Breaking News

Canada ਵਿੱਚ ਫਿਰੌਤੀ ਦਾ ਪੈਸਾ ਕਿੱਦਾਂ ਤੇ ਕਿਨ੍ਹਾਂ ਰਾਹੀਂ ਲਿਆ/ਘੁਮਾਇਆ ਜਾਂਦਾ?

Canada ਵਿੱਚ ਫਿਰੌਤੀ ਦਾ ਪੈਸਾ ਕਿੱਦਾਂ ਤੇ ਕਿਨ੍ਹਾਂ ਰਾਹੀਂ ਲਿਆ/ਘੁਮਾਇਆ ਜਾਂਦਾ?

ਕੈਨੇਡਾ ਵਿੱਚ ਫਿਰੌਤੀ ਦਾ ਪੈਸਾ ਕਿੱਦਾਂ ਤੇ ਕਿਨ੍ਹਾਂ ਰਾਹੀਂ ਲਿਆ/ਘੁਮਾਇਆ ਜਾਂਦਾ?
*************************************************************

ਇਹ ਸਵਾਲ ਬਹੁਤ ਸਾਰੇ ਲੋਕਾਂ ਦੇ ਮਨ ਵਿੱਚ ਸੀ ਪਰ ਕੋਈ ਸਪੱਸ਼ਟ ਜਾਣਕਾਰੀ ਨਹੀਂ ਸੀ। ਹੁਣ ਕੈਨੇਡਾ ਦੀ ਵਿੱਤੀ ਖੁਫੀਆ ਏਜੰਸੀ Financial Transactions and Reports Analysis Centre of Canada, ਜਿਸਨੂੰ ਛੋਟੇ ਰੂਪ ਵਿੱਚ FINTRAC ਕਹਿੰਦੇ ਹਨ ਨੇ, ਅੱਜ ਇੱਕ ਰਿਪੋਰਟ ਜਾਰੀ ਕਰਕੇ ਖੁਲਾਸਾ ਕੀਤਾ ਹੈ ਕਿ ਭਾਰਤ ਨਾਲ ਸਬੰਧਤ ਅਪਰਾਧੀ ਗਿਰੋਹ (ਗੈਂਗ) ਇਸ ਵਸੂਲੀ ਵਾਸਤੇ ਭਾਰਤ ਤੋਂ ਆਏ ਨੌਜਵਾਨ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਵਰਤੋਂ ਕਰ ਰਹੇ ਹਨ।

 

 

 

Fintrac ਹਰ ਸਾਲ ਬੈਂਕਾਂ, ਕਰੈਡਿਟ ਯੂਨੀਅਨਾਂ, ਮਨੀ ਸਰਵਿਸ ਕਾਰੋਬਾਰਾਂ, ਰੀਅਲ ਐਸਟੇਟ ਬ੍ਰੋਕਰਾਂ ਅਤੇ ਜੂਆ ਘਰਾਂ ਤੋਂ ਮਿਲਣ ਵਾਲੇ ਲੱਖਾਂ ਆਰਥਿਕ ਰਿਕਾਰਡਾਂ ਦੀ ਜਾਂਚ ਕਰਕੇ ਮਨੀ ਲਾਂਡਰਿੰਗ ਅਤੇ ਵਿੱਤੀ ਅਪਰਾਧਾਂ ਦੀ ਨਿਗਰਾਨੀ ਕਰਦਾ ਹੈ।

 

ਇਹ ਏਜੰਸੀ ਆਪਣੀ ਖੁਫੀਆ ਜਾਣਕਾਰੀ ਫਿਰ ਅੱਗੇ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਅਤੇ ਸੁਰੱਖਿਆ ਏਜੰਸੀਆਂ ਨਾਲ ਸਾਂਝੀ ਕਰਦੀ ਹੈ, ਜਿਸ ਵਿੱਚ RCMP, ਕੈਨੇਡੀਅਨ ਸਿਕਿਉਰਿਟੀ ਇੰਟੈਲੀਜੈਂਸ ਸਰਵਿਸ ਅਤੇ ਹੋਰ ਪੁਲਿਸ ਮਹਿਕਮੇ ਸ਼ਾਮਲ ਹਨ।

 

 

ਇੱਕ ਨਵੀਂ ਖਾਸ ਰਿਪੋਰਟ ਵਿੱਚ Fintrac ਨੇ ਕਿਹਾ ਹੈ ਕਿ ਇਹ ਸਰਗਰਮੀਆਂ ਹੁਣ ਇੱਕ ਸੰਗਠਿਤ ਰੂਪ ਅਤੇ ਲਗਾਤਾਰ ਖਤਰੇ ਵਿੱਚ ਤਬਦੀਲ ਹੋ ਚੁੱਕੀਆਂ ਹਨ। ਇਸ ਕਾਰਨ ਕੈਨੇਡਾ ਦੇ ਸੂਬਿਆਂ ਬ੍ਰਿਟਿਸ਼ ਕੋਲੰਬੀਆ, ਅਲਬਰਟਾ, ਮੈਨੀਟੋਬਾ ਅਤੇ ਓਂਟਾਰੀਓ ਵਿੱਚ ਕਾਰੋਬਾਰੀਆਂ ਨੂੰ ਵੱਡੀਆਂ ਰਕਮਾਂ ਦੀ ਮੰਗ, ਧਮਕੀਆਂ, ਗੋਲੀਬਾਰੀ ਅਤੇ ਅੱਗਜ਼ਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

 

Fintrac ਦਾ ਕਹਿਣਾ ਹੈ ਕਿ ਇਹ ਅਪਰਾਧ ਹੁਣ ਇਕੱਲੀਆਂ ਧਮਕੀਆਂ ਤੋਂ ਬਦਲ ਕੇ ਇੱਕ “ਲਗਾਤਾਰ ਦਬਾਅ ਵਾਲੀ ਮੁਹਿੰਮ” ਬਣ ਗਿਆ ਹੈ, ਜਿਸ ਵਿੱਚ ਸੂਬਿਆਂ ਦੇ ਪਾਰ ਸਹਿਯੋਗ, ਹਿੰਸਾ ਅਤੇ ਵਿੱਤੀ ਦਬਾਅ ਸ਼ਾਮਲ ਹਨ।

 

Fintrac ਨੇ ਦੱਸਿਆ ਕਿ 2026 ਵਿੱਚ ਹੀ ਉਨ੍ਹਾਂ ਨੇ ਜ਼ਬਰਦਸਤੀ ਨਾਲ ਸੰਬੰਧਿਤ 100 ਤੋਂ ਵੱਧ ਵਿੱਤੀ ਖੁਫੀਆ ਰਿਪੋਰਟਾਂ ਤਿਆਰ ਕੀਤੀਆਂ ਗਈਆਂ ਹਨ। ਇਨ੍ਹਾਂ ਰਿਪੋਰਟਾਂ ਵਿੱਚ 300 ਤੋਂ ਵੱਧ ਲੋਕਾਂ ਦੀ ਪਛਾਣ ਕੀਤੀ ਗਈ ਹੈ ਤੇ ਇਸ ਜਾਂਚ ਵਿੱਚ 63,000 ਤੋਂ ਵੱਧ ਵਿੱਤੀ ਲੈਣ-ਦੇਣ ਸ਼ਾਮਲ ਸਨ।

 

 

Fintrac ਅਨੁਸਾਰ, ਇਹ ਅਪਰਾਧੀ ਗਿਰੋਹ ਕੈਨੇਡਾ ਵਿੱਚ ਮੌਜੂਦ ਵਿੱਤੀ ਤੌਰ ‘ਤੇ ਕਮਜ਼ੋਰ, ਨੌਜਵਾਨ ਭਾਰਤੀ ਨੌਜਵਾਨ ਵਿਦਿਆਰਥੀਆਂ ਦੀ ਵਰਤੋਂ ਉਨ੍ਹਾਂ ਦੇ ਖਾਤਿਆਂ ‘ਚ ਪੈਸਾ ਘੁਮਾਉਣ ਜਾਂ ਕਾਰੋਬਾਰੀਆਂ ਨੂੰ ਧਮਕਾਉਣ ਲਈ ਕਰਦੇ ਹਨ। ਇਸ ਤਰ੍ਹਾਂ ਦੇ ਕੇਸਾਂ ਨਾਲ ਜੁੜੇ ਲੋਕਾਂ ਦੀ ਉਮਰ 17 ਤੋਂ 28 ਸਾਲ ਵਿਚਕਾਰ ਹੁੰਦੀ ਹੈ। ਉਨ੍ਹਾਂ ਕੋਲ ਭਾਰਤੀ ਪਾਸਪੋਰਟ ਹੁੰਦੇ ਹਨ।

 

 

ਰਿਪੋਰਟ ਕਹਿੰਦੀ ਹੈ ਕਿ ਸ਼ੱਕੀ ਲੈਣ-ਦੇਣ ਦੀਆਂ ਰਿਪੋਰਟਾਂ ਦਿਖਾਉਂਦੀਆਂ ਹਨ ਕਿ ਹਿੰਸਕ ਜ਼ਬਰਦਸਤੀ/ਵਸੂਲੀ ਨਾਲ ਜੁੜੇ ਲੋਕ ਈ-ਟ੍ਰਾਂਸਫਰ, ਚੈੱਕ ਅਤੇ ਨਕਦੀ ਆਪਣੇ ਖਾਤਿਆਂ ‘ਚ ਜਮ੍ਹਾਂ ਕਰਵਾਉਂਦੇ ਹਨ, ਅਤੇ ਇਹ ਲੈਣ-ਦੇਣ ਉਨ੍ਹਾਂ ਵਲੋਂ ਆਪਣੀ ਦਰਸਾਈ ਗਈ ਆਰਥਿਕ ਹਾਲਤ (ਜਿਵੇਂ ਕਿ ਵਿਦਿਆਰਥੀ ਹੋਣਾ) ਨਾਲ ਮੇਲ ਨਹੀਂ ਖਾਂਦੇ।

 

 

ਫਿਰੌਤੀ ਦੇ ਪੀੜਤਾਂ ਨੂੰ ਕਈ ਵਾਰ ਈ-ਟ੍ਰਾਂਸਫਰ, ਨਕਦ, ਚੈੱਕ ਜਾਂ ਕ੍ਰਿਪਟੋਕਰੰਸੀ ਰਾਹੀਂ ਪੈਸਾ ਦੇਣ ਲਈ ਮਜਬੂਰ ਕੀਤਾ ਜਾਂਦਾ ਹੈ। ਮੰਗੀ ਗਈ ਰਕਮ ਅਕਸਰ ਲੱਖਾਂ ਵਿੱਚ ਹੁੰਦੀ ਹੈ, ਪਰ ਅਸਲ ਵਿੱਚ ਦਿੱਤੀ ਗਈ ਰਕਮ ਅਕਸਰ ਸੈਂਕੜਿਆਂ ਤੋਂ ਲੈ ਕੇ ਹਜ਼ਾਰਾਂ ਡਾਲਰ ਤੱਕ ਹੁੰਦੀ ਹੈ।

 

ਇਹ ਲੋਕ ਨਕਲੀ ਨਾਂ ਤੇ ਉਪਨਾਮ ਵਰਤਦੇ ਹਨ, ਕਈ ਬੈਂਕਾਂ ਜਾਂ ATM ‘ਤੇ ਅਜਿਹੀਆਂ ਰਕਮਾਂ ਜਮ੍ਹਾਂ ਕਰਵਾਉਂਦੇ ਹਨ ਜਿਨ੍ਹਾਂ ਦਾ ਕੋਈ ਸਪੱਸ਼ਟ ਕਾਰਨ ਨਹੀਂ ਹੁੰਦਾ, ਅਤੇ ਜਲਦੀ ਹੀ ਪੈਸਾ ਅਣਪਛਾਤੇ ਤੀਜੇ ਪੱਖਾਂ ਨੂੰ ਭੇਜ ਦਿੰਦੇ ਹਨ।

 

 

ਇਸ ਤੋਂ ਇਹ ਸੰਕੇਤ ਮਿਲਦਾ ਹੈ ਕਿ ਪੀੜਤ ਵੱਡੀਆਂ ਰਕਮਾਂ ਦੇਣ ਦੀ ਥਾਂ ‘ਫਾਇਨੈਂਸਿੰਗ ਯੋਜਨਾਵਾਂ’ ਰਾਹੀਂ ਛੋਟੀਆਂ ਕਿਸ਼ਤਾਂ ਰਾਹੀਂ ਇੱਕ ਨਿਰਧਾਰਤ ਸਮੇਂ ਵਿੱਚ ਫਿਰੌਤੀ ਦਾ ਭੁਗਤਾਨ ਕਰ ਸਕਦੇ ਹਨ।

 

 

ਏਜੰਸੀ ਨੇ ਇਹ ਵੀ ਕਿਹਾ ਕਿ ਇਹ ਵਿਅਕਤੀ ਕਈ ਵਾਰ ਆਪਣੇ ਰਹਿਣ ਤੇ ਪੜ੍ਹਨ ਵਾਲੇ ਸਥਾਨਾਂ ਤੋਂ ਕਾਫੀ ਦੂਰ ਉਨ੍ਹਾਂ ਇਲਾਕਿਆਂ ਵਿੱਚ ਹੋਟਲ, ਛੋਟੇ ਸਮੇਂ ਦੀ ਰਿਹਾਇਸ਼, ਯਾਤਰਾ, ਗੈਸ ਅਤੇ ਫਾਸਟ ਫੂਡ ‘ਤੇ ਖਰਚ ਕਰਦੇ ਹਨ, ਜਿੱਥੇ ਦੱਖਣੀ ਏਸ਼ੀਆਈ ਭਾਈਚਾਰਿਆਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ।

 

ਏਜੰਸੀ ਦੇ ਮੁਤਾਬਕ, ਬਿਸ਼ਨੋਈ ਅਤੇ ਬੰਬੀਹਾ ਗੈਂਗ ਸਮੇਤ ਕਈ ਸੰਗਠਿਤ ਅਪਰਾਧੀ ਗਿਰੋਹ ਇਸ ਵਿੱਚ ਸ਼ਾਮਲ ਦਿਖਾਈ ਦੇ ਰਹੇ ਹਨ।
-ਗੁਰਪ੍ਰੀਤ ਸਿੰਘ ਸਹੋਤਾ । ਸਰੀ । ਚੜ੍ਹਦੀ ਕਲਾ