“Nine Police Officers Sentenced to Death in Tamil Nadu Custodial Torture and Father-Son Murder Case”
ਤਾਮਿਲਨਾਡੂ ‘ਚ ਸਾਥਨਕੁਲਮ ਵਿੱਚ ਪਿਓ-ਪੁੱਤ ਦੀ ਬੇਰਹਿਮੀ ਨਾਲ
ਹਿਰਾਸਤੀ ਤਸ਼ੱਦਦ ਅਤੇ ਹੱਤਿਆ ਦੇ ਮਾਮਲੇ ਵਿੱਚ ਪੁਲਿਸ ਦੇ
ਨੌਂ ਮੁਲਾਜ਼ਮਾਂ ਨੂੰ ‘ਮੌਤ ਦੀ ਸਜ਼ਾ’ ਸੁਣਾਈ ਹੈ।
ਇਹੀ ਮਾਮਲਾ ਪੰਜਾਬ ‘ਚ ਹੋਇਆ ਹੁੰਦਾ ਤਾਂ
ਮਾਰਨ ਵਾਲੇ ਪੁਲਸੀਆਂ ਨੂੰ ਇਨਾਮ, ਤਰੱਕੀ ਤਾਂ ਮਿਲਦੀ ਹੀ,
ਹੋ ਸਕਦਾ ਕਿ ਰਾਸ਼ਟਰਪਤੀ ਮੈਡਲ ਵੀ ਮਿਲ ਜਾਂਦਾ।
ਇੱਥੋਂ ਦੀ ਇੱਕ ਅਦਾਲਤ ਨੇ ਸੋਮਵਾਰ ਨੂੰ ਤੂਤੀਕੋਰਿਨ ਦੇ ਸਾਥਨਕੁਲਮ ਵਿੱਚ ਪਿਓ-ਪੁੱਤ ਦੀ ਬੇਰਹਿਮੀ ਨਾਲ ਹਿਰਾਸਤੀ ਤਸ਼ੱਦਦ ਅਤੇ ਹੱਤਿਆ ਦੇ ਮਾਮਲੇ ਵਿੱਚ ਪੁਲਿਸ ਦੇ ਨੌਂ ਮੁਲਾਜ਼ਮਾਂ ਨੂੰ ਮੌਤ ਦੀ ਸਜ਼ਾ ਸੁਣਾਈ ਹੈ। ਪਹਿਲੇ ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਜੀ ਮੁਥੂਕੁਮਾਰਨ ਨੇ ਇਸ ਮਾਮਲੇ ਨੂੰ ‘ਵਿਰਲੇ ਤੋਂ ਵਿਰਲਾ’ (rarest of rare) ਸ਼੍ਰੇਣੀ ਵਿੱਚ ਰੱਖਦਿਆਂ ਕਿਹਾ ਕਿ,‘‘ਜਿਨ੍ਹਾਂ ਨੂੰ ਜਨਤਾ ਦੀ ਰੱਖਿਆ ਦੀ ਜ਼ਿੰਮੇਵਾਰੀ ਸੌਂਪੀ ਗਈ ਸੀ, ਉਨ੍ਹਾਂ ਨੇ ਅਜਿਹਾ ਅਪਰਾਧ ਕੀਤਾ ਹੈ ਜਿਸ ਨੇ ਸਮਾਜ ਦੀ ਸਮੂਹਿਕ ਜ਼ਮੀਰ ਨੂੰ ਝੰਜੋੜ ਕੇ ਰੱਖ ਦਿੱਤਾ ਹੈ।’’
ਅਦਾਲਤ ਨੇ ਪੀ ਜੈਰਾਜ ਅਤੇ ਉਸ ਦੇ ਪੁੱਤਰ ਜੇ ਬੈਨਿਕਸ ਦੀ ਹੱਤਿਆ ਦੇ ਦੋਸ਼ ਵਿੱਚ ਸਾਰੇ ਨੌਂ ਦੋਸ਼ੀ ਪੁਲੀਸ ਅਧਿਕਾਰੀਆਂ ਨੂੰ ਮੌਤ ਦੀ ਸਜ਼ਾ ਸੁਣਾਈ ਹੈ। ਮੌਤ ਦੀ ਸਜ਼ਾ ਦੇ ਨਾਲ-ਨਾਲ ਅਦਾਲਤ ਨੇ ਦੋਸ਼ੀਆਂ ‘ਤੇ ਕੁੱਲ 1.40 ਕਰੋੜ ਰੁਪਏ ਦਾ ਜੁਰਮਾਨਾ ਵੀ ਲਗਾਇਆ ਹੈ, ਜੋ ਪੀੜਤ ਪਰਿਵਾਰ ਨੂੰ ਮੁਆਵਜ਼ੇ ਵਜੋਂ ਦਿੱਤਾ ਜਾਵੇਗਾ।
ਜੂਨ 2020 ਵਿੱਚ ਕੋਰੋਨਾ ਵਾਇਰਸ ਲੌਕਡਾਊਨ ਦੌਰਾਨ ਵਾਪਰਿਆ ਸੀ, ਜਦੋਂ ਜੈਰਾਜ ਅਤੇ ਬੈਨਿਕਸ ਨੂੰ ਕਥਿਤ ਤੌਰ ‘ਤੇ ਨਿਰਧਾਰਤ ਸਮੇਂ ਤੋਂ ਬਾਅਦ ਆਪਣੀ ਮੋਬਾਈਲ ਫੋਨ ਦੀ ਦੁਕਾਨ ਖੁੱਲ੍ਹੀ ਰੱਖਣ ਦੇ ਦੋਸ਼ ਵਿੱਚ ਹਿਰਾਸਤ ਵਿੱਚ ਲਿਆ ਗਿਆ ਸੀ। ਹਿਰਾਸਤ ਵਿੱਚ ਉਨ੍ਹਾਂ ਨਾਲ ਬਹੁਤ ਜ਼ਿਆਦਾ ਸਰੀਰਕ ਕੁੱਟਮਾਰ ਕੀਤੀ ਗਈ ਸੀ, ਜਿਸ ਕਾਰਨ ਕੁਝ ਦਿਨਾਂ ਬਾਅਦ ਹਸਪਤਾਲ ਵਿੱਚ ਉਨ੍ਹਾਂ ਦੀ ਮੌਤ ਹੋ ਗਈ ਸੀ।
Punjab Spectrum