Breaking News

India US Trade Deal: ਅਮਰੀਕਾ ਨਾਲ ਵਪਾਰ ਸਮਝੌਤਾ ਜਲਦੀ ਸਿਰੇ ਚੜ੍ਹਾਉਣ ਲਈ ਵਚਨਬੱਧ ਹੈ ਭਾਰਤ

India US Trade Deal: ਭਾਰਤ ਨੇ ਅਮਰੀਕਾ ਨਾਲ ਦੁਵੱਲੇ ਵਪਾਰ ਸਮਝੌਤੇ ਨੂੰ ਜਲਦੀ ਸਿਰੇ ਚੜ੍ਹਾਉਣ ਲਈ ਮਿਲ ਕੇ ਕੰਮ ਕਰਨ ਦੀ ਆਪਣੀ ਵਚਨਬੱਧਤਾ ਦੁਹਰਾਈ ਹੈ। ਇਸ ਦੇ ਨਾਲ ਹੀ ਭਾਰਤ ਨੇ ਅਮਰੀਕਾ ਦੇ ਇਸ ਦੋਸ਼ ਨੂੰ ਨਕਾਰ ਦਿੱਤਾ ਹੈ ਕਿ ਉਸ ਕੋਲ ਨਿਰਮਾਣ ਖੇਤਰ ਵਿੱਚ ਲੋੜ ਤੋਂ ਵੱਧ ਉਤਪਾਦਨ ਸਮਰੱਥਾ ਹੈ।

ਇਹ ਬਿਆਨ ਅਮਰੀਕਾ ਵੱਲੋਂ ਬੁੱਧਵਾਰ ਨੂੰ ਭਾਰਤ ਤੋਂ ਦਰਾਮਦ ਹੋਣ ਵਾਲੀਆਂ ਵਸਤਾਂ ’ਤੇ 25 ਫ਼ੀਸਦੀ ਟੈਰਿਫ ਲਾਉਣ ਦੀ ਤਜਵੀਜ਼ ਪੇਸ਼ ਕਰਨ ਤੋਂ ਬਾਅਦ ਆਇਆ ਹੈ। ਤਜਵੀਜ਼ ਮੁਤਾਬਕ ਦੋਵੇਂ ਦੇਸ਼ਾਂ ਵਿਚਾਲੇ ਦੁਵੱਲਾ ਵਪਾਰ ਸਮਝੌਤਾ ਹੋਣ ਦੀ ਸੂਰਤ ਵਿੱਚ ਇਹ ਦਰ ਘਟਾ ਕੇ 17 ਫ਼ੀਸਦੀ ਕੀਤੀ ਜਾ ਸਕਦੀ ਹੈ। ਇਸ ਨਾਲ ਭਾਰਤ ਨੂੰ ਏਸ਼ੀਆ ਦੇ ਮੁਕਾਬਲੇਬਾਜ਼ ਦੇਸ਼ਾਂ ਦੇ ਮੁਕਾਬਲੇ ਕੁਝ ਫ਼ਾਇਦਾ ਮਿਲੇਗਾ।

ਅਮਰੀਕਾ ਦੇ ਵਪਾਰ ਪ੍ਰਤੀਨਿਧੀ (ਯੂਐੱਸਟੀਆਰ) ਨੇ ਚੀਨ, ਯੂਰਪੀ ਸੰਘ, ਸਿੰਗਾਪੁਰ, ਸਵਿਟਜ਼ਰਲੈਂਡ, ਇੰਡੋਨੇਸ਼ੀਆ, ਮਲੇਸ਼ੀਆ, ਕੰਬੋਡੀਆ, ਥਾਈਲੈਂਡ, ਦੱਖਣੀ ਕੋਰੀਆ, ਵੀਅਤਨਾਮ, ਤਾਇਵਾਨ, ਬੰਗਲਾਦੇਸ਼, ਜਾਪਾਨ, ਨਾਰਵੇ, ਮੈਕਸਿਕੋ ਅਤੇ ਭਾਰਤ ਸਮੇਤ 16 ਅਰਥਚਾਰਿਆਂ ਦੇ ਨਿਰਮਾਣ ਖੇਤਰਾਂ ਵਿੱਚ ਵਾਧੂ ਉਤਪਾਦਨ ਸਮਰੱਥਾ ਅਤੇ ਉਤਪਾਦਨ ਸਬੰਧੀ ਜਾਂਚ ਕੀਤੀ ਸੀ।

ਭਾਰਤ ਨੇ ਕਿਹਾ- ਕਿਸੇ ਖੇਤਰ ਵਿੱਚ ਵਾਧੂ ਸਮਰੱਥਾ ਨਹੀਂ
ਵਣਜ ਮੰਤਰਾਲੇ ਨੇ ਕਿਹਾ ਕਿ ਭਾਰਤ ਨੇ ਯੂਐੱਸਟੀਆਰ ਵੱਲੋਂ ਧਾਰਾ 301 ਤਹਿਤ ਕੀਤੀ ਜਾਂਚ ਸਬੰਧੀ ਜਾਰੀ ਨੋਟਿਸ ਅਤੇ ਟਿੱਪਣੀਆਂ ਮੰਗਣ ਦੀ ਪ੍ਰਕਿਰਿਆ ਦਾ ਨੋਟਿਸ ਲਿਆ ਹੈ। ਇਸ ਨੋਟਿਸ ਦੀ ਜਾਂਚ ਕੀਤੀ ਜਾ ਰਹੀ ਹੈ।

ਮੰਤਰਾਲੇ ਨੇ ਕਿਹਾ ਕਿ ਭਾਰਤ ਨੇ ਜਾਂਚ ਦੌਰਾਨ ਉਸਾਰੂ ਢੰਗ ਨਾਲ ਆਪਣਾ ਪੱਖ ਰੱਖਿਆ ਹੈ। ਵਣਜ ਵਿਭਾਗ ਨੇ ਸਪੱਸ਼ਟ ਕੀਤਾ ਸੀ ਕਿ ਭਾਰਤ ਦੇ ਕਿਸੇ ਵੀ ਖੇਤਰ ਵਿੱਚ ਢਾਂਚਾਗਤ ਤੌਰ ’ਤੇ ਵਾਧੂ ਉਤਪਾਦਨ ਸਮਰੱਥਾ ਨਹੀਂ ਹੈ।

ਬਿਆਨ ਅਨੁਸਾਰ ਭਾਰਤ ਅਤੇ ਅਮਰੀਕਾ ਵਿਚਾਲੇ ਦੁਵੱਲੇ ਵਪਾਰ ਸਮਝੌਤੇ ਲਈ ਗੱਲਬਾਤ ਜਾਰੀ ਹੈ ਅਤੇ ਭਾਰਤ ਦਾ ਮੰਨਣਾ ਹੈ ਕਿ ਵਪਾਰ ਨਾਲ ਜੁੜੇ ਸਾਰੇ ਮਸਲਿਆਂ ਦਾ ਹੱਲ ਇਸੇ ਗੱਲਬਾਤ ਦੇ ਦਾਇਰੇ ਵਿੱਚ ਕੱਢਿਆ ਜਾਣਾ ਚਾਹੀਦਾ ਹੈ। ਸਰਕਾਰ ਨੇ 2 ਫਰਵਰੀ 2026 ਨੂੰ ਕੀਤੇ ਐਲਾਨ ਅਤੇ 7 ਫਰਵਰੀ 2026 ਦੇ ਸਾਂਝੇ ਬਿਆਨ ਅਨੁਸਾਰ ਸਮਝੌਤੇ ਨੂੰ ਜਲਦੀ ਸਿਰੇ ਚੜ੍ਹਾਉਣ ਦੀ ਵਚਨਬੱਧਤਾ ਦੁਹਰਾਈ।

ਸਮਝੌਤਾ ਨਾ ਹੋਣ ’ਤੇ 25 ਫ਼ੀਸਦੀ ਟੈਰਿਫ ਦਾ ਖ਼ਤਰਾ
ਥਿੰਕ ਟੈਂਕ ਜੀਟੀਆਰਆਈ ਨੇ ਕਿਹਾ ਕਿ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਧਾਰਾ 301 ਤਹਿਤ ਪ੍ਰਸਤਾਵਿਤ ਨਵੇਂ ਟੈਰਿਫ ਅਸਲ ਵਿੱਚ ਪੁਰਾਣੀ ਜਵਾਬੀ ਟੈਰਿਫ ਪ੍ਰਣਾਲੀ ਨੂੰ ਨਵੇਂ ਨਾਂ ਹੇਠ ਲਾਗੂ ਕਰਨ ਦੀ ਕੋਸ਼ਿਸ਼ ਹਨ। ਇਸ ਦਾ ਮਕਸਦ ਵਪਾਰਕ ਭਾਈਵਾਲਾਂ ਨੂੰ ਮਹਿੰਗੇ ਅਤੇ ਇਕਪਾਸੜ ਸਮਝੌਤਿਆਂ ਲਈ ਮਜਬੂਰ ਕਰਨਾ ਹੈ।

ਜੀਟੀਆਰਆਈ ਅਨੁਸਾਰ ਸਮਝੌਤਾ ਹੋਣ ’ਤੇ ਭਾਰਤੀ ਵਸਤਾਂ ’ਤੇ 17 ਫ਼ੀਸਦੀ ਟੈਰਿਫ ਲੱਗੇਗਾ, ਜੋ ਬੰਗਲਾਦੇਸ਼, ਕੰਬੋਡੀਆ, ਇੰਡੋਨੇਸ਼ੀਆ, ਮਲੇਸ਼ੀਆ ਅਤੇ ਥਾਈਲੈਂਡ ਨਾਲੋਂ ਇੱਕ ਫ਼ੀਸਦੀ ਘੱਟ ਹੋਵੇਗਾ। ਚੀਨ ਅਤੇ ਵੀਅਤਨਾਮ ਦੇ ਮੁਕਾਬਲੇ ਇਹ ਦਰ ਤਿੰਨ ਫ਼ੀਸਦੀ ਘੱਟ ਰਹੇਗੀ। ਸਮਝੌਤਾ ਨਾ ਹੋਣ ’ਤੇ ਦਰ 25 ਫ਼ੀਸਦੀ ਤੱਕ ਜਾ ਸਕਦੀ ਹੈ।