ਮਾਮਲਾ ਰੇਡੀਓ ਰੈੱਡ ਐਫਐਮ ਕੈਲਗਰੀ ਦੇ ਹੋਸਟ ਰਿਸ਼ੀ ਨਾਗਰ ਦੀ ਕੁੱਟਮਾਰ ਕਰਨ ਦੀ ਖ਼ਬਰ ਦਾ
ਰੇਡੀਓ ਰੈੱਡ ਐਫਐਮ ਕੈਲਗਰੀ ਦੇ ਹੋਸਟ ਰਿਸ਼ੀ ਨਾਗਰ ਦੀ ਕੁੱਟਮਾਰ ਕਰਨ ਦੀ ਖ਼ਬਰ ਅਤੇ ਵੀਡੀਓ ਸੋਸ਼ਲ ਮੀਡੀਏ ‘ਤੇ ਘੁੰਮ ਰਹੀ ਹੈ।
ਕੁਝ ਦਿਨ ਪਹਿਲ਼ਾਂ ਫਿਰੌਤੀਆਂ ਮੰਗਣ ਦੇ ਇਲਜ਼ਾਮ ਹੇਠ ਕੈਲਗਰੀ ‘ਚ ਫੜੇ ਗਏ ਨੌਜਵਾਨ ਗੁਰਸੇਵਕ ਸਿੰਘ ਰੰਧਾਵਾ ਦੀ ਗ੍ਰਿਫਤਾਰੀ ‘ਤੇ ਕੈਲਗਰੀ ਦੇ ਬਹੁਤੇ ਲੋਕ ਇੱਕਮੱਤ ਸਨ ਕਿ ਦੁਮਾਲਾ ਸਜਾ ਕੇ ਅਜਿਹੀ ਹਰਕਤ ਕਰਨ ਵਾਲਾ ਜੇ ਦੋਸ਼ੀ ਹੈ ਤਾਂ ਉਸਨੂੰ ਸਖ਼ਤ ਤੋਂ ਸਖ਼ਤ ਸਜ਼ਾ ਮਿਲਣੀ ਚਾਹੀਦੀ ਹੈ। ਸ਼ਹਿਰ ਦੇ ਬਹੁਤ ਸਾਰੇ ਸਰਗਰਮ ਲੋਕਾਂ ਨੇ ਪੋਸਟਾਂ ਪਾ ਪਾ ਕੇ ਇਸ ਬਾਰੇ ਗੱਲ ਕੀਤੀ।
ਉਕਤ ਨੌਜਵਾਨ ਗੁਰਸੇਵਕ ਸਿੰਘ ਰੰਧਾਵਾ ਦੀ ਹਥਿਆਰ ਸਮੇਤ ਗ੍ਰਿਫਤਾਰੀ ਦੀਆਂ ਵੀਡੀਓਜ਼ ਸੋਸ਼ਲ ਮੀਡੀਆ ‘ਤੇ ਵਾਇਰਲ ਹੋਣ ਦੇ ਨਾਲ ਹੀ ਦੁਨੀਆ ਭਰ ‘ਚੋਂ ਫਿਰ ਸ਼ੁਰੂ ਹੋਇਆ ਸਾਰੇ ਦੁਮਾਲੇ ਵਾਲਿਆਂ ਜਾਂ ਅਜ਼ਾਦੀ ਮੰਗਣ ਵਾਲੇ ਸਿੱਖਾਂ ਖਿਲਾਫ ਭੰਡੀ-ਪ੍ਰਚਾਰ। ਇਹ ਕੋਈ ਨਵੀਂ ਗੱਲ ਨਹੀਂ, ਬਹਾਨਾ ਲੱਭਦੇ ਲੋਕ ਅਜਿਹਾ ਕਰਦੇ ਹੀ ਹਨ ਪਰ ਕੈਲਗਰੀ ਸ਼ਹਿਰ ਇੱਕ ਵਾਰ ਫਿਰ ਚਰਚਾ ਦਾ ਕੇਂਦਰ ਬਣ ਗਿਆ।
ਨੌਜਵਾਨ ਦੀ ਗ੍ਰਿਫ਼ਤਾਰੀ ਬਾਰੇ ਖ਼ਬਰ ਕੈਲਗਰੀ ਸ਼ਹਿਰ ਦੇ ਪ੍ਰਮੁੱਖ ਰੇਡੀਓ ਰੈੱਡ ਐਫਐਮ ਤੋਂ ਹੋਸਟ ਰਿਸ਼ੀ ਨਾਗਰ ਹੁਰਾਂ ਵੀ ਦੇਣੀ ਹੀ ਸੀ, ਸੋ ਦਿੱਤੀ। ਪਰ ਉਨ੍ਹਾਂ ‘ਤੇ ਦੋਸ਼ ਲਾਇਆ ਗਿਆ ਹੈ ਕਿ ਖ਼ਬਰ ਦਿੰਦਿਆਂ ਰਿਸ਼ੀ ਨਾਗਰ ਨੇ ਸ਼ਹਿਰ ਵਿਚਲੇ ਨੌਜਵਾਨਾਂ ਦੀ ਇੱਕ ਧਿਰ ‘ਤੇ ਨਿਸ਼ਾਨਾ ਲਾਇਆ ਤੇ ਇਹ ਕਹਿਣ ਦੀ ਕੋਸ਼ਿਸ਼ ਕੀਤੀ ਗਈ ਕਿ ਇਹ ਫੜਿਆ ਨੌਜਵਾਨ ਉਨ੍ਹਾਂ ਨੌਜਵਾਨਾਂ ਦਾ ਸਾਥੀ ਹੈ, ਜਿਨ੍ਹਾਂ ਨੇ ਪਿਛਲੇ ਸਾਲ ਕੈਲਗਰੀ ਨਗਰ ਕੀਰਤਨ ਮੌਕੇ ਰੈੱਡ ਐਫਐਮ ਰੇਡੀਓ ਦੀ ਸਟੇਜ ‘ਤੇ ਗਾਉਣ-ਵਜਾਉਣ ਵਾਲੇ ਪ੍ਰੋਗਰਾਮ ਦਾ ਵਿਰੋਧ ਕੀਤਾ ਸੀ।
ਇਸ ਬਾਰੇ ਕਈ ਦਿਨਾਂ ਤੋਂ ਉਹ ਨੌਜਵਾਨ ਸਪੱਸ਼ਟੀਕਰਨ ਦੇ ਰਹੇ ਸਨ ਕਿ ਫਿਰੌਤੀ ਦੇ ਇਲਜ਼ਾਮ ‘ਚ ਫੜਿਆ ਗਿਆ ਨੌਜਵਾਨ ਗੁਰਸੇਵਕ ਸਿੰਘ ਰੰਧਾਵਾ ਸਾਡਾ ਸਾਥੀ ਨਹੀਂ, ਬਲਕਿ ਉਨ੍ਹਾਂ ਦੀ ਤਾਂ ਆਪਸ ਵਿੱਚ ਵੀ ਕਈ ਕਾਰਨਾਂ ਕਰਕੇ ਬਣਦੀ ਨਹੀਂ। ਇਹ ਧਿਰ ਰੇਡੀਓ ਹੋਸਟ ਦਾ ਇਸ ਕਾਰਨ ਵਿਰੋਧ ਕਰ ਰਹੀ ਸੀ ਕਿ ਉਨ੍ਹਾਂ ਦਾ ਨਾਮ ਉਸ ਫ਼ਿਰੌਤੀ ਵਾਲੇ ਵਿਅਕਤੀ ਨਾਲ ਜੋੜਨਾ ਗਲਤ ਹੈ। ਉਹ ਫੇਸਬੁੱਕ ‘ਤੇ ਪੋਸਟਾਂ ਕੇ ਰਿਸ਼ੀ ਨਾਗਰ ਹੁਰਾਂ ਤੋਂ ਜਵਾਬ ਮੰਗ ਰਹੇ ਸਨ ਕਿ ਸਬੂਤ ਦਿਓ ਕਿ ਅਸੀਂ ਫਿਰੌਤੀਆਂ ਮੰਗਣ ਦੇ ਦੋਸ਼ ‘ਚ ਫੜੇ ਗਏ ਨੌਜਵਾਨ ਦੇ ਸਾਥੀ ਹਾਂ।
ਇਸੇ ਕਸ਼ਮਕਸ਼ ਦੇ ਚੱਲਦਿਆਂ ਅੱਜ ਮੰਦਭਾਗੀ ਖ਼ਬਰ ਆਈ ਕਿ ਇੱਕ ਨੌਜਵਾਨ ਨੇ ਰਿਸ਼ੀ ਨਾਗਰ ਨੂੰ ਉਦੋਂ ਕੁੱਟ ਸੁੱਟਿਆ ਜਦੋਂ ਉਹ ਇੱਕ ਸਮਾਗਮ ਵਿੱਚੋਂ ਬਾਹਰ ਨਿਕਲ ਰਹੇ ਸਨ। ਜ਼ਾਹਰ ਹੈ ਕਿ ਇਸ ਘਟਨਾ ਤੋਂ ਪਹਿਲਾਂ ਆਪਸ ਵਿੱਚ ਕੋਈ ਜ਼ਬਾਨੀ ਤਲਖ਼ੀ ਵੀ ਹੋਈ ਹੋਵੇਗੀ।
ਸਬੰਧਤ ਵਿਅਕਤੀ ਜਾਂ ਧਿਰ ਨੂੰ ਹੋਸਟ ਰਿਸ਼ੀ ਨਾਗਰ ਨਾਲ ਨਾਰਾਜ਼ਗੀ ਰੱਖਣ ਦਾ ਹੱਕ ਹੈ, ਉਸਤੋਂ ਜਵਾਬਦੇਹੀ ਲੈਣ ਦਾ ਵੀ ਹੱਕ ਹੈ, ਉਸ ਲਈ ਉਸਦਾ ਸ਼ਾਂਤੀਪੂਰਨ ਵਿਰੋਧ ਕੀਤਾ ਜਾ ਸਕਦਾ ਸੀ। ਰੈੱਡ ਐਫਐਮ ਦੀ ਮੈਨੇਜਮੈਂਟ ਨੂੰ ਲਿਖਤੀ ਸ਼ਿਕਾਇਤ ਕੀਤੀ ਜਾ ਸਕਦੀ ਸੀ ਪਰ ਇਸ ਤਰਾਂ ਆਪਾ ਖੋਹ ਕੇ ਕੁੱਟਮਾਰ ਕਰ ਦੇਣੀ ਸਰਾਸਰ ਗਲਤ ਕਾਰਵਾਈ ਹੈ, ਜਿਸਦੀ ਨਿਖੇਧੀ ਹੀ ਕੀਤੀ ਜਾ ਸਕਦੀ ਹੈ। ਆਪਸੀ ਮਸਲੇ ਨਜਿੱਠਣ ਦਾ ਇਹ ਤਰੀਕਾ ਜਾਇਜ਼ ਨਹੀਂ।
ਮਾਮਲਾ ਪੁਲਿਸ ਕੋਲ ਜਾ ਚੁੱਕਾ, ਚਾਰਜ ਲੱਗ ਚੁੱਕੇ ਹੋਣਗੇ। ਸ਼ਹਿਰ ‘ਚ ਸਿਆਣੇ ਲੋਕ ਸਿਰ ਫੜ ਕੇ ਬੈਠੇ ਹਨ ਕਿ ਗੱਲ ਅੱਗੇ ਤੋਂ ਅੱਗੇ ਵਿਗੜਦੀ ਜਾ ਰਹੀ ਹੈ।
ਸ਼ਹਿਰ ਦੇ ਪਤਵੰਤੇ ਤੇ ਜ਼ਿੰਮੇਵਾਰ ਲੋਕ ਕੱਲ੍ਹ ਹੀ ਇਸ ਸਮੁੱਚੇ ਵਰਤਾਰੇ ‘ਤੇ ਇੱਕ ਸਮਾਗਮ ਰਚਾ ਕੇ ਬਹੁਤ ਵਧੀਆ ਭੂਮਿਕਾ ਨਿਭਾਅ ਕੇ ਹਟੇ ਹਨ, ਗਲਤ ਨੂੰ ਗਲਤ ਕਹਿ ਕੇ ਉਹ ਸ਼ਹਿਰ ‘ਚ ਵਧ ਰਹੇ ਗਲਤ ਰੁਝਾਨ ਬਾਰੇ ਬੜਾ ਠੋਕਵਾਂ ਸਟੈਂਡ ਲੈ ਰਹੇ ਹਨ। ਉਨ੍ਹਾਂ ਨੂੰ ਚਾਹੀਦਾ ਕਿ ਉਹ ਅੱਗੇ ਆਣ ਕੇ ਇਸ ਤਾਜ਼ਾ ਮਾਮਲੇ ‘ਚ ਉਸਾਰੂ ਭੂਮਿਕਾ ਨਿਭਾਉਣ। ਹਾਲਾਂਕਿ ਇਹ ਉਨ੍ਹਾਂ ਦੀ ਕੋਈ ਜ਼ਿੰਮੇਵਾਰੀ ਨਹੀਂ, ਉਨ੍ਹਾਂ ‘ਤੇ ਤਾਂ ਵਾਧੂ ਭਾਰ ਪਾ ਰਹੇ ਹਾਂ।
ਕੈਲਗਰੀ ਸ਼ਹਿਰ ‘ਚ ਆਪਸੀ ਸਾਂਝ ਦੀਆਂ ਮਿਸਾਲਾਂ ਦੇਈਦੀਆਂ ਹਨ ਕਿ ਇੰਨੇ ਲੋਕ ਹੋਣ ਦੇ ਬਾਵਜੂਦ ਇੱਕ ਗੁਰਦੁਆਰਾ ਸਾਹਿਬ ਹੈ। ਇਸ ਸਾਂਝ ਨੂੰ ਬਚਾਇਆ ਜਾਵੇ।
-ਗੁਰਪ੍ਰੀਤ ਸਿੰਘ ਸਹੋਤਾ | ਸਰੀ | ਚੜ੍ਹਦੀ ਕਲਾ
ਮਾਮਲਾ ਕੈਲਗਰੀ ਵਿੱਚ ਫਿਰੌਤੀਆਂ ਦੇ ਮਾਮਲੇ ਵਿੱਚ ਫੜੇ ਗਏ ਨੌਜਵਾਨ ਦਾ
ਕੈਲਗਰੀ ਵਿੱਚ ਬੀਤੇ ਦਿਨੀਂ ਫਿਰੌਤੀਆਂ ਦੇ ਮਾਮਲੇ ਵਿੱਚ ਫੜੇ ਗਏ ਇੱਕ ਨੌਜਵਾਨ ਅਤੇ ਬਣੇ ਹਾਲਾਤ ਨਾਲ ਨਜਿੱਠਣ ਵਾਸਤੇ ਭਾਈਚਾਰੇ ਨੇ ਇੱਕ ਇਕੱਠ ਰੱਖਿਆ। ਪੁਲਿਸ ਨੇ ਉਸ ਨੌਜਵਾਨ ‘ਤੇ ਹਥਿਆਰ ਨਾਲ ਸਬੰਧਤ ਚਾਰਜ ਤਾਂ ਲਾ ਦਿੱਤੇ ਹਨ ਪਰ ਹਾਲੇ ਫਿਰੌਤੀਆਂ ਵਾਲੇ ਮਾਮਲੇ ‘ਚ ਜਾਂਚ ਜਾਰੀ ਹੈ। ਪੁਲਿਸ ਪੱਕੇ ਪੈਰੀਂ ਹੱਥ ਪਾਉਣਾ ਚਾਹੁੰਦੀ ਹੁੰਦੀ। ਨੌਜਵਾਨ ਦੀ ਹਰਕਤ ਵਾਕਿਆ ਹੀ ਬਹੁਤ ਸ਼ਰਮਨਾਕ ਸੀ।
ਇਹ ਨੌਜਵਾਨ ਦੁਮਾਲਾ ਸਜਾਉਂਦਾ ਸੀ, ਲੋਕਲ ਲੋਕਾਂ ‘ਚ ਉਸਦਾ ਅਕਸ ਪਹਿਲਾਂ ਹੀ ਕੋਈ ਵਧੀਆ ਨਹੀਂ ਸੀ, ਪਰ ਹੁਣ ਦੁਮਾਲੇ ਕਰਕੇ, ਉਸਦੀ ਆੜ ਵਿੱਚ ਸਾਰੇ ਬਾਣੇ ਵਾਲਿਆਂ, ਆਜ਼ਾਦੀ ਮੰਗਦੇ ਸਿੱਖਾਂ, ਇੱਥੋਂ ਤੱਕ ਕਿ ਗੁਰਦੁਆਰਾ ਸਾਹਿਬ ਨੂੰ ਵੀ ਕਈ ਉਨ੍ਹਾਂ ਧਿਰਾਂ ਵੱਲੋਂ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕੀਤੀ ਗਈ, ਜੋ ਗਾਹੇ ਬਗਾਹੇ ਬਹਾਨਾ ਹੀ ਲੱਭ ਰਹੇ ਹੁੰਦੇ।
ਇਸ ਇਕੱਠ ‘ਚ ਕਈ ਬੁਲਾਰੇ ਬੋਲੇ ਪਰ ਮੇਰੇ ਤੱਕ ਪੁੱਜੀਆਂ ਤਕਰੀਰਾਂ ‘ਚੋਂ ਸ. ਰਣਬੀਰ ਸਿੰਘ ਅਤੇ ਡੈਨ ਸਿੱਧੂ ਜੀ ਦੀਆਂ ਤਕਰੀਰਾਂ ਕਾਫੀ ਪ੍ਰਭਾਵਸ਼ਾਲੀ ਲੱਗੀਆਂ, ਸਮਾਂ ਕੱਢ ਕੇ ਸੁਣ ਲੈਣਾ।
-ਗੁਰਪ੍ਰੀਤ ਸਿੰਘ ਸਹੋਤਾ | ਸਰੀ | ਚੜ੍ਹਦੀ ਕਲਾ
You must be logged in to post a comment.