Breaking News

West Asia conflict: ਭਾਰਤ ਵੱਲੋਂ ਗੁਜਰਾਤ ਬੰਦਰਗਾਹ ਵੱਲ ਆ ਰਹੇ ਜਹਾਜ਼ Mayuree Naree ‘ਤੇ ਹੋਏ ਹਮਲੇ ਦੀ ਨਿਖੇਧੀ

West Asia conflict: ਭਾਰਤ ਵੱਲੋਂ ਗੁਜਰਾਤ ਬੰਦਰਗਾਹ ਵੱਲ ਆ ਰਹੇ ਜਹਾਜ਼ Mayuree Naree ‘ਤੇ ਹੋਏ ਹਮਲੇ ਦੀ ਨਿਖੇਧੀ

ਇਰਾਨ ਵਲੋਂ ਚੀਨ ਤੇ ਬੰਗਲਾਦੇਸ਼ ਦੇ ਸਮੁੰਦਰੀ ਬੇੜੇ ਲੰਘਣ ਦਿੱਤੇ ਜਾ ਰਹੇ ਹਨ ਪਰ ਭਾਰਤ ਨੂੰ ਜਾਣ ਵਾਲੇ ਨਹੀਂ।

ਗੁਜਰਾਤ ਦੀ ਕਾਂਡਲਾ ਬੰਦਰਗਾਹ ਨੂੰ ਕੱਚਾ ਤੇਲ ਲੈ ਕੇ ਆ ਰਹੇ ਥਾਈਲੈਂਡ ਦੇ ਇੱਕ ਸਮੁੰਦਰੀ ਬੇੜੇ ਨੂੰ ਇਰਾਨ ਵੱਲੋਂ ਹਮਲੇ ਦਾ ਨਿਸ਼ਾਨਾ ਬਣਾਇਆ ਗਿਆ ਹੈ।

ਭਾਰਤੀ ਵਿਦੇਸ਼ ਮੰਤਰਾਲੇ (MEA) ਨੇ ਇੱਕ ਬਿਆਨ ਵਿੱਚ ਕਿਹਾ ਕਿ ਸਾਨੂੰ 11 ਮਾਰਚ ਨੂੰ ਸਟਰੇਟ ਆਫ ਹੋਰਮੁਜ਼ ਰਾਹੀਂ ਥਾਈਲੈਂਡ ਦੇ ਜਹਾਜ਼ ‘ਮਯੂਰੀ ਨਾਰੀ’ ਉੱਤੇ ਹੋਏ ਹਮਲੇ ਬਾਰੇ ਰਿਪੋਰਟਾਂ ਮਿਲੀਆਂ ਹਨ, ਜੋ ਭਾਰਤ ਦੇ ਕਾਂਡਲਾ ਵੱਲ ਆ ਰਿਹਾ ਸੀ। ਭਾਰਤ ਇਸ ਤੱਥ ਦੀ ਨਿਖੇਧੀ ਕਰਦਾ ਹੈ ਕਿ ਪੱਛਮੀ ਏਸ਼ੀਆ ਵਿੱਚ ਚੱਲ ਰਹੇ ਸੰਘਰਸ਼ ਦੌਰਾਨ ਵਪਾਰਕ ਜਹਾਜ਼ਾਂ ਨੂੰ ਫੌਜੀ ਹਮਲਿਆਂ ਦਾ ਨਿਸ਼ਾਨਾ ਬਣਾਇਆ ਜਾ ਰਿਹਾ ਹੈ।

ਦੂਜੇ ਪਾਸੇ ਤੇਲ ਅਤੇ ਗੈਸ ਦੀ ਕਿੱਲਤ ਨਾਲ ਬੁਰੀ ਤਰਾਂ ਜੂਝ ਰਹੇ ਭਾਰਤ ਨੇ ਅੰਬਾਨੀ ਰਾਹੀਂ ਟਰੰਪ ਨੂੰ ਮਨਾਉਣ ਦੀਆਂ ਕੋਸ਼ਿਸ਼ ਕੀਤੀ ਹੈ ਕਿ ਸਾਨੂੰ ਰੂਸ ਤੋਂ ਕੱਚਾ ਤੇਲ ਖਰੀਦ ਲੈਣ ਦਿਓ।

ਰਿਲਾਇੰਸ ਵਲੋਂ ਟੈਕਸਸ (ਅਮਰੀਕਾ) ਦੀ ਬਰਾਊਨਜ਼ਵਿਲ ਪੋਰਟ ‘ਤੇ ਚੱਲ ਰਹੀ ਰਿਫਾਇਨਰੀ ‘ਚ 300 ਬਿਲੀਅਨ ਡਾਲਰ ਦਾ ਨਿਵੇਸ਼ ਕਰਕੇ ਅੰਬਾਨੀ ਨੇ ਟਰੰਪ ਨੂੰ ਇਸ ਪਾਸੇ ਮਨਾਉਣ ਦੇ ਯਤਨ ਹੀ ਕੀਤੇ ਹਨ।
-ਗੁਰਪ੍ਰੀਤ ਸਿੰਘ ਸਹੋਤਾ । ਸਰੀ । ਚੜ੍ਹਦੀ ਕਲਾ

West Asia conflict: ਭਾਰਤ ਨੇ ਬੁੱਧਵਾਰ ਨੂੰ ਪੱਛਮੀ ਏਸ਼ੀਆ ਵਿੱਚ ਵਪਾਰਕ ਜਹਾਜ਼ਾਂ ‘ਤੇ ਵਧਦੇ ਹਮਲਿਆਂ ਦੀ ਸਖ਼ਤ ਨਿਖੇਧੀ ਕੀਤੀ ਹੈ,ਜਦੋਂ ਗੁਜਰਾਤ ਦੀ ਕਾਂਡਲਾ ਬੰਦਰਗਾਹ ਵੱਲ ਆ ਰਹੇ ਥਾਈਲੈਂਡ ਦੇ ਇੱਕ ਮਾਲਵਾਹਕ ਜਹਾਜ਼ ਨੂੰ ਇਰਾਨ ਦੇ ਇਸਲਾਮਿਕ ਰਿਵੋਲਿਊਸ਼ਨਰੀ ਗਾਰਡ ਕੋਰਪਸ (IRGC) ਵੱਲੋਂ ਨਿਸ਼ਾਨਾ ਬਣਾਇਆ ਗਿਆ।

ਯੂਕੇ ਦੀ ਸਮੁੰਦਰੀ ਏਜੰਸੀ ਅਨੁਸਾਰ ਬੁੱਧਵਾਰ ਨੂੰ ਹੋਰਮੁਜ਼ ਜਲਡਮਰੂ ਵਿੱਚ ਤਿੰਨ ਜਹਾਜ਼ਾਂ ‘ਤੇ ਹਮਲੇ ਕੀਤੇ ਗਏ,ਜਿਸ ਨਾਲ ਵਿਸ਼ਵ ਦੇ ਕੱਚੇ ਤੇਲ ਦੀ 20 ਪ੍ਰਤੀਸ਼ਤ ਸ਼ਿਪਮੈਂਟ ਲੈ ਕੇ ਜਾਣ ਵਾਲੇ ਇਸ ਮੁੱਖ ਊਰਜਾ ਮਾਰਗ ਨੂੰ ਰੋਕ ਦਿੱਤਾ ਗਿਆ ਹੈ। ਭਾਰਤੀ ਵਿਦੇਸ਼ ਮੰਤਰਾਲੇ (MEA) ਨੇ ਇੱਕ ਬਿਆਨ ਵਿੱਚ ਕਿਹਾ,”ਸਾਨੂੰ 11 ਮਾਰਚ ਨੂੰ ਹੋਰਮੁਜ਼ ਜਲਡਮਰੂ ਵਿੱਚ ਥਾਈ ਜਹਾਜ਼ ‘ਮਯੂਰੀ ਨਾਰੀ’ (Mayuree Naree) ‘ਤੇ ਹੋਏ ਹਮਲੇ ਬਾਰੇ ਰਿਪੋਰਟਾਂ ਮਿਲੀਆਂ ਹਨ,ਜੋ ਭਾਰਤ ਦੇ ਕਾਂਡਲਾ ਵੱਲ ਆ ਰਿਹਾ ਸੀ। ਭਾਰਤ ਇਸ ਤੱਥ ਦੀ ਨਿਖੇਧੀ ਕਰਦਾ ਹੈ ਕਿ ਪੱਛਮੀ ਏਸ਼ੀਆ ਵਿੱਚ ਚੱਲ ਰਹੇ ਸੰਘਰਸ਼ ਦੌਰਾਨ ਵਪਾਰਕ ਜਹਾਜ਼ਾਂ ਨੂੰ ਫੌਜੀ ਹਮਲਿਆਂ ਦਾ ਨਿਸ਼ਾਨਾ ਬਣਾਇਆ ਜਾ ਰਿਹਾ ਹੈ।”

ਮੰਤਰਾਲੇ ਨੇ ਅੱਗੇ ਕਿਹਾ ਕਿ ਇਸ ਸੰਘਰਸ਼ ਦੇ ਪਹਿਲੇ ਪੜਾਅ ਵਿੱਚ ਕਈ ਭਾਰਤੀ ਨਾਗਰਿਕਾਂ ਸਮੇਤ ਕੀਮਤੀ ਜਾਨਾਂ ਪਹਿਲਾਂ ਹੀ ਜਾ ਚੁੱਕੀਆਂ ਹਨ ਅਤੇ ਹੁਣ ਇਨ੍ਹਾਂ ਹਮਲਿਆਂ ਦੀ ਮਾਰੂ ਸਮਰੱਥਾ ਹੋਰ ਵਧਦੀ ਜਾ ਰਹੀ ਹੈ। ਭਾਰਤ ਨੇ ਦੁਹਰਾਇਆ ਕਿ ਵਪਾਰਕ ਜਹਾਜ਼ਾਂ ਨੂੰ ਨਿਸ਼ਾਨਾ ਬਣਾਉਣ,ਬੇਗੁਨਾਹ ਨਾਗਰਿਕ ਚਾਲਕ ਦਲ ਦੇ ਮੈਂਬਰਾਂ ਦੀ ਜਾਨ ਨੂੰ ਖਤਰੇ ਵਿੱਚ ਪਾਉਣ ਜਾਂ ਜਹਾਜ਼ਰਾਨੀ ਅਤੇ ਵਪਾਰ ਦੀ ਆਜ਼ਾਦੀ ਵਿੱਚ ਰੁਕਾਵਟ ਪਾਉਣ ਤੋਂ ਬਚਿਆ ਜਾਣਾ ਚਾਹੀਦਾ ਹੈ।

ਇਰਾਨ ਵੱਲੋਂ ਹਰਮੁਜ਼ ਜਲਡਮਰੂ ਨੂੰ ਲਗਪਗ ਬੰਦ ਕੀਤੇ ਜਾਣ ਤੋਂ ਬਾਅਦ ਵਿਸ਼ਵ ਪੱਧਰ ‘ਤੇ ਤੇਲ ਅਤੇ ਗੈਸ ਦੀਆਂ ਕੀਮਤਾਂ ਵਿੱਚ ਭਾਰੀ ਉਛਾਲ ਆਇਆ ਹੈ। ਕਈ ਹੋਰ ਦੇਸ਼ਾਂ ਵਾਂਗ ਭਾਰਤ ਵੀ ਪੈਟਰੋਲੀਅਮ ਪਦਾਰਥਾਂ,ਖਾਸ ਕਰਕੇ ਰਸੋਈ ਗੈਸ ਦੀ ਕਿੱਲਤ ਨਾਲ ਜੂਝ ਰਿਹਾ ਹੈ। ਭਾਰਤ ਆਪਣੀ ਗੈਸ ਦੀ ਖਪਤ ਦਾ ਅੱਧਾ ਹਿੱਸਾ ਦਰਾਮਦ ਰਾਹੀਂ ਪੂਰਾ ਕਰਦਾ ਹੈ ਅਤੇ ਇਸ ਰਸਤੇ ਵਿੱਚ ਵਿਘਨ ਪੈਣ ਕਾਰਨ ਮੱਧ ਪੂਰਬ ਤੋਂ ਆਉਣ ਵਾਲੀ ਲਗਭਗ 60 mmscmd ਗੈਸ ਦੀ ਸਪਲਾਈ ਪ੍ਰਭਾਵਿਤ ਹੋਈ ਹੈ।