NCB ਦੀ ਹਿਰਾਸਤ ਵਿੱਚ ਦਮ ਤੋੜਨ ਵਾਲੇ BSF ਦੇ ਕਾਂਸਟੇਬਲਦੇ ਸਰੀਰ ‘ਤੇ 34 ਸੱਟਾਂ ਦੇ ਨਿਸ਼ਾਨ ਪਾਏ ਗਏ
ਇੱਕ ਮਹੀਨਾ ਪਹਿਲਾਂ ਨਾਰਕੋਟਿਕਸ ਕੰਟਰੋਲ ਬਿਊਰੋ (NCB) ਦੀ ਹਿਰਾਸਤ ਵਿੱਚ ਦਮ ਤੋੜਨ ਵਾਲੇ ਬਾਰਡਰ ਸਕਿਓਰਿਟੀ ਫੋਰਸ (BSF) ਦੇ ਕਾਂਸਟੇਬਲ ਜਸਵਿੰਦਰ ਸਿੰਘ ਦੀ ਪੋਸਟਮਾਰਟਮ ਰਿਪੋਰਟ ਵਿੱਚ ਉਸ ਦੇ ਸਰੀਰ ‘ਤੇ 34 ਸੱਟਾਂ ਦੇ ਨਿਸ਼ਾਨ ਪਾਏ ਗਏ ਹਨ।

ਰਿਪੋਰਟ ਵਿੱਚ ਅੱਗੇ ਦੱਸਿਆ ਗਿਆ ਹੈ ਕਿ ਜਿੱਥੇ ਮੌਤ ਦੇ ਸਮੇਂ 24 ਜ਼ਖਮ ਲਗਭਗ 2 ਤੋਂ 4 ਦਿਨ ਪੁਰਾਣੇ ਸਨ, ਉੱਥੇ ਹੀ 9 ਹੋਰ ਸੱਟਾਂ ਮੌਤ ਤੋਂ 24 ਘੰਟੇ ਪਹਿਲਾਂ ਮਾਰੀਆਂ ਗਈਆਂ ਸਨ।
ਸਿਵਲ ਹਸਪਤਾਲ, ਅੰਮ੍ਰਿਤਸਰ ਵਿਖੇ ਕੀਤੇ ਗਏ ਡਾਕਟਰੀ ਮੁਆਇਨੇ ਵਿੱਚ ਦੱਸਿਆ ਗਿਆ ਹੈ ਕਿ ਸਰੀਰ ਸਿਰ ਤੋਂ ਪੈਰਾਂ ਤੱਕ ‘ਬਲੰਟ ਫੋਰਸ ਟਰਾਮਾ’ (ਕਿਸੇ ਭਾਰੀ ਵਸਤੂ ਨਾਲ ਮਾਰੀਆਂ ਸੱਟਾਂ) ਕਾਰਨ ਬੁਰੀ ਤਰ੍ਹਾਂ ਨੁਕਸਾਨਿਆ ਗਿਆ ਸੀ। ਰਿਪੋਰਟ ਅਨੁਸਾਰ ਡਾਕਟਰਾਂ ਨੂੰ ਪਸਲੀਆਂ ਅਤੇ ਲੱਕ ਦੇ ਹਿੱਸਿਆਂ ‘ਤੇ ਨੀਲੇ-ਜਾਮਨੀ ਰੰਗ ਦੇ ਵੱਡੇ ਜ਼ਖਮ ਮਿਲੇ ਹਨ, ਜਿਨ੍ਹਾਂ ਵਿੱਚ 27.5 ਸੈਂਟੀਮੀਟਰ x 17.5 ਸੈਂਟੀਮੀਟਰ ਦਾ ਇੱਕ ਜ਼ਖਮ ਵੀ ਸ਼ਾਮਲ ਹੈ।
ਚੀਰਾ ਲਗਾਉਣ ‘ਤੇ ਡਾਕਟਰੀ ਸਟਾਫ ਨੇ ਪਾਇਆ ਕਿ ਅੰਦਰਲੀਆਂ ਮਾਸਪੇਸ਼ੀਆਂ ਬੁਰੀ ਤਰ੍ਹਾਂ ਫਟ ਚੁੱਕੀਆਂ ਸਨ ਅਤੇ ਇੱਕ ਸੋਜ ਵਾਲੀ ਥਾਂ ਤੋਂ 50 ਸੀਸੀ ਗੂੜ੍ਹਾ ਲਾਲ ਖੂਨ ਵਹਿ ਰਿਹਾ ਸੀ। ਇਸ ਤੋਂ ਇਲਾਵਾ, ਰਿਪੋਰਟ ਵਿੱਚ ਛਾਤੀ, ਪੱਟਾਂ ਅਤੇ ਲੱਤਾਂ ‘ਤੇ ਕਈ “ਟਰਾਮ-ਲਾਈਨ” (ਡੰਡਿਆਂ ਵਰਗੇ) ਨਿਸ਼ਾਨਾਂ ਦੀ ਪਛਾਣ ਕੀਤੀ ਗਈ ਹੈ।
ਵਕੀਲ ਸਰਬਜੀਤ ਵੇਰਕਾ ਨੇ ਕਿਹਾ, “34ਵੀਂ ਅਤੇ ਸਭ ਤੋਂ ਗੰਭੀਰ ਸੱਟ ਸਿਰ ਦੇ ਖੱਬੇ ਪਾਸੇ ਚਮੜੀ ਅਤੇ ਖੋਪੜੀ ਦੇ ਵਿਚਕਾਰ ਜੰਮਿਆ ਹੋਇਆ ਖੂਨ ਸੀ। ਇਸ ਦੇ ਨਾਲ ਹੀ ਦਿਮਾਗ ਵਿੱਚ ਸੋਜ, ਪਾਣੀ ਭਰਨਾ ਅਤੇ ਦਿਮਾਗ ਦੇ ਟਿਸ਼ੂਆਂ ਦੇ ਅੰਦਰ ਖੂਨ ਵਹਿਣ ਦੇ ਬਾਰੀਕ ਨਿਸ਼ਾਨ ਵੀ ਪਾਏ ਗਏ, ਜੋ ਇਹ ਦਰਸਾਉਂਦੇ ਹਨ ਕਿ ਸਿਰ ‘ਤੇ ਬਹੁਤ ਹੀ ਜ਼ਬਰਦਸਤ ਹਮਲਾ ਕੀਤਾ ਗਿਆ ਸੀ।”
ਅੰਦਰੂਨੀ ਜਾਂਚ ਤੋਂ ਇਹ ਵੀ ਪਤਾ ਲੱਗਾ ਹੈ ਕਿ ਸੱਟਾਂ ਇੰਨੀਆਂ ਜ਼ਬਰਦਸਤ ਸਨ ਕਿ ਅੰਦਰੂਨੀ ਅੰਗਾਂ ਨੂੰ ਵੀ ਨੁਕਸਾਨ ਪਹੁੰਚਿਆ, ਜਿਸ ਕਾਰਨ ਸੱਜੇ ਫੇਫੜੇ ‘ਤੇ 16.5 ਸੈਂਟੀਮੀਟਰ ਅਤੇ ਖੱਬੇ ਗੁਰਦੇ ਦੇ ਉਪਰਲੇ ਹਿੱਸੇ ‘ਤੇ ਸੱਟ ਲੱਗੀ ਸੀ। ਇੱਥੋਂ ਤੱਕ ਕਿ ਪੀੜਤ ਦੇ ਪੇਟ ਦੀ ਕੰਧ ‘ਤੇ ਵੀ ਅੰਦਰੂਨੀ ਖੂਨ ਵਹਿਣ ਦੇ ਸੰਕੇਤ ਮਿਲੇ ਹਨ।

ਇਹ ਘਟਨਾ 3 ਮਾਰਚ ਦੀ ਹੈ ਜਦੋਂ 30 ਸਾਲਾ ਜਸਵਿੰਦਰ ਨੂੰ ਜੰਮੂ ਦੇ ਮੀਰਾ ਸਾਹਿਬ ਕਸਬੇ ਤੋਂ ਉਸ ਸਮੇਂ ਚੁੱਕਿਆ ਗਿਆ ਸੀ ਜਦੋਂ ਉਹ ਭਾਰਤ-ਪਾਕਿਸਤਾਨ ਸਰਹੱਦ ਦੇ ਨੇੜੇ ਆਪਣੇ ਪਿੰਡ ਦੀਵਾਨਗੜ੍ਹ ਵਾਪਸ ਜਾ ਰਿਹਾ ਸੀ।
ਉਸ ਨੂੰ ਐਨਸੀਬੀ (NCB) ਦੀ ਜੰਮੂ ਯੂਨਿਟ ਨੇ ਪਾਕਿਸਤਾਨੀ ਡਰੱਗ ਤਸਕਰਾਂ ਨਾਲ ਸਬੰਧ ਹੋਣ ਦੇ ਦੋਸ਼ ਵਿੱਚ ਹਿਰਾਸਤ ਵਿੱਚ ਲਿਆ ਸੀ। ਐਨਸੀਬੀ ਦਾ ਦਾਅਵਾ ਸੀ ਕਿ ਪੁੱਛਗਿੱਛ ਦੌਰਾਨ ਉਨ੍ਹਾਂ ਨੂੰ ਪੰਜਾਬ ਦੇ ਤਰਨਤਾਰਨ ਜ਼ਿਲ੍ਹੇ ਦੇ ਪੱਟੀ ਇਲਾਕੇ ਵਿੱਚ ਛੁਪਾਏ ਗਏ ਨਸ਼ੀਲੇ ਪਦਾਰਥਾਂ ਬਾਰੇ ਜਾਣਕਾਰੀ ਮਿਲੀ ਸੀ।
20 ਮਾਰਚ ਨੂੰ ਉਸਦੀ ਮੌਤ ਤੋਂ ਬਾਅਦ, ਐਨਸੀਬੀ ਨੇ 23 ਮਾਰਚ ਨੂੰ ਇੱਕ ਬਿਆਨ ਜਾਰੀ ਕਰਦਿਆਂ ਕਿਹਾ ਕਿ 19 ਮਾਰਚ ਨੂੰ ਜਸਵਿੰਦਰ ਨੂੰ ਅਗਲੇਰੀ ਜਾਂਚ ਲਈ ਅੰਮ੍ਰਿਤਸਰ ਲਿਜਾਇਆ ਗਿਆ ਸੀ, ਪਰ ਉਸਦੀ ਛਾਤੀ ਵਿੱਚ ਦਰਦ ਹੋਣ ਕਾਰਨ ਉਸਨੂੰ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। “ਉਸ ਨੂੰ ਦਿਲ ਦੇ ਦੋ ਦੌਰੇ ਪਏ ਅਤੇ 20 ਮਾਰਚ ਦੀ ਸਵੇਰ ਨੂੰ ਹਸਪਤਾਲ ਵਿੱਚ ਉਸਦੀ ਮੌਤ ਹੋ ਗਈ।”
ਜਿੱਥੇ ਜਸਵਿੰਦਰ ਦੀ ਮਾਂ ਅਤੇ ਪਤਨੀ ਨੇ ਦੋਸ਼ ਲਾਇਆ ਹੈ ਕਿ ਉਸ ਨੂੰ 2024 ਦੇ ਇੱਕ ਪੁਰਾਣੇ ਕੇਸ ਵਿੱਚ ਝੂਠਾ ਫਸਾਇਆ ਗਿਆ ਅਤੇ ਹਿਰਾਸਤ ਵਿੱਚ ਤਸੀਹੇ ਦਿੱਤੇ ਗਏ, ਉੱਥੇ ਹੀ ਐਨਸੀਬੀ ਦਾ ਕਹਿਣਾ ਹੈ ਕਿ ਗ੍ਰਿਫਤਾਰੀ ਦੌਰਾਨ ਉਸਦੀ ਮੌਤ “ਦਿਲ ਦੇ ਦੌਰੇ” ਕਾਰਨ ਹੋਈ ਹੈ।

ਐਨਸੀਬੀ ਅਨੁਸਾਰ ਜਿਸ ਕੇਸ ਵਿੱਚ ਜਸਵਿੰਦਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ, ਉਹ 24 ਦਸੰਬਰ 2024 ਦਾ ਹੈ, ਜਦੋਂ ਰਾਮਗੜ੍ਹ ਦੇ ਅਨੁਜ ਕੁਮਾਰ ਅਤੇ ਦੀਵਾਨਗੜ੍ਹ ਦੇ ਵਿਕਰਮ ਸਿੰਘ ਕੋਲੋਂ 989 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਸੀ।
ਐਨਸੀਬੀ ਨੇ ਕਿਹਾ ਕਿ ਜਸਵਿੰਦਰ ਨੂੰ ਇਸ ਕੇਸ ਵਿੱਚ “ਤਕਨੀਕੀ ਵਿਸ਼ਲੇਸ਼ਣ” ਦੇ ਆਧਾਰ ‘ਤੇ ਗ੍ਰਿਫ਼ਤਾਰ ਕੀਤਾ ਗਿਆ ਸੀ, ਜਿਸ ਤੋਂ ਕਥਿਤ ਤੌਰ ‘ਤੇ ਪਤਾ ਚੱਲਦਾ ਸੀ ਕਿ ਉਹ ਪਾਕਿਸਤਾਨ, ਪੰਜਾਬ ਅਤੇ ਜੰਮੂ-ਕਸ਼ਮੀਰ ਦੇ ਤਸਕਰਾਂ ਦੇ ਸੰਪਰਕ ਵਿੱਚ ਸੀ। ਇਹ ਵੀ ਕਿਹਾ ਗਿਆ ਹੈ ਕਿ 12 ਮਾਰਚ ਨੂੰ ਹਿਰਾਸਤ ਦੌਰਾਨ ਜਸਵਿੰਦਰ ‘ਤੇ ਟਰਾਮਾਡੋਲ ਦੀ ਭਾਰੀ ਮਾਤਰਾ ਰੱਖਣ ਦਾ ਇੱਕ ਹੋਰ ਕੇਸ ਦਰਜ ਕੀਤਾ ਗਿਆ ਸੀ ਅਤੇ ਉਸਦੀ ਹਿਰਾਸਤ ਵਧਾ ਦਿੱਤੀ ਗਈ ਸੀ।
ਹਾਲਾਂਕਿ, ਮਨੁੱਖੀ ਅਧਿਕਾਰ ਕਾਰਕੁਨ ਅਤੇ ਵਕੀਲ ਸਰਬਜੀਤ ਸਿੰਘ ਵੇਰਕਾ ਨੇ ਕਿਹਾ ਕਿ 16 ਪੰਨਿਆਂ ਦੀ ਪੋਸਟਮਾਰਟਮ ਰਿਪੋਰਟ ਵਿੱਚ ਯੋਜਨਾਬੱਧ ਤਰੀਕੇ ਨਾਲ ਕੀਤੇ ਗਏ “ਥਰਡ-ਡਿਗਰੀ” ਤਸ਼ੱਦਦ ਦਾ ਵਰਣਨ ਕੀਤਾ ਗਿਆ ਹੈ। ਉਨ੍ਹਾਂ ਕਿਹਾ, “ਸਰੀਰਕ ਤਸ਼ੱਦਦ ਦੇ ਸਬੂਤ ਬਹੁਤ ਜ਼ਿਆਦਾ ਹਨ, ਜਿਸ ਵਿੱਚ ਸਰੀਰ ਦੀ ਹਰ ਵੱਡੀ ਮਾਸਪੇਸ਼ੀ ‘ਤੇ ਸੱਟਾਂ ਹਨ। ਇਹ ਨਿਸ਼ਾਨ ਫੋਰੈਂਸਿਕ ਤੌਰ ‘ਤੇ ਇਸ ਗੱਲ ਦੀ ਪੁਸ਼ਟੀ ਕਰਦੇ ਹਨ ਕਿ ਪੀੜਤ ਨੂੰ ਵਾਰ-ਵਾਰ ਰਾਡ ਜਾਂ ਬੈਂਤ ਨਾਲ ਮਾਰਿਆ ਗਿਆ ਸੀ।”
Kamaldeep Singh Brar

Punjab Spectrum
You must be logged in to post a comment.