Tragedy Strikes in Alberta: From Student to Victim | Justice for Beerinder Singh | End Online Hate and Violence in Canada
Sikh Man Killed In Brazen Highway Shooting Near Edmonton
ਕੈਨੇਡਾ ਵਿੱਚ ਵਧਦੀ ਹਿੰਸਾ ਅਤੇ ਨਫ਼ਰਤ ਦਾ ਇੱਕ ਹੋਰ ਸ਼ਿਕਾਰ: ਬੀਰਿੰਦਰ ਸਿੰਘ ਲਈ ਇਨਸਾਫ਼ ਦੀ ਮੰਗ | ਔਨਲਾਈਨ ਨਫ਼ਰਤ ਤੋਂ ਜਾਨ ਲੈਣ ਤੱਕ |
Canada – ਆਨਲਾਈਨ ਨਫ਼ਰਤ ਤੋਂ ਜਾਨ ਲੈਣ ਤੱਕ
ਬੀਤੇ ਦਿਨੀਂ ਐਡਮਿੰਟਨ (ਅਲਬਰਟਾ) ਲਾਗੇ ਲਿਡੂਕ ਸ਼ਹਿਰ ‘ਚ ਹਾਈਵੇਅ ‘ਤੇ ਗੋਲੀ ਮਾਰ ਕੇ ਹਲਾਕ ਕੀਤਾ ਗਿਆ ਬੀਰਿੰਦਰ ਸਿੰਘ ਅਕਤੂਬਰ ਵਿੱਚ ਐਡਮੰਟਨ ਪਹੁੰਚਿਆ ਸੀ, ਜਿੱਥੇ ਉਹ ਓਂਟਾਰੀਓ ਦੇ ਕਨੇਸਟੋਗਾ ਕਾਲਜ ਵਿੱਚ ਪੜ੍ਹਾਈ ਕਰਨ ਤੋਂ ਬਾਅਦ ਆਇਆ ਸੀ ਅਤੇ ਹੁਣ ਕੰਸਟਰਕਸ਼ਨ ਦਾ ਕੰਮ ਕਰ ਰਿਹਾ ਸੀ।
ਘਟਨਾ ਤੋਂ ਕੁਝ ਦਿਨ ਪਹਿਲਾਂ ਹੀ ਉਸਨੂੰ ਵਰਕ ਪਰਮਿਟ ਮਿਲਿਆ ਸੀ ਅਤੇ ਉਸਨੇ 12 ਮਾਰਚ ਨੂੰ ਆਪਣਾ 22ਵਾਂ ਜਨਮ ਦਿਨ ਮਨਾਇਆ ਸੀ। ਉਸਦੇ ਜਾਣਕਾਰ ਉਸਨੂੰ ਆਪਣੇ ਪਰਿਵਾਰ ਦਾ ਇਕਲੌਤਾ ਪੁੱਤਰ ਦੱਸਦੇ ਹਨ।
ਇਸ ਗੋਲੀਬਾਰੀ ਵਿੱਚ ਬਚਿਆ ਵਿਅਕਤੀ ਗੁਰਭੇਜ ਸਿੰਘ, ਜੋ ਉਸ ਸਮੇਂ ਕਾਰ ਵਿੱਚ ਮੌਜੂਦ ਸੀ, ਨੇ ਦੱਸਿਆ ਕਿ ਹਮਲਾ ਕੁਝ ਹੀ ਪਲਾਂ ਵਿੱਚ ਅਤੇ ਬਿਨਾਂ ਕਿਸੇ ਭੜਕਾਹਟ ਦੇ ਵਾਪਰ ਗਿਆ।
ਗੁਰਭੇਜ ਸਿੰਘ ਮੁਤਾਬਕ, ਉਹ ਲਗਭਗ ਦੁਪਹਿਰ ਨੂੰ ਹਾਈਵੇ 2 ‘ਤੇ ਆਪਣੀ ਕਾਰ ਵਿੱਚ ਜਾ ਰਹੇ ਸਨ, ਜਦੋਂ ਦੋ ਗੋਰੇ ਆਦਮੀ, ਜੋ ਲਗਭਗ 24 ਤੋਂ 25 ਸਾਲ ਦੇ ਲੱਗਦੇ ਸਨ, ਇੱਕ ਪਿਕਅੱਪ ਟਰੱਕ ਵਿੱਚ ਉਨ੍ਹਾਂ ਦੇ ਨੇੜੇ ਆਏ।
ਉਸ ਨੇ ਦੱਸਿਆ, “ਉਨ੍ਹਾਂ ਦੋ ਗੋਰੇ ਆਦਮੀਆਂ ਨੇ ਸਾਨੂੰ ਹੱਥ ਹਿਲਾਇਆ, ਅਸੀਂ ਵੀ ਉਨ੍ਹਾਂ ਨੂੰ ਮੋੜਵਾਂ ਹੱਥ ਹਿਲਾਇਆ। ਕੁਝ ਪਲਾਂ ਬਾਅਦ ਉਹ ਟਰੱਕ ਉਨ੍ਹਾਂ ਦੇ ਪਿੱਛੇ ਆ ਗਿਆ ਅਤੇ ਗੋਲੀਆਂ ਚਲਾਉਣ ਲੱਗ ਪਿਆ ਤੇ ਫਿਰ ਮੌਕੇ ਤੋਂ ਭੱਜ ਗਿਆ।”
ਗੁਰਭੇਜ ਸਿੰਘ ਨੇ ਜ਼ੋਰ ਦੇ ਕੇ ਕਿਹਾ ਕਿ ਦੋਵਾਂ ਧਿਰਾਂ ਵਿਚਕਾਰ ਕੋਈ ਵੀ ਐਸੀ ਘਟਨਾ ਜਾਂ ਟਕਰਾਅ ਨਹੀਂ ਹੋਇਆ, ਜੋ ਅਜਿਹੇ ਹਮਲੇ ਦਾ ਕਾਰਨ ਬਣ ਸਕੇ।
ਉਸ ਨੇ ਇਹ ਵੀ ਕਿਹਾ, “ਕੁਝ ਵੀ ਨਹੀਂ ਸੀ — ਨਾ ਕੋਈ ਰੋਡ ਰੇਜ, ਕੁਝ ਵੀ ਨਹੀਂ। ਇਹ ਦਾਅਵਾ ਕਿ ਗੋਲੀਬਾਰੀ ਕਿਸੇ ਤਰ੍ਹਾਂ ਦੀ ਤਲਖ਼ੀ ਜਾਂ ਭੜਕਾਹਟ ਤੋਂ ਬਾਅਦ ਚੱਲੀ ਸੀ, ਗਲਤ ਹੈ।”
ਇਸ ਹਮਲੇ ਵਿੱਚ ਬਚੇ ਗੁਰਭੇਜ ਨੇ ਇਹ ਵੀ ਨਾਰਾਜ਼ਗੀ ਜਤਾਈ ਹੈ ਕਿ ਦੋਸ਼ੀਆਂ ਦੀ ਪਛਾਣ ਲਈ ਜਨਤਾ ਨਾਲ ਘੱਟ ਜਾਣਕਾਰੀ ਸਾਂਝੀ ਕੀਤੀ ਜਾ ਰਹੀ ਹੈ।
ਗੁਰਭੇਜ ਸਿੰਘ ਅਨੁਸਾਰ, ਉਨ੍ਹਾਂ ਦੀ ਕਾਰ ਵਿੱਚ ਇੱਕ ਡੈਸ਼ ਕੈਮਰਾ ਲੱਗਾ ਹੋਇਆ ਸੀ, ਜਿਸ ਨੇ ਘਟਨਾ ਦੀ ਅੰਦਰਲੀ ਅਤੇ ਬਾਹਰਲੀ ਫੁਟੇਜ ਰਿਕਾਰਡ ਕੀਤੀ ਹੋਈ ਹੈ।
ਇਸ ਦੇ ਬਾਵਜੂਦ, ਸ਼ੱਕੀ ਵਾਹਨ ਜਾਂ ਉਸ ਵਿੱਚ ਸਵਾਰ ਲੋਕਾਂ ਬਾਰੇ ਹੋਰ ਕੋਈ ਵਿਸਥਾਰਪੂਰਵਕ ਜਾਣਕਾਰੀ ਜਾਰੀ ਨਹੀਂ ਕੀਤੀ ਗਈ, ਸਿਰਫ ਇੱਕ ਸਧਾਰਣ ਵਰਣਨ ਦਿੱਤਾ ਗਿਆ ਹੈ ਕਿ ਉਹ ਸਫੈਦ ਜਾਂ ਸਲੇਟੀ ਪਿਕਅੱਪ ਟਰੱਕ ਸੀ।
ਗਵਾਹ ਦਾ ਕਹਿਣਾ ਹੈ ਕਿ ਉਹ ਚਿੰਤਤ ਹਨ ਕਿ ਦੋ ਸ਼ੱਕੀ ਵਿਅਕਤੀਆਂ ਦੀ ਕੋਈ ਵਿਸਥਾਰਪੂਰਵਕ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ, ਜੋ ਜਾਂਚ ਨੂੰ ਅੱਗੇ ਵਧਾਉਣ ਵਿੱਚ ਮਦਦ ਕਰ ਸਕਦੀ ਹੈ।
ਵਰਲਡ ਸਿੱਖ ਆਰਗੇਨਾੲਜ਼ੇਸ਼ਨ ਦੇ ਕਾਨੂੰਨੀ ਸਲਾਹਕਾਰ ਬਲਪ੍ਰੀਤ ਸਿੰਘ ਨੇ ਕਿਹਾ ਕਿ ਕੈਨੇਡਾ ਵਿੱਚ ਸਿੱਖ ਵਿਰੋਧੀ ਨਫ਼ਰਤ ਵਿੱਚ ਬਹੁਤ ਵਾਧਾ ਹੋ ਰਿਹਾ ਹੈ, ਜੋ ਵੱਖ-ਵੱਖ ਆਨਲਾਈਨ ਅਤੇ ਵਿਚਾਰਧਾਰਕ ਤਾਕਤਾਂ ਦੁਆਰਾ ਪ੍ਰੇਰਿਤ ਹੈ।
ਉਨ੍ਹਾਂ ਕਿਹਾ, “ਅਸੀਂ ਸਿੱਖ ਵਿਰੋਧੀ ਨਫ਼ਰਤ ਵਿੱਚ ਚਿੰਤਾਜਨਕ ਵਾਧਾ ਦੇਖ ਰਹੇ ਹਾਂ, ਜਿਸਨੂੰ ਕੁਝ ਹੱਦ ਤੱਕ ਗੋਰੇ ਨਸਲਵਾਦੀ ਗਰੁੱਪਾਂ ਦੁਆਰਾ ਫੈਲਾਏ ਜਾ ਰਹੇ ਪਰਵਾਸੀਆਂ ਵਿਰੋਧੀ ਪ੍ਰਚਾਰ ਅਤੇ ਹਿੰਦੂ ਰਾਸ਼ਟਰਵਾਦੀ ਨੈੱਟਵਰਕਾਂ ਵੱਲੋਂ ਸਿੱਖਾਂ ਖ਼ਿਲਾਫ਼ ਗਲਤ ਜਾਣਕਾਰੀ ਦੇ ਪਸਾਰ ਨਾਲ ਹੋਰ ਵਧਾਇਆ ਜਾ ਰਿਹਾ ਹੈ।”
ਬਲਪ੍ਰੀਤ ਸਿੰਘ ਨੇ ਕਿਹਾ ਕਿ ਭਾਈਚਾਰੇ ਦੀ ਇੱਕ ਵਧਦੀ ਚਿੰਤਾ ਇਹ ਹੈ ਕਿ ਇਹ ਕੂੜਪ੍ਰਚਾਰ ਅਸਲ ਜ਼ਿੰਦਗੀ ਵਿੱਚ ਹਿੰਸਾ ਦਾ ਰੂਪ ਧਾਰ ਸਕਦਾ ਹੈ। ਇਸ ਤਰ੍ਹਾਂ ਦੀਆਂ ਘਟਨਾਵਾਂ ਬਹੁਤ ਹੀ ਚਿੰਤਾਜਨਕ ਹਨ ਅਤੇ ਇਨ੍ਹਾਂ ਨੂੰ ਗੰਭੀਰਤਾ ਨਾਲ ਲਿਆ ਜਾਣਾ ਚਾਹੀਦਾ ਹੈ।
* “ਬਾਜ਼ ਨਿਊਜ਼” ਤੋਂ ਧੰਨਵਾਦ ਸਹਿਤ
-ਗੁਰਪ੍ਰੀਤ ਸਿੰਘ ਸਹੋਤਾ | ਸਰੀ | ਚੜ੍ਹਦੀ ਕਲਾ

Punjab Spectrum