PM Narendra Modi ਕੈਮਰੇ ਦਾ ਨਹੀਂ, ਦਿਲ ਦਾ ਐਂਗਲ ਬਦਲਣ: Priyanka Gandhi
Priyanka Parliament Speech: ਸੀਨੀਅਰ ਕਾਂਗਰਸੀ ਆਗੂ ਪ੍ਰਿਯੰਕਾ ਗਾਂਧੀ ਨੇ ਲੋਕ ਸਭਾ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਤੋਂ ਸਵਾਲ ਕੀਤਾ ਕਿ ਵਿਦਿਆਰਥੀਆਂ ਉੱਤੇ ਅੱਥਰੂ ਗੈਸ, ਲਾਠੀਚਾਰਜ, ਪੈਲੇਟ ਗੰਨ ਆਦਿ ਵਰਗੇ ਹਥਿਆਰ ਵਰਤਣ ਦੀ ਕੀ ਲੋੜ ਸੀ।
ਉਨ੍ਹਾਂ ਨੇ ਗ੍ਰਹਿ ਮੰਤਰੀ ਅਮਿਤ ਸ਼ਾਹ ਤੋਂ ਜਵਾਬ ਮੰਗਿਆ ਕਿ ਪ੍ਰਦਰਸ਼ਨ ਕਰ ਰਹੇ ਵਿਦਿਆਰਥੀਆਂ ’ਤੇ ਪੈਲੇਟ ਗੰਨ ਦੀ ਵਰਤੋਂ ਕਰਨ ਦੀ ਇਜਾਜ਼ਤ ਕਿਸ ਨੇ ਦਿੱਤੀ ਸੀ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਨੇ ਆਪਣੇ ਦੁੱਖ ਨੂੰ ਪ੍ਰਦਰਸ਼ਨਾਂ ਜ਼ਰੀਏ ਜ਼ਾਹਰ ਕੀਤਾ ਸੀ ਅਤੇ ਉਹ ਸਿੱਖਿਆ ਮੰਤਰੀ ਦਾ ਅਸਤੀਫਾ ਅਤੇ ਉਨ੍ਹਾਂ ਲੋਕਾਂ ਖ਼ਿਲਾਫ਼ ਸਖ਼ਤ ਕਾਰਵਾਈ ਚਾਹੁੰਦੇ ਸਨ ਜਿਨ੍ਹਾਂ ਕਾਰਨ ਉਨ੍ਹਾਂ ਦਾ ਭਵਿੱਖ ਖਤਰੇ ਵਿਚ ਸੀ।
ਪ੍ਰਿਯੰਕਾ ਗਾਂਧੀ ਨੇ ਪ੍ਰਧਾਨ ਮੰਤਰੀ ਉੱਤੇ ਤੰਨਜ਼ ਕੱਸਦਿਆਂ ਇਹ ਵੀ ਕਿਹਾ ਕਿ ਜੇਕਰ ਤੁਸੀਂ ਨੌਜਵਾਨ ਪੀੜ੍ਹੀ (Gen Z) ਦਾ ਭਰੋਸਾ ਜਿੱਤਣਾ ਚਾਹੁੰਦੇ ਹੋ, ਤਾਂ ਵੱਖ-ਵੱਖ ਕੈਮਰੇ ਦੇ ਐਂਗਲਾਂ ਤੋਂ ਵੀਡੀਓ ਬਣਾਉਣ ਨਾਲ ਕੋਈ ਫ਼ਰਕ ਨਹੀਂ ਪਵੇਗਾ। ਉਨ੍ਹਾਂ ਕਿਹਾ ਕਿ ਸ੍ਰੀ ਮੋਦੀ ਨੂੰ ਕੈਮਰੇ ਦੀ ਥਾਂ ਆਪਣੇ ਦਿਲ ਦਾ ਐਂਗਲ ਬਦਲਣ ਦੀ ਲੋੜ ਹੈ।
ਦੇਸ਼ ਦੀ ਸਿੱਖਿਆ ਅਤੇ ਪ੍ਰੀਖਿਆ ਪ੍ਰਣਾਲੀ ਨੂੰ ਪੂਰੀ ਤਰ੍ਹਾਂ ਫੇਲ੍ਹ ਕਰਾਰ ਦਿੰਦਿਆਂ ਉਨ੍ਹਾਂ ਕਿਹਾ ਕਿ ਪਿਛਲੇ 10 ਸਾਲਾਂ ਵਿੱਚ 152 ਪੇਪਰ ਲੀਕ ਹੋ ਚੁੱਕੇ ਹਨ ਪਰ ਇੱਕ ਵੀ ਮਾਫ਼ੀਆ ਨੂੰ ਸਜ਼ਾ ਨਹੀਂ ਦਿੱਤੀ ਗਈ।
ਉਨ੍ਹਾਂ ਦੱਸਿਆ ਕਿ ਸਾਲ 2024 ਵਿੱਚ ਐਂਟੀ-ਪੇਪਰ ਲੀਕ ਬਿੱਲ ਪਾਸ ਹੋਣ ਤੋਂ ਬਾਅਦ ਵੀ ਹੁਣ ਤੱਕ ਇੱਕ ਵੀ ਦੋਸ਼ੀ ਨੂੰ ਸਜ਼ਾ ਨਹੀਂ ਮਿਲੀ ਹੈ। ਇਸ ਤੋਂ ਇਲਾਵਾ ਉਨ੍ਹਾਂ ਫਾਸਟ-ਟਰੈਕ ਕੋਰਟਾਂ ਦੇ ਰਿਕਾਰਡ ਉੱਤੇ ਸਵਾਲ ਉਠਾਉਂਦਿਆਂ ਕਿਹਾ ਕਿ ਇਨ੍ਹਾਂ ਦਾ ਰਿਕਾਰਡ ਬਹੁਤ ਮਾੜਾ ਹੈ ਅਤੇ ਇਸ ਮਾਮਲੇ ਵਿੱਚ ਤਾਂ ਪਹਿਲੀ ਸੁਣਵਾਈ ‘ਤੇ ਸੀ.ਬੀ.ਆਈ. ਦਾ ਵਕੀਲ ਹੀ ਪੇਸ਼ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਅੱਜ ਦੀ ਜਨਰੇਸ਼ਨ ਨੂੰ ਸਭ ਪਤਾ ਹੈ ਕਿ ਕੌਣ ਝੂਠ ਬੋਲ ਰਿਹਾ ਹੈ ਤੇ ਕੌਣ ਉਨ੍ਹਾਂ ਨੂੰ ਗੁਮਰਾਹ ਕਰ ਰਿਹਾ ਹੈ।
Punjab Spectrum