Punjab Congress:
ਚਰਨਜੀਤ ਚੰਨੀ ਤੇ ਸੁਖਜਿੰਦਰ ਰੰਧਾਵਾ ਹੋਏ ਨਾਰਾਜ਼!
ਕਾਂਗਰਸ ਦੇ ਕਈ ਸੀਨੀਅਰ ਆਗੂਆਂ ਨੇ ਨਹੀਂ ਪਾਈ ਕੋਈ ਧੰਨਵਾਦੀ ਪੋਸਟ
Punjab Congress: ਕਾਂਗਰਸ ਹਾਈਕਮਾਂਡ ਵੱਲੋਂ ਆਗਾਮੀ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਤਿਆਰ ਕੀਤੇ ‘ਪੰਜਾਬ ਫ਼ਾਰਮੂਲੇ’ ਤੋਂ ਬਹੁਤੇ ਆਗੂ ਨਾਖ਼ੁਸ਼ ਜਾਪਦੇ ਹਨ। ਹਾਈਕਮਾਂਡ ਨੇ ਲੰਘੇ ਕੱਲ੍ਹ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਤੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੂੰ ਬਰਕਰਾਰ ਰੱਖਿਆ ਹੈ ਜਦੋਂ ਕਿ ਚਾਰ ਨਵੀਆਂ ਕਮੇਟੀਆਂ ਦਾ ਗਠਨ ਕਰਕੇ ਸਭ ਨੂੰ ਖ਼ੁਸ਼ ਕਰਨ ਦਾ ਯਤਨ ਕੀਤਾ ਹੈ। ਪੰਜਾਬ ਕਾਂਗਰਸ ’ਚ ਹਾਈਕਮਾਂਡ ਦੀ ਨਵੀਂ ਸੂਚੀ ਜਾਰੀ ਹੋਣ ਮਗਰੋਂ ਖ਼ਾਮੋਸ਼ੀ ਬਣੀ ਹੋਈ ਹੈ।
ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਚੋਣ ਪ੍ਰਚਾਰ ਕਮੇਟੀ ਦਾ ਚੇਅਰਮੈਨ ਥਾਪਿਆ ਗਿਆ ਹੈ ਪ੍ਰੰਤੂ ਉਹ ਪੰਜਾਬ ਕਾਂਗਰਸ ਦੀ ਪ੍ਰਧਾਨਗੀ ਦੇ ਦਾਅਵੇਦਾਰ ਸਨ। ਪ੍ਰਧਾਨਗੀ ਦੀ ਕਤਾਰ ’ਚ ਹੀ ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਸਨ। ਚਰਨਜੀਤ ਚੰਨੀ ਤੇ ਸੁਖਜਿੰਦਰ ਸਿੰਘ ਰੰਧਾਵਾ ਨੇ ਆਪਣੇ ‘ਐਕਸ’ ਖਾਤਿਆਂ ’ਤੇ ਹਾਲੇ ਤੱਕ ਨਵੀਂ ਨਿਯੁਕਤੀ ਮਗਰੋਂ ਕਾਂਗਰਸ ਹਾਈਕਮਾਂਡ ਦਾ ਧੰਨਵਾਦ ਕਰਨ ਲਈ ਕੋਈ ਪੋਸਟ ਸਾਂਝੀ ਨਹੀਂ ਕੀਤੀ
ਸੁਖਜਿੰਦਰ ਸਿੰਘ ਰੰਧਾਵਾ ਨੇ ਸਚਿਨ ਪਾਇਲਟ ਨਵੀਂ ਸੂਚੀ ਵਾਲੀ ਲਿਸਟ ਨੂੰ ਰੀਟਵੀਟ ਜ਼ਰੂਰ ਕੀਤਾ ਹੈ। ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਨਵੀਂ ਸੂਚੀ ਆਉਣ ਮਗਰੋਂ ਸਭ ਤੋਂ ਪਹਿਲਾਂ ਕਾਂਗਰਸ ਹਾਈਕਮਾਂਡ ਦਾ ਧੰਨਵਾਦ ਕੀਤਾ ਸੀ। ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਦੇ ਐਕਸ ਖਾਤੇ ’ਤੇ ਵੀ ਹਾਈਕਮਾਂਡ ਨੂੰ ਮੁਖ਼ਾਤਬ ਕੋਈ ਧੰਨਵਾਦੀ ਪੋਸਟ ਨਜ਼ਰ ਨਹੀਂ ਆਈ।
ਇਸੇ ਤਰ੍ਹਾਂ ਸਾਬਕਾ ਮੰਤਰੀ ਪਰਗਟ ਸਿੰਘ ਜੋ ਪ੍ਰਧਾਨਗੀ ਦੇ ਦਾਅਵੇਦਾਰ ਸਨ, ਨੇ ਵੀ ਅਜਿਹੀ ਕੋਈ ਪੋਸਟ ਸਾਂਝੀ ਨਹੀਂ ਕੀਤੀ। ਪੰਜਾਬ ਕਾਂਗਰਸ ਦੇ ਸੀਨੀਅਰ ਨੇਤਾਵਾਂ ਵੱਲੋਂ ਹਾਈਕਮਾਂਡ ਵੱਲੋਂ ਦਿੱਤੀ ਨਵੀਂ ਜ਼ਿੰਮੇਵਾਰੀ ਮਗਰੋਂ ਸੋਸ਼ਲ ਮੀਡੀਆ ’ਤੇ ਕੋਈ ਧੰਨਵਾਦੀ ਪੋਸਟ ਨਾ ਸਾਂਝੀ ਕਰਨਾ, ਪੰਜਾਬ ਕਾਂਗਰਸ ’ਚ ਤੂਫ਼ਾਨ ਤੋਂ ਪਹਿਲਾਂ ਵਾਲੀ ਸ਼ਾਂਤੀ ਵਾਂਗ ਜਾਪਦਾ ਹੈ।
ਇੰਝ ਜਾਪਦਾ ਹੈ ਕਿ ਉਪਰੋਕਤ ਆਗੂਆਂ ਦੀ ਪਸੰਦਗੀ ਵਾਲਾ ਕਦਮ ਹਾਈਕਮਾਂਡ ਵੱਲੋਂ ਨਹੀਂ ਚੁੱਕਿਆ ਗਿਆ। ਪਤਾ ਲੱਗਿਆ ਹੈ ਕਿ ਦੋ ਸੀਨੀਅਰ ਆਗੂਆਂ ਦੇ ਸ਼ੁੱਭਚਿੰਤਕ ਅੰਦਰੋਂ ਅੰਦਰੀਂ ਕਾਫ਼ੀ ਖ਼ਫ਼ਾ ਹਨ। ਮੁੱਢਲੇ ਪੜਾਅ ’ਤੇ ਕਾਂਗਰਸ ਦਾ ਪੁਨਰਗਠਨ ਹੋਣ ਮਗਰੋਂ ਵੀ ਅੰਦਰੂਨੀ ਧੜੇਬੰਦੀ ਕੋਈ ਘਟੀ ਨਹੀਂ ਹੈ।
Punjab Spectrum