Canada – ਸਰੀ ‘ਚ ਵੱਡੇ ਬੰਦੇ ਨੂੰ ਮਾਰਨ ਦੀ ਕੋਸ਼ਿਸ਼ ਅਸਫਲ ਹੋਈ
ਸਰੀ ਦੇ ਕਲੋਵਰਡੇਲ ਇਲਾਕੇ ਵਿੱਚ ਅੱਜ ਚੱਲੀਆਂ ਗੋਲੀਆਂ ਬਾਰੇ ਏਨਾ ਹੀ ਪਤਾ ਲੱਗਾ ਹੈ ਕਿ ਕਿਸੇ ਵੱਡੀ ਗੈਂਗ ਨਾਲ ਸਬੰਧਤ ਕੋਈ ਨਾਮਵਰ ਵਿਅਕਤੀ ਨਿਸ਼ਾਨੇ ‘ਤੇ ਹੋ ਸਕਦਾ ਸੀ, ਜਿਸਦਾ ਖੁਸ਼ਕਿਸਮਤੀ ਨਾਲ ਬਚਾਅ ਹੋ ਗਿਆ।
ਇਹ ਵਾਰਦਾਤ ਸਿਖਰ ਦੁਪਹਿਰੇ 2:24 ਵਜੇ 58 ਐਵੇਨਿਊ ਅਤੇ 176 ਸਟਰੀਟ ਲਾਗੇ ਵਾਪਰੀ।
2:47 ਵਜੇ ਸਰੀ ਪੁਲਿਸ ਨੂੰ ਇੱਕ ਸਾੜੀ ਜਾ ਰਹੀ ਗੱਡੀ 20 ਐਵੇਨਿਊ ਅਤੇ 174 ਸਟਰੀਟ ਕੋਲੋਂ ਮਿਲੀ। ਅਕਸਰ ਇਹ ਕੰਮ ਬੰਦਾ ਮਾਰਨ ਪਿੱਛੋਂ ਕੀਤਾ ਜਾਂਦਾ।
-ਗਰੇਟਰ ਵੈਨਕੂਵਰ ‘ਚ ਪੰਜਾਬੀ ਗੈਂਗਸਟਰਾਂ ਦੀ ਖੂਨੀ ਜੰਗ ਮੁੜ ਭਖੀ-
*ਫਰਵਰੀ 1994 ਤੋਂ ਕੱਲ੍ਹ ਤੱਕ ਦਾ ਲੇਖਾ-ਜੋਖਾ*
ਗਰੇਟਰ ਵੈਨਕੂਵਰ ‘ਚ ਜਿੰਮੀ ਦੁਸਾਂਝ ਦੇ ਫਰਵਰੀ 1994 ‘ਚ ਹੋਏ ਕਤਲ ਤੋਂ ਲੈ ਕੇ ਪਿਛਲੇ ਹਫਤੇ ਸਰੀ ‘ਚ ਹੋਏ ਦੋ ਗਭਰੇਟਾਂ ਦੇ ਕਤਲ ਤੱਕ ਸਥਾਨਕ ਗੈਂਗ ਹਿੰਸਾ ‘ਚ 300 ਤੋਂ ਵੱਧ ਪੰਜਾਬੀ ਮੁੰਡੇ ਜਾਨਾਂ ਗਵਾ ਚੁੱਕੇ ਹਨ। ਇਹ ਆਪਸੀ ਗੈਂਗਵਾਰ ਕਦੇ ਰੁਕ ਜਾਂਦੀ ਹੈ ਤੇ ਕਦੇ ਫਿਰ ਗਰਮਾ ਜਾਂਦੀ ਹੈ। ਸੋਮਾਲੀਅਨ ਮੁੰਡੇ ਨਸੀਮ ਮੁਹੰਮਦ ਦੇ ਕਤਲ ਤੋਂ ਬਾਅਦ ਹੁਣ ਇਹ ਮੁੜ ਗਰਮਾ ਗਈ ਹੈ।
ਇਹ ਫਿਰੌਤੀਆਂ ਵਾਲੇ ਭਾਰਤੀ ਗੈਂਗਾਂ ਨਾਲੋਂ ਬਿਲਕੁਲ ਵੱਖਰਾ ਮਾਮਲਾ ਹੈ। ਕੁਝ ਮਾਮਲਿਆਂ ‘ਚ ਇਹ ਸਥਾਨਕ ਗੈਂਗ ਤੇ ਭਾਰਤੀ ਗੈਂਗ ਕਿਸੇ ਵੱਡੇ ਕਤਲ ਲਈ ਰਲ਼ ਜਾਂਦੇ ਹਨ ਪਰ ਜ਼ਿਆਦਾਤਰ ਆਪੋ-ਆਪਣਾ ਕੰਮ ਕਰਦੇ ਹਨ।
ਭਾਰਤੀ ਗੈਂਗਾਂ ਦਾ ਮੁੱਖ ਨਿਸ਼ਾਨਾ ਫਿਰੌਤੀ ਰਾਹੀਂ ਪੈਸੇ ਇਕੱਠੇ ਕਰਨਾ ਹੈ, ਜਦਕਿ ਸਥਾਨਕ ਗੈਂਗ ਮੁੱਖ ਤੌਰ ‘ਤੇ ਨਸ਼ੇ ਦੀ ਤਸਕਰੀ/ਵਿੱਕਰੀ ਅਤੇ ਸੁਪਾਰੀ ਲੈ ਕੇ ਮਾਰਨ ਦਾ ਕੰਮ ਕਰਦੇ ਹਨ।
ਆਓ! ਇਸ ਦੇ ਕਾਰਨਾਂ ਬਾਰੇ ਤੁਹਾਨੂੰ ਕੁਝ ਵਾਕਫੀਅਤ ਕਰਾਉਂਦਾ ਹਾਂ।
ਫਰਵਰੀ 1994 ‘ਚ ਜਿੰਮੀ ਦੁਸਾਂਝ ਦੇ ਮਾਰੇ ਜਾਣ ਤੋਂ ਬਾਅਦ, ਉਸਦਾ ਭਰਾ ਰੌਨ ਦੁਸਾਂਝ ਮਾਰਿਆ ਗਿਆ। ਦੋਵਾਂ ਕਤਲਾਂ ਦਾ ਸ਼ੱਕ ਬਿੰਦੀ ਜੌਹਲ ‘ਤੇ ਕੀਤਾ ਜਾਂਦਾ ਹੈ। ਫਿਰ ਬਿੰਦੀ ਜੌਹਲ ਵੱਡਾ ਨਾਮ ਬਣ ਗਿਆ ਸੀ, ਪਰ ਬਿੰਦੀ ਜੌਹਲ ਦੇ ਖਾਤਮੇ ਤੋਂ ਬਾਅਦ ਪੰਜਾਬੀ ਮੁੰਡੇ ਆਪਸ ‘ਚ ਧੜੇ ਬਣਾ-ਬਣਾ ਭਿੜਦੇ ਚਲੇ ਆ ਰਹੇ ਹਨ, ਜਿਵੇਂ ਕੰਮ ਸਿੱਖਣ ਤੋਂ ਬਾਅਦ ਪੰਜਾਬੀ ਆਪੋ-ਆਪਣੀ ਕੰਪਨੀ ਖੋਲ੍ਹ ਲੈਂਦੇ ਹਨ।
ਜਿਹੜੇ ਪ੍ਰਮੁੱਖ ਧੜੇ ਰਹੇ ਹਨ ਜਾਂ ਹਨ, ਜਿਨ੍ਹਾਂ ‘ਚ ਪੰਜਾਬੀ ਮੁੰਡਿਆਂ ਦੀ ਸ਼ਮੂਲੀਅਤ ਰਹੀ ਹੈ, ਉਨ੍ਹਾਂ ਵਿੱਚ ਪ੍ਰਮੁੱਖ ਨਾਮ ਇਹ ਰਹੇ ਹਨ:
-ਦੁਸਾਂਝ ਬ੍ਰਦਰਜ਼
-ਬੁੱਟਰ ਬ੍ਰਦਰਜ਼
-ਢੱਕ-ਦੂਹੜੇ
-ਦਿਓ ਬ੍ਰਦਰਜ਼
-ਕੰਗ ਬ੍ਰਦਰਜ਼
-ਵੌਲਫ ਪੈਕ (ਹੈਲਜ਼ ਏਂਜਲਜ਼, ਰੈੱਡ ਸਕੌਰਪੀਅਨ, ਇੰਡੀਪੈਂਡਟ ਸੋਲਜਰ ਦਾ ਗੱਠਜੋੜ)
-ਯੂਐਨ ਗੈਂਗ
-ਬ੍ਰਦਰਜ਼ ਕੀਪਰਜ਼
-ਸਿੱਧੂ-ਸੰਧੂ ਗੈਂਗ
-ਬੀਬੋ ਗੈਂਗ (ਬਲੱਡ ਇਨ ਬਲੱਡ ਆਊਟ) ਆਦਿ ਇੱਕ ਦੂਜੇ ‘ਤੇ ਖੂਨੀ ਹਮਲਿਆਂ ‘ਚ ਸ਼ਾਮਲ ਹਨ।
-ਧਾਲੀਵਾਲ ਬ੍ਰਦਰਜ਼
-ਗਰੇਵਾਲ ਬ੍ਰਦਰਜ਼
-ਸਮਰਾ ਬ੍ਰਦਰਜ਼
-ਗਿੱਲ ਬ੍ਰਦਰਜ਼
-ਕਾਲਕਟ ਬ੍ਰਦਰਜ਼
ਇਹ ਸਾਰੇ ਇੱਕ-ਦੂਜੇ ਨੂੰ ਮਾਰਦੇ ਆ ਰਹੇ ਹਨ। ਹੋ ਸਕਦਾ ਕੁਝ ਨਾਮ ਭੁੱਲ ਗਏ ਹੋਣ।
+++++++++++++
ਸਰੀ ਦੇ ਕਲੋਵਰਡੇਲ ਇਲਾਕੇ ਵਿੱਚ ਕੱਲ੍ਹ ਦੁਪਹਿਰੇ 2:24 ਵਜੇ 58 ਐਵੇਨਿਊ ਅਤੇ 176 ਸਟਰੀਟ ਲਾਗੇ ਚੱਲੀਆਂ ਗੋਲੀਆਂ ਬਾਰੇ ਏਨਾ ਹੀ ਪਤਾ ਲੱਗਾ ਹੈ ਕਿ ਨਿਸ਼ਾਨਾ ਹੈੱਲਜ਼ ਏਂਜਲਜ਼ ਦੇ ਹੈਨੀ ਪੈਚ ਦਾ ਸਾਬਕਾ ਮੁਖੀ ਜਸਵਿੰਦਰ ਬਾਸੀ ਸੀ, ਜੋ ਹੁਣ ਕਿਊਬੈੱਕ-ਓਂਟਾਰੀਓ ਦੇ ਵੱਡੇ ਗੈਂਗ (ਨੋਮੈਡਜ਼) ਨਾਲ ਹੈ। ਉਸਦਾ ਖੁਸ਼ਕਿਸਮਤੀ ਨਾਲ ਬਚਾਅ ਹੋ ਗਿਆ।
ਵੀਹ ਮਿੰਟ ਬਾਅਦ ਸਰੀ ਪੁਲਿਸ ਨੂੰ ਇੱਕ ਸਾੜੀ ਜਾ ਰਹੀ ਗੱਡੀ 20 ਐਵੇਨਿਊ ਅਤੇ 174 ਸਟਰੀਟ ਕੋਲੋਂ ਮਿਲੀ। ਅਕਸਰ ਇਹ ਕੰਮ ਬੰਦਾ ਮਾਰਨ ਪਿੱਛੋਂ ਕੀਤਾ ਜਾਂਦਾ।
ਇੱਡੇ ਵੱਡੇ ਬੰਦੇ ਦੇ ਟਿਕਾਣੇ ‘ਤੇ ਪੁੱਜ ਕੇ ਦਿਨ-ਦਿਹਾੜੇ ਸਿੱਧਾ ਹਮਲਾ ਕਰ ਦੇਣਾ ਤੇ ਉਸਦਾ ਬਚ ਜਾਣਾ, ਦੱਸਦਾ ਹੈ ਕਿ ਆਉਣ ਵਾਲੇ ਦਿਨਾਂ ‘ਚ ਮਾਰ-ਮਰੱਈਆ ਹੋਰ ਵਧ ਸਕਦਾ ਹੈ।
ਦੱਸਣਯੋਗ ਹੈ ਕਿ ਹੈੱਲਜ਼ ਏਂਜਲਜ਼ ਦਾ ਪਸਾਰਾ ਪੂਰੀ ਦੁਨੀਆਂ ‘ਚ ਹੈ, ਇਹ ਗੈਰ-ਗੋਰਿਆਂ ਨੂੰ ਪੈਚ ਜਾਣੀਕਿ ਮੈਂਬਰਸ਼ਿਪ ਨਹੀਂ ਸਨ ਦਿੰਦੇ, ਪੈਚ ਦਾ ਮੁਖੀ ਬਣਾਉਣਾ ਤਾਂ ਦੂਰ ਦੀ ਗੱਲ। ਪਰ ਸ਼ਮਿੰਦਰ ਗਰੇਵਾਲ ਤੇ ਜਸਵਿੰਦਰ ਬਾਸੀ ਨੂੰ ਇਹ ਅਹੁਦੇ ਦਿੱਤੇ ਗਏ। ਦੋ ਅੱਡ ਅੱਡ ਚੈਪਟਰ (ਬਰਾਂਚਾਂ) ਦਾ ਕੰਮ ਸੌਂਪਿਆ ਗਿਆ।
2 ਅਗਸਤ 2019 ਨੂੰ ਸ਼ਮਿੰਦਰ ਗਰੇਵਾਲ (Allie) ਨੂੰ ਸਾਊਥ ਸਰੀ ‘ਚ ਸਵੇਰੇ ਹੀ ਮਾਰ ਦਿੱਤਾ ਗਿਆ ਸੀ, ਜਦੋਂ ਉਹ ਆਪਣੀ ਗੱਡੀ ‘ਚ ਸਟਾਰਬਕਸ ਦੇ ਡਰਾਈਵ ਥਰੂ ‘ਚ ਸੀ ਤੇ ਹੁਣ ਕੱਲ੍ਹ ਜਸਵਿੰਦਰ ਬਾਸੀ ‘ਤੇ ਹਮਲਾ ਹੋਇਆ ਹੈ।
100 ਤੋਂ ਉੱਪਰ ਪੰਜਾਬੀ ਮੁੰਡੇ ਹੱਥੀਂ ਮਾਰਨ ਵਾਲੇ ਸ਼ਾਰਪ-ਸ਼ੂਟਰ ਨਸੀਮ ਮੁਹੰਮਦ ਨੂੰ ਸਰੀ ਦੇ ਪੈਨੋਰਾਮਾ ਰਿੱਜ ਇਲਾਕੇ ‘ਚ 12 ਜਨਵਰੀ 2026 ਨੂੰ ਮਾਰ ਦੇਣ ਤੋਂ ਬਾਅਦ ਘਰ ਨੂੰ ਹੀ ਅੱਗ ਲਾ ਦਿੱਤੀ ਗਈ ਸੀ। ਇਸਦੇ ਮਾਰੇ ਜਾਣ ਤੋਂ ਬਾਅਦ ਇਹ ਗੈਂਗਵਾਰ ਤੇਜ਼ ਹੋ ਗਈ ਹੈ, ਜਿਸ ਵਿੱਚ ਵੌਲਫ ਪੈਕ (ਹੈੱਲਜ਼ ਏਂਜਲਜ਼, ਰੈੱਡ ਸਕੌਰਪੀਅਨ, ਇੰਡੀਪੈਂਡਟ ਸੋਲਜਰ ਹਨ), ਤੇ ਦੂਜੇ ਗੈਂਗ ਯੂਐਨ, ਬ੍ਰਦਰਜ਼ ਕੀਪਰਜ਼, ਬੀਬੋ (ਬਲੱਡ ਇਨ ਬਲੱਡ ਆਊਟ) ਆਦਿ ਇੱਕ ਦੂਜੇ ‘ਤੇ ਖੂਨੀ ਹਮਲਿਆਂ ‘ਚ ਸ਼ਾਮਲ ਜਾਪਦੇ ਹਨ।
12 ਜਨਵਰੀ 2026 ਨੂੰ ਨਸੀਮ ਮੁਹੰਮਦ ਤੋਂ ਮਾਰੇ ਜਾਣ ਤੋਂ ਕੁਝ ਦਿਨਾਂ ਬਾਅਦ ਜਸਮਨ ਸੇਖੋਂ ਨੂੰ ਸਰੀ ਦੇ ਟਾਊਨ-ਹਾਊਸ ਕੰਪਲੈਕਸ ‘ਚ ਮਾਰਿਆ ਗਿਆ।
ਫਿਰ ਕੁਝ ਦਿਨਾਂ ਬਾਅਦ ਰਾਜਨ ਮਾਨ (ਰਿੰਗੋ) ਨੂੰ 148/66 ਲਾਗੇ ਇੱਕ ਘਰ ਦੇ ਡਰਾਈਵੇਅ ‘ਚ ਮਗਰ ਗੱਡੀ ਲਾ ਕੇ ਮਾਰਿਆ ਗਿਆ। ਉਸਤੋਂ ਕੁਝ ਦਿਨ ਬਾਅਦ ਫਿਰ ਸ਼ਾਨ ਸਿੱਧੂ ਤੇ ਰਵਿੰਦਰ ਧਾਮੀ ਜਾਨ ਗਵਾ ਚੁੱਕੇ ਹਨ।
…ਤੇ ਹੁਣ ਕੱਲ੍ਹ ਜਸਵਿੰਦਰ ਬਾਸੀ ‘ਤੇ ਜਾਨਲੇਵਾ ਹਮਲੇ ਤੋਂ ਲਗਦਾ ਹੈ ਕਿ ਹੁਣ ਕੁਝ ਹੋਰ ਵੱਡਾ ਹੋ ਸਕਦਾ ਹੈ। ਲਗਦਾ ਹੈ ਕਿ ਇਹ ਗੈਂਗਵਾਰ ਚਲਦੀ ਰਹੇਗੀ, ਪੰਜਾਬੀ ਮੁੰਡੇ ਮਰਦੇ ਰਹਿਣਗੇ। ਕਈ ਇਧਰ-ਉਧਰ ਹੋ ਜਾਣਗੇ, ਫਿਰ ਵਿਰੋਧੀ ਗੈਂਗ ਊਨ੍ਹਾਂ ਦੇ ਛੋਟੇ ਸਾਥੀਆਂ ਨੂੰ ਮਾਰਨ ਲਈ ਲੱਭੇਗਾ।
1994 ਤੋਂ ਇਹੀ ਚੱਲ ਰਿਹਾ ਹੈ।1997 ਤੋਂ ਮੀਡੀਏ ‘ਚ ਕੰਮ ਕਰ ਰਿਹਾਂ, ਇਹੀ ਕੁਝ ਕਵਰ ਕਰਦਾ ਆ ਰਿਹਾਂ, ਜਿਹੜੇ ਮੁੰਡੇ ਆਪਣੇ ਸਾਥੀ ਦੀ ਮੌਤ ਲਈ ਸ਼ੋਕ ਸਮਾਚਾਰ ਤੇ ਫੋਟੋ ਦੇਣ ਆਉਂਦੇ ਸਨ, ਕੁਝ ਹਫਤਿਆਂ-ਮਹੀਨਿਆਂ ਬਾਅਦ ਊਨ੍ਹਾਂ ਦੀ ਮੌਤ ਦਾ ਸ਼ੋਕ ਸਮਾਚਾਰ ਕੋਈ ਹੋਰ ਦੇਣ ਆ ਜਾਂਦਾ ਸੀ। ਕੁਝ ਹੀ ਖੁਸ਼ਕਿਸਮਤ ਸਨ, ਜੋ ਜੇਲ੍ਹ ‘ਚ ਜਾ ਕੇ ਸੁਧਰ ਗਏ।
ਇੱਕ ਵਾਰ ਪੁਲਿਸ ਦੇ ਉੱਚ ਅਫਸਰਾਂ ਨਾਲ ਮੀਟਿੰਗ ਸੀ, ਉਨ੍ਹਾਂ ਉਲਟਾ ਸਾਨੂੰ ਸਵਾਲ ਕੀਤਾ ਕਿ 99.9% ਡਰੱਗ ਦਾ ਕੰਮ ਹੋਰ ਕੌਮਾਂ ਕਰਦੀਆਂ ਹਨ, ਰੌਲੇ ਪੈਂਦੇ ਹਨ ਤਾਂ ਟੇਬਲ ‘ਤੇ ਬਹਿ ਕੇ ਲੈਣ-ਦੇਣ ਕਰਕੇ ਹੱਲ ਕਰ ਲੈਂਦੇ ਹਨ। ਮਰਦੇ-ਮਾਰਦੇ ਤੁਹਾਡੇ ਹੀ ਕਿਓਂ ਹਨ?
ਮਰਦੇ-ਮਾਰਦੇ ਤੁਹਾਡੇ ਹੀ ਕਿਓਂ ਹਨ? ਇਸੇ ਸਵਾਲ ਨਾਲ ਗੱਲ ਖਤਮ ਕਰਦਾ ਹਾਂ।
-ਗੁਰਪ੍ਰੀਤ ਸਿੰਘ ਸਹੋਤਾ । ਸਰੀ । ਚੜ੍ਹਦੀ ਕਲਾ
-ਸਰੀ ‘ਚ ਵੱਡੇ ਬੰਦੇ ਨੂੰ ਮਾਰਨ ਦੀ ਕੋਸ਼ਿਸ਼ ਅਸਫਲ ਹੋਈ
-ਇਬੋਲਾ ਵਾਇਰਸ ਲਈ ਕੈਨੇਡਾ ਦੇ ਹਵਾਈ ਅੱਡਿਆਂ ‘ਤੇ ਨਿਗਰਾਨੀ ਸ਼ੁਰੂ
-ਅਲਬਰਟਾ ਦੇ ਵੱਡੇ ਲੀਡਰ ਰਾਏਸ਼ੁਮਾਰੀ ਦੇ ਉਲਟ ਭੁਗਤਣਗੇ
-ਡਾ.ਗੁਨੀਸ਼ਾ ਕੌਰ ਅੰਤਰਰਾਸ਼ਟਰੀ ਸੰਸਥਾ ਦੀ ਕਮਿਸ਼ਨਰ ਨਿਯੁਕਤ
-ਤੁਲਸੀ ਗਬਾਰਡ ਨੂੰ ਦੇਣਾ ਪਿਆ ਅਹੁਦੇ ਤੋਂ ਅਸਤੀਫਾ
-ਆਪ ਦੇ ਸਾਬਕਾ ਸਾਥੀ ਨੇ ਰਾਜ ਸਭਾ ਟਿਕਟਾਂ ਵੇਚਣ ਦੀ ਪੁਸ਼ਟੀ ਕੀਤੀ
Punjab Spectrum