Breaking News

ਅਮਰੀਕਾ ਨੇ ਇਰਾਨ ‘ਤੇ ਕੀਤਾ ਹਵਾਈ ਹਮਲਾ

ਇਰਾਨ ਨੇ ਹੋਰਮੁਜ਼ ’ਚ UAE ਦੇ ਦੋ ਟੈਂਕਰਾਂ ‘ਤੇ ਕੀਤਾ ਹਮਲਾ, ਇੱਕ ਭਾਰਤੀ ਦੀ ਮੌਤ
ਤੇਲ ਅਵੀਵ : ਅਮਰੀਕੀ ਫ਼ੌਜ ਦੀ ਸੈਂਟਰਲ ਕਮਾਂਡ ਨੇ ਕਿਹਾ ਹੈ ਕਿ ਉਨ੍ਹਾਂ ਨੇ ਇਰਾਨ ‘ਤੇ ਦੁਬਾਰਾ ਹਮਲੇ ਸ਼ੁਰੂ ਕਰ ਦਿੱਤੇ ਹਨ । ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਬੰਦਰ ਅੱਬਾਸ ਅਤੇ ਕੀਸ਼ ‘ਤੇ ਧਮਾਕੇ ਹੋਏ ਹਨ । ਅਮਰੀਕੀ ਫ਼ੌਜ ਅਨੁਸਾਰ, ਟਰੰਪ ਦੇ ਹੁਕਮਾਂ ਤੋਂ ਬਾਅਦ ਮੰਗਲਵਾਰ ਸ਼ਾਮ 8 ਵਜੇ ਤੋਂ ਇਰਾਨ ਦੀਆਂ ਬੰਦਰਗਾਹਾਂ ‘ਤੇ ਨਾਕਾਬੰਦੀ ਦੁਬਾਰਾ ਲਾਗੂ ਕੀਤੀ ਜਾਵੇਗੀ।

ਦੂਜੇ ਪਾਸੇ ਯੂ.ਏ.ਈ. (UAE) ਦੇ ਰੱਖਿਆ ਮੰਤਰਾਲੇ ਨੇ ਕਿਹਾ ਹੈ ਕਿ ਹੋਰਮੁਜ਼ ਵਿੱਚ ਓਮਾਨ ਦੇ ਸਮੁੰਦਰੀ ਖੇਤਰ ਦੇ ਨੇੜੇ ਉਸਦੇ ਦੋ ਤੇਲ ਟੈਂਕਰਾਂ ‘ਤੇ ਈਰਾਨ ਦੀਆਂ ਦੋ ਕਰੂਜ਼ ਮਿਜ਼ਾਈਲਾਂ ਨਾਲ ਹਮਲਾ ਕੀਤਾ ਗਿਆ ਹੈ। ‘ਮੋਂਬਾਸਾ’ ਨਾਂ ਦੇ ਟੈਂਕਰ ‘ਤੇ ਹੋਏ ਇਸ ਹਮਲੇ ਵਿੱਚ ਇੱਕ ਭਾਰਤੀ ਕਰੂ ਮੈਂਬਰ (ਜਹਾਜ਼ ਦੇ ਅਮਲੇ ਦਾ ਮੈਂਬਰ) ਦੀ ਮੌਤ ਹੋ ਗਈ ਹੈ, ਜਦੋਂ ਕਿ ਅੱਠ ਲੋਕ ਜ਼ਖਮੀ ਹੋਏ ਹਨ।

ਇਸ ਤੋਂ ਪਹਿਲਾਂ ਟਰੰਪ ਨੇ ਕਿਹਾ ਸੀ ਕਿ ਹੋਰਮੁਜ਼ ਸਟ੍ਰੇਟ (ਹੋਰਮੁਜ਼ ਜਲਡਮਰੂਮੱਧ) ਖੁੱਲ੍ਹਾ ਰਹੇਗਾ ਅਤੇ ਇਸ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਅਮਰੀਕਾ ਸੰਭਾਲੇਗਾ । ਉਨ੍ਹਾਂ ਨੇ ਖੁਦ ਨੂੰ ‘ਗਾਰਡੀਅਨ ਆਫ ਦ ਹੋਰਮੁਜ਼ ਸਟ੍ਰੇਟ’ ਦੱਸਦਿਆਂ ਕਿਹਾ ਕਿ ਇਸ ਕੰਮ ਦਾ ਖਰਚਾ ਚੁੱਕਣ ਲਈ ਸਟ੍ਰੇਟ ਤੋਂ ਲੰਘਣ ਵਾਲੇ ਹਰ ਕਾਰਗੋ (ਮਾਲਵਾਹਕ ਜਹਾਜ਼) ‘ਤੇ 20% ਟੈਕਸ ਲਿਆ ਜਾਵੇਗਾ।

ਟਰੰਪ ਦੇ ਇਸ ਐਲਾਨ ‘ਤੇ ਇਰਾਨ ਨੇ ਸਖ਼ਤ ਵਿਰੋਧ ਜਤਾਇਆ ਹੈ। ਇਰਾਨੀ ਫ਼ੌਜ ਦੇ ਖਾਤਮ ਅਲ-ਅਨਬੀਆ ਮੁੱਖ ਦਫ਼ਤਰ (ਹੈੱਡਕੁਆਰਟਰ) ਦੇ ਬੁਲਾਰੇ ਨੇ ਕਿਹਾ ਕਿ ਹੋਰਮੁਜ਼ ਸਟ੍ਰੇਟ ਵਿੱਚ ਕਿਸੇ ਵੀ ਅਮਰੀਕੀ ਦਖਲਅੰਦਾਜ਼ੀ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।