NIA arrests key accused involved in human trafficking to US via ‘dunki’ route
ਐਨਆਈਏ ਵੱਲੋਂ ਡੰਕੀ ਰੂਟ ਰਾਹੀਂ ਅਮਰੀਕਾ ਭੇਜਣ ਦੇ ਮਾਮਲੇ ਵਿਚ ਮੁੱਖ ਮੁਲਜ਼ਮ ਨਵੀਂ ਦਿੱਲੀ, 31 ਮਾਰਚ
ਕੌਮੀ ਜਾਂਚ ਏਜੰਸੀ (NIA) ਨੇ ਇੱਕ ਵਿਅਕਤੀ ਨੂੰ ਬਦਨਾਮ ‘ਡੰਕੀ’ ਰੂਟ ਰਾਹੀਂ ਗੈਰਕਾਨੂੰਨੀ ਤੌਰ ‘ਤੇ ਅਮਰੀਕਾ ਭੇਜਣ ਦੇ ਮਾਮਲੇ ਵਿਚ ਇੱਕ ਮੁੱਖ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਹੈ। ਇੱਕ ਅਧਿਕਾਰਤ ਬਿਆਨ ਵਿੱਚ ਕਿਹਾ ਗਿਆ ਹੈ ਕਿ ਪੱਛਮੀ ਦਿੱਲੀ ਦੇ ਤਿਲਕ ਨਗਰ ਦੇ ਰਹਿਣ ਵਾਲੇ ਗਗਨਦੀਪ ਸਿੰਘ ਉਰਫ ਗੋਲਡੀ ਨੂੰ NIA ਨੇ ਐਤਵਾਰ ਨੂੰ ਗ੍ਰਿਫ਼ਤਾਰ ਕੀਤਾ ਹੈ।
ਗ਼ੌਰਤਲਬ ਹੈ ਕਿ ‘ਡੰਕੀ’ ਸ਼ਬਦ ‘ਗਧਾ/ਖੋਤਾ’ ਸ਼ਬਦ ਤੋਂ ਪੈਦਾ ਹੋਇਆ ਮੰਨਿਆ ਜਾਂਦਾ ਹੈ, ਜਿਸ ਨੂੰ ਅੰਗਰੇਜ਼ੀ ਵਿਚ ‘ਡੰਕੀ’ ਕਿਹਾ ਜਾਂਦਾ ਹੈ। ਡੰਕੀ ਰੂਟ ਦਾ ਮਤਲਬ ਹੈ ਕਿ ਕਿਸੇ ਵਿਅਕਤੀ ਨੂੰ ਗੈਰਕਾਨੂੰਨੀ ਰਸਤੇ ਰਾਹੀਂ ਨੂੰ ਤੇ ਬਿਨਾਂ ਕਿਸੇ ਦਸਤਾਵੇਜ਼ ਆਦਿ ਦੇ ਅਮਰੀਕਾ ਵਰਗੇ ਦੇਸ਼ਾਂ ਵਿੱਚ ਦਾਖਲ ਕਰਵਾਉਣਾ। ਇਸ ਮਕਸਦ ਲਈ ਬਹੁਤ ਹੀ ਖਤਰਨਾ ਤੇ ਜੋਖਮ ਭਰੇ ਰਸਤਿਆਂ ਅਤੇ ਢੰਗ-ਤਰੀਕਿਆਂ ਦਾ ਇਸਤੇਮਾਲ ਕੀਤਾ ਜਾਂਦਾ ਹੈ। ਉਨ੍ਹਾਂ ਦੀ ਜੋਖਮ ਭਰੀ ਅਤੇ ਔਖੀ ਯਾਤਰਾ ਆਮ ਤੌਰ ‘ਤੇ ਮਨੁੱਖੀ-ਤਸਕਰੀ ਸਿੰਡੀਕੇਟ ਰਾਹੀਂ ਪੂਰੀ ਕਰਵਾਈ ਜਾਂਦੀ ਹੈ।
ਐਨਆਈਏ ਦੇ ਬਿਆਨ ਵਿੱਚ ਕਿਹਾ ਗਿਆ ਹੈ ਕਿ ਗੋਲਡੀ ਨੂੰ ਪੰਜਾਬ ਦੇ ਤਰਨ ਤਾਰਨ ਜ਼ਿਲ੍ਹੇ ਦੇ ਇੱਕ ਪੀੜਤ ਨੇ ਕਥਿਤ ਤੌਰ ‘ਤੇ ਗੈਰ-ਕਾਨੂੰਨੀ ਇਮੀਗ੍ਰੇਸ਼ਨ ਲਈ ਲਗਭਗ 45 ਲੱਖ ਰੁਪਏ ਦਾ ਭੁਗਤਾਨ ਕੀਤਾ ਸੀ। ਪੀੜਤ ਨੂੰ ਦਸੰਬਰ 2024 ਵਿੱਚ ‘ਡੰਕੀ’ ਰਸਤੇ ਅਮਰੀਕਾ ਭੇਜਿਆ ਗਿਆ ਸੀ।
ਉਸਨੂੰ ਅਮਰੀਕੀ ਅਧਿਕਾਰੀਆਂ ਨੇ 15 ਫਰਵਰੀ ਨੂੰ ਭਾਰਤ ਡਿਪੋਰਟ ਕਰ ਦਿੱਤਾ ਸੀ ਅਤੇ ਇਸ ਤੋਂ ਬਾਅਦ ਉਸ ਨੇ “ਏਜੰਟ” ਵਿਰੁੱਧ ਸ਼ਿਕਾਇਤ ਦਰਜ ਕਰਵਾਈ ਸੀ। ਇਹ ਮਾਮਲਾ ਅਸਲ ਵਿੱਚ ਪੰਜਾਬ ਪੁਲੀਸ ਵੱਲੋਂ ਦਰਜ ਕੀਤਾ ਗਿਆ ਸੀ ਅਤੇ ਬਾਅਦ ਵਿੱਚ, 13 ਮਾਰਚ ਨੂੰ NIA ਨੇ ਇਸਨੂੰ ਆਪਣੇ ਹੱਥ ਵਿੱਚ ਲੈ ਲਿਆ।
NIA ਜਾਂਚਾਂ ਤੋਂ ਪਤਾ ਲੱਗਿਆ ਹੈ ਕਿ ਗੋਲਡੀ, ਜਿਸ ਕੋਲ ਲੋਕਾਂ ਨੂੰ ਵਿਦੇਸ਼ ਭੇਜਣ ਲਈ ਕੋਈ ਲਾਇਸੈਂਸ ਜਾਂ ਕਾਨੂੰਨੀ ਪਰਮਿਟ ਜਾਂ ਰਜਿਸਟ੍ਰੇਸ਼ਨ ਨਹੀਂ ਸੀ, ਨੇ ‘ਡੰਕੀ’ ਰਸਤੇ ਦੀ ਵਰਤੋਂ ਕੀਤੀ ਸੀ ਅਤੇ ਪੀੜਤ ਨੂੰ ਸਪੇਨ, ਅਲ ਸਲਵਾਡੋਰ, ਗੁਆਟੇਮਾਲਾ ਅਤੇ ਮੈਕਸੀਕੋ ਆਦਿ ਰਾਹੀਂ ਅਮਰੀਕਾ ਭੇਜਿਆ ਸੀ।
NIA ਜਾਂਚਾਂ ਵਿੱਚ ਅੱਗੇ ਕਿਹਾ ਗਿਆ ਹੈ ਕਿ “ਗੋਲਡੀ ਦੇ ਸਹਿਯੋਗੀਆਂ ਨੇ ਪੀੜਤ ਨੂੰ ਕੁੱਟਿਆ-ਮਾਰਿਆ ਅਤੇ ਸ਼ੋਸ਼ਣ ਵੀ ਕੀਤਾ, ਇਸ ਤੋਂ ਇਲਾਵਾ ਉਹ ਜੋ ਡਾਲਰ ਲੈ ਕੇ ਜਾ ਰਿਹਾ ਸੀ, ਉਨ੍ਹਾਂ ਨੂੰ ਰਸਤੇ ਵਿਚ ਖੋਹ ਲਿਆ ਗਿਆ।”
ਲੋਕ ਸਭਾ ਵਿੱਚ ਇੱਕ ਸਵਾਲ ਦੇ ਜਵਾਬ ਵਿੱਚ, ਕੇਂਦਰੀ ਵਿਦੇਸ਼ ਰਾਜ ਮੰਤਰੀ ਕੀਰਤੀ ਵਰਧਨ ਸਿੰਘ ਨੇ 28 ਮਾਰਚ ਨੂੰ ਕਿਹਾ ਸੀ, “ਜਨਵਰੀ 2025 ਤੋਂ ਹੁਣ ਤੱਕ, ਕੁੱਲ 636 ਭਾਰਤੀ ਨਾਗਰਿਕਾਂ ਨੂੰ ਅਮਰੀਕਾ ਤੋਂ ਭਾਰਤ ਡਿਪੋਰਟ ਕੀਤਾ ਗਿਆ ਹੈ।”