ਭਗਤ ਰਵਿਦਾਸ ਜੀ ਦੇ ਅਸਲੀ ਵਾਰਸ ਕੌਣ ?
ਉਨ੍ਹਾਂ ਦੀ ਵਿਚਾਰਧਾਰਾ ਨੂੰ ਮਿਲਾਵਟ ਕਰਕੇ ਖਤਮ ਕਰਨ ਦਾ ਦੋਸ਼ੀ ਕੌਣ?
ਭਗਤ ਰਵਿਦਾਸ ਜੀ ਦੀ ਬਾਣੀ ਗੁਰੂ ਸਾਹਿਬ ਨੇ ਸੰਭਾਲੀ, ਬਾਕੀ ਭਗਤਾਂ ਦੀ ਬਾਣੀ ਨਾਲ “ਆਦਿ ਗ੍ਰੰਥ” ‘ਚ ਸ਼ਾਮਲ ਹੋਈ, ਦਸਵੇਂ ਪਾਤਸ਼ਾਹ ਨੇ ਆਪਣੇ ਤੋਂ ਬਾਅਦ “ਆਦਿ ਗ੍ਰੰਥ” ਨੂੰ ਗੁਰੂ ਦਾ ਦਰਜਾ ਦਿੱਤਾ। ਉਸ ਤੋਂ ਬਾਅਦ ਸਿੱਖਾਂ ਨੇ ਜਾਨਾਂ ਦੇ ਕੇ ਵੀ ਗੁਰੂ ਦੇ ਇਸ ਹੁਕਮ ‘ਤੇ ਪਹਿਰਾ ਦਿੱਤਾ ਤੇ ਗੁਰਬਾਣੀ ਦੀ ਵਿਰਾਸਤ ਨੂੰ ਸੰਭਾਲਿਆ। ਕੋਈ ਮਿਲਾਵਟ ਨਹੀਂ ਹੋਈ। ਸਾਰਾ ਕੁਝ ਅਭੇਦ ਰਿਹਾ, ਭਾਵੇਂ ਉਹ ਗੁਰਬਾਣੀ ਪੜ੍ਹਨ ਵੇਲੇ ਸੀ, ਕਥਾ ਕਰਨ ਵੇਲੇ ਸੀ, ਗਾਇਨ ਕਰਨ ਵੇਲੇ ਸੀ ਜਾਂ ਲਿਖਣ ਵੇਲੇ ਸੀ।
ਪੰਜ ਸਦੀਆਂ ਬਾਅਦ ਭਗਤ ਜੀ ਨੂੰ ਗੁਰੂ ਜਾਂ ਸਤਿਗੁਰੂ ਕਹਿਣ ਵਾਲਿਆਂ ਤੇ ਉਨ੍ਹਾਂ ਦੇ “ਅਸਲੀ ਵਾਰਸ” ਤੇ ਸ਼ਰਧਾਲੂ ਹੋਣ ਦਾ ਦਾਅਵਾ ਕਰਨ ਵਾਲਿਆਂ ਨੇ ਉਨ੍ਹਾਂ ਦੇ ਨਾਂ ‘ਤੇ ਜਾਅਲੀ ਬਾਣੀ ਪੈਦਾ ਕਰ ਦਿੱਤੀ। ਇਨ੍ਹਾਂ ਨੇ ਲੋਕਾਂ ਨੂੰ ਇਹ ਜਚਾ ਦਿੱਤਾ ਕਿ ਉਨ੍ਹਾਂ ਨੂੰ ਭਗਤ ਕਹਿਣਾ ਤ੍ਰਿਸਕਾਰ ਕਰਨਾ ਹੈ।
ਭਗਤ ਰਵਿਦਾਸ ਜੀ ਦੇ ਅਸਲੀ ਵਾਰਸ ਕੌਣ ? ਉਨ੍ਹਾਂ ਦੀ ਬਾਣੀ ਦਾ ਸਤਿਕਾਰ-ਸੰਭਾਲ ਕਰਨ ਵਾਲੇ ਜਾਂ ਉਨ੍ਹਾਂ ਦੇ ਨਾਂ ‘ਤੇ ਜਾਅਲੀ ਬਾਣੀ ਪੈਦਾ ਕਰਨ ਵਾਲੇ ?
ਭਗਤ ਜੀ ਦੇ ਅਸਲੀ ਵਾਰਿਸ ਉਹ ਵੀ ਨੇ, ਜਿਹੜੇ ਇਸ ਸਾਜ਼ਿਸ਼ ਦੇ ਗੇੜ ਵਿੱਚ ਨਹੀਂ ਆਏ। ਹਾਲਾਂਕਿ ਉਨ੍ਹਾਂ ‘ਤੇ ਦਬਾਅ ਬਹੁਤ ਸੀ ਪਰ ਉਹ ਭਗਤ ਰਵਿਦਾਸ ਜੀ ਦੇ ਨਾਮ ਹੇਠ ਬਣੇ ਗੁਰਦੁਆਰਿਆਂ ‘ਚੋਂ ਗੁਰੂ ਗ੍ਰੰਥ ਸਾਹਿਬ ਕੱਢ ਕੇ ਅਮ੍ਰਿਤਬਾਣੀ ਰੱਖਣ ਲਈ ਨਹੀਂ ਮੰਨੇ, ਜੋ ਕਿ ਇੱਕ ਸ਼ਰਧਾਲੂ ਵੱਲੋਂ ਲਿਖੀ ਗਈ ਹੈ, ਭਗਤ ਰਵਿਦਾਸ ਜੀ ਨੇ ਨਹੀ ਲਿਖੀ।
ਜਾਅਲੀ ਬਾਣੀ ਪੈਦਾ ਕਰਨ ਵਾਲਿਆਂ ਦਾ ਅਸਲੀ ਵਾਰਸ ਹੋਣ ਵਾਲਾ ਦਾਅਵਾ ਸਿਰਫ ਉਨ੍ਹਾਂ ਦੀ ਜਾਤ ‘ਚੋਂ ਨਿਕਲਦਾ ਹੈ ਤੇ ਇਹ ਮਨੂਵਾਦੀ/ਜਾਤੀਵਾਦੀ ਸੰਕਲਪ ਹੈ। ਜਾਅਲੀ ਬਾਣੀ ਪੈਦਾ ਕਰਨ ਵਾਲੇ ਅਸਲ ਵਿਚ ਭਗਤ ਜੀ ਦੇ ਅਪਮਾਨ ਦੇ ਸਭ ਤੋਂ ਵੱਡੇ ਦੋਸ਼ੀ ਹਨ ਤੇ ਇਹ ਉਨ੍ਹਾਂ ਦੇ ਜੀਵਨ ਫਲਸਫ਼ੇ, ਵਿਚਾਰਧਾਰਾ, ਅਸਲ ਵਿਰਾਸਤ ਨੂੰ ਖਤਮ ਕਰਨ ਵਾਲਾ ਕੰਮ ਹੈ।
ਇਹ ਸਧਾਰਨ ਸ਼ਰਧਾਲੂਆਂ ਨਾਲ ਵੱਡਾ ਧੋਖਾ ਹੈ। ਕਿਸੇ ਡੇਰੇ ਕੋਲ ਨਵੀਂ ਰਵਿਦਾਸ ਬਾਣੀ ਪੈਦਾ ਕਰਨ ਦਾ ਅਧਿਕਾਰ ਕਿਵੇਂ ਆ ਗਿਆ, ਜਿਸ ਨਾਲ ਭਗਤ ਜੀ ਦੀ ਵਿਚਾਰਧਾਰਾ ਪ੍ਰਤੀ ਉਲਝਾਆ ਪੈਦਾ ਹੋਵੇ ? ਇਹੀ ਕੁਝ ਹਿੰਦੂਤਵੀ ਤਾਕਤਾਂ ਪਹਿਲਾਂ ਹੀ ਕਰ ਰਹੀਆਂ ਹਨ।
ਕੀ ਭਗਤ ਕਬੀਰ ਜੀ ਨੂੰ ਸਿਰਫ ਉਨ੍ਹਾਂ ਦੀ ਜਾਤ ਤੱਕ ਸੀਮਤ ਕੀਤਾ ਜਾ ਸਕਦਾ ਹੈ, ਜਾਂ ਭਗਤ ਨਾਮਦੇਵ ਜੀ ਨੂੰ ਜਾਂ ਬਾਬਾ ਫ਼ਰੀਦ ਜੀ ਨੂੰ ?
ਜਿਹੜੇ ਬੰਦੇ ਭਗਤ ਰਵਿਦਾਸ ਜੀ ਨੂੰ ਭਗਤ ਲਿਖਣ ਬੋਲਣ ‘ਤੇ ਇਤਰਾਜ਼ ਕਰਦੇ ਨੇ ਤੇ ਧਮਕੀਆਂ ਤੱਕ ਦਿੰਦੇ ਨੇ, ਕੀ ਉਹ ਕਦੇ ਇਸ ਵੱਡੇ ਗੁਨਾਹ ਖਿਲਾਫ ਬੋਲੇ ? ਜਾਂ ਫਿਰ ਰਵਿਦਾਸੀਆ ਬਰਾਦਰੀ ਦੇ ਡੇਰਿਆਂ ਤੇ ਬੰਦਿਆਂ ਨੂੰ ਰਵਿਦਾਸ ਜੀ ਨੂੰ ਗੁਰੂ ਜਾਂ ਸਤਿਗੁਰੂ ਲਿਖ ਕੇ ਸਾਰਾ ਕੁਝ ਕਰਨ ਦੀ ਖੁੱਲ੍ਹ ਹੈ।
ਗੁਰੂ ਸਾਹਿਬਾਨ ਤੇ ਭਗਤ ਸਾਹਿਬਾਨ ਨੇ ਅਸਲ ਵਿਚ ਇਹੋ ਜਿਹੇ ਊਚ-ਨੀਚ ਤੇ ਵਖਰੇਵੇਂ ਪੈਦਾ ਕਰਨ ਵਾਲੇ ਸੰਕਲਪਾਂ ਨੂੰ ਚੁਣੌਤੀ ਦਿੱਤੀ ਸੀ ਤੇ ਗੁਰੂ ਘਰ ਨੇ ਭਾਰੀ ਕੀਮਤ ਵੀ ਤਾਰੀ। ਸਿੱਖ ਹਾਲੇ ਵੀ ਇਸ ਦੀ ਕੀਮਤ ਤਾਰ ਰਹੇ ਨੇ।
ਇਹ ਗੱਲ ਵੀ ਸਪਸ਼ਟ ਹੈ ਕਿ ਭਗਤ ਲਿਖਣ, ਬੋਲਣ ਤੇ ਰੌਲਾ ਪਾਉਣ ਵਾਲਿਆਂ ਦਾ ਅਸਲ ਏਜੰਡਾ ਸਿਰਫ ਪਾੜਾ ਪਾਉਣਾ, ਜਾਤੀਵਾਦੀ ਪਛਾਣ ਤੇ ਸਿਆਸਤ ਨੂੰ ਅੱਗੇ ਵਧਾਉਣਾ ਹੈ। ਅਸਲ ‘ਚ ਇਹ ਸਾਰਾ ਕੁਝ ਮਨੂਵਾਦੀ /ਜਾਤਵਾਦੀ ਮਾਨਸਿਕਤਾ ‘ਚੋਂ ਨਿਕਲਦਾ ਹੈ। ਹੁਣ ਇਹ ਸਾਰਾ ਕੁਝ ਹਿੰਦੂਤਵੀ ਤਾਕਤਾਂ ਨੂੰ ਵੀ ਸੂਤ ਬੈਠਦਾ ਹੈ।
#Unpopular_Opinions
#Unpopular_Ideas
#Unpopular_Facts
You must be logged in to post a comment.