Punjab ਪੰਜਾਬ ’ਚ ਸਾਢੇ ਤਿੰਨ ਸਾਲਾਂ ਦੌਰਾਨ 3,200 ਲਾਵਾਰਸ ਲਾਸ਼ਾਂ ਦੀ ਹੋਈ ਰਿਪੋਰਟ
ਪੰਜਾਬ ’ਚ ਸਾਢੇ ਤਿੰਨ ਸਾਲਾਂ ਦੌਰਾਨ 3,200 ਲਾਵਾਰਸ ਲਾਸ਼ਾਂ ਦੀ ਹੋਈ ਰਿਪੋਰਟ
ਔਸਤਨ ਹਰ ਵਰ੍ਹੇ 900 ਤੋਂ 950 ਲਾਵਾਰਸ ਲਾਸ਼ਾਂ ਦੀਆਂ ਰਿਪੋਰਟਾਂ ਹੁੰਦੀਆਂ ਹਨ ਦਰਜ
ਚੰਡੀਗੜ੍ਹ : ਪੰਜਾਬ ’ਚ ਸਾਢੇ ਤਿੰਨ ਵਰ੍ਹਿਆਂ ’ਚ ਕਰੀਬ 3,200 ਲਾਵਾਰਸ ਲਾਸ਼ਾਂ ਰਿਪੋਰਟ ਹੋਈਆਂ ਹਨ, ਜਿਨ੍ਹਾਂ ਦੇ ਵਾਰਸਾਂ ਦਾ ਕੋਈ ਪਤਾ-ਟਿਕਾਣਾ ਨਹੀਂ । ਇਸ ਲਿਹਾਜ਼ ਨਾਲ ਦੇਖੀਏ ਤਾਂ ਪੰਜਾਬ ’ਚ ਰੋਜ਼ਾਨਾ ਔਸਤਨ ਤਿੰਨ ਲਾਵਾਰਸ ਲਾਸ਼ਾਂ ਦੀ ਸੂਚਨਾ ਸਾਹਮਣੇ ਆ ਰਹੀ ਹੈ । ਪੰਜਾਬ ਪੁਲੀਸ ਦੇ ਰਿਕਾਰਡ ਅਨੁਸਾਰ ਚਾਲੂ ਵਰ੍ਹੇ ਦੇ ਮਈ ਮਹੀਨੇ ਤੱਕ 418 ਲਾਵਾਰਸ ਲਾਸ਼ਾਂ ਦੀ ਰਿਪੋਰਟ ਦਰਜ ਹੋਈ ਹੈ । ਪੰਜਾਬ ਪੁਲੀਸ ਵੱਲੋਂ ਹਰ ਮਹੀਨੇ ਲਾਵਾਰਸ ਲਾਸ਼ਾਂ ਦੀ ਸੂਚਨਾ ਜਨਤਕ ਤੌਰ ’ਤੇ ਨਸ਼ਰ ਕੀਤੀ ਜਾਂਦੀ ਹੈ, ਜਿਸ ਅਨੁਸਾਰ ਪਹਿਲੀ ਜਨਵਰੀ 2023 ਤੋਂ 31 ਮਈ 2026 ਤੱਕ 3214 ਅਣਪਛਾਤੀਆਂ/ਲਾਵਾਰਸ ਲਾਸ਼ਾਂ ਰਿਪੋਰਟ ਹੋਈਆਂ ਹਨ।
ਬਹੁਤੀਆਂ ਲਾਸ਼ਾਂ ਨਹਿਰਾਂ ਅਤੇ ਦਰਿਆਵਾਂ ’ਚੋਂ ਮਿਲਦੀਆਂ ਹਨ । ਔਸਤ ਹਰ ਵਰ੍ਹੇ 900 ਤੋਂ 950 ਲਾਵਾਰਸ ਲਾਸ਼ਾਂ ਦੀਆਂ ਰਿਪੋਰਟਾਂ ਦਰਜ ਹੁੰਦੀਆਂ ਹਨ, ਜਿਨ੍ਹਾਂ ’ਚੋਂ ਬਹੁਤੀਆਂ ਪਰਵਾਸੀ ਮਜ਼ਦੂਰਾਂ ਅਤੇ ਬੇਘਰ ਲੋਕਾਂ ਦੀਆਂ ਹੁੰਦੀਆਂ ਹਨ। ਸਾਲ 2025 ’ਚ ਪੰਜਾਬ ਪੁਲੀਸ ਵੱਲੋਂ 909 ਲਾਵਾਰਸ ਲਾਸ਼ਾਂ ਦੀ ਸੂਚਨਾ ਨਸ਼ਰ ਕੀਤੀ ਗਈ, ਜਦੋਂਕਿ ਸਾਲ 2024 ’ਚ ਲਾਵਾਰਸ ਲਾਸ਼ਾਂ ਦਾ ਅੰਕੜਾ 958 ਰਿਹਾ । ਇਸੇ ਤਰ੍ਹਾਂ ਸਾਲ 2023 ’ਚ 929 ਲਾਵਾਰਸ ਲਾਸ਼ਾਂ ਮਿਲੀਆਂ ਸਨ। ਅਗਸਤ 2024 ਦੇ ਮਹੀਨੇ ’ਚ ਸਭ ਤੋਂ ਵੱਧ 117 ਲਾਵਾਰਸ ਲਾਸ਼ਾਂ ਮਿਲੀਆਂ ਸਨ।
ਸਹਾਰਾ ਜਨ ਸੇਵਾ ਬਠਿੰਡਾ ਦੇ ਪ੍ਰਧਾਨ ਵਿਜੇ ਗੋਇਲ ਨੇ ਦੱਸਿਆ ਕਿ ਬਠਿੰਡਾ ਸ਼ਹਿਰ ’ਚ ਔਸਤਨ ਪੰਜ ਤੋਂ ਦਸ ਲਾਵਾਰਸ ਲਾਸ਼ਾਂ ਦਾ ਉਨ੍ਹਾਂ ਦੀ ਸੁਸਾਇਟੀ ਸਸਕਾਰ ਕਰਦੀ ਹੈ। ਉਨ੍ਹਾਂ ਦੱਸਿਆ ਕਿ ਬਠਿੰਡਾ ’ਚ ਜ਼ਿਆਦਾਤਰ ਮੰਗਤਿਆਂ ਦੀਆਂ ਲਾਵਾਰਸ ਲਾਸ਼ਾਂ ਦਾ ਸਸਕਾਰ ਕੀਤਾ ਹੈ । ਉਹ ਲਾਸ਼ ਨੂੰ ਕਰੀਬ ਸੌ ਘੰਟੇ ਮੌਰਚਰੀ ’ਚ ਸ਼ਨਾਖ਼ਤ ਲਈ ਰੱਖਦੇ ਹਨ। ਕੋਈ ਸੂਚਨਾ ਨਾ ਮਿਲਣ ’ਤੇ ਪੋਸਟਮਾਰਟਮ ਕਰਵਾਇਆ ਜਾਂਦਾ ਹੈ ਤੇ ਪੁਲੀਸ ਰਿਪੋਰਟ ਮਗਰੋਂ ਸਸਕਾਰ ਕਰ ਦਿੱਤਾ ਜਾਂਦਾ ਹੈ । ਜਾਣਕਾਰੀ ਅਨੁਸਾਰ ਪੰਜਾਬ ’ਚ ਲਾਵਾਰਸ ਲਾਸ਼ਾਂ ਦਾ ਅੰਕੜਾ ਆਮ ਤੌਰ ’ਤੇ ਪ੍ਰਤੀ ਮਹੀਨਾ ਸੌ ਤੋਂ ਹੇਠਾਂ ਹੀ ਰਹਿੰਦਾ ਹੈ । ਬਹੁਤੀਆਂ ਲਾਸ਼ਾਂ ਰਿਪੋਰਟ ਵੀ ਨਹੀਂ ਹੁੰਦੀਆਂ।
ਪੰਜਾਬ ’ਚ ਕਿੰਨੀਆਂ ਹੀ ਵੱਡੇ ਤੇ ਛੋਟੇ ਸ਼ਹਿਰਾਂ ’ਚ ਸਮਾਜਿਕ ਸੰਸਥਾਵਾਂ ਹਨ, ਜਿਨ੍ਹਾਂ ਵੱਲੋਂ ਲਾਵਾਰਸ ਲਾਸ਼ਾਂ ਦਾ ਸਸਕਾਰ ਕੀਤਾ ਜਾਂਦਾ ਹੈ, ਜਿਨ੍ਹਾਂ ਪਰਿਵਾਰਾਂ ਦੇ ਮੈਂਬਰ ਲਾਪਤਾ ਹੋ ਜਾਂਦੇ ਹਨ, ਕਈ ਵਾਰ ਉਨ੍ਹਾਂ ਦੇ ਜੀਆਂ ਦੀ ਸ਼ਨਾਖ਼ਤ ਵੀ ਕੱਪੜਿਆਂ ਅਤੇ ਹੋਰ ਨਿਸ਼ਾਨੀਆਂ ਤੋਂ ਹੋ ਜਾਂਦੀ ਹੈ। ਕਿੰਨੇ ਅਭਾਗੇ ਉਹ ਲੋਕ ਹੁੰਦੇ ਹਨ, ਜਿਨ੍ਹਾਂ ਦੀ ਜ਼ਿੰਦਗੀ ਇੱਕ ਨਾਮ ਨਾਲ ਸ਼ੁਰੂ ਹੁੰਦੀ ਹੈ ਪਰ ਇਸ ਦਾ ਅੰਤਿਮ ਸਿਰਨਾਵਾਂ ‘ਲਾਵਾਰਸ’ ਹੋ ਜਾਂਦਾ ਹੈ।
ਪੰਜਾਬ ਪੁਲੀਸ ਵੱਲੋਂ ਆਮ ਤੌਰ ’ਤੇ ਧਾਰਾ 174 ਤਹਿਤ ਕਾਰਵਾਈ ਕੀਤੀ ਜਾਂਦੀ ਹੈ ਅਤੇ ਇਸ ਮਗਰੋਂ ਨਿਯਮਾਂ ਅਨੁਸਾਰ 72 ਘੰਟੇ ਅਣਪਛਾਤੀ ਲਾਸ਼ ਨੂੰ ਮੁਰਦਾਘਰ ’ਚ ਰੱਖਿਆ ਜਾਂਦਾ ਹੈ । ਸਸਕਾਰ ਕਰਨ ਤੋਂ ਪਹਿਲਾਂ ਲਾਸ਼ ਦੀਆਂ ਨਿਸ਼ਾਨੀਆਂ ਜਿਵੇਂ ਕੱਪੜੇ, ਕੱਦ, ਦੰਦਾਂ ਦੀ ਬਣਤਰ, ਟੈਂਟੂ, ਸਰਜਰੀ ਦੇ ਨਿਸ਼ਾਨ ਤੋਂ ਇਲਾਵਾ ਹੁਲੀਏ ਦਾ ਵੇਰਵਾ ਰਿਕਾਰਡ ਕੀਤਾ ਜਾਂਦਾ ਹੈ । ਲਾਪਤਾ ਲੋਕਾਂ ਦੀ ਭਾਲ ਦੇ ਮੱਦੇਨਜ਼ਰ ਲਾਸ਼ਾਂ ਦੀ ਡੀ ਐੱਨ ਏ ਪ੍ਰੋਫਾਈਲ ਵੀ ਰੱਖੀ ਜਾਂਦੀ ਹੈ। ਪੁਲੀਸ ਵੱਲੋਂ ਹਰ ਲਾਵਾਰਸ ਲਾਸ਼ ਦਾ ਪੁਲੀਸ ਕੇਸ ਜਾਂ ਡੀ ਡੀ ਆਰ ਲਿਖੀ ਜਾਣੀ ਹੁੰਦੀ ਹੈ । ਆਮ ਤੌਰ ’ਤੇ ਵੱਡੀਆਂ ਨਹਿਰਾਂ ’ਚੋਂ ਲਾਵਾਰਸ ਲਾਸ਼ਾਂ ਮਿਲਦੀਆਂ ਹਨ।
Punjab Spectrum