ਭਾਈ ਅੰਮ੍ਰਿਤਪਾਲ ਸਿੰਘ ਵਲੋਂ ਪੰਥ ਦੀ ਸਿਆਸੀ ਪਾਰਟੀ ਸੁਰਜੀਤ ਕਰਨ ਲਈ ਮਾਘੀ ਮੇਲੇ ਮੌਕੇ ਸ੍ਰੀ ਮੁਕਤਸਰ ਸਾਹਿਬ ਵਿਖੇ ਪੰਥਕ ਕਾਨਫਰੰਸ ’ਚ ਪਹੁੰਚਣ ਦੀ ਅਪੀਲ
ਸਤਿਕਾਰਯੋਗ ਸਾਧ ਸੰਗਤ ਜੀ ਇਤਿਹਾਸ ਤੇ ਨਜ਼ਰ ਮਾਰੀਏ ਤਾਂ ਅਕਾਲੀ ਦਲ ਨੂੰ ਭਾਰਤੀ ਸੱਭਿਅਤਾ, ਭਾਰਤੀ ਰਾਜਨੀਤੀ ਅਤੇ ਭਾਰਤੀ ਸੰਵਿਧਾਨ ਦੇ ਦਾਇਰਿਆਂ ਅੰਦਰ ਰੱਖ ਕੇ ਨਹੀਂ ਸਿਰਜਿਆ ਗਿਆ ਸੀ । ਅਕਾਲੀ ਦਲ ਨੂੰ ਸਿਰਜਣ ਦੀ ਵਿਉਂਤਬੰਦੀ ਸਿੱਖ ਸਿਧਾਂਤ ਅਤੇ ਖ਼ਾਲਸਾ ਪੰਥ ਦੀਆਂ ਭਾਵਨਾਵਾਂ ਦੇ ਚੁਗਿਰਦੇ ਅੰਦਰ ਕੀਤੀ ਗਈ ਸੀ । ਅਕਾਲੀ ਦਲ ਦੀ ਸਿਰਜਣਾ ਦਾ ਮੁੱਖ ਮਕਸਦ ਸਿੱਖਾਂ ਦੀ ਅੱਡਰੀ ਅਤੇ ਨਿਆਰੀ ਹਸਤੀ ਨੂੰ ਉਪਜ ਰਹੇ ਖ਼ਤਰਿਆਂ ਦੇ ਖਿਲਾਫ ਸੀਨਾ ਡਾਹ ਕੇ ਲੜਨ ਵਾਲੇ ਅਕਾਲੀ ਜੱਥਿਆਂ ਦੇ ਰੂਪ ਵਿਚ ਕੀਤੀ ਗਈ ਸੀ ।
ਸਿੱਖ ਪੰਥ ਮੌਜੂਦਾ ਸਮੇਂ ਬਹੁਤ ਗੰਭੀਰ ਰਾਜਸੀ ਅਤੇ ਧਾਰਮਿਕ ਚੁਣੌਤੀਆਂ ਵਿੱਚੋਂ ਗੁਜ਼ਰ ਰਿਹਾ ਹੈ ।ਪੰਥਕ ਸਿਆਸਤ ਜੋ ਦਹਾਕਿਆਂ ਤੋਂ ਦੇਸ਼ ਪੰਜਾਬ ਵਿੱਚ ਮਾਣਮੱਤਾ ਅਤੇ ਵਿਲੱਖਣ ਰੋਲ ਨਿਭਾਉਂਦੀ ਆ ਰਹੀ ਸੀ,ਅੱਜ ਹਾਸ਼ੀਏ ਉਪਰ ਪੁੱਜ ਚੁੱਕੀ ਹੈ। ਯੋਗ ਲੀਡਰਸ਼ਿਪ ਦੇ ਖਲਾਅ ਵਾਲੇ ਇਸ ਸੰਕਟਮਈ ਸਮੇਂ ਨੇ ਸਿੱਖ ਮਨਾਂ ਅੰਦਰ ਇੱਕ ਗਹਿਰੀ ਨਿਰਾਸ਼ਤਾ ਨੂੰ ਪੈਦਾ ਕੀਤਾ ਹੋਇਆ ਹੈ। ਇਸ ਨਿਰਾਸ਼ਤਾ ਸਦਕਾ ਸਮੁੱਚੀ ਕੌਮ ਆਪਸੀ ਬੇਭਰੋਸਗੀ ਦਾ ਸ਼ਿਕਾਰ ਹੁੰਦੀ ਜਾ ਰਹੀ ਹੈ। ਅਜੋਕੀ ਸਥਿਤੀ ਵਿੱਚ ਸਿੱਖ ਕੌਮ ਨੂੰ ਸ਼ਾਜ਼ਿਸੀ ਚਾਲਾਂ ਤਹਿਤ ਖਾਨਾਜੰਗੀ ਅਤੇ ਭਰਾਮਾਰੂ ਮਾਹੌਲ ਵੱਲ ਧੱਕਿਆ ਜਾ ਰਿਹਾ ਹੈ।
‘‘ਇਸ ਲਈ ਮਾਘੀ ਦੇ ਦਿਹਾੜੇ ਮੌਕੇ ਤੇ ਮਿਤੀ 14 ਜਨਵਰੀ 2025 ਨੂੰ ਸ੍ਰੀ ਮੁਕਤਸਰ ਸਾਹਿਬ ਦੀ ਪਵਿੱਤਰ ਧਰਤੀ ਤੋਂ ਪੰਥਕ ਰਾਜਨੀਤਿਕ ਪਾਰਟੀ ਦੇ ਆਗਾਜ ਲਈ ਵੱਡੀ ਪੰਥਕ ਕਾਨਫਰੰਸ ਰੱਖਣ ਦਾ ਫੈਸਲਾ ਕੀਤਾ ਗਿਆ ਹੈ। ਇਸ ਸਬੰਧੀ ਉੱਘੇ ਸਿੱਖ ਚਿੰਤਕ ਸ:ਅਜਮੇਰ ਸਿੰਘ ਹੁਰਾਂ ਵਲੋਂ ਆਪਣੇ ਚੈਨਲ ਸਿੱਖ ਵਿਊ ਪੁਆਇੰਟ, ਜਿਸ ਦਾ ਲਿੰਕ ਇਹ ਹੈ
ਇਸ ਵਿਚ ਸ: ਅਜਮੇਰ ਸਿੰਘ ਵਲੋਂ ਕਿਹਾ ਗਿਆ ਕਿ ‘‘ਭਾਈ ਅੰਮਿ੍ਰਤਪਾਲ ਸਿੰਘ ਵਲੋਂ ਪੰਥਕ ਰੈਲੀ ਕਰਨ ਦੇ ਐਲਾਨ ਤੋਂ ਤੁਰੰਤ ਬਾਅਦ ਬਾਦਲ ਦਲ ਵੱਲੋਂ ਰੈਲੀ ਦਾ ਐਲਾਨ ਕਰਦਿਆਂ ਸੁਖਬੀਰ ਸਿੰਘ ਬਾਦਲ ਵੱਲੋਂ ਸੰਗਤ ਨੂੰ ਇਹ ਕਹਿਣਾ ਕਿ ਮੱਥਾ ਟੇਕਣ ਤੇ ਦਰਸ਼ਨ ਕਰਨ ਬਾਅਦ ਵਿੱਚ ਜਾਇਓ ਪਹਿਲਾਂ ਕਾਨਫਰੰਸ ਵਿਚ ਆਇਓ, ਭਾਵ ਕਿ ਬਾਦਲ ਦਲ ਲਈ ਸਿਆਸਤ ਸਿਰਮੌਰ ਹੈ, ਧਰਮ ਦੀ ਕੋਈ ਅਹਿਮੀਅਤ ਨਹੀਂ ਹੈ। ਸ: ਅਜਮੇਰ ਸਿੰਘ ਨੇ ਕਿਹਾ ਕਿ ਭਾਈ ਅੰਮਿ੍ਰਤਪਾਲ ਸਿੰਘ ਵਾਲਾ ਇੱਕਠ ਸਟੇਟ ਨੂੰ ਚੁਣੌਤੀ ਦੇਣ ਵਾਲਾ ਹੋਵੇਗਾ ਅਤੇ ਦੂਜਾ ਬਾਦਲ ਦਲ ਦਾ ਇੱਕਠ ਅਕਾਲ ਤਖਤ ਸਾਹਿਬ ਨੂੰ ਚੁਣੌਤੀ ਦੇਣ ਵਾਲਾ ਹੋਵੇਗਾ।’’
ਮਾਘੀ ਮੌਕੇ ਪੰਥਕ ਪਾਰਟੀ ਸੁਰਜੀਤ ਕਰਨ ਸਮੇਂ ਇਹ ਗੱਲ ਜਰੂਰੀ ਚਾਹੀਦੀ ਹੈ ਕਿ ਪਾਰਟੀ ਦੀ ਸੁਰਜੀਤੀ ਧਰਮ ਦੀ ਬੁਨਿਆਦ ਤੇ ਸ਼ੁਰੂ ਹੋਵੇ, ਕਿਉਂਕਿ ਧਰਮ ਖਰੇ ਕਰਦਾ ਹੈ ਤੇ ਇਕੱਲੀ ਰਾਜਨੀਤੀ ਖੋਟਿਆਂ ਕਰਦੀ ਹੈ । ਸੰਗਤ ਜੀ ਗਿ੍ਰਫਤਾਰੀ ਸਮੇਂ ਭਾਈ ਅੰਮ੍ਰਿਤਪਾਲ ਸਿੰਘ ਨੇ ਬੇਨਤੀ ਕੀਤੀ ਸੀ ਕਿ ਮੇਰੇ ਜੇਲ੍ਹ ਜਾਣ ਪਿਛੋਂ ਖਾਲਸਾ ਵਹੀਰ ਰਾਹੀਂ ਅਰੰਭੀ ਅੰਮ੍ਰਿਤ ਸੰਚਾਰ ਦੀ ਲਹਿਰ ਹੋਰ ਪ੍ਰਚੰਡ ਕੀਤੀ ਜਾਵੇ, ਕਿਉਂਕਿ ਇਸ ਵਿੱਚ ਹੀ ਜ਼ਾਲਮ ਹਕੂਮਤ ਦੀ ਹਾਰ ਹੈ। ਪਿਛਲੇ ਦਹਾਕਿਆਂ ਵਿੱਚ ਜਿੰਨੇ ਵੀ ਪੰਥਕ ਨਾਂਅ ਹੇਠ ਧੜੇ ਉਭਰੇ, ਉਨ੍ਹਾਂ ਧਰਮ ਪ੍ਰਚਾਰ ਦੀ ਲਹਿਰ ਦੀ ਬਜਾਏ ਸਿਆਸੀ ਤੌਰ ’ਤੇ ਉਭਰਨ ਦੀ ਕੋਸ਼ਿਸ਼ ਕੀਤੀ ਤਾਂ ਹੀ ਅੱਜ ਤੱਕ ਹਕੂਮਤ ਨੂੰ ਉਨ੍ਹਾਂ ਧੜਿਆਂ ਅਤੇ ਵਿਅਕਤੀਆਂ ਤੋਂ ਡਰ ਭੈਅ ਨਹੀਂ ਲੱਗਿਆ ਤੇ ਨਾ ਹੀ ਉਹ ਸਿਆਸੀ ਤੌਰ ’ਤੇ ਕਾਮਯਾਬ ਹੋ ਸਕੇ । ਸੋ ਬੇਨਤੀ ਹੈ ਕਿ ਮਾਘੀ ਦੇ ਦਿਹਾੜੇ ਮੌਕੇ ਇਸ ਕਾਨਫਰੰਸ ਵਿਚ ਦਿੱਤੇ ਜਾਣ ਵਾਲੇ ਪ੍ਰੋਗਰਾਮ ਵਿੱਚ ਜ਼ਮੀਨੀ ਪੱਧਰ ’ਤੇ ਧਰਮ ਦੇ ਪ੍ਰਚਾਰ ਨਾਲ ਪੰਥ ਦੀ ਪਾਰਟੀ ਦੀ ਸੁਰਜੀਤੀ ਦਾ ਆਗਾਜ਼ ਕੀਤਾ ਜਾ ਸਕੇ, ਇਸ ਨਾਲ ਹਕੂਮਤ ਵਲੋਂ ਭਾਈ ਅੰਮ੍ਰਿਤਪਾਲ ਸਿੰਘ ਦੇ ਬਾਹਰ ਆਉਣ ’ਤੇ ਜੋ ਖਾਲਸਾ ਵਹੀਰ ਦੀ ਭਵਿੱਖ ਵਿੱਚ ਕਾਮਯਾਬੀ ਦੇ ਡਰ ਤੋਂ ਉਨ੍ਹਾਂ ਨੂੰ ਲੰਮਾਂ ਸਮਾਂ ਬੰਦੀ ਬਣਾ ਕੇ ਰੱਖਣ ਦੀਆਂ ਵਿਉਂਤਾ ਗੁੰਦੀਆਂ ਜਾ ਰਹੀਆਂ ਹਨ। ਜੇਕਰ ਉਨ੍ਹਾਂ ਦੀ ਗੈਰ ਹਾਜ਼ਰੀ ਵਿੱਚ ਧਰਮ ਦਾ ਪ੍ਰਚਾਰ ਸੰਗਤ ਪੂਰੇ ਜ਼ੋਰ ਨਾਲ ਸ਼ੁਰੂ ਕਰ ਦੇਵੇ ਤਾਂ ਉਨ੍ਹਾਂ ਦੀ ਬੰਦ ਖਲਾਸੀ ਵਿੱਚ ਵੀ ਇਹ ਅਵੱਸ਼ ਸਹਾਈ ਹੋਵੇਗਾ।
ਸੋ ਪੰਥਕ ਪਾਰਟੀ ਦੀ ਸੁਰਜੀਤੀ ਲਈ ਪਿੰਡ ਪੱਧਰ ਤੋਂ ਲੈ ਕੇ ਫਿਰ ਬਲਾਕ ਪੱਧਰ, ਤਹਿਸੀਲ ਪੱਧਰ, ਜ਼ਿਲ੍ਹਾ ਪੱਧਰ ਤੇ ਧਾਰਮਿਕ ਇਕੱਠ ਰੱਖੇ ਜਾਣ ਅਤੇ ਇਨ੍ਹਾਂ ਇਕੱਠਾ ਵਿੱਚ ਪਾਰਟੀ ਵਿੱਚ ਕੰਮ ਕਰਨ ਲਈ ਧਾਰਮਿਕ ਬਿਰਤੀ ਦੇ ਲੋਕ ਸ਼ਾਮਿਲ ਕੀਤੇ ਜਾਣਗੇ। ਸਾਡੀ ਪ੍ਰਾਇਮਰੀ ਵਫਾਦਾਰੀ ਧਰਮ ਨਾਲ ਹੋਵੇਗੀ, ਸਾਡੀ ਸੋਚ ਹੈ ਕਿ ਜੇਕਰ ਧਰਮ ਹੀ ਨਾ ਬਚਿਆ ਅਤੇ ਧਾਰਮਿਕ ਬਿਰਤੀ ਵਾਲੇ ਲੋਕਾਂ ਦੇ ਹੱਥ ਵਿੱਚ ਪੰਜਾਬ ਦੀ ਸਿਆਸਤ ਨਹੀਂ ਆਉਂਦੀ ਤਾਂ ਇਹ ਨਵੀਂ ਆਗਾਜ ਕੀਤੀ ਗਈ ਪਾਰਟੀ ਦਾ ਕੋਈ ਮੱਤਲਬ ਨਹੀਂ ਰਹਿ ਜਾਵੇਗਾ। ਧਾਰਮਿਕ ਪਰਪੱਕਤਾ ਤੋਂ ਬਿਨਾ ਜੇਕਰ ਕੱਚੇ ਪਿੱਲੇ ਪਾਰਟੀ ਵਿੱਚ ਸ਼ਾਮਿਲ ਕਰ ਲਏ ਤਾਂ ਇਹ ਅੱਜ ਦੀ ਲੋੜ ਦਾ ਹੱਲ ਨਹੀਂ ਹੋਵੇਗਾ। ਸੰਗਤ ਜੀ ਵੇਖੋ ! ਕੱਚੇ ਪਿੱਲੇ ਬੰਦਿਆਂ ਦਾ ਪਾਰਟੀ ਵਿੱਚ ਸ਼ਾਮਿਲ ਹੋ ਜਾਣਾ ਸੁਭਾਵਿਕ ਹੁੰਦਾ ਹੈ। ਸੋ ਸੰਗਤ ਨੂੰ ਬੇਨਤੀ ਹੈ ਕਿ ਇਸ ਸਬੰਧੀ ਸੁਚੇਤ ਰਹੇ, ਕਿਉਂਕਿ ਧਰਮ ਨਾਲੋ ਟੁੱਟ ਕੇ ਕੀਤਾ ਰਾਜ ਭਾਗ ਪਾਪਾਂ ਦਾ ਪੱਲੜਾ ਭਰਦਾ ਹੈ, ਧਰਮ ਨਾਲੋਂ ਟੁੱਟ ਕੇ ਕੀਤੀ ਰਾਜਨੀਤੀ ਹਮੇਸ਼ਾ ਹੀ ਖੋਟਿਆ ਕਰਦੀ ਹੈ। ਸੋ ਧਰਮੀ ਸਿਆਸਤ ਦਾ ਅਗਾਜ ਕਰਨ ਲਈ ਸ੍ਰੀ ਮੁਕਤਸਰ ਸਾਹਿਬ ਵਿਖੇ 14 ਜਨਵਰੀ ਦਿਨ ਮੰਗਲਵਾਰ ਨੂੰ ਸਵੇਰੇ 10 ਵਜੇ ਗਰੀਨ ਸੀ ਰਿਜ਼ੋਰਟਸ (ਪੈਲੇਸ) ਬਠਿੰਡਾ ਰੋਡ ਨੇੜੇ ਭਾਈ ਦਾਨ ਸਿੰਘ ਯਾਦਗਾਰੀ ਗੇਟ ਵਿਖੇ ਹੋ ਰਹੀ ਪੰਥਕ ਰੈਲੀ ਵਿੱਚ ਪੁਹੰਚਣ ਦੀ ਬੇਨਤੀ ਹੈ ਜੀ।
ਗੁਰੂ ਪੰਥ ਦੇ ਦਾਸ
ਭਾਈ ਤਰਸੇਮ ਸਿੰਘ (ਪਿਤਾ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਵਹੀਰ ਨਜ਼ਰਬੰਦ ਡਿਬਰੂਗੜ੍ਹ ਜੇਲ੍ਹ)
ਭਾਈ ਸਰਬਜੀਤ ਸਿੰਘ ਖਾਲਸਾ ਮੈਂਬਰ ਪਾਰਲੀਮੈਂਟ ਫਰੀਦਕੋਟ (ਸੁਪੱਤਰ ਸ਼ਹੀਦ ਭਾਈ ਬੇਅੰਤ ਸਿੰਘ ਇੰਦਰਾ ਸੋਧ ਕਾਂਡ)
ਭਾਈ ਸੁਖਵਿੰਦਰ ਸਿੰਘ ਅਗਵਾਨ (ਭਤੀਜਾ ਸ਼ਹੀਦ ਭਾਈ ਸਤਵੰਤ ਸਿੰਘ ਇੰਦਰਾ ਸੋਧ ਕਾਂਡ) ਅਤੇ ਸਮੂਹ ਨਜ਼ਰਬੰਦ ਡਿਬਰੂਗੜ੍ਹ ਅਤੇ ਅੰਮ੍ਰਿਤਸਰ ਜੇਲ੍ਹ।
ਨੋਟ:- ਭਾਰੀ ਮੀਂਹ / ਬਰਸਾਤ ਕਾਰਨ ਪੰਥਕ ਕਾਨਫਰੰਸ ਵਾਲੀ ਜਗ੍ਹਾ ਬਠਿੰਡਾ ਰੋਡ ’ਤੇ ਸ੍ਰੀ ਮੁਕਤਸਰ ਸਾਹਿਬ ਵਿਖੇ ਸਾਢੇ ਚਾਰ ਏਕੜ ਵਿੱਚ ਬਣੇ ਗਰੀਨ ਸੀ ਰਿਜ਼ਾਰਟਸ ਦੇ ਖੁੱਲ੍ਹੇ ਮੈਦਾਨ ਵਿਚ ਹੋਵੇਗੀ।
https://maps.app.goo.gl/zZXbPeSNsmihbYWQ6
You must be logged in to post a comment.