Ram Mandir Donation Case: ਜਿਨ੍ਹਾਂ ’ਤੇ ਭਰੋਸਾ ਕੀਤਾ, ਉਨ੍ਹਾਂ ਨੇ ਹੀ ਧੋਖਾ ਦਿੱਤਾ: ਚੰਪਤ ਰਾਏ
ਮੰਦਰ ਦੀ ਸੇਵਾ ਤੋਂ ਲਾਂਭੇ ਹੋਵਾਂਗਾ; 6 ਜੁਲਾਈ ਨੂੰ ਟਰੱਸਟ ਮੀਟਿੰਗ ਵਿੱਚ ਅਸਤੀਫੇ ਦੇਣ ਸਬੰਧੀ ਹੋ ਸਕਦਾ ਹੈ ਫ਼ੈਸਲਾ
ਅਯੁੱਧਿਆ ਦੇ ਰਾਮ ਮੰਦਰ ਵਿੱਚ ਚੜ੍ਹਾਵੇ ਦੇ ਕਥਿਤ ਗਬਨ ਦੇ ਦੋਸ਼ਾਂ ਨੂੰ ਲੈ ਕੇ ਘਿਰੇ ਸ੍ਰੀ ਰਾਮ ਜਨਮਭੂਮੀ ਤੀਰਥ ਖੇਤਰ ਟਰੱਸਟ ਦੇ ਸਾਬਕਾ ਜਨਰਲ ਸਕੱਤਰ ਚੰਪਤ ਰਾਏ ਨੇ ਆਪਣੇ ਉੱਤੇ ਲੱਗੇ ਸਾਰੇ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਇਸ ਮਾਮਲੇ ਵਿੱਚ ਉਨ੍ਹਾਂ ਨੇ ਕੋਈ ਧੋਖਾਧੜੀ ਨਹੀਂ ਕੀਤੀ, ਸਗੋਂ ਇਸ ਦਾ ਖੁਲਾਸਾ ਸਭ ਤੋਂ ਪਹਿਲਾਂ ਉਨ੍ਹਾਂ ਨੇ ਹੀ ਕੀਤਾ ਸੀ।
ਸੂਤਰਾਂ ਅਨੁਸਾਰ ਚੰਪਤ ਰਾਏ ਨੇ ਆਪਣੇ ਕਰੀਬੀਆਂ ਨੂੰ ਕਿਹਾ ਕਿ ਜਿਨ੍ਹਾਂ ਲੋਕਾਂ ’ਤੇ ਉਨ੍ਹਾਂ ਨੇ ਭਰੋਸਾ ਕੀਤਾ, ਉਨ੍ਹਾਂ ਨੇ ਹੀ ਉਸ ਨਾਲ ਧੋਖਾ ਕੀਤਾ। ਉਨ੍ਹਾਂ ਇਹ ਵੀ ਕਿਹਾ ਕਿ ਅਯੁੱਧਿਆ ਵਿੱਚ ਉਨ੍ਹਾਂ ਦੀ ਸੇਵਾ ਹੁਣ ਮੁਕੰਮਲ ਹੋ ਚੁੱਕੀ ਹੈ ਅਤੇ ਉਹ ਇਸ ਦਾਗ਼ ਨਾਲ ਅੱਗੇ ਕੰਮ ਨਹੀਂ ਕਰਨਾ ਚਾਹੁੰਦੇ।
ਚੰਪਤ ਰਾਏ ਨੇ ਹਾਲ ਹੀ ਵਿੱਚ ਟਰੱਸਟ ਦੇ ਜਨਰਲ ਸਕੱਤਰ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ। ਇਸੇ ਮਾਮਲੇ ਵਿੱਚ ਵਿਸ਼ੇਸ਼ ਜਾਂਚ ਟੀਮ (ਐਸਆਈਟੀ) ਨੇ ਐਤਵਾਰ ਨੂੰ ਚੰਪਤ ਰਾਏ ਅਤੇ ਵੀਰਵਾਰ ਨੂੰ ਟਰੱਸਟ ਦੇ ਸਾਬਕਾ ਮੈਂਬਰ ਅਨਿਲ ਮਿਸ਼ਰਾ ਤੋਂ ਪੁੱਛਗਿੱਛ ਕੀਤੀ। ਦੋਵਾਂ ਦੇ ਅਸਤੀਫ਼ਿਆਂ ਬਾਰੇ 6 ਜੁਲਾਈ ਨੂੰ ਅਯੁੱਧਿਆ ਵਿੱਚ ਹੋਣ ਵਾਲੀ ਟਰੱਸਟ ਦੀ ਮੀਟਿੰਗ ਵਿੱਚ ਦੋ-ਤਿਹਾਈ ਬਹੁਮਤ ਨਾਲ ਫ਼ੈਸਲਾ ਲਿਆ ਜਾ ਸਕਦਾ ਹੈ।
ਇਸ ਦੌਰਾਨ ਉੱਤਰ ਪ੍ਰਦੇਸ਼ ਦੇ ਉਪ ਮੁੱਖ ਮੰਤਰੀ ਕੇਸ਼ਵ ਪ੍ਰਸਾਦ ਮੌਰਿਆ ਨੇ ਚੰਪਤ ਰਾਏ ਦਾ ਬਚਾਅ ਕਰਦਿਆਂ ਕਿਹਾ ਕਿ ਚੰਪਤ ਰਾਏ ਨੇ ਰਾਮ ਮੰਦਰ ਦੇ ਨਿਰਮਾਣ ਲਈ ਬਹੁਤ ਸਮਰਪਣ ਨਾਲ ਕੰਮ ਕੀਤਾ ਹੈ। ਉਨ੍ਹਾਂ ਨਾਲ ਹੀ ਇਹ ਵੀ ਕਿਹਾ ਕਿ ਚੜ੍ਹਾਵੇ ਦੀ ਕਥਿਤ ਚੋਰੀ ਵਿੱਚ ਜੋ ਵੀ ਦੋਸ਼ੀ ਪਾਇਆ ਜਾਵੇਗਾ, ਉਸ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਇਸੇ ਦੌਰਾਨ ਫੈਜ਼ਾਬਾਦ ਬਾਰ ਐਸੋਸੀਏਸ਼ਨ ਨੇ ਵੀਰਵਾਰ ਨੂੰ ਰਾਮ ਜਨਮਭੂਮੀ ਥਾਣੇ ਵਿੱਚ ਚੰਪਤ ਰਾਏ, ਅਨਿਲ ਮਿਸ਼ਰਾ ਅਤੇ ਟਰੱਸਟ ਦੇ ਪ੍ਰਸ਼ਾਸਕ ਗੋਪਾਲ ਰਾਓ ਖ਼ਿਲਾਫ਼ ਅਪਰਾਧਿਕ ਸ਼ਿਕਾਇਤ ਦਰਜ ਕਰਵਾਈ ਹੈ। ਸਥਾਨਕ ਵਕੀਲਾਂ ਨੇ ਇਸ ਮਾਮਲੇ ਵਿੱਚ ਹੋਰ ਸਖ਼ਤ ਕਾਰਵਾਈ ਦੀ ਮੰਗ ਕਰਦਿਆਂ ਰੋਸ ਪ੍ਰਦਰਸ਼ਨ ਵੀ ਕੀਤਾ।
ਇਸ ਤੋਂ ਪਹਿਲਾਂ ਸੋਮਵਾਰ ਨੂੰ ਫੈਜ਼ਾਬਾਦ ਬਾਰ ਐਸੋਸੀਏਸ਼ਨ ਨੇ ਮਤਾ ਪਾਸ ਕਰਕੇ ਐਲਾਨ ਕੀਤਾ ਸੀ ਕਿ ਉਸ ਦਾ ਕੋਈ ਵੀ ਮੈਂਬਰ ਰਾਮ ਮੰਦਰ ਚੜ੍ਹਾਵਾ ਗਬਨ ਮਾਮਲੇ ਵਿੱਚ ਗ੍ਰਿਫ਼ਤਾਰ ਕੀਤੇ ਗਏ ਅੱਠ ਮੁਲਜ਼ਮਾਂ ਦੀ ਪੈਰਵੀ ਨਹੀਂ ਕਰੇਗਾ। ਐਸੋਸੀਏਸ਼ਨ ਨੇ ਚਿਤਾਵਨੀ ਦਿੱਤੀ ਸੀ ਕਿ ਜੇ ਕੋਈ ਵਕੀਲ ਇਸ ਫ਼ੈਸਲੇ ਦੀ ਉਲੰਘਣਾ ਕਰੇਗਾ ਤਾਂ ਉਸ ‘ਤੇ 5 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਜਾਵੇਗਾ।
ਵਕੀਲਾਂ ਨੇ ਇਹ ਵੀ ਮੰਗ ਕੀਤੀ ਹੈ ਕਿ ਚੰਪਤ ਰਾਏ, ਅਨਿਲ ਮਿਸ਼ਰਾ ਅਤੇ ਗੋਪਾਲ ਰਾਓ, ਜਿਨ੍ਹਾਂ ਦੇ ਨਾਮ ਐੱਫਆਈਆਰ ਵਿੱਚ ਨਹੀਂ ਹਨ ਪਰ ਜੋ ਮੰਦਰ ਦੇ ਪ੍ਰਬੰਧਨ ਨਾਲ ਜੁੜੇ ਹੋਏ ਹਨ, ਉਹ ਤਿੰਨ ਦਿਨਾਂ ਦੇ ਅੰਦਰ ਅਯੁੱਧਿਆ ਛੱਡਣ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇ ਅਜਿਹਾ ਨਾ ਕੀਤਾ ਗਿਆ ਤਾਂ ਅਯੁੱਧਿਆ ਸ਼ਹਿਰ ਨੂੰ ਬੰਦ ਕਰ ਦਿੱਤਾ ਜਾਵੇਗਾ।
ਜ਼ਿਕਰਯੋਗ ਹੈ ਕਿ ਰਾਮ ਮੰਦਰ ਵਿੱਚ ਚੜ੍ਹਾਵੇ ਵਜੋਂ ਮਿਲੀ ਨਕਦੀ ਅਤੇ ਕੀਮਤੀ ਸਮਾਨ ਦੀ ਗਿਣਤੀ ਨਾਲ ਜੁੜੇ ਅੱਠ ਮੁਲਜ਼ਮਾਂ ਅਵਿਨਾਸ਼ ਸ਼ੁਕਲਾ, ਅਨੁਕਲਪ ਮਿਸ਼ਰਾ, ਲਵ ਕੁਸ਼ ਮਿਸ਼ਰਾ, ਮਨੀਸ਼ ਕੁਮਾਰ ਯਾਦਵ, ਕਰੁਣੇਸ਼ ਪਾਂਡੇ, ਰਾਮ ਸ਼ੰਕਰ ਮਿਸ਼ਰਾ, ਸੁਭਾਸ਼ ਸ਼੍ਰੀਵਾਸਤਵ ਅਤੇ ਰਾਮਾਸ਼ੰਕਰ ਉਰਫ਼ ਟੀਨੂ ਯਾਦਵ ਨੂੰ ਉੱਤਰ ਪ੍ਰਦੇਸ਼ ਸਰਕਾਰ ਵੱਲੋਂ ਗਠਿਤ ਐਸਆਈਟੀ ਦੀ ਮੁੱਢਲੀ ਜਾਂਚ ਰਿਪੋਰਟ ਦੇ ਆਧਾਰ ‘ਤੇ ਐੱਫਆਈਆਰ ਦਰਜ ਹੋਣ ਤੋਂ ਬਾਅਦ ਗ੍ਰਿਫ਼ਤਾਰ ਕੀਤਾ ਗਿਆ ਸੀ।
Punjab Spectrum