Breaking News

Punjab News: ਗੁਰਦੁਆਰਾ ਅਖੰਡ ਪ੍ਰਕਾਸ਼ ਸੰਪਰਦਾਇ ਭਿੰਡਰਾਂ ਦੇ ਮੁਖੀ ਦੀ ਦਸਤਾਰਬੰਦੀ ਨੂੰ ਲੈ ਕੇ ਵਿਵਾਦ ਵਧਿਆ

Punjab News: ਗੁਰਦੁਆਰਾ ਅਖੰਡ ਪ੍ਰਕਾਸ਼ ਸੰਪਰਦਾਇ ਭਿੰਡਰਾਂ ਦੇ ਮੁਖੀ ਦੀ ਦਸਤਾਰਬੰਦੀ ਨੂੰ ਲੈ ਕੇ ਵਿਵਾਦ ਵਧਿਆ

ਦੇਰ ਰਾਤ ਕਬਜ਼ੇ ਨੂੰ ਲੈ ਕੇ ਦੋਹੇਂ ਧਿਰਾਂ ਆਪਸ ਵਿੱਚ ਭਿੜੀਆਂ; ਵੱਡੀ ਗਿਣਤੀ ਪੁਲੀਸ ਮੁਲਾਜ਼ਮ ਤਾਇਨਾਤ

ਧਰਮਕੋਟ, 30 ਮਾਰਚ

ਦਮਦਮੀ ਟਕਸਾਲ ਦੇ ਪਹਿਲੇ ਹੈਡਕੁਆਰਟਰ ਗੁਰਦੁਆਰਾ ਅਖੰਡ ਪ੍ਰਕਾਸ਼ ਸੰਪਰਦਾਇ ਭਿੰਡਰਾਂ ਦੀ ਗੱਦੀ ਅਤੇ ਪ੍ਰਬੰਧਾਂ ਨੂੰ ਹਾਸਲ ਕਰਨ ਨੂੰ ਲੈ ਕੇ ਚੱਲ ਰਿਹਾ ਵਿਵਾਦ ਹਿੰਸਕ ਰੂਪ ਧਾਰਨ ਕਰਦਾ ਜਾ ਰਿਹਾ ਹੈ। ਲੰਘੀ ਦੇਰ ਰਾਤ ਟਕਸਾਲ ਦਾ ਇੱਕ ਧੜਾ ਕਬਜ਼ਾ ਲੈਣ ਖਾਤਰ ਗੁਰਦੁਆਰੇ ਦੀ ਹਦੂਦ ਅੰਦਰ ਦਾਖਲ ਹੋ ਗਿਆ। ਰਾਤ ਨੂੰ ਗੁਰਦੁਆਰਾ ਸਾਹਿਬ ਦੀ ਪਹਿਰੇਦਾਰੀ ’ਤੇ ਤਾਇਨਾਤ ਸੇਵਾਦਾਰਾਂ ਨੇ ਜਦੋਂ ਇਸ ਦਾ ਵਿਰੋਧ ਕੀਤਾ ਤਾਂ ਉਨ੍ਹਾਂ ਨਾਲ ਕੁੱਟਮਾਰ ਕੀਤੀ ਗਈ। ਇਸ ਮੌਕੇ ਹਵਾਈ ਫਾਈਰਿੰਗ ਵੀ ਹੋਈ ਦੱਸੀ ਜਾਂਦੀ ਹੈ।

ਜਦੋਂ ਇਸ ਦਾ ਪਤਾ ਪਿੰਡ ਵਾਸੀਆਂ ਨੂੰ ਲੱਗਾ ਤਾਂ ਉਹ ਰਾਤ ਨੂੰ ਹੀ ਵੱਡੀ ਗਿਣਤੀ ਵਿੱਚ ਗੁਰਦੁਆਰਾ ਸਾਹਿਬ ਆ ਪੁੱਜੇ ਜਿਸ ਦੇ ਚਲਦਿਆਂ ਕਬਜ਼ਾ ਕਰਨ ਲਈ ਆਏ ਲੋਕ ਉੱਥੋਂ ਚਲੇ ਗਏ। ਇਸ ਕਾਰਨ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ। ਕੁੱਟਮਾਰ ਦਾ ਸ਼ਿਕਾਰ ਹੋਏ ਲਗਪਗ ਅੱਧੀ ਦਰਜਨ ਸੇਵਾਦਾਰਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਮੋਗਾ ਭਰਤੀ ਕਰਵਾਇਆ ਗਿਆ ਹੈ।

ਪ੍ਰਸ਼ਾਸਨ ਨੇ ਕਿਸੇ ਅਣਸੁਖਾਵੀਂ ਘਟਨਾ ਨੂੰ ਦੇਖਦੇ ਹੋਏ ਗੁਰਦੁਆਰਾ ਸਾਹਿਬ ਦੇ ਬਾਹਰ ਵੱਡੀ ਗਿਣਤੀ ਵਿੱਚ ਪੁਲੀਸ ਤਾਇਨਾਤ ਕਰ ਦਿੱਤੀ ਹੈ। ਚਾਰ ਸਾਲ ਪਹਿਲਾਂ ਸੰਪਰਦਾਇ ਭਿੰਡਰਾਂ ਦੇ ਮੁਖੀ ਗਿਆਨੀ ਮੋਹਨ ਸਿੰਘ ਦੇ ਅਕਾਲ ਚਲਾਣੇ ਤੋਂ ਬਾਅਦ ਗੱਦੀ ਨੂੰ ਲੈ ਕੇ ਵਿਆਦ ਸ਼ੁਰੂ ਹੋ ਗਿਆ ਸੀ। ਮਹੰਤ ਕਪੂਰ ਸਿੰਘ ਜਿਨ੍ਹਾਂ ਨੂੰ ਪਿੰਡ ਵਲੋਂ ਦਸਤਾਰ ਦਿੱਤੀ ਗਈ ਸੀ ਇਸ ਲਈ ਉਹ ਗੁਰਦੁਆਰਾ ਸਾਹਿਬ ਉੱਤੇ ਆਪਣਾ ਅਧਿਕਾਰ ਸਮਝਦੇ ਹਨ।

ਉਂਝ ਮਹੰਤ ਕਪੂਰ ਸਿੰਘ ਗਿਆਨੀ ਗੁਰਬਚਨ ਸਿੰਘ ਦੇ ਅਸਥਾਨ ਟਕਸਾਲ ਬੋਪਾਰਾਏ ਵਿਖੇ ਲੰਬੇ ਸਮੇਂ ਤੋਂ ਰਹਿ ਰਹੇ ਹਨ ਅਤੇ ਉੱਥੇ ਪ੍ਰਬੰਧ ਦੇਖਦੇ ਹਨ। ਦੱਸਿਆ ਜਾਂਦਾ ਹੈ ਕਿ ਮਹੰਤ ਕਪੂਰ ਸਿੰਘ ਦੀ ਇੱਥੇ ਹਾਜ਼ਰੀ ਵੀ ਨਾਂਹ ਦੇ ਬਰਾਬਰ ਹੈ। ਦੂਸਰੇ ਪਾਸੇ ਗਿਆਨੀ ਮੋਹਨ ਸਿੰਘ ਵਲੋਂ ਸਾਲ 1999 ਵਿੱਚ ਇਕ ਲਿਖਤੀ ਡੀਡੀ ਵਿਚ ਪੰਚ ਪ੍ਰਧਾਨੀ ਖਾਲਸਾ ਸੇਵਕ ਜਥਾ ਕਾਇਮ ਕਰਕੇ ਆਪਣੇ ਤੋਂ ਬਾਅਦ ਗੁਰਦੁਆਰਾ ਸਾਹਿਬ ਦੀ ਦੇਖਰੇਖ ਲਈ ਅਧਿਕਾਰਤ ਕੀਤਾ ਹੋਇਆ ਹੈ। ਲੰਬੇ ਸਮੇਂ ਤੋਂ ਪੰਚ ਪ੍ਰਧਾਨੀ ਜਥਾ ਗੁਰਦੁਆਰਾ ਸਾਹਿਬ ਦੇ ਪ੍ਰਬੰਧ ਚਲਾ ਰਿਹਾ ਹੈ। ਇਸੇ ਸਾਲ ਹੀ 7 ਜਨਵਰੀ ਨੂੰ ਵੀ ਦੋਹਾਂ ਧਿਰਾਂ ਵਿਚਾਲੇ ਵਿਵਾਦ ਖੜ੍ਹਾ ਹੋਇਆ ਸੀ।