Breaking News

ਅਕਾਲੀ ਦਲ ਦੀ ਸਿਰਜਣਾ ਭਾਰਤੀ ਸੰਵਿਧਾਨ ਦੇ ਦਾਇਰੇ ਵਿਚ ਸਿਆਸਤ ਕਰਨ ਲਈ ਨਹੀਂ…

ਅਕਾਲੀ ਦਲ ਦੀ ਸਿਰਜਣਾ ਭਾਰਤੀ ਸੰਵਿਧਾਨ ਦੇ ਦਾਇਰੇ ਵਿਚ ਸਿਆਸਤ ਕਰਨ ਲਈ ਨਹੀਂ, ਸਗੋਂ ਸਿੱਖਾਂ ਦੀ ਅੱਡਰੀ ਹਸਤੀ ਨੂੰ ਬਰਕਰਾਰ ਰੱਖਣ ਲਈ ਕੀਤੀ ਗਈ ਸੀ – MP ਭਾਈ ਅੰਮ੍ਰਿਤਪਾਲ ਸਿੰਘ ਅਤੇ ਸਾਥੀਆਂ ਦਾ ਬਿਆਨ

ਸ੍ਰੋਮਣੀ ਅਕਾਲੀ ਦੱਲ ਨੂੰ ਭਾਰਤੀ ਸੱਭਿਅਤਾ ,ਭਾਰਤੀ ਰਾਜਨੀਤੀ ਅਤੇ ਭਾਰਤੀ ਸੰਵਿਧਾਨ ਦੇ ਦਾਇਰਿਆਂ ਅੰਦਰ ਰੱਖ ਕੇ ਨਹੀ ਸਿਰਜਿਆ ਗਿਆ ਸੀ ।ਅਕਾਲੀ ਦਲ ਨੂੰ ਸਿਰਜਣ ਦੀ ਵਿਉਂਤਬੰਦੀ ਸਿੱਖ ਸਿਧਾਂਤ ਅਤੇ ਖ਼ਾਲਸਾ ਪੰਥ ਦੀਆਂ ਭਾਵਨਾਵਾਂ ਦੇ ਚੌਖਟੇ ਅੰਦਰ ਕੀਤੀ ਗਈ ਸੀ । ਅਕਾਲੀ ਦਲ ਦੀ ਸਿਰਜਨਾ ਦਾ ਮੁੱਖ ਮਕਸਦ ਸਿੱਖਾਂ ਦੀ ਅੱਡਰੀ ਅਤੇ ਨਿਆਰੀ ਹਸਤੀ ਨੂੰ ਉਪਜ ਰਹੇ ਖ਼ਤਰਿਆਂ ਦੇ ਖਿਲਾਫ ਸੀਨਾ ਡਾਹ ਕੇ ਲੜਨ ਵਾਲੇ ਅਕਾਲੀ ਜੱਥਿਆਂ ਦੇ ਰੂਪ ਵਿੱਚ ਕੀਤੀ ਗਈ ਸੀ ,ਅੱਗੇ ਚਲ ਕੇ ਇਹੋ ਅਕਾਲੀ ਜੱਥੇ ਸ੍ਰੀ ਅਕਾਲ ਤਖਤ ਸਾਹਿਬ ਦੀ ਤਾਬਿਆ ਸ੍ਰੋਮਣੀ ਕਮੇਟੀ ਅਤੇ ਅਕਾਲੀ ਦਲ ਦੇ ਗਠਨ ਦਾ ਆਧਾਰ ਬਣੇ ਸਨ ।ਅਕਾਲੀ ਦਲ ਦਾ ਗਠਨ ਕੇਵਲ ਭਾਰਤੀ ਪਾਰਲੀਮਾਨੀ ਸਿਆਸਤ ਰਾਹੀਂ ਸੱਤਾ ਹਾਸਲ ਕਰਨਾ ਵੀ ਨਹੀ ਸੀ ।

ਅਕਾਲੀ ਦਲ ਨੇ ਆਪਣੀ ਹੋਂਦ ਤੋਂ 75 ਸਾਲ ਬਾਅਦ ਪਹਿਲੀ ਵਾਰ 1997 ਵਿੱਚ ਪੰਜਾਬ ਵਿੱਚ ਸਰਕਾਰ ਬਣਾ ਕੇ ਪੰਜ ਸਾਲ ਦਾ ਕਾਰਜਕਾਲ ਪੂਰਾ ਕੀਤਾ ਸੀ ।ਸੱਤਾ ਦੀ ਇਸ ਪ੍ਰਾਪਤੀ ਦੇ ਸਿਲਸਿਲੇ ਦੇ ਨਾਲ ਹੀ ਸਿੱਖ ਸਿਆਸਤ ਦੇ ਸਿਧਾਂਤਕ ਨਿਘਾਰ ਦਾ ਅਮਲ ਸ਼ੁਰੂ ਹੋ ਗਿਆ ਸੀ ।ਸਿਧਾਂਤਕ ਨਿਘਾਰ ਦਾ ਇਹ ਅਮਲ ਹੌਲੀ ਹੌਲੀ ਮੌਜੂਦਾ ਅਕਾਲੀ ਸਿਆਸਤ ਦੇ ਸੰਕਟ ਦਾ ਰੂਪ ਧਾਰਨ ਕਰ ਗਿਆ ।

ਸਿੱਖ ਪੰਥ ਮੌਜੂਦਾ ਸਮੇਂ ਬਹੁਤ ਗੰਭੀਰ ਰਾਜਸੀ ਅਤੇ ਧਾਰਮਿਕ ਚੁਣੌਤੀਆਂ ਵਿੱਚੋਂ ਗੁਜ਼ਰ ਰਿਹਾ ਹੈ ।ਪੰਥਕ ਸਿਆਸਤ ਜੋ ਦਹਾਕਿਆਂ ਤੋਂ ਦੇਸ਼ ਪੰਜਾਬ ਵਿੱਚ ਮਾਣਮੱਤਾ ਅਤੇ ਵਿਲੱਖਣ ਰੋਲ ਨਿਭਾਉਂਦੀ ਆ ਰਹੀ ਸੀ ,ਅੱਜ ਹਾਸ਼ੀਏ ਉਪਰ ਪੁੱਜ ਚੁੱਕੀ ਹੈ ।ਬੀਤੇ ਸਮੇਂ ਦੌਰਾਨ ਪੰਥ ਦੀਆਂ ਮਹਾਨ ਸੰਸਥਾਵਾਂ ਸ੍ਰੀ ਅਕਾਲ ਤਖ਼ਤ ਸਾਹਿਬ ,ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ੍ਰੋਮਣੀ ਅਕਾਲੀ ਦਲ ਦੀ ਸ਼ਾਨੋ-ਸੌਕਤ ਅਤੇ ਸਿਧਾਂਤਕ ਦਿੱਖ ਨੂੰ ਸਾਡੇ ਆਗੂਆਂ ਦੀ ਨਿੱਜਪ੍ਰਸਤੀ ਅਤੇ ਬੇਅਸੂਲੀ ਸਿਆਸਤ ਕਾਰਨ ਗਹਿਰੀ ਹਾਨੀ ਪੁੱਜੀ ਹੈ । ਸਾਡੇ ਆਗੂਆਂ ਵਿੱਚਲੀ ਨੈਤਿਕ ਕਮਜ਼ੋਰੀ ਨੇ ਦੇਸ਼ ਦੇ ਫਿਰਕੂ ਹੁਕਮਰਾਨਾਂ ਨੂੰ ਸਾਡੀ ਨਿਆਰੀ ਅਤੇ ਵਿਲੱਖਣ ਹਸਤੀ ਤੋ ਇਲਾਵਾ ਗੁਰਮਤਿ ਸਿਧਾਂਤਾ ਉੱਪਰ ਹਮਲਾਵਰ ਹੋਣ ਦੇ ਮੌਕੇ ਪ੍ਰਦਾਨ ਕੀਤੇ ਹੋਏ ਹਨ ।ਅੱਜ ਪੰਥ ਦੇ ਰਾਜਸੀ ਅਤੇ ਧਾਰਮਿਕ ਖੇਤਰ ਅੰਦਰ ਦਰਪੇਸ਼ ਚੁਣੌਤੀਆਂ ਦੇ ਹਾਣ ਦਾ ਕੋਈ ਸੁਹਿਰਦ ਅਤੇ ਭਰੋਸੇਯੋਗ ਆਗੂ ਨਜ਼ਰ ਨਹੀਂ ਆ ਰਿਹਾ ।ਯੋਗ ਲੀਡਰਸ਼ਿਪ ਦੇ ਖਲਾਅ ਵਾਲੇ ਇਸ ਸੰਕਟਮਈ ਸਮੇਂ ਨੇ ਸਿੱਖ ਮਨਾਂ ਅੰਦਰ ਇੱਕ ਗਹਿਰੀ ਨਿਰਾਸ਼ਤਾ ਨੂੰ ਪੈਦਾ ਕੀਤਾ ਹੋਇਆ ਹੈ ।

ਇਸ ਨਿਰਾਸ਼ਤਾ ਸਦਕਾ ਸਮੁੱਚੀ ਕੌਮ ਆਪਸੀ ਬੇਭਰੋਸਗੀ ਦਾ ਸ਼ਿਕਾਰ ਹੁੰਦੀ ਜਾ ਰਹੀ ਹੈ ।ਅਜੋਕੀ ਸਥਿਤੀ ਵਿੱਚ ਸਿੱਖ ਕੌਮ ਨੂੰ ਸ਼ਾਜ਼ਿਸੀ ਚਾਲਾਂ ਤਹਿਤ ਖਾਨਾਜੰਗੀ ਅਤੇ ਭਰਾਮਾਰੂ ਮਾਹੌਲ ਵੱਲ ਧੱਕਿਆ ਜਾ ਰਿਹਾ ਹੈ ।ਸਿੱਖ ਕੌਮ ਨੂੰ ਆਪਣੇ ਅੰਦਰੋਂ ਅਤੇ ਬਾਹਰੋਂ ਉੱਭਰ ਕੇ ਆ ਰਹੀਆਂ ਗੰਭੀਰ ਚੁਨੌਤੀਆਂ ਦਾ ਟਾਕਰਾ ਮੁਕੰਮਲ ਪੰਥਕ ਏਕਤਾ ਸਿਰਜ ਕੇ ਹੀ ਕੀਤਾ ਜਾ ਸਕਦਾ ਹੈ ।ਪੰਥ ਦੀ ਸਾਰੀ ਸਿਰਜਣਾ ਸਿਧਾਂਤਕ ਏਕਤਾ ਉੱਪਰ ਟਿਕੀ ਹੋਈ ਹੈ ।ਪੰਥ ਦੀ ਸ਼ਕਤੀ ਦਾ ਮੁੱਖ ਸ੍ਰੋਤ ਵੀ ਇਸ ਦੀ ਸਿਧਾਂਤਕ ਅਤੇ ਜੱਥੇਬੰਦਕ ਏਕਤਾ ਹੀ ਹੈ ।

ਪਰ ਏਕਤਾ ਅਤੇ ਇਕਸੁਰਤਾ ਦੀਵਾ ਲੈ ਕੇ ਲਭਿਆਂ ਵੀ ਨਜ਼ਰੀ ਨਹੀ ਆਉਂਦੀ ।ਕੌਮ ਵਿੱਚ ਸ਼ਕਤੀ ਅਤੇ ਹਸਤੀ ਦਾ ਅਭਿਮਾਨ ਤਾਂ ਬਹੁਤ ਹੈ ,ਪਰ ਏਕਤਾ ,ਸਾਂਝ ਅਤੇ ਆਪਸੀ ਸਹਿਯੋਗ ਦੀ ਘਾਟ ਕਾਰਨ ਸਾਨੂੰ ਨਿੱਤ ਨਵੀਆਂ ਚੁਨੌਤੀਆਂ ਦੇ ਸਨਮੁੱਖ ਹੋਣਾ ਪੈ ਰਿਹਾ ਹੈ ।ਇਸ ਸਥਿਤੀ ਨੇ ਕੌਮ ਨੂੰ ਕਈ ਬੇਲੋੜੇ ਵਿਵਾਦਾਂ ਵਿੱਚ ਉਲਝਾਇਆ ਹੋਇਆ ਹੈ ।

ਅੱਜ ਸਾਡੀ ਸਭ ਤੋਂ ਵੱਡੀ ਨੈਤਿਕ ਅਤੇ ਕੌਮੀ ਜ਼ੁੰਮੇਵਾਰੀ ਇਹੀ ਬਣਦੀ ਹੈ ਕਿ ਆਪਸੀ ਸਹਿਯੋਗ ਦੀ ਭਾਵਨਾ ਨੂੰ ਪ੍ਰਚੰਡ ਕਰਕੇ ਪੰਥਕ ਫੁਲਵਾੜੀ ਦੇ ਵੱਖ ਵੱਖ ਰੰਗਾਂ ਦੇ ਫੁੱਲਾਂ ਨੂੰ ਇੱਕ ਗੁਲਦਸਤੇ ਰੂਪ ਵਿੱਚ ਸਿਰਜਿਆ ਜਾਵੇ ।ਸ੍ਰੀ ਅਕਾਲ ਤਖਤ ਸਾਹਿਬ ਦੇ ਜੱਥਦਾਰ ਸਾਹਿਬ ਅਤੇ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੂੰ ਧੜਿਆਂ ਦੀਆਂ ਵਲਗਣਾਂ ਤੋਂ ਆਜ਼ਾਦ ਹੋ ਕੇ ਕੌਮੀ ਭਾਵਨਾਵਾਂ ਦੀ ਦਿਸ਼ਾ ਵਿੱਚ ਦ੍ਰਿੜਤਾ ਨਾਲ ਕਦਮ ਚੁੱਕ ਕੇ ਪੰਥਕ ਏਕਤਾ ਦੇ ਅਮਲ ਨੂੰ ਸਿਰੇ ਚੜ੍ਹਾਉਣਾ ਚਾਹੀਦਾ ਹੈ ।ਸਿੰਘ ਸਾਹਿਬਾਨਾਂ ਨੂੰ ਗੁਰਬਾਣੀ ਅਤੇ ਇਤਿਹਾਸ ਤੋਂ ਪ੍ਰੇਰਨਾ ਲੈਦੇ ਹੋਏ ਮੀਰੀ ਪੀਰੀ ਦੇ ਇਸ ਮਹਾਨ ਅਸਥਾਨ ਦੀ ਪ੍ਰੰਪਰਾ ਨੂੰ ਨਿਭਾਉਂਦੇ ਹੋਏ ਸਿੱਖ ਸੰਗਤਾਂ ਅਤੇ ਸਤਿਗੁਰਾਂ ਦੀ ਓਟ ਤੋਂ ਬਗੈਰ ਕਿਸੇ ਵੀ ਸੰਸਾਰੀ ਸ਼ਕਤੀ ਤੋਂ ਭੈਅ ਮੁਕਤ ਹੋ ਆਪਣੀ ਜ਼ੁੰਮੇਵਾਰੀ ਨਿਭਾਉਣੀ ਚਾਹੀਦੀ ਹੈ ।

ਮੈ ਆਪਣੇ ਵੱਲੋਂ ਇਸ ਕੌਮੀ ਏਕਤਾ ਦੇ ਕਾਜ ਵਿੱਚ ਸਮਰਪਿਤ ਭਾਵਨਾ ਨਾਲ ਸਾਥ ਦੇਣ ਦੀ ਵਚਨਬੱਧਤਾ ਪ੍ਰਗਟਾਉਂਦਾ ਹਾਂ । ਜੋ ਪਿਛਲੇ ਦਿਨਾਂ ਤੋਂ ਮਾਘੀ ਮੌਕੇ ਪੰਥਕ ਪਾਰਟੀ ਦੀ ਗਲ ਉਭਰ ਰਹੀ ਹੈ , ਮੇਰੀ ਬੇਨਤੀ ਹੈ ਕਿ ਪੰਥ ਦੀ ਪਾਰਟੀ ਦੀ ਪੁਨਰ ਸੁਰਜੀਤੀ ਧਰਮ ਦੀ ਬੁਨਿਆਦ ਤੇ ਸ਼ੁਰੂ ਹੋਵੇ ।ਗ੍ਰਿਫਤਾਰੀ ਸਮੇਂ ਮੈ ਬੇਨਤੀ ਕੀਤੀ ਸੀ ਕਿ ਮੇਰੇ ਜੇਲ੍ਹ ਜਾਣ ਪਿਛੋਂ ਖਾਲਸਾ ਵਹੀਰ ਰਾਹੀਂ ਅਰੰਭੀ ਅੰਮ੍ਰਿਤ ਸੰਚਾਰ ਦੀ ਲਹਿਰ ਹੋਰ ਪ੍ਰਚੰਡ ਕੀਤੀ ਜਾਵੇ ਮੈਂ ਕਿਹਾ ਸੀ ਕਿ ਇਸ ਵਿੱਚ ਹੀ ਹਕੂਮਤ ਦੀ ਹਾਰ ਹੈ ।ਦੇਖੋ!ਪਿਛਲੇ ਦਹਾਕਿਆਂ ਵਿੱਚ ਜਿਨੇ ਵੀ ਪੰਥਕ ਨਾਮ ਹੇਠ ਧੜੇ ਉਭਰੇ ਉਹਨਾਂ ਧਰਮ ਪ੍ਰਚਾਰ ਦੀ ਲਹਿਰ ਦੀ ਬਜਾਏ ਸਿਆਸੀ ਤੌਰ ਤੇ ਉਭਰਨ ਦੀ ਕੋਸ਼ਿਸ਼ ਕੀਤੀ ਤਾਂ ਹੀ ਨਾ ਅੱਜ ਤੱਕ ਹਕੂਮਤ ਨੂੰ ਉਨਾਂ ਧੜਿਆਂ ਅਤੇ ਵਿਅਕਤੀਆਂ ਤੋਂ ਭੈਅ ਲੱਗਾ ਤੇ ਨਾ ਹੀ ਉਹ ਸਿਆਸੀ ਤੌਰ ਤੇ ਵੀ ਕਾਮਯਾਬ ਹੋ ਸਕੇ ।ਸੋ ਮੇਰੀ ਬੇਨਤੀ ਹੈ ਕਿ ਮਾਘੀ ਮੌਕੇ ਇਸ ਦਿੱਤੇ ਜਾਣ ਵਾਲੇ ਪ੍ਰੋਗਰਾਮ ਵਿੱਚ ਜਮੀਨੀ ਪਧਰ ਤੇ ਧਰਮ ਦੇ ਪ੍ਰਚਾਰ ਨਾਲ ਪੰਥ ਦੀ ਪਾਰਟੀ ਦੀ ਪੁਨਰਸੁਰਜੀਤੀ ਦਾ ਅਗਾਜ ਕੀਤਾ ਜਾਏ ।

ਇਸ ਨਾਲ ਹਕੂਮਤ ਵਲੋਂ ਸਾਡੇ ਬਾਹਰ ਆਉਣ ਤੇ ਜੋ ਖਾਲਸਾ ਵਹੀਰ ਦੀ ਭਵਿਖ ਵਿੱਚ ਕਾਮਯਾਬੀ ਦੇ ਡਰ ਤੋਂ ਸਾਨੂੰ ਲੰਮਾ ਸਮਾਂ ਬੰਦੀ ਬਣਾ ਕੇ ਰਖਣ ਦੀਆਂ ਵਿਉਂਤਾ ਗੁੰਦੀਆਂ ਜਾ ਰਹੀਆਂ ਜੇਕਰ ਸਾਡੀ ਗੈਰ ਹਾਜਰੀ ਵਿੱਚ ਧਰਮ ਦਾ ਪ੍ਰਚਾਰ ਸੰਗਤ ਪੂਰੇ ਜੋਰ ਨਾਲ ਸ਼ੁਰੂ ਕਰ ਦੇਵੇ ਤਾਂ ਸਾਡੀ ਬੰਦ ਖਲਾਸੀ ਵਿੱਚ ਵੀ ਇਹ ਅਵਸ਼ ਸਹਾਈ ਹੋੲਗਾ।
ਗੁਰੂ ਪੰਥ ਦਾ ਦਾਸ , ਅੰਮ੍ਰਿਤਪਾਲ ਸਿੰਘ ਖ਼ਾਲਸਾ (ਨਜ਼ਰਬੰਦ ਡਿਬਰੂਗੜ੍ਹ ਜੇਲ ਅਤੇ ਸਾਥੀ )