀਆ ਉਨ੍ਹਾਂ ਦੇ ਬੇਟੇ ਸਮਰਥ ਦੇ ਪਿੱਛੇ ਸੀ ਜੋ ਕੇਸ ਵਿੱਚ ਸਰੰਡਰ ਕਰਨ ਲਈ ਜਬਲਪੁਰ ਜ਼ਿਲ੍ਹਾ ਅਦਾਲਤ ਦੇ ਅੰਦਰ ਸੀ। ਸ਼੍ਰੀਵਾਸਤਵ ਨੇ ਦਾਅਵਾ ਕੀਤਾ ਕਿ ਜਬਲਪੁਰ ਵਿੱਚ ਕੁਝ ਵਕੀਲਾਂ ਵੱਲੋਂ ਉਨ੍ਹਾਂ ਨੂੰ ਅਤੇ ਮੀਡੀਆ ਕਰਮੀਆਂ ਨੂੰ ਗਾਲ੍ਹਾਂ ਦਿੱਤੀਆਂ ਗਈਆਂ। ਉਨ੍ਹਾਂ ਕਿਹਾ, “ਮੈਨੂੰ ਅਤੇ ਮੀਡੀਆ ਨੂੰ ਧਮਕੀਆਂ ਦਿੱਤੀਆਂ ਗਈਆਂ, ਗਾਲ੍ਹਾਂ ਦਿੱਤੀਆਂ ਗਈਆਂ ਅਤੇ ਬਾਹਰ ਕੱਢ ਦਿੱਤਾ ਗਿਆ। (ਅਦਾਲਤ ਦਾ) ਦਰਵਾਜ਼ਾ ਬੰਦ ਕਰ ਦਿੱਤਾ ਗਿਆ ਅਤੇ ਮੀਡੀਆ ਵੱਲੋਂ ਇਸ ਨੂੰ ਲਾਈਵ ਦਿਖਾਇਆ ਗਿਆ। ਮੈਂ ਅੱਜ ਫਿਰ ਅਦਾਲਤ ਨੂੰ ਸਭ ਕੁਝ ਦੱਸਿਆ ਹੈ। ਜ਼ਿਲ੍ਹਾ ਸੈਸ਼ਨ ਕੋਰਟ, ਜਬਲਪੁਰ ਵਿੱਚ ਲੱਗੇ ਸੀਸੀਟੀਵੀ ਦੀ ਜਾਂਚ ਕੀਤੀ ਜਾਣੀ ਚਾਹੀਦੀ ਹੈ ਤਾਂ ਜੋ ਪਤਾ ਲੱਗ ਸਕੇ ਕਿ ਅੰਦਰ ਕੀ ਹੋਇਆ।”
ਉਨ੍ਹਾਂ ਦਾਅਵਾ ਕੀਤਾ ਕਿ ਪਹਿਲੇ ਦਿਨ ਤੋਂ ਹੀ ਇਹ ਯਕੀਨੀ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਤਵਿਸ਼ਾ ਦੇ ਪਰਿਵਾਰ ਨੂੰ ਵਕੀਲਾਂ ਦਾ ਸਮਰਥਨ ਨਾ ਮਿਲੇ। ਉਨ੍ਹਾਂ ਜ਼ੋਰ ਦੇ ਕੇ ਕਿਹਾ, “ਮੈਂ ਤੁਹਾਡੇ (ਮੀਡੀਆ) ਰਾਹੀਂ ਪੂਰੇ ਦੇਸ਼ ਨੂੰ ਸਪੱਸ਼ਟ ਕਰਨਾ ਚਾਹੁੰਦਾ ਹਾਂ ਕਿ ਨਾ ਤਾਂ ਅੰਕੁਰ ਪਾਂਡੇ (ਪੀੜਤ ਪਰਿਵਾਰ ਦੀ ਨੁਮਾਇੰਦਗੀ ਕਰਨ ਵਾਲਾ ਇੱਕ ਹੋਰ ਵਕੀਲ) ਅਤੇ ਨਾ ਹੀ ਮੈਂ ਇਸ ਕੇਸ ਤੋਂ ਪਿੱਛੇ ਹਟਣ ਵਾਲੇ ਹਾਂ। ਅਸੀਂ ਆਪਣੀ ਰੱਖਿਆ ਕਰਨ ਦੇ ਸਮਰੱਥ ਹਾਂ।” ਇਸ ਮਾਮਲੇ ‘ਤੇ ਗਿਰੀਬਾਲਾ ਅਤੇ ਸਮਰਥ ਸਿੰਘ ਦੇ ਵਕੀਲ ਨਾਲ ਸੰਪਰਕ ਕਰਨ ਦੀਆਂ ਕੋਸ਼ਿਸ਼ਾਂ ਨਾਕਾਮ ਰਹੀਆਂ।
Punjab Spectrum