
Iran-Israel War LIVE updates: ਇਜ਼ਰਾਈਲ-ਲੈਬਨਾਨ ਜੰਗਬੰਦੀ ਵਿੱਚ ਤਿੰਨ ਹਫ਼ਤਿਆਂ ਦਾ ਵਾਧਾ
Iran-Israel War LIVE updates: ਪੱਛਮੀ ਏਸ਼ੀਆ ਵਿੱਚ ਜਾਰੀ ਤਣਾਅ ਦਰਮਿਆਨ ਇੱਕ ਵੱਡੀ ਰਾਹਤ ਵਾਲੀ ਖ਼ਬਰ ਸਾਹਮਣੇ ਆਈ ਹੈ। ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਵੀਰਵਾਰ ਨੂੰ ਐਲਾਨ ਕੀਤਾ ਕਿ ਵ੍ਹਾਈਟ ਹਾਊਸ ਵਿੱਚ ਹੋਈ ਇੱਕ ਉੱਚ-ਪੱਧਰੀ ਮੀਟਿੰਗ ਤੋਂ ਬਾਅਦ ਲੈਬਨਾਨ ਅਤੇ ਇਜ਼ਰਾਈਲ ਦਰਮਿਆਨ ਜੰਗਬੰਦੀ ਨੂੰ ਅਗਲੇ ਤਿੰਨ ਹਫ਼ਤਿਆਂ ਲਈ ਵਧਾ ਦਿੱਤਾ ਗਿਆ ਹੈ।

ਓਵਲ ਆਫ਼ਿਸ ਵਿੱਚ ਹੋਈ ਇਸ ਮੀਟਿੰਗ ਵਿੱਚ ਅਮਰੀਕਾ ਦੀ ਵਿਚੋਲਗੀ ਹੇਠ ਦੋਵਾਂ ਦੇਸ਼ਾਂ ਦੇ ਨੁਮਾਇੰਦਿਆਂ ਨੇ ਸ਼ਮੂਲੀਅਤ ਕੀਤੀ, ਜਿਸ ਦਾ ਮੁੱਖ ਮਕਸਦ ਖਿੱਤੇ ਵਿੱਚ ਖ਼ੂਨ-ਖ਼ਰਾਬੇ ਨੂੰ ਰੋਕਣਾ ਹੈ। ਰਾਸ਼ਟਰਪਤੀ ਟਰੰਪ ਨੇ ਇਜ਼ਰਾਈਲ ਦੇ ਰਾਜਦੂਤ ਯੇਚੀਲ ਲੀਟਰ ਅਤੇ ਲੈਬਨਾਨ ਦੀ ਰਾਜਦੂਤ ਨਾਦਾ ਮੁਆਵਦ ਨਾਲ ਮੁਲਾਕਾਤ ਤੋਂ ਬਾਅਦ ਸੋਸ਼ਲ ਮੀਡੀਆ ਪਲੇਟਫਾਰਮ ‘ਟਰੂਥ ਸੋਸ਼ਲ’ ’ਤੇ ਇਸ ਦੀ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਲਿਖਿਆ, “ ਮੀਟਿੰਗ ਬਹੁਤ ਸਾਰਥਕ ਰਹੀ! ਸੰਯੁਕਤ ਰਾਜ ਅਮਰੀਕਾ ਹਿਜ਼ਬੁੱਲ੍ਹਾ ਤੋਂ ਆਪਣੀ ਰੱਖਿਆ ਕਰਨ ਲਈ ਲੈਬਨਾਨ ਦੀ ਪੂਰੀ ਮਦਦ ਕਰੇਗਾ।”
ਜ਼ਿਕਰਯੋਗ ਹੈ ਕਿ ਇਹ ਗੱਲਬਾਤ ਅਜਿਹੇ ਸਮੇਂ ਹੋਈ ਹੈ ਜਦੋਂ ਇਕ ਦਿਨ ਪਹਿਲਾਂ ਹੀ ਇਜ਼ਰਾਇਲੀ ਹਮਲਿਆਂ ਵਿੱਚ ਇੱਕ ਪੱਤਰਕਾਰ ਸਮੇਤ ਪੰਜ ਲੋਕਾਂ ਦੀ ਮੌਤ ਹੋ ਗਈ ਸੀ।

ਹਾਲਾਂਕਿ, ਇਸ ਅਹਿਮ ਮੀਟਿੰਗ ਵਿੱਚ ਹਿਜ਼ਬੁੱਲ੍ਹਾ ਦਾ ਕੋਈ ਨੁਮਾਇੰਦਾ ਮੌਜੂਦ ਨਹੀਂ ਸੀ। ਇਰਾਨ ਸਮਰਥਿਤ ਇਸ ਹਥਿਆਰਬੰਦ ਜਥੇਬੰਦੀ ਨੇ ਸਪੱਸ਼ਟ ਕੀਤਾ ਹੈ ਕਿ ਉਹ ਕਬਜ਼ਾਧਾਰੀ ਫੌਜਾਂ ਵਿਰੁੱਧ “ ਵਿਰੋਧ ਕਰਨ ਦਾ ਹੱਕ” ਰੱਖਦੇ ਹਨ।
ਇਸ ਦੇ ਬਾਵਜੂਦ, ਅਮਰੀਕੀ ਪ੍ਰਸ਼ਾਸਨ ਇਸ ਜੰਗਬੰਦੀ ਨੂੰ ਸਥਾਈ ਸ਼ਾਂਤੀ ਵਿੱਚ ਬਦਲਣ ਦੀ ਕੋਸ਼ਿਸ਼ ਕਰ ਰਿਹਾ ਹੈ। ਟਰੰਪ ਨੇ ਅੱਗੇ ਕਿਹਾ ਕਿ ਉਹ ਨੇੜਲੇ ਭਵਿੱਖ ਵਿੱਚ ਇਜ਼ਰਾਇਲੀ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਅਤੇ ਲੈਬਨਾਨ ਦੇ ਰਾਸ਼ਟਰਪਤੀ ਜੋਸਫ਼ ਔਨ ਦੀ ਮੇਜ਼ਬਾਨੀ ਕਰਨ ਲਈ ਵੀ ਉਤਸੁਕ ਹਨ।

ਮਾਹਿਰਾਂ ਦਾ ਮੰਨਣਾ ਹੈ ਕਿ ਇਹ ਤਿੰਨ ਹਫ਼ਤਿਆਂ ਦਾ ਵਾਧਾ ਖਿੱਤੇ ਵਿੱਚ ਵਧ ਰਹੇ ਤਣਾਅ ਨੂੰ ਘੱਟ ਕਰਨ ਲਈ ਇੱਕ ਮਹੱਤਵਪੂਰਨ ਕਦਮ ਹੈ। ਜਿੱਥੇ ਇੱਕ ਪਾਸੇ ਅਮਰੀਕਾ ਲੈਬਨਾਨੀ ਸਰਕਾਰ ਨੂੰ ਮਜ਼ਬੂਤ ਕਰਨ ਦੀ ਗੱਲ ਕਰ ਰਿਹਾ ਹੈ, ਉੱਥੇ ਹੀ ਦੂਜੇ ਪਾਸੇ ਹਿਜ਼ਬੁੱਲ੍ਹਾ ਦੀਆਂ ਗਤੀਵਿਧੀਆਂ ’ਤੇ ਨਜ਼ਰ ਰੱਖਣਾ ਵੱਡੀ ਚੁਣੌਤੀ ਬਣਿਆ ਹੋਇਆ ਹੈ। ਫਿਲਹਾਲ, ਇਸ ਜੰਗਬੰਦੀ ਨਾਲ ਸਰਹੱਦੀ ਇਲਾਕਿਆਂ ਵਿੱਚ ਰਹਿਣ ਵਾਲੇ ਲੋਕਾਂ ਨੇ ਸੁੱਖ ਦਾ ਸਾਹ ਲਿਆ ਹੈ
Punjab Spectrum
You must be logged in to post a comment.