Breaking News

PM Modi – ਪੈਟਰੋਲ, ਡੀਜ਼ਲ ਅਤੇ ਗੈਸ ਦੀ ਸੰਜਮ ਨਾਲ ਵਰਤੋਂ ਕਰਨਾ ਸਮੇਂ ਦੀ ਲੋੜ

PM Modi

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਕਿਹਾ ਕਿ ਪੱਛਮੀ ਏਸ਼ੀਆ ਦੇ ਸੰਕਟ ਦੇ ਮੱਦੇਨਜ਼ਰ ਪੈਟਰੋ ਉਤਪਾਦਾਂ (ਪੈਟਰੋਲ, ਡੀਜ਼ਲ ਅਤੇ ਗੈਸ) ਦੀ ਸੰਜਮ ਨਾਲ ਵਰਤੋਂ ਕਰਨਾ ਸਮੇਂ ਦੀ ਲੋੜ ਹੈ।

ਤੇਲੰਗਾਨਾ ਵਿੱਚ 9,400 ਕਰੋੜ ਰੁਪਏ ਦੇ ਵਿਕਾਸ ਕਾਰਜਾਂ ਦਾ ਨੀਂਹ ਪੱਥਰ ਰੱਖਣ ਅਤੇ ਉਦਘਾਟਨ ਕਰਨ ਦੌਰਾਨ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਸਾਨੂੰ ਦਰਾਮਦ ਕੀਤੇ ਜਾਣ ਵਾਲੇ ਪੈਟਰੋ ਉਤਪਾਦਾਂ ਦੀ ਵਰਤੋਂ ਸਿਰਫ਼ ਲੋੜ ਪੈਣ ‘ਤੇ ਹੀ ਕਰਨੀ ਚਾਹੀਦੀ ਹੈ, ਕਿਉਂਕਿ ਇਸ ਨਾਲ ਨਾ ਸਿਰਫ ਵਿਦੇਸ਼ੀ ਮੁਦਰਾ ਦੀ ਬਚਤ ਹੋਵੇਗੀ ਸਗੋਂ ਜੰਗ ਦੇ ਮਾੜੇ ਪ੍ਰਭਾਵ ਵੀ ਘੱਟ ਹੋਣਗੇ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਪਿਛਲੇ ਕੁਝ ਸਾਲਾਂ ਦੌਰਾਨ ਭਾਰਤ ਸੂਰਜੀ ਊਰਜਾ (ਸੋਲਰ ਪਾਵਰ) ਪੈਦਾ ਕਰਨ ਵਾਲੇ ਦੁਨੀਆ ਦੇ ਮੋਹਰੀ ਦੇਸ਼ਾਂ ਵਿੱਚ ਸ਼ਾਮਲ ਹੋ ਗਿਆ ਹੈ। ਉਨ੍ਹਾਂ ਦੱਸਿਆ ਕਿ ਪਹਿਲਾਂ ਸਰਕਾਰ ਦਾ ਮੁੱਖ ਟੀਚਾ ਹਰ ਘਰ ਤੱਕ ਐੱਲ ਪੀ ਜੀ ਸਿਲੰਡਰ ਪਹੁੰਚਾਉਣਾ ਸੀ, ਪਰ ਹੁਣ ਧਿਆਨ ਸਸਤੀ ਪਾਈਪ ਵਾਲੀ ਗੈਸ ਦੀ ਸਪਲਾਈ ਵਧਾਉਣ ਵੱਲ ਹੈ। ਇਸ ਦੇ ਨਾਲ ਹੀ ਸਰਕਾਰ ਵੱਲੋਂ ਸੀ ਐੱਨ ਜੀ ਅਧਾਰਤ ਸਿਸਟਮ ਨੂੰ ਵੀ ਲਗਾਤਾਰ ਉਤਸ਼ਾਹਿਤ ਕੀਤਾ ਜਾ ਰਿਹਾ ਹੈ।

ਉਨ੍ਹਾਂ ਕਿਹਾ ਕਿ ਇਨ੍ਹਾਂ ਸਾਰੀਆਂ ਕੋਸ਼ਿਸ਼ਾਂ ਕਾਰਨ ਭਾਰਤ ਦੁਨੀਆ ਦੇ ਵੱਡੇ ਊਰਜਾ ਸੰਕਟ ਨਾਲ ਨਜਿੱਠ ਰਿਹਾ ਹੈ।

ਉਨ੍ਹਾਂ ਕਿਹਾ, “ਪਰ ਅੱਜ ਪੈਟਰੋਲ, ਗੈਸ, ਡੀਜ਼ਲ ਅਤੇ ਅਜਿਹੀਆਂ ਚੀਜ਼ਾਂ ਦੀ ਬਹੁਤ ਸੰਜਮ ਨਾਲ ਵਰਤੋਂ ਕਰਨਾ ਵੀ ਸਮੇਂ ਦੀ ਲੋੜ ਹੈ। ਸਾਨੂੰ ਦਰਾਮਦ ਕੀਤੇ ਪੈਟਰੋ ਉਤਪਾਦਾਂ ਦੀ ਵਰਤੋਂ ਸਿਰਫ ਲੋੜ ਅਨੁਸਾਰ ਹੀ ਕਰਨੀ ਪਵੇਗੀ। ਇਸ ਨਾਲ ਨਾ ਸਿਰਫ ਵਿਦੇਸ਼ੀ ਮੁਦਰਾ ਬਚੇਗੀ ਸਗੋਂ ਜੰਗ ਦੇ ਮਾੜੇ ਪ੍ਰਭਾਵ ਵੀ ਘੱਟ ਹੋਣਗੇ।”

ਮੁੱਖ ਮੰਤਰੀ ਰੇਵੰਤ ਰੈੱਡੀ ਦੀਆਂ ਟਿੱਪਣੀਆਂ ਦਾ ਹਵਾਲਾ ਦਿੰਦੇ ਹੋਏ ਕਿ ਵਿਕਾਸ ਦੇ ਕੰਮਾਂ ਵਿੱਚ ਰਾਜਨੀਤੀ ਨਹੀਂ ਹੋਣੀ ਚਾਹੀਦੀ, ਮੋਦੀ ਨੇ ਕਿਹਾ ਕਿ ਉਹ ਵੀ ਇਸ ਮੌਕੇ ਉੱਤੇ ਰਾਜਨੀਤੀ ਦੀ ਗੱਲ ਨਹੀਂ ਕਰਨਗੇ। ਤੇਲੰਗਾਨਾ ਨੂੰ ਕੇਂਦਰ ਦੇ ਸਹਿਯੋਗ ਦਾ ਭਰੋਸਾ ਦਿੰਦੇ ਹੋਏ ਉਨ੍ਹਾਂ ਨੇ ਰੈੱਡੀ ਨੂੰ ਵਿਕਾਸ ਦੀ ਯਾਤਰਾ ਵਿੱਚ ਸ਼ਾਮਲ ਹੋਣ ਲਈ ਕਿਹਾ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਲੋਕਤੰਤਰ ਵਿੱਚ ਕੇਂਦਰ ਅਤੇ ਸੂਬਿਆਂ ‘ਚ ਵੱਖ-ਵੱਖ ਪਾਰਟੀਆਂ ਦੀਆਂ ਸਰਕਾਰਾਂ ਹੋਣਾ ਕੋਈ ਗਲਤ ਗੱਲ ਨਹੀਂ ਹੈ।