ਖਰੜ ਵਿਖੇ ਸਰਕਾਰੀ ਸਕੂਲ ਦੇ ਹੈੱਡਮਾਸਟਰ ਗੁਰਸੇਵਕ ਸਿੰਘ ਦੇ ਕਤਲ ਦਾ ਮਾਮਲਾ, ਮੁੱਖ ਮੁਲਜ਼ਮ ਸਰਤਾਜ ਦਿੱਲੀ ਹਵਾਈ ਅੱਡੇ ਤੋਂ ਗ੍ਰਿਫ਼ਤਾਰ
ਕੈਨੇਡਾ ਭੱਜਣ ਦੀ ਤਾਕ ’ਚ ਸੀ ਮੁਲਜ਼ਮ
ਖਰੜ: ਖਰੜ ਵਿੱਚ ਸਰਕਾਰੀ ਸਕੂਲ ਦੇ ਹੈੱਡਮਾਸਟਰ ਗੁਰਸੇਵਕ ਸਿੰਘ ਹੱਤਿਆਕਾਂਡ ਵਿੱਚ ਪੁਲਿਸ ਨੂੰ ਵੱਡੀ ਸਫਲਤਾ ਮਿਲੀ ਹੈ। ਖਰੜ ਪੁਲਿਸ ਨੇ ਹੱਤਿਆਕਾਂਡ ਦੇ ਮੁੱਖ ਦੋਸ਼ੀ ਸਰਤਾਜ ਨੂੰ ਦਿੱਲੀ ਏਅਰਪੋਰਟ ਤੋਂ ਗ੍ਰਿਫ਼ਤਾਰ ਕਰ ਲਿਆ ਹੈ।
ਵਾਰਦਾਤ ਤੋਂ ਬਾਅਦ ਦੋਸ਼ੀ ਦੇ ਖਿਲਾਫ ਲੁੱਕ ਆਊਟ ਕਾਰਨਰ ਨੋਟਿਸ (LOC) ਜਾਰੀ ਕੀਤਾ ਗਿਆ ਸੀ। ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਦੋਸ਼ੀ ਕੈਨੇਡਾ ਫਰਾਰ ਹੋ ਗਿਆ ਹੈ।
ਸ਼ੁੱਕਰਵਾਰ ਦੇਰ ਸ਼ਾਮ LOC ਦੇ ਆਧਾਰ ‘ਤੇ ਦਿੱਲੀ ਏਅਰਪੋਰਟ ਅਥਾਰਟੀ ਨੇ ਸਰਤਾਜ ਨੂੰ ਹਿਰਾਸਤ ‘ਚ ਲਿਆ। ਇਸ ਤੋਂ ਬਾਅਦ ਖਰੜ ਪੁਲਿਸ ਦੀ ਟੀਮ ਦਿੱਲੀ ਪਹੁੰਚੀ ਅਤੇ ਸ਼ਨੀਵਾਰ ਤੜਕੇ ਲਗਭਗ 3 ਵਜੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ।
ਦੋਸ਼ੀ ਨੂੰ ਖਰੜ ਲਿਆ ਕੇ ਅਦਾਲਤ ‘ਚ ਪੇਸ਼ ਕੀਤਾ ਗਿਆ, ਜਿੱਥੋਂ ਉਸ ਨੂੰ ਚਾਰ ਦਿਨਾਂ ਦੇ ਪੁਲਿਸ ਰਿਮਾਂਡ ‘ਤੇ ਭੇਜ ਦਿੱਤਾ ਗਿਆ।
ਪ੍ਰਾਇਮਰੀ ਪੁੱਛਗਿੱਛ ‘ਚ ਸਰਤਾਜ ਨੇ ਦਾਅਵਾ ਕੀਤਾ ਕਿ ਗੁਰਸੇਵਕ ਸਿੰਘ ਕਥਿਤ ਤੌਰ ‘ਤੇ ਉਸ ਦੀ ਪਤਨੀ ਨੂੰ ਪਰੇਸ਼ਾਨ ਕਰਦੇ ਸਨ। ਇਸੇ ਗੱਲ ਨੂੰ ਲੈ ਕੇ ਉਹ ਗੁਰਸੇਵਕ ਸਿੰਘ ਨੂੰ ਸਮਝਾਉਣ ਗਿਆ ਸੀ। ਦੋਸ਼ੀ ਦੇ ਮੁਤਾਬਕ, ਮੌਕੇ ‘ਤੇ ਵਿਵਾਦ ਵਧਣ ਤੋਂ ਬਾਅਦ ਕੁੱਟਮਾਰ ਹੋਈ ਅਤੇ ਗੁਰਸੇਵਕ ਸਿੰਘ ਗੰਭੀਰ ਰੂਪ ‘ਚ ਜ਼ਖਮੀ ਹੋ ਗਏ। ਹਾਲਾਂਕਿ, ਉਸ ਨੇ ਹੱਤਿਆ ਦੇ ਇਰਾਦੇ ਤੋਂ ਇਨਕਾਰ ਕੀਤਾ ਹੈ।
ਦੱਸ ਦੇਈਏ ਕਿ 5 ਅਗਸਤ ਦੀ ਸ਼ਾਮ ਸੰਨੀ ਐਨਕਲੇਵ ਵਿੱਚ ਗੁਰਸੇਵਕ ਸਿੰਘ ‘ਤੇ ਤੇਜ਼ਧਾਰ ਹਥਿਆਰਾਂ ਅਤੇ ਲੋਹੇ ਦੀ ਰੋਡ ਨਾਲ ਹਮਲਾ ਕੀਤਾ ਗਿਆ ਸੀ। ਗੰਭੀਰ ਹਾਲਤ ‘ਚ ਉਨ੍ਹਾਂ ਨੂੰ ਮੋਹਾਲੀ ਦੇ ਗ੍ਰੇਸ਼ੀਅਨ ਹਸਪਤਾਲ ‘ਚ ਭਰਤੀ ਕਰਵਾਇਆ ਗਿਆ, ਜਿੱਥੇ 8 ਅਗਸਤ ਦੀ ਸਵੇਰ ਉਨ੍ਹਾਂ ਦੀ ਮੌਤ ਹੋ ਗਈ।
ਹੁਣ ਪੁਲਿਸ ਰਿਮਾਂਡ ਦੌਰਾਨ ਦੋਸ਼ੀ ਤੋਂ ਹੱਤਿਆ ਦੀ ਪੂਰੀ ਵਾਰਦਾਤ, ਇਸ ਦੇ ਪਿੱਛੇ ਦੀ ਵਜ੍ਹਾ ਅਤੇ ਇਸ ‘ਚ ਸ਼ਾਮਲ ਹੋਰ ਲੋਕਾਂ ਨੂੰ ਲੈ ਕੇ ਗਹਿਰਾਈ ਨਾਲ ਪੁੱਛਗਿੱਛ ਕਰੇਗੀ।
Punjab Spectrum