Breaking News

Guinea Garbage Landslide: ਗਿਨੀ ਵਿੱਚ ਕੂੜੇ ਦਾ ਪਹਾੜ ਡਿੱਗਣ ਕਾਰਨ 30 ਮੌਤਾਂ

Guinea Garbage Landslide: ਗਿਨੀ ਵਿੱਚ ਕੂੜੇ ਦਾ ਪਹਾੜ ਡਿੱਗਣ ਕਾਰਨ 30 ਮੌਤਾਂ

ਕਾਨਾਕਰੀ ਵਿੱਚ ਭਾਰੀ ਮੀਂਹ ਤੋਂ ਬਾਅਦ ਵਾਪਰੀ ਘਟਨਾ

Guinea Garbage Landslide: ਪੱਛਮੀ ਅਫਰੀਕੀ ਦੇਸ਼ ਗਿਨੀ ਦੀ ਰਾਜਧਾਨੀ ਕਾਨਾਕਰੀ ਵਿੱਚ ਕੂੜੇ ਦਾ ਪਹਾੜ ਡਿੱਗਣ ਕਾਰਨ 30 ਜਣਿਆਂ ਦੀ ਮੌਤ ਹੋ ਗਈ। ਇੱਥੇ ਰਾਤ ਭਰ ਮੀਂਹ ਪੈਂਦਾ ਰਿਹਾ ਤੇ ਭਾਰੀ ਮੀਂਹ ਕਾਰਨ ਦਰ ਅਸਲਾਮ ਕੂੜੇ ਦਾ ਡੰਪ ਨਾਲ ਲੱਗਦੇ ਘਰਾਂ ਉੱਤੇ ਆ ਡਿੱਗਿਆ।

ਸਥਾਨਕ ਅਧਿਕਾਰੀਆਂ ਅਤੇ ਬਚਾਅ ਕਰਮਚਾਰੀਆਂ ਨੇ ਦੱਸਿਆ ਕਿ ਰਾਹਤ ਕਾਰਜਾਂ ਦੌਰਾਨ ਮਲਬੇ ਵਿੱਚੋਂ 30 ਮ੍ਰਿਤਕ ਦੇਹਾਂ ਬਰਾਮਦ ਕਰ ਲਈਆਂ ਗਈਆਂ ਹਨ।

ਸਥਾਨਕ ਉਪ-ਸ਼ਹਿਰ ਦੇ ਮੁਖੀ ਲਾਂਸੀਨੇ ਸਿਲਾ ਨੇ ਸ਼ੁਰੂ ਵਿੱਚ ਮਲਬੇ ਵਿੱਚੋਂ 18 ਦੇਹਾਂ ਕੱਢੇ ਜਾਣ ਦੀ ਪੁਸ਼ਟੀ ਕੀਤੀ ਸੀ, ਜਦੋਂ ਕਿ ਅਧਿਕਾਰੀਆਂ ਅਤੇ ਐਸੋਸੀਏਟਿਡ ਪ੍ਰੈਸ (ਏਪੀ) ਦੀਆਂ ਅਪਡੇਟਾਂ ਅਨੁਸਾਰ ਮਰਨ ਵਾਲਿਆਂ ਦੀ ਗਿਣਤੀ ਵਧ ਕੇ 30 ਹੋ ਗਈ ਹੈ। ਸਵੇਰੇ ਸੂਰਜ ਨਿਕਲਣ ਤੋਂ ਪਹਿਲਾਂ ਵਾਪਰੀ ਇਸ ਘਟਨਾ ਨੇ ਆਸ-ਪਾਸ ਦੇ ਘਰਾਂ ਨੂੰ ਬੁਰੀ ਤਰ੍ਹਾਂ ਮਲਬੇ ਹੇਠ ਦਬਾ ਦਿੱਤਾ।

ਇਸ ਹਾਦਸੇ ਦੀ ਸੂਚਨਾ ਮਿਲਦਿਆਂ ਹੀ ਗਿਨੀ ਦੀ ਖੇਤਰੀ ਪ੍ਰਸ਼ਾਸਨ ਮੰਤਰੀ ਜੇਨਾਬੂ ਟੋਰੇ ਨੇ ਮੌਕੇ ਦਾ ਦੌਰਾ ਕੀਤਾ ਅਤੇ ਸਥਿਤੀ ਦਾ ਜਾਇਜ਼ਾ ਲਿਆ। ਸਰਕਾਰ ਵੱਲੋਂ ਪਹਿਲਾਂ ਹੀ ਇਸ ਖਤਰਨਾਕ ਡੰਪ ਸਾਈਟ ਦੇ ਆਲੇ-ਦੁਆਲੇ ਰਹਿਣ ਵਾਲੇ ਵਸਨੀਕਾਂ ਨੂੰ ਚਿਤਾਵਨੀ ਦਿੱਤੀ ਗਈ ਸੀ ਅਤੇ ਸੁਰੱਖਿਆ ਨੂੰ ਧਿਆਨ ਵਿੱਚ ਰੱਖਦਿਆਂ ਘਰ ਖਾਲੀ ਕਰਵਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਸਨ। ਫਿਲਹਾਲ ਮਲਬੇ ਹੇਠੋਂ ਲੋਕਾਂ ਨੂੰ ਬਾਹਰ ਕੱਢਣ ਲਈ ਬਚਾਅ ਕਾਰਜ ਤੇਜ਼ੀ ਨਾਲ ਜਾਰੀ ਹਨ।

ਮਿਲਟਰੀ ਇੰਜੀਨੀਅਰਿੰਗ ਬਟਾਲੀਅਨ ਦੇ ਸੈਨੀਟੇਸ਼ਨ ਅਫ਼ਸਰ ਲੈਫਟੀਨੈਂਟ ਕਰਨਲ ਬਾਲਡੇ ਮਾਮਾਦੋ ਬਾਇਲੋ ਅਨੁਸਾਰ, ਇਹ ਖੁੱਲ੍ਹਾ ਕੂੜਾ ਡੰਪ ਸ਼ਹਿਰ ਦਾ ਸਭ ਤੋਂ ਵੱਡਾ ਡੰਪ ਹੈ, ਜਿਸ ਨੂੰ ਐਤਵਾਰ ਨੂੰ ਹੀ ਅਧਿਕਾਰਤ ਤੌਰ ਉੱਤੇ ਬੰਦ ਕੀਤਾ ਜਾਣਾ ਸੀ।

ਪ੍ਰਸ਼ਾਸਨ ਨੇ ਦੱਸਿਆ ਕਿ ਲੈਂਡਫਿਲ ਦੇ ਆਲੇ-ਦੁਆਲੇ ਰਹਿਣ ਵਾਲੇ ਸਥਾਨਕ ਲੋਕਾਂ ਨੂੰ ਪਹਿਲਾਂ ਹੀ ਘਰ ਖਾਲੀ ਕਰਨ ਦੇ ਨੋਟਿਸ ਜਾਰੀ ਕੀਤੇ ਗਏ ਸਨ, ਜਿਸ ਕਾਰਨ ਬਹੁਤ ਸਾਰੇ ਲੋਕ ਉੱਥੋਂ ਚਲੇ ਗਏ ਸਨ, ਪਰ ਫਿਰ ਵੀ ਕੁਝ ਪਰਿਵਾਰ ਹਾਦਸੇ ਦੇ ਸਮੇਂ ਉੱਥੇ ਮੌਜੂਦ ਸਨ।