Breaking News

The Tribune ਦੀ ਐਡੀਟਰ AAP ਦੀ ਕੱਠਪੁਤਲੀ ਅਤੇ ਸਪੋਕਸਪਰਸਨ ਵਾਂਗ ਕੰਮ ਕਿਉਂ ਕਰ ਰਹੀ ਹੈ ? – ਖਹਿਰਾ

The Tribune ਦੀ ਐਡੀਟਰ AAP ਦੀ ਕੱਠਪੁਤਲੀ ਅਤੇ ਸਪੋਕਸਪਰਸਨ ਵਾਂਗ ਕੰਮ ਕਿਉਂ ਕਰ ਰਹੀ ਹੈ ? – ਖਹਿਰਾ

ਪੰਜਾਬ ਵਿੱਚ ਮੀਡੀਆ ਦੇ ਹਾਲਾਤ ਸਾਨੂੰ ਸਭ ਨੂੰ ਪਤਾ ਹੈ। ਕੁਝ ਹਾਲਾਤ ਅਜਿਹੇ ਹੁੰਦੇ ਹਨ ਜਿੱਥੇ ਮੀਡੀਆ ਨੂੰ ਮਜ਼ਬੂਰੀ ਵਿੱਚ ਸੱਤਾਧਾਰੀ ਪਾਰਟੀ ਦੀ ਗੱਲ ਮੰਨਣੀ ਪੈਂਦੀ ਹੈ, ਇਹ ਗੱਲ ਸਮਝ ਆ ਸਕਦੀ ਹੈ। ਪਰ ਜਦੋਂ ਅਖ਼ਬਾਰ ਦੇ ਸਫ਼ੇ ਚੰਡੀਗੜ੍ਹ ਸਿਵਲ ਸੈਕਰਟੇਰੀਅਟ ਦੇ ਦੂਜੇ ਮੰਜ਼ਿਲ ਤੇ ਸਥਿਤ ਮੁੱਖ ਮੰਤਰੀ ਦਫ਼ਤਰ ਵਿੱਚ ਸੋਚੇ, ਡਿਜ਼ਾਇਨ ਕੀਤੇ ਅਤੇ EDIT ਕੀਤੇ ਜਾਣ, ਤਾਂ ਲੋਕਤੰਤਰ ਲਈ ਇਹ ਸਭ ਤੋਂ ਦੁਖਦਾਈ ਸਮਾਂ ਹੁੰਦਾ ਹੈ। ਅੱਜ ਪੰਜਾਬ ਵਿੱਚ ਇਹੀ ਹੋ ਰਿਹਾ ਹੈ।
ਇਹ ਗੱਲ ਕਿਸੇ “ਮੁਸ਼ਕਲ ਨਾਲ ਚੱਲ ਰਹੇ” ਅਖ਼ਬਾਰ ਦੀ ਨਹੀਂ ਜੋ ਸਰਕਾਰੀ ਰਾਹਤਾਂ ਤੇ ਟਿਕਿਆ ਹੋਵੇ। ਇਹ ਦੇਸ਼ ਦੇ ਸਭ ਤੋਂ ਪੁਰਾਣੇ ਅਖ਼ਬਾਰਾਂ ਵਿੱਚੋਂ ਇੱਕ The Tribune ਦੀ ਗੱਲ ਹੈ, ਜਿਸਦੇ ਐਡੀਟੋਰੀਅਲ ਸਫ਼ੇ ਇਸ ਤਰ੍ਹਾਂ ਲੱਗਦੇ ਹਨ ਜਿਵੇਂ ਉਹ ਪੰਜਾਬ ਦੇ ਮੁੱਖ ਮੰਤਰੀ ਦਫ਼ਤਰ ਵਿੱਚ ਹੀ ਦੇਖਰੇਖ ਹੇਠ ਤਿਆਰ ਅਤੇ “ਡਰਾਫਟ” ਕੀਤੇ ਗਏ ਹੋਣ।
ਸ਼ਨੀਵਾਰ, 14 ਮਾਰਚ 2026 ਨੂੰ ਟ੍ਰਿਬਿਊਨ ਦੀ ਐਡੀਟਰ-ਇਨ-ਚੀਫ਼ ਮੈਡਮ ਜੋਤੀ ਮਲਹੋਤਰਾ ਨੇ ਐਡੀਟੋਰੀਅਲ ਸਫ਼ੇ ‘ਤੇ ਆਪਣੇ ਦਸਤਖ਼ਤਾਂ ਨਾਲ ਇਕ ਲੇਖ ਲਿਖਿਆ, ਜਿਸ ਵਿੱਚ ਉਨ੍ਹਾਂ ਨੇ ਮੇਰੇ ਨਾਮ ਨਾਲ ਕੁਝ ਐਸੇ ਝੂਠੇ ਅਤੇ ਮਨਘੜਤ ਬਿਆਨ ਜੋੜ ਦਿੱਤੇ ਜੋ ਮੈਂ ਕਦੇ ਦਿੱਤੇ ਹੀ ਨਹੀਂ। ਉਨ੍ਹਾਂ ਨੇ ਇਹ ਵੀ ਜ਼ਰੂਰੀ ਨਹੀਂ ਸਮਝਿਆ ਕਿ ਪਹਿਲਾਂ ਜਾਂਚ ਲੈਣ ਕਿ ਕੀ ਮੈਂ ਵਾਕਈ ਉਹ ਗੱਲਾਂ ਕਹੀਆਂ ਸਨ ਜਿਹੜੀਆਂ ਉਹ ਗੈਰ-ਜ਼ਿੰਮੇਵਾਰੀ ਨਾਲ ਮੇਰੇ ਨਾਲ ਜੋੜ ਰਹੀ ਸੀ।

ਮੈਂ ਉਨ੍ਹਾਂ ਦੇ ਲੇਖ ਵਿਚੋਂ ਉਨ੍ਹਾਂ ਦੇ ਆਪਣੇ ਸ਼ਬਦ ਇੱਥੇ ਦੋਹਰਾ ਰਿਹਾ ਹਾਂ। ਉਹ ਲਿਖਦੀ ਹੈ:
“ਜਿੱਥੋਂ ਤੱਕ ਕਾਂਗਰਸ ਪਾਰਟੀ ਦੇ ਸੁਖਪਾਲ ਸਿੰਘ ਖਹਿਰਾ ਦੀ ਗੱਲ ਹੈ, ਉਨ੍ਹਾਂ ਦੀਆਂ ‘ਨੱਚਣ ਵਾਲੀਆਂ ਔਰਤਾਂ’ ਨੂੰ 1,000 ਰੁਪਏ ਦੀ ਰਕਮ ਨਾਲ ਜੋੜਦੀਆਂ ਘਿਨੌਣੀਆਂ ਟਿੱਪਣੀਆਂ ਪਾਰਟੀ ਨੂੰ ਚਾਹੀਦਾ ਹੈ ਕਿ ਤੁਰੰਤ ਉਸਨੂੰ #Kalapani ਭੇਜ ਦੇਵੇ, ਜਿੱਥੇ ਉਹ ਡੂੰਘੀ ਤੋਬਾ ਕਰੇ ਅਤੇ ਮਾਫ਼ੀ ਮੰਗੇ… ਉਸਨੂੰ ਪੰਜਾਬ ਦੀਆਂ ਔਰਤਾਂ ਦੇ ਗੁੱਸੇ ਤੋਂ ਸਾਵਧਾਨ ਰਹਿਣਾ ਚਾਹੀਦਾ ਹੈ… ਜਿੱਥੋਂ ਤੱਕ ਨੱਚਣ ਵਾਲੀਆਂ ਔਰਤਾਂ ਦੀ ਗੱਲ ਹੈ, ਪੰਜਾਬ ਦੇ ਸਾਰੇ ਮਰਦਾਂ ਸਮੇਤ ਖਹਿਰਾ ਨੂੰ ਜਾਣਨਾ ਚਾਹੀਦਾ ਹੈ ਕਿ ਇਹ ‘ਨਾਚਣੇਵਾਲੀਆਂ’ ਇਮਾਨਦਾਰੀ ਨਾਲ ਆਪਣਾ ਦਿਨ ਭਰ ਦਾ ਕੰਮ ਕਰ ਰਹੀਆਂ ਹਨ।”
ਉਨ੍ਹਾਂ ਦੀ ਲਿਖਤ ਤੋਂ ਸਪਸ਼ਟ ਹੁੰਦਾ ਹੈ ਕਿ ਉਨ੍ਹਾਂ ਨੇ ਮੇਰੀ ਗੱਲ ਬਿਲਕੁਲ ਨਹੀਂ ਸੁਣੀ। ਸਭ ਤੋਂ ਪਹਿਲਾਂ, ਮੈਂ ਕਦੇ ਵੀ ਕਿਸੇ ਵੀ ਥਾਂ “ਨੱਚਣ ਵਾਲੀਆਂ ਔਰਤਾਂ” ਦਾ ਜ਼ਿਕਰ ਨਹੀਂ ਕੀਤਾ। ਇਕ ਇੰਟਰਵਿਊ ਦੌਰਾਨ ਮੈਂ ਸਿਰਫ਼ ਇਕ ਸੋਸ਼ਲ ਮੀਡੀਆ ਇਨਫਲੂਐਂਸਰ ਦੀ ਟਿੱਪਣੀ ਦਾ ਹਵਾਲਾ ਦਿੱਤਾ ਸੀ ਕਿ ਕੀ ਉਹ ਔਰਤਾਂ ਜੋ ਸਰਕਾਰ ਦੇ 1,000 ਰੁਪਏ ਦੇ ਸਹਾਰੇ ਰਹਿਣਗੀਆਂ, ਸ਼ਹੀਦ ਭਗਤ ਸਿੰਘ ਵਰਗੇ ਬਹਾਦਰ ਪੈਦਾ ਕਰਨਗੀਆਂ?
ਮੈਂ ਪੂਰੇ ਆਦਰ ਸਹਿਤ ਮੈਡਮ ਮਲਹੋਤਰਾ ਨੂੰ ਪੁੱਛਣਾ ਚਾਹੁੰਦਾ ਹਾਂ ਕਿ ਆਖ਼ਿਰ ਕੌਣ ਕਿਸ ਦੇ ਇਸ਼ਾਰਿਆਂ ਤੇ ਨੱਚ ਰਿਹਾ ਹੈ? ਉਨ੍ਹਾਂ ਨੇ ਨਾ ਸਿਰਫ਼ ਆਪ ਸਰਕਾਰ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਕੀਤੀ ਹੈ, ਸਗੋਂ ਉਹ ਉਸ ਤੋਂ ਵੀ ਅੱਗੇ ਵੱਧ ਗਈ ਹੈ, ਜਿਵੇਂ ਕਿਹਾ ਜਾਂਦਾ ਹੈ “ਰਾਜੇ ਨਾਲੋਂ ਵੀ ਵੱਧ ਵਫ਼ਾਦਾਰ”।

ਇਹ ਲੇਖ ਸਾਫ਼ ਤੌਰ ਤੇ ਮੇਰੀ ਛਵੀ ਖ਼ਰਾਬ ਕਰਨ ਅਤੇ ਮੇਰੇ ਨਾਲ ਅਜਿਹੀਆਂ ਘਿਨੌਣੀਆਂ ਅਤੇ ਔਰਤ ਵਿਰੋਧੀ ਟਿੱਪਣੀਆਂ ਜੋੜਨ ਲਈ ਲਿਖਿਆ ਗਿਆ ਹੈ, ਜੋ ਮੈਂ ਕਦੇ ਨਹੀਂ ਕੀਤੀਆਂ।
ਉਨ੍ਹਾਂ ਦੇ ਲੇਖ ਦੇ ਆਧਾਰ ‘ਤੇ ਮੈਨੂੰ ਪੂਰੀ ਜ਼ਿੰਮੇਵਾਰੀ ਨਾਲ ਇਹ ਕਹਿਣ ਵਿੱਚ ਦੁੱਖ ਹੋ ਰਿਹਾ ਹੈ ਕਿ ਮੈਡਮ ਮਲਹੋਤਰਾ ਨੇ ਇੱਕ ਮਾਣਯੋਗ ਅਤੇ ਇਜ਼ਤਦਾਰ ਅਖ਼ਬਾਰ ਦ ਟ੍ਰਿਬਿਊਨ ਦੀ ਐਡੀਟਰ-ਇਨ-ਚੀਫ਼ ਦੇ ਉੱਚੇ ਅਤੇ ਗੌਰਵਮਈ ਅਹੁਦੇ ‘ਤੇ ਬੈਠ ਕੇ ਇੱਕ ਇਮਾਨਦਾਰੀ ਨਾਲ ਕੰਮ ਕਰਨ ਦੀ ਬਜਾਏ ਆਪ ਸਰਕਾਰ ਦੇ ਬੁਲਾਰੇ ਵਾਂਗ ਵਰਤਾਓ ਕੀਤਾ ਹੈ, ਜਦਕਿ ਇੱਕ ਐਡੀਟਰ ਤੋਂ ਇਹ ਉਮੀਦ ਕੀਤੀ ਜਾਂਦੀ ਹੈ ਕਿ ਉਹ ਸੱਤਾ ਤੋਂ ਸਵਾਲ ਪੁੱਛੇ।
ਪੂਰੇ ਪੰਜਾਬ ਨੂੰ ਪਤਾ ਹੈ ਕਿ ਮੈਂ ਹਮੇਸ਼ਾ ਆਪ ਸਰਕਾਰ ਦੇ ਨਿਸ਼ਾਨੇ ‘ਤੇ ਰਿਹਾ ਹਾਂ ਕਿਉਂਕਿ ਮੈਂ ਉਨ੍ਹਾਂ ਦੀ ਸੱਤਾ ਦੇ ਸਾਹਮਣੇ ਸੱਚ ਬੋਲਦਾ ਹਾਂ ਇਹ ਕੰਮ ਇੱਕ ਅਖ਼ਬਾਰ ਨੂੰ ਵੀ ਕਰਨਾ ਚਾਹੀਦਾ ਹੈ। ਮੈਨੂੰ ਟ੍ਰਿਬਿਊਨ ਤੋਂ ਕਿਸੇ ਸਹਿਯੋਗ ਜਾਂ ਮਿਹਰਬਾਨੀ ਦੀ ਉਮੀਦ ਨਹੀਂ, ਪਰ ਮੈਂ ਇਹ ਜ਼ਰੂਰ ਉਮੀਦ ਕਰਦਾ ਹਾਂ ਕਿ ਅਖ਼ਬਾਰ ਸਿਰਫ਼ ਸਰਕਾਰ ਨੂੰ ਖੁਸ਼ ਕਰਨ ਲਈ ਇੰਨਾ ਅਨਿਆਈ, ਪੱਖਪਾਤੀ ਨਾ ਬਣੇ।
ਮੈਂ ਫਿਰ ਦੋਹਰਾਉਂਦਾ ਹਾਂ ਕਿ ਮੈਂ ਕਦੇ ਵੀ “ਨੱਚਣ ਵਾਲੀਆਂ ਔਰਤਾਂ” ਬਾਰੇ ਕੋਈ ਟਿੱਪਣੀ ਨਹੀਂ ਕੀਤੀ। ਪਰ ਅੱਜ ਮੈਂ ਇਹ ਕਹਿ ਰਿਹਾ ਹਾਂ ਕਿ ਟ੍ਰਿਬਿਊਨ ਦੀ ਐਡੀਟਰ-ਇਨ-ਚੀਫ਼ ਨੇ ਸੱਚਾਈ ਤੋਂ ਅੱਖਾਂ ਪਾਸੇ ਕਰ ਕੇ ਆਪ ਦੀ ਟਿਊਨ ‘ਤੇ ਇਕ ਕਠਪੁਤਲੀ ਵਾਂਗ ਨੱਚੀ ਹੈ।
ਇਹ ਵੀ ਦੱਸਣਾ ਲਾਜ਼ਮੀ ਹੈ ਕਿ ਜਦੋਂ ਵੀ ਕੋਈ ਅਖ਼ਬਾਰ ਕਿਸੇ ਵਿਅਕਤੀ ਖ਼ਿਲਾਫ਼ ਇਸ ਤਰ੍ਹਾਂ ਦੇ ਦੋਸ਼ ਛਾਪਦਾ ਹੈ ਤਾਂ ਉਸਦਾ ਪੱਖ ਵੀ ਪੁੱਛਿਆ ਜਾਂਦਾ ਹੈ। ਪਰ ਟ੍ਰਿਬਿਊਨ ਨੇ ਮੈਨੂੰ ਇਹ ਪੁੱਛਣ ਦੀ ਜ਼ਰੂਰਤ ਵੀ ਮਹਿਸੂਸ ਨਹੀਂ ਕੀਤੀ ਕਿ ਕੀ ਮੈਂ ਵਾਕਈ ਇਹ ਗੱਲ ਕਹੀ ਸੀ। ਸਪਸ਼ਟ ਹੈ ਕਿ ਉਹ ਮੈਨੂੰ ਪੁੱਛਦੇ ਹੀ ਨਹੀਂ, ਕਿਉਂਕਿ ਇਸ ਨਾਲ ਆਪ ਦੀ ਪ੍ਰਚਾਰ ਮੁਹਿੰਮ ਨਕਾਰਾ ਹੋ ਜਾਂਦੀ।
ਉਨ੍ਹਾਂ ਵੱਲੋਂ ਕੀਤੀਆਂ ਗਈਆਂ ਘਟੀਆ ਟਿੱਪਣੀਆਂ ਤੋਂ ਇਲਾਵਾ ਮੈਨੂੰ ਇਹ ਵੀ ਪਤਾ ਲੱਗਿਆ ਹੈ ਕਿ ਮਾਣਯੋਗ ਐਡੀਟਰ ਨੇ ਮੌਖਿਕ ਹੁਕਮ ਦਿੱਤੇ ਹਨ ਕਿ ਖਹਿਰਾ ਨਾਲ ਸੰਬੰਧਿਤ ਕੋਈ ਵੀ ਖ਼ਬਰ ਉਨ੍ਹਾਂ ਦੀ ਪਹਿਲਾਂ ਮਨਜ਼ੂਰੀ ਤੋਂ ਬਿਨਾਂ ਨਾ ਛਾਪੀ ਜਾਵੇ।
ਉਨ੍ਹਾਂ ਦੇ ਇਸ ਤਰ੍ਹਾਂ ਦੇ ਪੱਖਪਾਤੀ ਰਵੱਈਏ ਨੂੰ ਦੇਖਦਿਆਂ ਮੈਂ ਜਲਦ ਹੀ ਉਨ੍ਹਾਂ ਅਤੇ ਟ੍ਰਿਬਿਊਨ ਦੇ ਖ਼ਿਲਾਫ਼ ਇੱਕ ਮਾਣਹਾਨੀ ਦਾ ਕੇਸ ਦਰਜ ਕਰਾਂਗਾ।
ਭਰੇ ਦਿਲ ਨਾਲ ਇਹ ਕਦਮ ਚੁੱਕਣਾ ਪੈ ਰਿਹਾ ਹੈ, ਕਿਉਂਕਿ ਟ੍ਰਿਬਿਊਨ ਪੰਜਾਬ ਦੇ ਇਤਿਹਾਸ ਅਤੇ ਸਭਿਆਚਾਰ ਦਾ ਹਿੱਸਾ ਹੈ। ਪਰ ਰਿਕਾਰਡ ਠੀਕ ਕਰਨ ਲਈ ਇਹ ਕਹਿਣਾ ਜ਼ਰੂਰੀ ਸੀ ਤਾਂ ਜੋ ਮੇਰੀ ਚੁੱਪੀ ਨੂੰ ਮੇਰੀ ਗ਼ਲਤੀ ਨਾ ਸਮਝਿਆ ਜਾਵੇ।
ਸੁਖਪਾਲ ਸਿੰਘ ਖਹਿਰਾ
ਐਮ.ਐਲ.ਏ. ਭੁਲੱਥ