Punjab ਦੇ AG ਮਨਿੰਦਰਜੀਤ ਬੇਦੀ ਨੂੰ ਬਿਸ਼ਨੋਈ ਗੈਂਗ ਤੋਂ ਮਿਲੀਆਂ ਜਾਨੋਂ ਮਾਰਨ ਦੀਆਂ ਧਮਕੀਆਂ .
ਪੰਜਾਬ ਦੇ ਐਡਵੋਕੇਟ ਜਨਰਲ (ਏ ਜੀ) ਮਨਿੰਦਰਜੀਤ ਸਿੰਘ ਬੇਦੀ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲੀਆਂ ਹਨ। ਇਹ ਧਮਕੀਆਂ ਸੂਬਾ ਸਰਕਾਰ ਵੱਲੋਂ ਗੈਂਗਸਟਰ ਸੱਭਿਆਚਾਰ ਨੂੰ ਉਤਸ਼ਾਹਿਤ ਕਰਨ ਵਾਲੀ ਸਮੱਗਰੀ ਖ਼ਿਲਾਫ਼ ਕੀਤੀ ਗਈ ਸਖ਼ਤੀ ਤੋਂ ਬਾਅਦ ਆਈਆਂ ਹਨ, ਜਿਸ ਵਿੱਚ ਗੈਂਗਸਟਰ ਲਾਰੈਂਸ ਬਿਸ਼ਨੋਈ ਉੱਤੇ ਕਥਿਤ ਤੌਰ ‘ਤੇ ਆਧਾਰਿਤ ਵੈੱਬ ਸੀਰੀਜ਼ ‘ਲਾਰੈਂਸ ਆਫ ਪੰਜਾਬ’ ਦੇ ਟ੍ਰੇਲਰ ਨੂੰ ਬਲਾਕ ਕਰਨਾ ਵੀ ਸ਼ਾਮਲ ਹੈ।
ਬਿਸ਼ਨੋਈ ਇਸ ਸਮੇਂ ਕਤਲ, ਫਿਰੌਤੀ ਅਤੇ ਨਸ਼ਾ ਤਸਕਰੀ ਦੇ ਕਈ ਮਾਮਲਿਆਂ ਵਿੱਚ ਅਹਿਮਦਾਬਾਦ ਦੀ ਉੱਚ ਸੁਰੱਖਿਆ ਵਾਲੀ ਸਾਬਰਮਤੀ ਕੇਂਦਰੀ ਜੇਲ੍ਹ ਵਿੱਚ ਬੰਦ ਹੈ।

ਪੁਲੀਸ ਅਧਿਕਾਰੀਆਂ ਨੇ ਜਾਣਕਾਰੀ ਦਿੱਤੀ ਹੈ ਕਿ ਐਡਵੋਕੇਟ ਜਨਰਲ ਬੇਦੀ ਨੂੰ ਦੋ ਵਾਰ ਧਮਕੀ ਭਰੇ ਸੰਦੇਸ਼ ਮਿਲੇ ਹਨ, ਜਿਨ੍ਹਾਂ ਵਿੱਚੋਂ ਇੱਕ ਕੁਝ ਸਮਾਂ ਪਹਿਲਾਂ ਅਤੇ ਦੂਜਾ ਹਾਲ ਹੀ ਵਿੱਚ ਪ੍ਰਾਪਤ ਹੋਇਆ ਹੈ। ਗੈਂਗਸਟਰਾਂ ਖਿਲਾਫ ਚੱਲ ਰਹੀ ਸਖ਼ਤ ਕਾਰਵਾਈ ਦੇ ਦੌਰਾਨ ਇਨ੍ਹਾਂ ਧਮਕੀਆਂ ਨੇ ਉਨ੍ਹਾਂ ਦੀ ਸੁਰੱਖਿਆ ਨੂੰ ਲੈ ਕੇ ਚਿੰਤਾ ਹੋਰ ਵਧਾ ਦਿੱਤੀ ਹੈ।
ਇਸ ਤੋਂ ਪਹਿਲਾਂ, ਕੇਂਦਰ ਨੇ ZEE5 ਨੂੰ “ਲਾਰੈਂਸ ਆਫ ਪੰਜਾਬ” ਦੇ ਟ੍ਰੇਲਰ ਨੂੰ ਹਟਾਉਣ ਜਾਂ ਉਸ ਤੱਕ ਪਹੁੰਚ ਨੂੰ ਬਲਾਕ ਕਰਨ ਲਈ ਕਿਹਾ ਸੀ, ਸਰਕਾਰ ਦਾ ਮੰਨਣਾ ਹੈ ਕਿ ਇਸ ਵੈੱਬ ਸੀਰੀਜ਼ ’ਚ ਅਪਰਾਧ ਨੂੰ ਵਡਿਆਇਆ ਗਿਆ ਹੈ, ਜਿਸ ਦਾ ਸਮਾਜ ’ਤੇ ਮਾੜਾ ਅਸਰ ਪਵੇਗਾ। ਅਧਿਕਾਰੀਆਂ ਨੇ ਚਿਤਾਵਨੀ ਦਿੱਤੀ ਸੀ ਕਿ ਅਜਿਹੀ ਸਮੱਗਰੀ ਨੌਜਵਾਨਾਂ ਨੂੰ ਗਲਤ ਰਾਹੇ ਪਾ ਸਕਦੀ ਹੈ ਅਤੇ ਅਪਰਾਧਿਕ ਨੈੱਟਵਰਕਾਂ ਨੂੰ ਵਧਾਉਣ ਵਿੱਚ ਮਦਦ ਕਰ ਸਕਦੀ ਹੈ। ਇਸੇ ਖ਼ਤਰੇ ਨੂੰ ਦੇਖਦੇ ਹੋਏ ਸਰਕਾਰ ਵੱਲੋਂ ਇਹ ਸਖ਼ਤ ਕਦਮ ਚੁੱਕੇ ਗਏ ਸਨ।
Punjab Spectrum
You must be logged in to post a comment.